1947 ਹਿਜਰਤਨਾਮਾ- 21 : ਬਖਸ਼ੀ ਰਾਮ ਵਡਾਲਾ

06/22/2020 2:16:27 PM

" ਮੈਂ ਬਖਸ਼ੀ ਰਾਮ ਵਲਦ ਉਜਾਗਰ ਮੱਲ ਵਲਦ ਬੰਨਾ ਕੌਮ ਆਦਿ ਧਰਮੀ ਮੌਜਾ ਵਡਾਲਾ, ਨਕੋਦਰ ਰੋਡ ਜਲੰਧਰ ਤੋਂ ਬੋਲ ਰਿਹੈਂ। ਮੇਰੇ ਪਿਤਾ ਜੀ ਕਰਮਵਾਰ ਉਜਾਗਰ ਮੱਲ, ਨਾਗਰ ਮੱਲ, ਭਗਤ ਰਾਮ, ਅਨੰਤਾ, ਦੌਲਤ ਰਾਮ ਅਤੇ ਬੰਤਾ ਰਾਮ ਪਟਵਾਰੀ ਕੁੱਲ 6 ਭਰਾ ਸਨ। ਅਸੀਂ ਅੱਗੋਂ ਦੋ ਭਾਈ ਅਤੇ ਤਿੰਨ ਭੈਣਾ ਕਰਮਵਾਰ ਮੈਂ, ਚੈਨ ਰਾਮ UK, ਕਰਤਾਰ ਕੌਰ, ਨਸੀਬ ਕੌਰ ਅਤੇ ਰਾਮ ਪਿਆਰੀ ਹੈਨ। ਇਹੋ ਵਡਾਲਾ ਸਾਡਾ ਆਬਾਈ ਗਰਾਂ ਹੈ। ਮੇਰੇ ਬਾਬਾ ਜੀ ਪਿੰਡ ਹੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਜਦਕਿ ਪਿਤਾ ਜੀ ਨੇ ਆਪਣਾ ਚਮੜੇ ਦਾ ਕੰਮ ਕਰ ਲਿਆ ।

1887 ਵਿੱਚ ਜਦ ਬਾਰਾਂ ਖੁੱਲੀਆਂ ਤਾਂ ਤਦ ਹੀ ਸਾਡੇ ਪਿੰਡੋਂ ਇਕ ਸਰਦੇ ਪੁਜਦੇ ਮੁਸਲਿਮ ਪਰਿਵਾਰ ਇਸਮਾਈਲ, ਇਬਰਾਹੀਮ, ਫੱਤਾ ਅਤੇ ਸ਼ਾਦੀ ਵਲਦ ਗ਼ਾਜੀ, ਜੋ ਮੇਰੇ ਬਾਬਾ ਜੀ ਦੇ ਹਾਣੀ ਸਨ, ਹੋਰਾਂ ਚੱਕ 33 SP ਤਦੋਂ ਤਹਿਸੀਲ ਪਾਕਿ ਪਟਨ ਜ਼ਿਲ੍ਹਾ ਮਿੰਟਗੁਮਰੀ ’ਚ 1600 ਘੁਮਾਂ ਜ਼ਮੀਨ ਜਾਂ ਆਬਾਦ ਕੀਤੀ। ਬਾ ਲਿਹਾਜ ਰਿਸ਼ਤੇਦਾਰੀ ਅਤੇ ਹੋਰ ਕੰਮੀਆਂ ਨੂੰ ਵੀ ਜਾ ਆਬਾਦ ਕੀਤਾ। ਇਸੇ ਸਿਲਸਿਲੇ ਅਧੀਨ ਉਹ ਬਾਰੋਂ ਇਧਰ ਆਏ ਅਤੇ ਮੇਰੇ ਬਾਬੇ ਨੂੰ ਸਮੇਤ ਪਰਿਵਾਰ ਉਥੇ ਚੱਲਣ ਲਈ ਮਨਾ ਲਿਆ ।

1934 ਵਿੱਚ ਬਾਬਾ ਜੀ ਆਪਣੇ ਸਾਰੇ ਪਰਿਵਾਰ ਨਾਲ 33 ਚੱਕ ’ਚ ਚਲੇ ਗਏ। ਚਾਚਾ ਬੰਤਾ ਰਾਮ ਪਟਵਾਰੀ ਅਤੇ ਉਹਦਾ ਪਰਿਵਾਰ ਨਹੀਂ ਗਏ। ਸਾਰਾ ਪਰਿਵਾਰ ਬਤੌਰ ਖੇਤ ਮਜ਼ਦੂਰ ਗਾਜੀ ਦੇ ਖੇਤਾਂ ਵਿੱਚ ਕੰਮ ਕਰਦਾ। ਉਜਰਤ ਨਕਦ ਨਹੀਂ ਸਗੋਂ ਜਿਣਸ ਦਾ ਕੁਝ ਹਿੱਸਾ ਲਿਆ ਕਰਦੇ ਸਾਂ। ਜ਼ਮੀਨ ਨਹਿਰੀ ਸੀ। ਕਣਕ, ਸਰੋਂ ,ਤੋਰੀਆ, ਕਪਾਹ ਅਤੇ ਨਰਮਾ ਵਗੈਰਾ ਫਸਲਾਂ ਹੁੰਦੀਆਂ। ਵੇਹਲੇ ਦਿਨਾਂ ਵਿੱਚ ਕਪੜਾ ਬੁਣਾਈ ਦਾ ਕੰਮ ਕਰਦੇ ਪਰ ਪਿਤਾ ਜੀ ਨੇ ਆਪਣਾ ਚਮੜੇ ਦਾ ਕੰਮ ਬਰਕਰਾਰ ਰੱਖਿਆ। ਉਹ ਚਮੜੇ ਦੇ ਵਪਾਰੀ ਵਜੋਂ ਮਸ਼ਾਹੂਰ ਹੋਏ। ਪਾਕਿਪਟਨ, ਮਿੰਟਗੁਮਰੀ ਅਤੇ ਦੂਰ ਮੁਲਤਾਨ ਤੱਕ ਚਮੜਾ ਖਰੀਦ ਕੇ ਅੰਬਰਸਰ ਵੇਚ ਆਉਂਦੇ। ਫਿਰ ਉਨ੍ਹਾਂ ਰੌਲਿਆਂ ਤੋਂ ਕੁੱਝ ਪਹਿਲੇ ਅੰਬਰਸਰ ਖਾਲਸਾ ਕਾਲਜ ਸਾਹਮਣੇ ਪੈਂਦੇ ਪਿੰਡ ਕੋਟ ਸੈਦ ਮਹਿਮੂਦ (ਹੁਣ ਕੋਟ ਖਾਲਸਾ) ਵਿਚ ਆਪਣਾ ਚਮੜੇ ਦਾ ਕਾਰਖਾਨਾ ਲਾ ਲਿਆ। ਇਹ ਚਮੜੇ ਦਾ ਕਾਰਖਾਨਾ ਕਾਫੀ ਚੱਲ ਗਿਆ ।

ਮੈਂ 1942 ਵਿੱਚ ਓਧਰ ਨਜਦੀਕੀ ਪਿੰਡ ਪੱਕਾ ਸੁਧਾਰ ਤੋਂ ਪੰਜਵੀਂ ਪਾਸ ਕੀਤੀ। ਪੰਡਿਤ ਜਗਨ ਨਾਥ ਜੇਤਲੀ ਜਿਨ੍ਹਾਂ ਵੰਡ ਪਿੱਛੋਂ ਸਮਰਾਲਾ ਵੀ ਪੜਾਇਆ, ਸਾਡੇ ਹੈੱਡ ਮਾਸਟਰ ਸਨ। ਮਾਸਟਰ ਤੁਲਸੀ ਦਾਸ ਉਧਰੋਂ ਪੱਕੇ ਸੁਧਾਰ ਤੋਂ ਹੀ ਸਨ ਪਰ ਵੰਡ ਪਿੱਛੋਂ ਉਨ੍ਹਾਂ ਇਧਰ ਬਸਤੀ ਸ਼ੇਖ ਜਲੰਧਰ ਅਤੇ ਖੁਰਲਾ ਕਿੰਗਰਾ ਦੇ ਸਕੂਲਾਂ ਵਿੱਚ ਵੀ ਪੜਾਇਆ। ਇਕ ਹੋਰ ਮੁਸਲਮਾਨ ਮਾਸਟਰ ਸੀ ਜਾਨ ਮੁਹੰਮਦ । ਉਸ ਦਾ ਪਿਛਲਾ ਪਿੰਡ ਇਧਰ ਸ਼ਾਹਕੋਟ ਬੇਂਈ ਪਾਰ -  - -(ਨਾਮ ਯਾਦ ਨਹੀਂ) ਸੀ। ਮੇਰੇ ਹਮ ਜਮਾਤੀ ਆਂ ਵਿਚ ਮੁਹੰਮਦ ਸਦੀਕ ਜੋ ਪਿਛਿਓਂ ਇਧਰਲੇ ਵਡਾਲੇ ਦਾ ਸੀ। ਬਾਅਦ ਲਾਹੌਰ ਸਰਕਾਰੀ ਡਾਕਟਰ ਰਿਹਾ। ਇਕ ਸੀ ਜਿੰਮੀਦਾਰ ਪਰਿਵਾਰ ’ਚੋਂ ਮੁਹੰਮਦ ਸਾਦਕ ਗਿੱਲ, ਜਿਸ ਦਾ ਪਿੱਛਾ ਤਰਨਤਾਰਨ ਸੀ।

