ਭੁੱਖਾ ਪੇਟ ਹੀ ਕ੍ਰਾਂਤੀ ਕਰਦਾ ਹੈ
Monday, Nov 19, 2018 - 02:09 PM (IST)

ਪਿਛਲੇ ਦਿਨੀਂ ਇਕ ਟੀਵੀ ਚੈਨਲ ਨੇ ਇਕ ਨੌਜਵਾਨ ਦੀ ਆਤਮ-ਹੱਤਿਆ ਬਾਰੇ ਇਕ ਦਰਦ ਭਰੀ ਕਹਾਣੀ ਸੁਣਾਈ ਜੋ 2016 ਵਿਚ ਭਾਰਤ ਸਰਕਾਰ ਦੇ ਇਕ ਅਦਾਰੇ ਵਿਚ ਇੰਸਪੈਕਟਰ ਭਰਤੀ ਹੋਇਆ ਸੀ,ਜਿਸ ਨੇ ਦੋ ਸਾਲ ਤਕ ਨਿਯੁਕਤੀ ਪੱਤਰ ਨਾ ਮਿਲਣ ਕਰਕੇ ਖੁਦਕਸ਼ੀ ਕਰ ਲਈ ।ਇਸ ਖਬਰ ਨਾਲ ਸਾਰੇ ਟੀ.ਵੀ. ਚੈਨਲਾਂ ਤੇ ਸਿਆਸੀ ਲੋਕਾਂ ਨੇ ਨੌਜਵਾਨ ਦਾ ਨਾਂ ਵਰਤ ਕੇ ਆਪਣੀਆਂ-ਆਪਣੀਆਂ ਰੋਟੀਆਂ ਸੇਕੀਆਂ ਤੇ ਭਾਸ਼ਣ ਦਿੰਦੇ ਰਹੇ ਕਿ ਦੇਸ਼ ਦੇ ਨੌਜਵਾਨ ਲੜਕੇ-ਲੜਕੀਆਂ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ,ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਆਦਿ ਭਾਸ਼ਣ ਮੁਕਾਬਲੇ ਹੁੰਦੇ ਰਹੇ।ਕੋਈ ਵੀ ਸਰਕਾਰ ਇਹ ਨਹੀਂ ਸੋਚਦੀ ਕਿ ਸਾਡੇ ਦੇਸ਼ ਦੇ ਇਹੋ ਜਿਹੇ ਹਾਲਾਤ ਕਿਉਂ ਬਣ ਰਹੇ ਹਨ ਕਿ ਕਿਉਂ ਸਾਡੇ ਦੇਸ਼ ਦੇ ਨੌਜਵਾਨ ਲੜਕੇ-ਲੜਕੀਆਂ ਦੇਸ਼ ਤੋਂ ਬਾਹਰ ਹੋਰਨਾਂ ਦੇਸ਼ਾਂ ਵਿਚ ਜਾ ਕੇ ਰੋਜ਼ਗਾਰ ਚਾਹੰਦੇ ਹਨ।
ਸਾਡੇ ਦੇਸ਼ ਦੇ ਸਾਰੇ ਮੰਤਰੀ ਅਤੇ ਪ੍ਰਧਾਨ ਮੰਤਰੀ ਵਾਰ-ਵਾਰ ਦੇਸ਼ ਤੇ ਦੁਨੀਆ ਨੂੰ ਯਾਦ ਕਰਵਾਉਂਦੇ ਰਹਿੰਦੇ ਹਨ ਕਿ ਭਾਰਤ ਨੌਜਵਾਨ ਦੇਸ਼ ਹੈ ਮਤਲਬ ਭਾਰਤ ਦੀ ਅੱਧੀ ਤੋਂ ਜ਼ਿਆਦਾ ਅਬਾਦੀ ਨੌਜਵਾਨ ਵਰਗ ਦੀ ਹੈ ਅਤੇ ਨੌਜਵਾਨ ਸਕਤੀ ਕਰਕੇ ਭਾਰਤ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰ ਸਕਦਾ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਵਰਗ ਜਵਾਨ ਹੈ ਪਰ ਜਿਹੜੇ ਮਾਨਸਿਕ ਕਸ਼ਟ,ਕਲੇਸ਼ ਅਤੇ ਅਧੂਰੇ ਸੁਪਨਿਆਂ ਦੀਆਂ ਚੋਟਾਂ ਖਾਂਦੇ ਹੋਏ ਉਹ ਜੀਅ ਰਹੇ ਹਨ ਉਹ ਕਿੰਨਾ ਘਾਤਕ ਹੋ ਰਿਹਾ ਹੈ।