ਹੈਵਾਨ ਤੋਂ ਇਨਸਾਨ ਦਾ ਸਫਰ ਪਰ..........!

Sunday, Feb 10, 2019 - 04:50 PM (IST)

ਹੈਵਾਨ ਤੋਂ ਇਨਸਾਨ ਦਾ ਸਫਰ ਪਰ..........!

ਵਣ ਮਾਨੂਸ਼ ਵਰਗੀ ਨਸ਼ਲ ਤੋਂ ਬਣੇ ਮਨੁੱਖ ਨੂੰ ਸਾਇੰਸਦਾਨਾਂ ਦੇ ਅਨੁਸਾਰ ਲਗਭਗ ਤੀਹ ਲੱਖ ਸਾਲ ਹੋ ਚੁੱਕੇ ਹਨ। ਮਨੁੱਖ ਸ਼ੁਰੂ ਵਿੱਚ ਜੰਗਲੀ ਜੀਵਾਂ ਨਾਲ ਆਪਣਾ ਜੀਵਨ ਬਤੀਤ ਕਰਦਾ ਸੀ । ਪਸ਼ੂਆਂ ਵਾਲੀਆਂ ਸਾਰੀਆਂ ਆਦਤਾਂ ਅਤੇ ਹੈਵਾਨੀਅਤ ਦੇ ਲੱਛਣ ਮਨੁੱਖ ਵਿੱਚ ਮੌਜੂਦ ਸਨ। ਪਰ ਸਮੇਂ ਦੀ ਮਿਹਨਤ ਹੌਲੀ-ਹੌਲੀ ਮਨੁੱਖ ਨੂੰ ਤਰੱਕੀ ਵੱਲ ਲੈ ਆਈ ਸਮਾਂ ਬੀਤਦਾ ਗਿਆ ਅਤੇ ਮਨੁੱਖ ਦੀਆਂ ਆਦਤਾਂ ਵਿੱਚ ਸੁਧਾਰ ਹੁੰਦਾ ਗਿਆ । ਤਰੱਕੀ ਦੇ ਨਾਲ-ਨਾਲ ਉਹ ਆਪਣੇ ਸੁਭਾਅ ਨੂੰ ਵੀ ਬਦਲਣ ਲੱਗਾ। ਮਨੁੱਖ ਨੇ ਨਵੀਆਂ ਨਵੀਆਂ ਖੋਜਾਂ ਅਤੇ ਤਕਨੀਕਾਂ ਨਾਲ ਅਸੰਭਵ ਕੰਮਾਂ ਨੂੰ ਸੰਭਵ ਕਰਨਾ ਸ਼ੁਰੂ ਕਰ ਲਿਆ ਆਪਣੀਆਂ ਨਵੀਆਂ-ਨਵੀਆਂ ਸੋਚਾਂ ਅਤੇ ਵਿਚਾਰਾਂ ਨੂੰ ਲਗਾਤਾਰ ਜਾਰੀ ਰੱਖਿਆ ਭਾਸ਼ਾ ਦੀ  ਸ਼ੁਰੂਆਤ  ਅਤੇ ਵਿਗਿਆਨਿਕ ਢੰਗਾਂ ਨਾਲ ਮਨੁੱਖ  ਨੇ ਵੱਖ -ਵੱਖ ਖੇਤਰਾਂ  ਵਿੱਚ ਕਾਫੀ ਉੱਨਤੀ ਕੀਤੀ ।ਖੋਜਾਂ ਤੇ ਵਿਗਿਆਨਕ ਢੰਗਾਂ ਨਾਲ ਉਸਨੇ ਅਜਿਹੇ ਸਾਧਨ ਜਾਂ ਉਪਕਰਨ ਬਣਾਏ ਜਿਸ ਨਾਲ ਮਨੁੱਖ ਨੇ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ । ਜਿਹੜੇ ਕੰਮ ਦਿਨਾਂ ਵਿੱਚ ਹੁੰਦੇ ਸਨ ਉਹ ਘੰਟਿਆਂ ਵਿੱਚ ਅਤੇ ਘੰਟਿਆਂ ਵਾਲੇ ਕੰਮ ਮਿੰਟਾਂ ਵਿੱਚ ਹੋਣ ਲੱਗੇ। ਸਮੇਂ-ਸਮੇਂ ਦੀਆਂ ਸੱਭਿਆਤਾਵਾਂ ਬਦਲਣ ਨਾਲ ਮਨੁੱਖ ਕੁਦਰਤੀ ਆਫਤਾਂ ਦਾ ਵੀ ਸ਼ਿਕਾਰ 
ਹੁੰਦਾ ਰਿਹਾ ਪਰੰਤੂ ਉਸਨੇ ਆਪਣੀ ਹਿੰਮਤ ਨੂੰ ਲਗਾਤਾਰ ਜਾਰੀ ਰੱਖਿਆ। ਮਨੁੱਖ ਨੇ ਹੈਵਾਨ ਤੋਂ ਇਨਸਾਨ ਬਣ ਕੇ ਇਹ ਸਪੱਸ਼ਟ ਕਰ ਦਿੱਤਾ ਕਿ 
ਉਹ ਚੰਗੇ ਸਮਾਜ ਦੀ ਸਥਾਪਨਾ ਕਰ ਸਕਦਾ ਕਿਉਂਕਿ ਹੈਵਾਨੀਅਤ ਤਾਂ ਪਹਿਲਾ ਹੀ ਉਸਦੇ ਖੁਨ ਵਿੱਚ ਸੀ ਪਰ ਇਨਸਾਨੀਅਤ ਦੇ ਗੁਣ ਉਸ ਨੇ ਆਪ ਪੈਦਾ ਕੀਤੇ। ਉਹ ਲਗਾਤਾਰ ਆਪਣੇ ਆਪ ਨੂੰ ਇਨਸਾਨੀ ਢਾਂਚੇ ਵਿੱਚ ਢਾਲਦਾ ਗਿਆ ਮਨੁੱਖ ਨੇ ਸਮਾਜ ਨੂੰ ਪੂਰਨ ਰੂਪ ਦੇਣ ਲਈ ਸਮਾਜ ਵਿੱਚ ਆਪ ਰਿਸ਼ਤੇ ਕਾਇਮ ਕੀਤੇ ਮਨੁੱਖੀ ਕਦਰਾਂ ਕੀਮਤਾਂ, ਪਿਆਰ ਦੀ ਭਾਵਨਾਂ, ਮਿਲਵਰਤਨ ਦੂਜਿਆਂ ਨੂੰ ਸਤਿਕਾਰ ਦੇਣਾ ਸ਼ੁਰੂ ਕੀਤਾ। ਹੌਲੀ- ਹੌਲੀ ਉਸਨੇ ਸਾਰੇ ਰਿਸ਼ਤਿਆਂ ਦੀ ਅਹਿਮੀਅਤ ਸਮਝਣਾ ਸ਼ੁਰੂ ਕਰ ਦਿੱਤਾ। ਮਨੁੱਖ ਨੇ ਇਨਸ਼ਾਨ ਰੂਪੀ ਜਿੰਦਗੀ ਜਿਉੁਣ ਲਈ ਲੱਖਾਂ ਸਾਲ ਲਗਾ ਦਿੱਤੇ ਤਾਂ ਕਿ ਉਹ ਇਨਸਾਨ ਬਣਕੇ ਇੱਕ ਚੰਗੇ ਸਮਾਜ ਦੀ ਸਥਾਪਨਾ ਕਰ ਸਕੇ । ਮਨੁੱਖ ਨੇ ਆਪਣੀ ਬੁੱਧੀ ਨਾਲ ਹਰ ਉਹ ਚੀਜ਼ ਬਣਾ ਲਈ ਜਿਸ ਦੀ ਸਮਾਜ ਨੂੰ ਜ਼ਰੂਰਤ ਸੀ ਅੱਜ ਵੀ ਤਕਨੀਕਾਂ ਅਤੇ ਖੋਜਾਂ ਜਾਰੀ ਹਨ । ਪਰ ਮਨੁੱਖ ਵਿੱਚ ਲਾਲਚ ਰੂਪੀ ਪਹੀਆ ਤੇਜ਼ੀ ਨਾਲ ਘੁੰਮ ਰਿਹਾ ਹੈ । ਅੱਜ ਮਨੁੱਖ ਦੀ ਹਾਲਤ ਦੇਖ ਕੇ ਅਫਸੋਸ ਹੁੰਦਾ ਹੈ ਅਤੇ ਮਨੁੱਖ ਦੀ ਇਨਸਾਨ ਬਣਨ ਦੀ ਮਿਹਨਤ ਬੇਕਾਰ ਜਾਪਣ ਲੱਗੀ ਹੈ। ਉਸਦੇ ਬਹੁਤ ਲੰਬੇ ਸਮੇਂ ਦੀ ਘਾਲਣਾ ਅਤੇ ਕੁਰਬਾਨੀਆਂ ਆਦਿ ਅਜਾਂਈ ਲੱਗਣ ਲੱਗ ਪਈਆ ਹਨ। ਅੱਜ ਦਾ ਮਨੁੱਖ ਜੋ ਆਪਣੇ ਆਪ ਨੂੰ ਪੜ੍ਹਿਆ–ਲਿਖਿਆ ਸਮਝਦਾ ਹੈ ਸਿਰਫ ਤੇ ਸਿਰਫ ਆਪਣੇ ਲਈ ਹੀ ਸੋਚਣ ਲੱਗਾ ਹੈ ਉਹ ਦੁਬਾਰਾ ਹੈਵਾਨੀਅਤ ਦੇ ਔਗੁਣ ਧਾਰਣ ਕਰਦਾ ਜਾ ਰਿਹਾ ਹੈ । ਅੱਜ ਉਹ ਮਾਂ ਦੀ ਕੁੱਖ ਵਿੱਚ ਹੀ ਬੱਚੀਆਂ ਨੂੰ ਮਾਰ ਰਿਹਾ ਹੈ ਗਰੀਬਾਂ ਤੇ ਜੁਲਮ, ਭ੍ਰਿਸ਼ਟਾਚਾਰ, ਬਲਾਤਕਾਰ, ਨਫਰਤ, ਲਾਲਚ, ਰਿਸ਼ਵਤਖੋਰੀ ਅਤੇ ਵੈਰ ਵਿਰੋਧ ਆਦਿ ਦੇ ਪਾਠ ਨੂੰ ਤੇਜ਼ੀ ਨਾਲ ਸਿੱਖਦਾ ਜਾ ਰਿਹਾ ਹੈ ਅਤੇ ਹੈਵਾਨੀਅਤ ਵੱਲ ਲਗਾਤਾਰ ਵਧ ਰਿਹਾ ਹੈ ਪਰ ਚੰਗੇ ਸਮਾਜ ਲਈ ਇਨਸਾਨੀਅਤ ਦੀ ਲੋੜ ਹੈ। ਇਨਸਾਨੀਅਤ ਤਾਂ ਹੀ ਪੈਦਾ ਹੋਵੇਗੀ ਜੇਕਰ ਮਨੁੱਖ ਪਹਿਲਾ ਇਨਸਾਨ ਬਣੇਗਾ ਇਨਸਾਨ ਬਣਨ ਲਈ ਪਿਆਰ ਦੀ ਭਾਵਨਾ, ਇੱਕ ਦੂਜੇ ਲਈ ਆਦਰ ਸਤਿਕਾਰ, ਦੂਜਿਆਂ ਦੀ ਮੱਦਦ ਅਤੇ ਭਾਈਚਾਰੇ ਵਰਗੇ ਗੁਣ ਪੈਦਾ ਕਰਨੇ ਹੋਣਗੇ। ਅੱਜ ਦੇ ਸਮਾਜਿਕ ਹਲਾਤ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਲੱਖਾ ਵਰ੍ਹਿਆਂ ਦੀ ਮਿਹਨਤ ਜੋ ਉਸਨੇ ਇਨਸਾਨ ਬਣਨ ਲਈ ਕੀਤੀ ਸੀ ਵਿਅਰਥ ਹੋ ਰਹੀ ਹੈ। ਅੱਜ ਲਾਲਚ ਤੇ ਪੈਸੇ ਦੀ ਅੰਨ੍ਹੀ ਦੌੜ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਜੇਕਰ ਮਨੁੱਖੀ ਵਰਤਾਰਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋਵੇਗਾ।

ਗੁਰਜਤਿੰਦਰਪਾਲ ਸਿੰਘ ਸਾਧੜਾ  


author

Aarti dhillon

Content Editor

Related News