ਘਰ ਤੋਂ ਦੂਰ ਰਹਿ ਕੇ ਜਦੋਂ ਯਾਦ ਆਉਂਦੀ ਹੈ ''ਬੇਬੇ ਦੇ ਹੱਥਾਂ ਦੀ ਚਟਣੀ''

03/07/2019 12:54:54 PM

ਜਦੋਂ ਹਫਤੇ ਬਾਅਦ ਜਲੰਧਰ ਤੋਂ ਵਾਪਸ ਘਰ ਆਈਦਾ ਹੈ ਤਾਂ ਬੇਬੇ ਦੇ ਹੱਥਾਂ ਦੀ ਬਣੀ ਚਟਣੀ ਖਾ ਉਹ ਸਵਾਦ ਆਉਂਦਾ ਹੈ, ਜੋ ਸ਼ਹਿਰ ਦੇ ਕਿਸੇ ਵੀ ਫਾਸਟਫੂਡ ਅਤੇ ਮਹਿੰਗੇ ਹੋਟਲਾਂ ਦੇ ਖਾਣਿਆਂ 'ਚੋਂ ਨਹੀਂ ਹੁੰਦਾ। ਪਤਾ ਨਹੀਂ ਇਹ ਸਵਾਦ ਬੇਬੇ ਦੇ ਕਰਾਮਾਤੀ ਹੱਥਾਂ ਦਾ ਹੁੰਦਾ ਹੈ ਜਾਂ ਉਸ ਦੁਆਰਾ ਵਰਤੀ ਜਾਂਦੀ ਹਰ ਸ਼ੈਅ ਦੀ ਸਹੀ ਮਿਕਦਾਰ ਦਾ। ਬੇਬੇ ਜਦੋਂ ਚਟਣੀ ਬਣਾ ਰਹੀ ਹੁੰਦੀ ਹੈ ਤਾਂ ਮਾਹੌਲ ਵੀ ਡਾਢਾ ਸੰਗੀਤਮਈ, ਮਹਿਕਮਈ ਅਤੇ ਰਹੱਸਮਈ ਹੋ ਗੁਜ਼ਰਦਾ ਹੈ। ਸੰਗੀਤ ਵੀ ਉਹ ਜੋ ਸ਼ਾਇਦ ਕਿਸੇ ਸਾਜ ਅਤੇ ਸਾਜਿੰਦੇ ਦੀ ਪਕੜ 'ਚ ਅੱਜ ਤੱਕ ਨਾ ਆਇਆ ਹੋਵੇ। ਕੂੰਡੇ 'ਚ ਘੋਟਣੇ ਦੀ ਖੜਕਾਹਟ ਇਉਂ ਜਾਪਦੀ ਹੈ ਜਿਵੇਂ ਡਮਰੂ 'ਤੇ ਵੱਜਦੀਆਂ ਸ਼ਿਵ ਤਾਂਡਵ ਦੀਆਂ ਧੁਨਾਂ...। ਅਜੀਬ ਤਾਲ ਵੱਜਦਾ ਹੈ ਓਸ ਵੇਲੇ ਸ਼ਾਇਦ ਇਹ ਤਾਲ 'ਜੀਵਨ ਤਾਲ' ਹੀ ਹੋਵੇ...। ਕੂੰਡੇ ਅਤੇ ਘੋਟਣੇ ਦਾ ਇਹ ਤਾਲ, ਜੋ ਬੇਬੇ ਅਕਸਰ ਵਜਾਉਂਦੀ ਹੈ ਕਦੇ ਮੱਠਾ ਅਤੇ ਕਦੇ ਤੇਜ਼ ਹੁੰਦਾ ਹੈ। ਇਹ ਤਾਲ ਬੰਦਿਸ਼ 'ਚ ਬੱਝ ਕੇ ਵੀ ਬੰਦਿਸ਼ਾਂ ਤੋਂ ਬਾਹਰ ਹੁੰਦਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਚਲੋ ਮੰਨ ਲਿਆ ਮਾਹੌਲ ਸੰਗੀਤਮਈ ਹੋ ਗੁਜ਼ਰਦਾ ਹੈ ਪਰ ਮਹਿਕਮਈ ਕਿਵੇਂ ਹੋ ਗਿਆ? ਹਰ ਬਦਲਦੇ ਮੌਸਮ ਨਾਲ ਬੇਬੇ ਦੀ ਚੱਟਣੀ ਵਿਚਲੇ ਪਦਾਰਥ ਵੀ ਬਦਲ ਜਾਂਦੇ ਹਨ। ਗੱਲ ਵਿਸਾਖ ਮਹੀਨੇ ਤੋਂ ਸ਼ੁਰੂ ਕਰੀਏ ਤਾਂ ਇਹ ਮਹੀਨਾ ਚੜ੍ਹਦਿਆਂ ਹੀ ਅੰਬਾਂ ਨੂੰ ਪਿਆ ਹੋਇਆ ਬੂਰ ਅੰਬੀਆਂ 'ਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਸੇ ਨਾ ਕਿਸੇ ਢੰਗ ਤਰੀਕੇ...ਬੇਬੇ ਦੇ ਛਾਬੇ (ਛਿੱਕੂ) ਅਤੇ ਘੋਟਣੇ ਹੇਠਾਂ...ਅੰਬੀਆਂ ਪਹੁੰਚ ਹੀ ਜਾਂਦੀਆ ਹਨ। 