ਇਸ ਬਾਰੇ ਸਾਡੇ ਰਾਜਨੀਤਿਕ ਅਤੇ ਵਿਰੋਧੀ ਕਿਸੇ ਦਾ ਵੀ ਧਿਆਨ ਨਹੀਂ ਹੈ।ਸੱਚ ਤਾਂ ਇਹ ਹੈ ਕਿ ਆਪਣਾ ਘਰ ਇਸ ਲਈ ਛੱਡਣਾਂ ਪੈਂਦਾ ਹੈ ਜਦ ਉਹ ਆਪਣਿਆਂ ਤੋਂ ਨਰਾਜ ਹੋ ਜਾਂਦੇ ਹਨ।ਸਾਡੇ ਦੇਸ਼ ਦੇ ਨੌਜਵਾਨ ਦੇ ਹਲਾਤ ਇਹ ਬਣ ਗਏ ਹਨ ਕਿ ਕਿਵੇਂ ਨਾ ਕਿਵੇਂ ਰਿਸ਼ਵਤ ਦੇ ਕੇ ਸਟੱਡੀ ਵੀਜਾ ਜਾਂ ਵਰਕ ਪਰਮਿਟ ਲੈਣਾਂ ਸਾਡੀ ਨੌਜਵਾਨ ਪੀੜ੍ਹੀ ਦੇ ਲੱਛਣ ਬਣ ਗਏ ਹਨ।ਕੀ ਇਹ ਸੱਚ ਨਹੀਂ ਕਿ ਸਾਡੀ ਨੌਜਵਾਨ ਪੀੜ੍ਹੀ ਬੇਕਾਰੀ,ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਜਿਹੇ ਸਿਸਟਮ ਨਾਲ ਲੜਦੇ-ਲੜਦੇ ਹਾਰ ਚੁੱਕੀ ਹੈ ਪਰ ਕੋਈ ਨੇਤਾ ਜਾਂ ਸੱਤਾਧਾਰੀ ਮੰਤਰੀ ਇਸ ਨੂੰ ਸਵੀਕਾਰ ਨਹੀਂ ਕਰ ਰਿਹਾ।ਅੱਜ ਸਾਡੇ ਦੇਸ਼ ਦੇ ਨੌਜਵਾਨ ਇਹੀ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਹ ਸਾਡੇ ਦੇਸ਼ ਦੇ ਭ੍ਰਿਸ਼ਟਾਚਾਰੀ ਸਿਸਟਮ ਤੋਂ ਹਾਰ ਗਏ ਹਨ,ਪੜ੍ਹਾਈ ਕਰਨ ਲਈ, ਨੌਕਰੀ ਪ੍ਰਾਪਤ ਕਰਨ ਲਈ ਜਾਂ ਤਰੱਕੀ ਲਈ ਕੋਈ ਸਿੱਧਾ ਰਸਤਾ ਨਹੀਂ ਬਚਿਆ।ਸਾਡੇ ਦੇਸ਼ ਦੇ ਨੌਜਵਾਨ ਉਚੇਰੀ ਪੜ੍ਹਾਈ ਕਰਕੇ, ਡਾਕਟਰ,ਇੰਜੀਨੀਅਰ ਅਤੇ ਆਈ.ਟੀ. ਜਿਹੀਆਂ ਡਿਗਰੀਆਂ ਪ੍ਰਾਪਤ ਕਰਕੇ ਦੂਜੇ ਦੇਸ਼ਾਂ ਵਿਚ ਰੋਜ਼ਗਾਰ ਲੱਭ ਰਹੇ ਹਨ ਅਤੇ ਪ੍ਰਧਾਨ-ਮੰਤਰੀ ਜੀ ਆਪਣੇ ਦੇਸ਼ ਦੇ ਬੁੱਧੀਜੀਵੀਆਂ ਨੂੰ ਇਕ ਪਿਆਰਾ ਸ਼ਬਦ 'ਬ੍ਰੇਨ-ਗੇਨ' ਕਹਿ ਰਹੇ ਹਨ।ਸਮਝ ਨਹੀਂ ਆ ਰਿਹਾ ਕਿ ਸਾਡੇ ਬੁੱਧੀਜੀਵੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਜਾ ਕੇ ਦੂਜੇ ਦੇਸ਼ਾਂ ਦੀ ਉੱਨਤੀ ਵਿਚ ਆਪਣਾ ਯੋਗਦਾਨ ਦੇਣ ਤੇ ਕਿਹੜਾ 'ਗੇਨ' ਮਤਲਬ ਲਾਭ ਮੰਨ ਲਿਆ ਹੈ।