33 ਚੱਕ ਮੁਸਲਿਮ ਵਸੋਂ ਵਾਲਾ ਪਿੰਡ ਸੀ। ਸਾਡੇ ਚਾਰ ਘਰ ਕੰਮੀਆਂ ਦੇ, ਇਕ ਪੱਕਾ ਸੁਧਾਰ ਤੋਂ ਖੱਤਰੀ ਕਸ਼ਮੀਰੀ ਲਾਲ ਦੁਕਾਨ ਕਰਦਾ ਸੀ। ਕੁਝ ਘਰ ਉਧਰਲੀ ਪੌਲੀ ਕੌਮ ਦੇ ਸਨ, ਜੋ ਕਪੜਾ ਬੁਣਾਈ ਦਾ ਕੰਮ ਕਰਦੇ ਸਨ। ਗੁਆਂਢੀ ਪਿੰਡਾਂ ਵਿੱਚ ਪੱਕਾ ਸੁਧਾਰ, ਭੁੱਬੜਾਂ, ਤਾਬਰ, ਕੰਬੋਜ (ਕੰਬੋਜ ਪਿੰਡ ਵਿੱਚ ਸਾਰੇ ਕੰਬੋਜ ਬਰਾਦਰੀ ਦੇ ਲੋਕ ਹੀ ਸਨ, ਜੋ ਬਾਅਦ ਵਿੱਚ ਸਿਰਸਾ ਦੇ ਆਸਪਾਸ ਜਾ ਆਬਾਦ ਹੋਏ)। ਖੰਗੇ, ਡੋਗਰ ਜਾਤਾਂ/ਗੋਤਾਂ ਅਧਾਰਤ ਪਿੰਡ ਸਨ। ਇਕ ਪਿੰਡ ਸੀ ਕੋਟ ਮੋਤੀ ਰਾਮ ਇਹ ਮੱਕੜ ਅਰੋੜਾ ਬਰਾਦਰੀ ਦਾ ਪਿੰਡ ਸੀ। ਰੇਲ ਸਟੇਸ਼ਨ ਪੱਕਾ ਸੁਧਾਰ ਦਾ ਹੀ ਲੱਗਦਾ ਸੀ ਜੋ ਕਿ ਲਾਹੌਰ - ਮੁਲਤਾਨ ਟਰੈਕ ’ਤੇ ਪੈਂਦਾ ਸੀ।