ਜਦੋਂ ਬੇਬੇ ਅੰਬੀਆਂ ਦੀ ਚਟਣੀ ਕੁੱਟ ਰਹੀ ਹੁੰਦੀ ਹੈ ਤਾਂ ਅੰਬੀਆਂ ਦੀ ਤਿੱਖੀ ਮਹਿਕ ਘਰ ਦੇ ਚਾਰੇ ਕੋਨਿਆਂ 'ਚ ਹੁੰਦੀ ਹੋਈ ਆਂਢ-ਗੁਆਂਢ ਤੱਕ ਵੀ ਪਹੁੰਚ ਜਾਂਦੀ ਹੈ। ਸਹੁੰ ਦੁਨੀਆ ਭਰ ਦੇ ਸਵਾਦਾਂ ਦੀ ਉਸ ਵੇਲੇ ਵੱਡਿਆਂ-ਵੱਡਿਆਂ ਦੇ ਮੂੰਹ 'ਚ ਪਾਣੀ ਆ ਜਾਂਦੈ। ਇਸ ਤਰ੍ਹਾਂ ਡੇਢ ਦੋ ਮਹੀਨੇ ਖੂਬ ਚਟਕਾਰੇ ਲਗਾ-ਲਗਾ ਕੇ ਖਾਈਦੀ ਐ ''ਬੇਬੇ ਦੇ ਹੱਥਾਂ ਦੀ ਬਣੀ ਹੋਈ ਅੰਬੀਆਂ ਦੀ ਚਟਣੀ।'' ਦੋਸਤੋ ਜਿੱਥੇ ਅੰਬੀਆਂ ਦੀ ਚਟਣੀ ਸਭ ਤੋਂ ਵਧੇਰੇ ਹਾਜ਼ਮੇਦਾਰ ਅਤੇ ਸਵਾਦਿਸ਼ਟ ਹੁੰਦੀ ਹੈ ਉੱਥੇ ਹੀ ਖਾਣ ਵਾਲਾ ਬੰਦਾ ਵੀ ਉਂਗਲਾਂ ਚੱਟਦਾ ਰਹਿ ਜਾਂਦਾ ਹੈ। 
ਇਸ ਤੋਂ ਬਾਅਦ ਅਗਲੇ ਮਹੀਨਿਆਂ 'ਚ ਮੌਸਮ ਆ ਜਾਂਦਾ ਹੈ ਪੁਦੀਨੇ ਦਾ। ਵੈਸੇ ਤਾਂ ਬੇਬੇ ਦੀ ਬਗੀਚੀ 'ਚ ਪੁਦੀਨੇ ਨੂੰ ਨਿੱਤ ਵਾਰ ਆਉਂਦਾ ਹੈ ਪਰ ਫਿਰ ਵੀ ਜੇਠ-ਹਾੜ੍ਹ ਅਤੇ ਸਾਉਣ-ਭਾਦੋਂ ਦੇ ਮਹੀਨੇ ਤੱਕ ਪੁਦੀਨਾ ਭਰਭਪੂਰ ਜੋਬਨ 'ਤੇ ਹੁੰਦਾ ਹੈ। ਬੱਸ ਫਿਰ! ਉਹੀ ਕੂੰਡਾ ਅਤੇ ਉਹੀ ਨਿੰਮ ਦਾ ਘੋਟਣਾ, ਉਹੀ ਤਾਲ ਅਤੇ ਉਹੀ ਬੇਬੇ, ਬਦਲਦੇ ਹਨ ਤਾਂ ਚਟਣੀ ਵਿਚਲੇ ਕੁਝ ਕੁ ਪਦਾਰਥ। ਸਿਹਤ ਮਾਹਰਾਂ ਦੀ ਮੰਨੀਏ ਤਾਂ ਪੁਦੀਨੇ 'ਚ 'ਵਿਟਾਮਿਨ ਸੀ' ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ, ਜੋ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਅਤੇ ਇੰਨਫੈਕਸ਼ਨ ਤੋਂ ਬਚਾਅ ਕੇ ਰੱਖਦਾ ਹੈ। ਕੁਝ ਸਿਹਤ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਘਟੇ ਸੈੱਲਾਂ ਦੀ ਰਿਕਵਰੀ 'ਚ ਬੇਹੱਦ ਮਦਦਗਾਰ ਹੁੰਦੀ ਹੈ ਪੁਦੀਨੇ ਦੀ ਚਟਣੀ। ਤਾਸੀਰ ਵਜੋਂ ਪੁਦੀਨਾ ਠੰਢਾ ਹੋਣ ਕਰਕੇ ਗਰਮੀਆਂ 'ਚ ਇਸ ਚਟਣੀ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਹਾਜਮੇ ਅਤੇ ਸਵਾਦ ਦੇ ਮਾਮਲੇ 'ਚ ਤਾਂ ਪੁਦੀਨੇ ਦੀ ਚਟਣੀ ਦਾ ਕਹਿਣਾ ਹੀ ਕੀ ਹੈ! ਇਕ ਦੋ ਡੰਗ ਹੀ ਪੁਦੀਨੇ ਦੀ ਚਟਣੀ ਨਾਲ ਰੋਟੀ ਖਾ ਕੇ ਭੁੱਖ ਬਨੇਰਿਆਂ 'ਤੇ ਨੱਚਣ ਲੱਗ ਪੈਂਦੀ ਅਤੇ ਢਿੱਡ 'ਚ ਚੂਹੇ ਭੜਥੂ ਪਾਉਣਾ ਗਿੱਝ ਜਾਂਦੇ ਹਨ। ਇਨ੍ਹਾਂ ਮਹੀਨਿਆਂ 'ਚ ਨਾਜਬੋ, ਅਨਾਰਦਾਣਾ, ਪਿਆਜ਼ ਅਤੇ ਪਿਆਜ਼ ਦੀਆਂ ਹਰੀਆਂ ਭੂਕਾਂ, ਹਰੀਆਂ ਮਿਰਚਾਂ ਅਤੇ ਹੋਰ ਕਿੰਨੇ ਹੀ ਨਿੱਕੜ-ਸੁੱਕੜ ਦੀ ਚਟਣੀ ਤਾਂ ਬੇਬੇ ਮੂੰਹ ਦਾ ਸਵਾਦ ਬਦਲਣ ਲਈ ਬਣਾਉਂਦੀ ਹੀ ਰਹਿੰਦੀ ਹੈ। ਮੂੰਹ ਦੇ ਸਵਾਦ ਦੇ ਨਾਲ-ਨਾਲ ਸਿਹਤ ਗੁਣਵੱਤਾ ਪਖੋਂ ਵੀ ਇਸ ਚਟਣੀ ਦਾ ਜਿੰਨਾ ਗੁਣਗਾਨ ਕੀਤਾ ਜਾਵੇ ਉਹ ਥੋੜ੍ਹਾ ਹੈ। 
ਲਓ ਜੀ! ਅੱਗੇ ਮਹੀਨੇ ਆ ਜਾਂਦੇ ਨੇ ਅੱਸੂ ਅਤੇ ਕੱਤੇ ਦੇ। ਅੱਸੂ ਤੇ ਕੱਤੇ ਦੇ ਮਹੀਨੇ ਚਿੱਬੜਾਂ ਦੀ ਭਰਮਾਰ ਹੋ ਜਾਂਦੀ ਹੈ। ਬੇਸ਼ੱਕ ਚਿੱਬੜਾਂ ਦੀ ਚਟਣੀ ਦਾ ਰਿਵਾਜ ਮਾਲਵੇ 'ਚ ਹੈ, ਦੋਆਬੇ ਵਿਚ ਨਹੀਂ ਹੈ ਪਰ ਬੇਬੇ ਮਾਲਵੇ ਦੀ ਜੰਮਪਲ ਹੋਣ ਕਰਕੇ ਦੋਆਬੇ 'ਚ ਵੀ ਚਿੱਬੜਾਂ ਦੀ ਚਟਣੀ ਆਪਣੇ ਨਾਲ ਹੀ ਲੈ ਆਈ। ਪਹਿਲੋਂ-ਪਹਿਲੋਂ ਜਦੋਂ ਬੇਬੇ ਨੇ ਮਾਲਵੇ 'ਚ ਜਾਣਾ ਤਾਂ ਆਉਣ ਲੱਗੀ ਨੇ ਨਾਨੀ ਅਤੇ ਮਾਸੀ ਦੇ ਸੁਕਾਏ ਹੋਏ ਚਿੱਬੜਾਂ ਦੇ ਹਾਰ ਅਤੇ ਝੋਲਾ ਭਰਕੇ ਚਿੱਬੜ ਲੈ ਕੇ ਆਉਣੇ। ਬੱਸ ਫੇਰ ਕੀ! ਉਹੀ ਕੂੰਡਾ! ਉਹੀ ਘੋਟਣਾ ਅਤੇ ਉਹੀ ਤਾਲ! ...ਅਤੇ ਉਹੀ ਚਿੱਬੜਾਂ ਦੀ ਚਟਣੀ ਦੇ ਚਟਕਾਰੇ। ਅੱਜਕਲ੍ਹ ਮਾਲਵੇ 'ਚ ਵੀ ਨਰਮੇ ਦੀ ਥਾਂ ਝੋਨਾ ਹੋਣ ਕਾਰਨ ਚਿੱਬੜ ਬਹੁਤ ਘੱਟ ਮਿਲਦੇ ਹਨ। ਇਸ ਲਈ ਬੀਬੀ ਨੇ ਚਟਣੀ ਜੋਗੇ ਚਿੱਬੜ ਘਰ ਦੀ ਬਗੀਚੀ 'ਚ ਹੀ ਉਗਾਉਣੇ ਸ਼ੁਰੂ ਕਰ ਦਿੱਤੇ ਹਨ।