ਸਾਡੇ ਦੇਸ਼ ਦੇ ਲੱਖਾਂ ਲੜਕੇ-ਲੜਕੀਆਂ ਠੇਕੇ 'ਤੇ ਨੌਕਰੀਆਂ ਕਰ ਰਹੇ ਹਨ ਇੱਥੋਂ ਤੱਕ ਕਿ ਮਾਸਟਰਾਂ ਦੀਆਂ ਤਨਖਾਹਾਂ 45 ਹਜ਼ਾਰ ਤੋਂ ਘੱਟ ਕਰਕੇ 15 ਹਜ਼ਾਰ ਤੇ ਲੈ ਆਏ ਹਨ।ਕਦੇ ਸਰਕਾਰ ਨੇ ਸੋਚਿਆ ਕਿ ਜਵਾਨੀ ਦੀ ਸ਼ੁਰੂਆਤ ਵਿਚ ਜਦ ਉਨ੍ਹਾਂ ਨੇ ਆਪਣਾ ਘਰ ਵਸਾਉਣਾਂ ਅਤੇ ਬਨਾਉਣਾ ਹੁੰਦਾ ਹੈ। ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਸਿੱਖਿਆ ਦਿਵਾਉਣਾ ਹਰ ਨਵੇਂ ਬਣੇ ਮਾਤਾ-ਪਿਤਾ ਦਾ ਅਧਿਕਾਰ ਹੁੰਦਾ ਹੈ,ਆਪਣੇ ਬਜ਼ੁਰਗ ਹੋ ਰਹੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸੰਵਾਰਨਾ ਹੁੰਦਾ ਹੈ ਉਨ੍ਹਾਂ ਦੀ ਸਹਾਇਤਾ ਕਰਨ ਦਾ ਸਮਾਂ ਹੁੰਦਾ ਹੈ ਉਸ ਵਕਤ 10-15 ਹਜ਼ਾਰ ਦੀ ਨੌਕਰੀ ਨਾਲ ਕਿਵੇਂ ਸਾਡੇ ਨੌਜਵਾਨ ਦੇਸ਼ ਦੀ ਸਕਤੀ ਬਨਣਗੇ।ਇਹ ਨੌਜਵਾਨ ਤਾਂ ਪਿਸ ਰਹੇ ਹਨ।ਪ੍ਰਾਈਵੇਟ ਨੌਕਰੀਆਂ ਅਤੇ ਪ੍ਰਾਈਵੇਟ ਦੁਕਾਨਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਥਿਤੀ ਤਾਂ ਹੋਰ ਵੀ ਭਿਆਨਕ ਹੈ।ਸਾਡੇ ਦੇਸ਼ ਦੇ ਨੌਜਵਾਨ ਕਦੇ ਨੌਕਰੀ ਲਈ, ਕੋਈ ਪੱਕੇ ਹੋਣ ਲਈ ਅਤੇ ਕੋਈ ਤਨਖਾਹਾਂ ਵਧਾਉਣ ਲਈ ਪ੍ਰਦਰਸ਼ਨ ਕਰਦੇ ਹਨ, ਡੰਡੇ ਖਾਂਦੇ ਹਨ,ਕਦੇ ਪਾਣੀ ਦੀਆਂ ਟੈਂਕੀਆਂ ਅਤੇ ਦਰੱਖਤਾਂ ਤੇ ਚੜਦੇ ਹਨ ਹੁਣ ਤਾਂ ਆਪਣੇ ਬੱਚਿਆਂ ਨੂੰ ਮੰਤਰੀਆਂ ਦੇ ਘਰਾਂ ਵਿਚ ਛੱਡਣ ਲਈ ਵੀ ਮਜ਼ਬੂਰ ਹੋ ਗਏ ਹਨ।ਇਸ ਤਰਾਂ ਕਰਨਾ ਇੰਨ੍ਹਾਂ ਦਾ ਸੌਂਕ ਨਹੀਂ ਮਜ਼ਬੂਰੀ ਹੈ।ਇਹ ਵੀ ਸੱਚ ਹੈ ਕਿ ਜਿਹੜੇ ਨੌਜਵਾਨ ਦੇਸ਼ ਤੋਂ ਬਾਹਰ ਭੱਜ ਰਹੇ ਹਨ ਉਹ ਵੀ ਜ਼ਿਆਦਾਤਰ ਪੀੜਤ ਹਨ।