ਮੁਹੰਮਦ ਸਾਦਕ ਨਾਰੂ ਰਾਜਪੂਤ

PunjabKesari

ਗੁਜਾਰਾ ਵਧੀਆ ਸੀ, ਕਿਉਂਕਿ ਪਿਤਾ ਜੀ ਦਾ ਆਪਣਾ ਚਮੜੇ ਦਾ ਕੰਮ ਸੀ ਜਦ ਕਿ ਬਾਕੀ ਪਰਿਵਾਰ ਕੱਪੜਾ ਬੁਣਨ ਅਤੇ ਖੇਤਾਂ ਵਿੱਚ  ਹਿੱਸੇ ਤੇ ਕੰਮ ਕਰਦਾ ਸੀ । ਬਾਕੀ ਗੈਰ ਬਰਾਦਰੀ ਸਾਰੇ ਹੀ ਲੋਕਾਂ ਨਾਲ ਖੁਸ਼ੀ ਗਮੀ ਤੇ ਆਈ ਜਾਈ ਦਾ ਸੀ। ਭਲੇ ਦਿਨ ਸਨ। ਜੇ ਆਮਦਨ ਘੱਟ ਹੈ ਸੀ ਤਾਂ ਖਰਚੇ ਵੀ ਸੀਮਤ ਸਨ। ਸੋ ਗੁਜਰ ਬਸਰ ਸੁਖਾਲਾ ਸੀ।  ਜਦ ਉਥੇ ਰਿਹਾਇਸ਼ ਲਈ ਘਰ ਬਣਾਇਆ ਤਾਂ ਕਮਰੇ ਬਣਾਉਣ ਲਈ ਤੌੜ ਸਾਨੂੰ ਇਸਮਾਈਲ ਹੋਰਾਂ ਦੇ ਦਿੱਤਾ। ਓਧਰ ਪਿਤਾ ਜੀ ਦਾ ਚਮੜੇ ਦਾ ਕਾਰਖਾਨਾ ਕਾਫੀ ਚੱਲ ਗਿਆ। ਪਿਤਾ ਜੀ ਨੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਕਿ ਇਥੋਂ ਕੰਮ ਛੱਡ ਕੇ ਚਮੜੇ ਦੇ ਵਪਾਰ ਨਾਲ ਹੀ ਸਾਰੇ ਜੁੜ ਜਾਓ। ਇਹ 1943 ਦੀ ਗੱਲ ਹੈ ਮੈਂ ਤਦੋਂ ਓਧਰ 6 ਵੀਂ ਜਮਾਤ ਵਿਚ ਪੜ੍ਹਦਾ ਸਾਂ। ਸੋ ਕੁੱਝ ਹੀ ਮਹੀਨਿਆਂ ਚ ਲੈਣ-ਦੇਣਦਾਰੀਆਂ ਚੁਕਾ ਕੇ ਸਾਡਾ ਸਾਰਾ ਪਰਿਵਾਰ 33 ਚੱਕ ਤੋਂ ਉਠ ਖੜਿਆ। ਬੰਦੇ ਅਤੇ ਇਕ ਰੋਟੀ ਟੁੱਕ ਲਈ ਬੇਬੇ ਅੰਬਰਸਰ ਕਾਰਖਾਨੇ ’ਚ ਰੁੱਕ ਗਏ ਤੇ ਬਾਕੀ ਬਜੁਰਗ, ਬੀਬੀਆਂ ਅਤੇ ਬੱਚੇ ਆਪਣੇ ਪਿੱਤਰੀ ਪਿੰਡ ਵਡਾਲਾ ਆ ਗਏ।

ਮੈਂ ਇਧਰ ਸਨਾਤਮ ਧਰਮ ਸਕੂਲ ਸੋਢਲ-ਜਲੰਧਰ ਤੋਂ 1949 ਵਿੱਚ ਦਸਵੀਂ ਜਾ ਪਾਸ ਕੀਤੀ। ਮੈਂ ਮਹਿਕਮਾ 'ਮੁੜ ਵਸਾਊ ਪੰਜਾਬ ' ਜੋ ਤਦੋਂ ਡਾ:ਮਹਿੰਦਰ ਸਿੰਘ ਰੰਧਾਵਾ ਦੇ ਅਧੀਨ ਸੀ ਦੇ ਵਿੱਚ 1950 ਨੂੰ ਕਲਰਕ ਭਰਤੀ ਹੋ ਗਿਆ। ਫਿਰ ਲੈਂਡ ਕਲੇਮ ਆਫੀਸਰ ਦਾ ਰੀਡਰ। 1972 ਵਿਚ ਸੁਪਰਡੈਂਟ ਅਤੇ1976 ਵਿੱਚ ਤਹਿਸੀਲਦਾਰ  (ਸੇਲਜ) ਪਰੋਮੋਟ ਹੋ ਕੇ 1991ਵਿਚ ਰਿਟਾਇਰਡ ਹੇਇਆ।