ਅੱਗੋਂ ਮਹੀਨੇ ਆ ਜਾਂਦੇ ਨੇ ਮੱਗਰ, ਪੋਹ ਅਤੇ ਮਾਘ। ਇਨ੍ਹਾਂ ਮਹੀਨਿਆਂ 'ਚ ਬੇਬੇ ਦੇ ਘੋਟਣੇ ਹੇਠਾਂ ਮੂਲੀਆਂ ਅਤੇ ਮੂਲੀਆਂ ਦੇ ਪੱਤੇ, ਹਰੀ ਮੇਥੀ ਅਤੇ ਲਸਣ ਦੀਆਂ ਹਰੀਆਂ ਭੂਕਾਂ ਸਮੇਤ ਹੋਰ ਸਿਆਲੀ ਨਿੱਕੜ-ਸੁੱਕੜ ਆਉਣਾ ਸ਼ੁਰੂ ਹੋ ਜਾਂਦਾ। ਫੇਰ ਕੀ! ਸਾਰਾ ਸਿਆਲ ਨਾ ਤਾਂ ਤਾਲ ਬਦਲਦਾ ਹੈ ਅਤੇ ਨਾ ਹੀ ਕੂੰਡਾ ਘੋਟਣਾ! ਬਦਲਦਾ ਹੈ ਤਾਂ ਚਟਣੀ ਵਿਚਲਾ ਸਾਮਾਨ! 
ਫੱਗਣ, ਚੇਤ 'ਚ ਮੂਲੀਆਂ ਤਾਂ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਮੂੰਗਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਜਿੱਥੇ ਪੰਜਾਬ 'ਚ ਮੂੰਗਰਿਆਂ ਦੀ ਸਬਜ਼ੀ ਬਣਾਈ ਜਾਂਦੀ ਹੈ, ਇਸ ਦੇ ਨਾਲ-ਨਾਲ ਕਿਸੇ-ਕਿਸੇ ਖਿੱਤੇ 'ਚ ਮੂੰਗਰਿਆਂ ਦੀ ਚਟਣੀ ਵੀ ਬਣਾਈ ਜਾਂਦੀ ਹੈ। ਮੂੰਗਰਿਆਂ ਦੀ ਚਟਣੀ ਸਵਾਦ ਪੱਖੋਂ ਬੜੀ ਨਿਆਰੀ ਅਤੇ ਗੁਣਕਾਰੀ ਹੁੰਦੀ ਹੈ। ਇਸ ਦੇ ਨਾਲ-ਨਾਲ ਇਨ੍ਹਾਂ ਮਹੀਨਿਆਂ 'ਚ ਮੌਸਮੀ ਟਮਾਟਰ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਫੇਰ ਕੀ! ਬੇਬੇ ਨੂੰ ਤਾਂ ਵੰਨ-ਸੁਵੰਨੇ ਪਦਾਰਥ ਚਾਹੀਦੇ ਹੁੰਦੇ ਨੇ ਚਟਣੀ ਲਈ। ਇਸ ਤਰ੍ਹਾਂ ਇਕ-ਇਕ ਕਰਕੇ ਬੇਬੇ ਦੀ ਚਟਣੀ ਦੇ ਸਾਰੇ ਪਦਾਰਥਾਂ ਨੂੰ ਗਿਣਿਆ ਜਾਵੇ ਤਾਂ 36 ਪ੍ਰਕਾਰ ਦੇ ਪਦਾਰਥਾਂ ਦੀ ਚਟਣੀ ਬਣਾਉਂਦੀ ਹੈ ''ਸਾਡੀ ਬੇਬੇ।''

ਜਸਬੀਰ ਵਾਟਾਂਵਾਲੀ


Aarti dhillon

Content Editor

Related News