ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ

02/17/2018 1:58:01 PM

ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ,
ਨੀ ਬਣਾਵਟੀ ਸੁਗੰਧੀ ਤੈਨੂੰ ਭਾਵੇ..
ਸੱਚੀਆਂ ਸੁਗੰਧੀਆਂ ਦਾ ਲੁਤਫ਼ ਨਾ ਜਾਣੇ
ਨੀ ਤੂੰ ਝੂਠੀਆਂ ਦੇ ਭਰਦੀ ਕਲ਼ਾਵੇ।
ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ...... ।

ਦੁਨੀਆ ਦੇ ਰੰਗਾਂ ਵਿਚ ਰੰਗ ਹੋ ਗਈ,
ਲੱਗਦਾ ਏ ਹੁਣ ਤੂੰ ਨਿਸੰਗ ਹੋ ਗਈ,
ਰੂਹਾਂ ਵਾਲੇ ਰਿਸ਼ਤੇ ਨੂੰ ਭੁੱਲ ਕੇ ਨੀ ਚਨੋਂ,
ਤੈਨੂੰ ਜਿਸਮਾਂ ਦਾ ਪਿਆਰ ਹੀ ਲੁਭਾਵੇ।
ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ...... ।

ਪਾਕ ਜੋ ਮੁਹੱਬਤ ਸੀ ਸੌਦੇਬਾਜ਼ੀ ਹੋ ਗਈ,
ਦੁਨੀਆਂ ਦੇ ਪਿੱਛੇ ਤੇਰੀ ਸੁਧ-ਬੁੱਧ ਖੋ ਗਈ,
ਕੀਮਤੀ ਸਮਾਨ ਤਾਂਈਂ, ਪਿਆਰ ਤੂੰ ਤਾਂ ਜਾਣੇ,
ਚੰਨੋਂ ਹੋਰ ਤੈਨੂੰ ਕੁਝ ਵੀ ਨਾ ਭਾਵੇ।
ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ...... ।

ਆਖਦਾ ਸਰੋਏ ਤੇਰੀ ਮੈਲ਼ੀ ਹੋ ਗਈ ਅੱਖ ਨੀ,
ਮੁਹੱਬਤਾਂ ਦੇ ਮਦਿਰ 'ਚ ਛੱਡਿਆ ਨਾ ਕੱਖ ਨੀ,
ਡਾਲਰਾਂ-ਪੌਂਡਾਂ 'ਚ ਸੱਚਾ ਪਿਆਰ ਭਾਲਦੀ,
ਆ ਕੇ ਕਿਹੜਾ ਪਰਿਭਾਸ਼ਾ ਸਮਝਾਵੇ।
ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ...... ।

ਗੱਲ ਸੁਣ ਪਾਕ ਹੈ ਮੁਹੱਬਤ ਨਾ ਰੋਲ਼ ਨੀ,
ਝੂਠ ਵਾਲੀ ਤੱਕੜੀ 'ਚ ਇਸਨੂੰ ਨਾ ਤੋਲ ਨੀ,
ਪਰਸ਼ੋਤਮ ਹੈ ਕਹਿਦਾ ਸੱਚਾ ਪੀਰ ਰੁੱਸਿਆ,
ਰੁੱਸੇ ਪੀਰ ਤਾਂਈਂ ਕਿਹੜਾ ਨੀ ਮਨਾਵੇ।
ਕਾਗ਼ਜ਼ਾਂ ਦੇ ਫੁੱਲਾਂ ਵਿਚ ਰਹਿਣ ਵਾਲੀਏ...... ।

ਪਰਸ਼ੋਤਮ ਲਾਲ ਸਰੋਏ, 
ਮੋਬਾ: 91-92175-44348

Related News