2008 ਦਾ ਵਾਕਿਆ ਹੈ ਕਿ ਜਲੰਧਰ ਵਿਚ ਆਲੂ ਉਤਪਾਦਕਾਂ ਦਾ ਇਕ ਸੈਮੀਨਾਰ ਹੋਇਆ। ਇਸ ਵਿਚ ਇਧਰਲੇ ਤੇ ਉਧਰਲੇ ਪੰਜਾਬੋਂ ਕਾਫੀ ਆਲੂ ਵਪਾਰੀ ਅਤੇ ਉਤਪਾਦਕ ਇਕੱਤਰ ਹੋਏ। ਓਧਰੋਂ ਇਫਤਿਖਾਰ ਹੁਸੈਨ ਵੀ ਆਇਆ। ਸੈਮੀਨਾਰ ਖਤਮ ਹੋਣ ਉਪਰੰਤ ਉਸ ਪੁੱਛਿਆ ਕਿ ਕੋਈ ਵਡਾਲਾ ਤੋਂ ਵੀ ਹੈ ਤਾਂ ਸਬੱਬੀਂ ਸਾਡੇ ਵਡਾਲਿਓਂ ਮੈਂਥਾ ਅਤੇ ਆਲੂਆਂ ਦੇ ਉਤਪਾਦਕ ਦਵਿੰਦਰ ਪਾਲ ਸਿੰਘ ਪਾਲੀ ਉਥੇ ਸ਼ਾਮਲ ਹੈ ਸੀ। ਉਨ੍ਹਾਂ ਦਾ ਵਾਰਤਾਲਾਪ ਹੋਇਆ। ਇਫਤਿਖਾਰ ਦੇ ਬਜੁਰਗਾਂ ਦਾ ਜੱਦੀ ਪਿੰਡ ਇਹੋ ਵਡਾਲਾ ਆ।

ਇਸ ਤਰਾਂ ਦਵਿੰਦਰ ਪਾਲ ਸਿੰਘ ਉਸ ਨੂੰ ਨਾਲ ਪਿੰਡ ਲੈ ਆਇਆ। ਚਾਹ ਪਾਣੀ ਉਪਰੰਤ ਉਹ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਘਰ ਪਹੁੰਚੇ। ਉਸ ਨੇ ਆਪਣੇ ਵਡੇਰਿਆਂ ਅਤੇ ਘਰ ਵਾਰ ਵਾਰੇ ਪੁੱਛਿਆ ਤਾਂ ਅਫਸੋਸ ਕਿ ਇਹ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਨਹੀਂ ਸੀ। ਸੋ ਉਨ੍ਹਾਂ ਮੈਨੂੰ ਸਦ ਭੇਜਿਆ। ਮੈਂ ਉਸ ਨੂੰ ਸਾਰਾ ਪਿੰਡ ਅਤੇ ਉਹਦੇ ਬਜੁਰਗਾਂ ਦੇ ਘਰ ਵਾਰ ਦਿਖਾਏ। ਉਹ ਮੁਹੰਮਦ ਬਖਸ਼ ਲੋਲਾ ਦਾ ਬੇਟਾ ਸੀ ਜੋ ਕਰੀਬ ਮੇਰੇ ਬਾਪ ਦਾ ਹੀ ਹਾਣੀ ਸੀ।ਸਭਨਾ ਬੜਾ ਪਿਆਰ ਦਿੱਤਾ ਕਿ ਪਾਕਿਸਤਾਨ ਤੋਂ ਮੁਹੰਮਦ ਬਖਸ਼ ਦਾ ਬੇਟਾ ਆਇਆ ਹੈ। ਹਰ ਕੋਈ ਮੇਜ਼ਬਾਨੀ ਲਈ ਜਿਦ ਕਰੇ। ਉਸ ਨੂੰ ਢੇਰ ਉਪਹਾਰਾਂ ਨਾਲ ਲੱਦ ਦਿੱਤਾ । ਰੌਲਿਆਂ ਸਮੇਂ ਇਥੋਂ ਦੇ ਸੱਭ ਮੁਸਲਿਮ ਸੁੱਖ ਸਬੀਲੀ ਨਾਲ ਉਕਾੜਾ ਤਹਿਸੀਲ ਦੇ ਪਿੰਡ ਚੱਕ 54 ਅਤੇ 56/2L ਵਿਚ ਜਾ ਆਬਾਦ ਹੋਏ। ਆਪ ਗੱਡਿਆਂ ਤੇ ਖੁਰਲਾ ਕਿੰਗਰਾ ਕੈਂਪ ਵਿਚ ਛੱਡ ਕੇ ਆਏ। ਇਹੀ ਨਹੀਂ ਮਗਰ ਦਾਣਾ ਫੱਕਾ ਵੀ ਭੇਜਦੇ ਰਹੇ। ਇਕ ਮੁਸਲਿਮ ਬਜੁਰਗ ਜੋ ਬਾਹਰ ਗੱਦੋਵਾਲੀ ਦੀ ਤਰਫ ਪੱਠੇ ਦੱਥੇ ਨੂੰ ਗਿਆ ਹੋਇਆ ਸੀ  ਗੱਦੋਵਾਲੀ ਦੇ ਬੁਰਛਿਆਂ ਮਾਰਤਾ।  