ਅੱਜ ਦੀ ਸਥਿਤੀ ਇਹ ਹੈ ਕਿ ਅਮਰੀਕਾ ਵਰਗੀਆਂ ਜੇਲਾਂ ਵਿਚ ਸਾਡੇ ਨੌਜਵਾਨ ਸੜ੍ਹ ਰਹੇ ਹਨ। 2013 ਵਿਚ ਇਰਾਨ ਵਿਚ ਗਏ ਸਾਡੇ 40 ਨੌਜਵਾਨ ਕੰਕਾਲ ਬਣ ਕੇ ਰਹਿ ਗਏ।ਹੋਰ ਵੀ ਕਈ ਦੇਸ਼ਾਂ ਵਿਚ ਸਾਡੇ ਅਨੇਕਾਂ ਬੱਚੇ ਤਰ੍ਹਾਂ-ਤਰ੍ਹਾਂ ਦੇ ਕਸ਼ਟ ਤੇ ਤਸੀਹੇ ਝੱਲ ਰਹੇ ਹਨ।ਬੜਾ ਚੰਗਾ ਹੋਵੇ ਜੇਕਰ ਸਾਡੀਆਂ ਸਰਕਾਰਾਂ ਨੌਜਵਾਨ ਵਰਗ ਤੇ ਭਾਸ਼ਣ ਦੇਣ ਦੀ ਬਜਾਏ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਰਿਸ਼ਵਤ ਰਹਿਤ ਜੀਵਣ ਦੇ ਕੇ ਉਨ੍ਹਾਂ ਲਈ ਅੱਗੇ ਵਧਣ ਦਾ ਰਸਤਾ ਤਿਆਰ ਕਰਨ।ਯਾਦ ਰੱਖੋ ਕਿ 'ਭੁੱਖਾ ਪੇਟ ਹੀ ਕ੍ਰਾਂਤੀ ਕਰਦਾ ਹੈ'' ।ਸਾਡੀਆਂ ਸਰਕਾਰਾਂ ਭੁੱਲ ਗਈਆਂ ਹਨ ਕਿ ਸਵਾਮੀ ਵਿਵੇਕਾ ਨੰਦ ਨੇ ਵਿਸ਼ਵ ਧਰਮ ਸੰਸਦ ਵਿਚ ਭਾਗ ਲੈਣ ਸਮੇਂ ਉਨ੍ਹਾਂ ਨੇ ਭਾਰਤੀ ਨੌਜਵਾਨ ਸਕਤੀ ਦਾ ਝੰਡਾ ਦੁਨੀਆਂ ਵਿੱਚ ਲਹਿਰਾਇਆ ਸੀ ਤੇ ਕਿਹਾ ਸੀ ਕਿ ਪੜ੍ਹੇ-ਲਿਖੇ ਮਰਦ-ਔਰਤਾਂ ਹੀ ਦੇਸ਼ ਨੂੰ ਬਣਾ ਸਕਦੇ ਹਨ।ਅੱਜ ਸਰਕਾਰੀ ਅੰਕੜਿਆਂ ਮੁਤਾਬਕ ਸਾਡੇ ਦੇਸ਼ ਦੇ 9 ਕਰੋੜ ਬੱਚੇ ਕਦੇ ਸਕੂਲ ਨਹੀਂ ਗਏ ਅਤੇ 20 ਕਰੋੜ ਲੋਕ ਭੁੱਖੇ ਪੇਟ ਸੌਂਦੇ ਹਨ।ਚਿੰਤਾ ਤਾਂ ਇਸ ਗੱਲ ਦੀ ਹੈ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਅਤੇ ਨਵੀਂ ਪੀੜ੍ਹੀ ਨੂੰ ਇਹੋ ਜਿਹਾ ਜੀਵਨ ਦਾ ਰਸਤਾ ਦਿਖਾ ਸਕੀਏ ਜਿੱਥੇ ਸਾਰੇ ਬੱਚੇ ਆਪਣੀ ਯੋਗਤਾ ਅਨੁਸਾਰ ਇਹ ਸਭ ਪ੍ਰਾਪਤ ਕਰ ਸਕਣ ਜਿਸ ਤੇ ਉਨ੍ਹਾਂ ਦਾ ਅਧਿਕਾਰ ਹੈ।ਹੁਣ ਤਾਂ ਇਉਂ ਲਗਦੈ ਜਿਵੇਂ ਸਰਕਾਰ ਅੱਗੇ ਰੋਣਾਂ ਮੱਝ ਅੱਗੇ ਬੀਨ ਬਜਾਉਣ ਵਾਂਗ ਹੀ ਹੈ।
ਮਨਜੀਤ ਪਿਉਰੀ ਗਿੱਦੜਬਾਹਾ
ਮੋਬਾਇਲ ਨੰ. 94174 47986
ਨੇੜੇ ਭਾਰੂ ਗੇਟ ਗਿੱਦੜਬਾਹਾ