ਇਫਤਿਖਾਰ ਮੇਰੇ ਤੇ ਬੜਾ ਮੁਤਾਸਰ ਹੋਇਆ। ਉਸ ਮੈਨੂੰ ਪਾਕਿਸਤਾਨ ਆਉਣ ਲਈ ਕਿਹਾ। ਵਾਪਸ ਜਾਣ ਉਪਰੰਤ ਉਸ ਮੇਰੇ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ । 2012 ਵਿੱਚ ਹੀ ਸ:ਦਵਿੰਦਰ ਪਾਲ ਸਿੰਘ ਪਾਲੀ ਨੇ ਪਾਕਿਸਤਾਨ ਅੰਬੈਸੀ ਚੋਂ ਮੇਰਾ ਵੀਜਾ ਲਗਵਾ ਦਿੱਤਾ । ਤੇ ਮੈਂ ਵੀ ਓਧਰ ਘੁੰਮ ਫਿਰ ਆਇਆ। ਵਾਹਗਾ ਬਾਰਡਰ ਟੱਪਦੇ ਹੀ ਇਫਤਿਖਾਰ ਸਾਹਮਣੇ ਖੜ੍ਹਾ ਸੀ। ਉਸ ਦੀ ਲਾਹੌਰ ਵਾਲੀ ਰਿਹਾਇਸ਼ ਤੇ ਦੋ ਦਿਨ ਰਿਹਾ। ਖੂਬ ਘੁਮਾਇਆ ਲਾਹੌਰ ਉਸਨੇ। 47 ਤੋਂ ਪਹਿਲੇ ਦੀਆਂ ਸੱਭ ਯਾਦਾਂ ਤਾਜਾ ਹੋ ਗਈਆਂ।

ਉਪਰੰਤ ਉਹ ਮੈਨੂੰ ਆਪਣੇ ਪਿੰਡ 54/2L ਤਦੋਂ ਤਹਿਸੀਲ ਉਕਾੜਾ ਅਤੇ ਜਿਲ੍ਹਾ ਮਿੰਟਗੁਮਰੀ ਲੈ ਗਏ। ਬੰਦੂਕਾਂ ਦੇ ਫਾਇਰ ਕਰਕੇ ਸਲਾਮੀ ਦਿੱਤੀ ,ਮੈਨੂੰ। ਖੂਬ ਢੋਲ ਵੱਜਾ,ਹਾਰਾਂ ਨਾਲ ਲੱਦ ਦਿੱਤਾ ਗਿਆ । ਇਕ ਹਵੇਲੀ ਵਿਚ ਇਕੱਠ ਰੱਖਿਆ ਗਿਆ। ਇਕ ਬਜੁਰਗ ਨੇ ਉਚੀ ਧਾਹ ਮਾਰ ਕੇ ਕਿਹਾ, " ਲੈ ਬਈ ਤਾਏ ਬੰਨਾ ਦਾ ਪੋਤਾ ਆਇਆ ਵਾ।" ਉਸ ਕਿੰਨਾ ਚਿਰ ਰੋਂਦਿਆਂ ਮੈਨੂੰ ਘੁੱਟ ਕੇ ਜੱਫੀ ਪਾਈ ਰੱਖੀ। ਲੋਕਾਂ ਬਹੁਤ ਹੀ ਪਿਆਰ ਦਿੱਤਾ । ਵਡਾਲਿਓਂ ਹੀ ਗਿਆ ਮੈਥੋਂ 5-6 ਸਾਲ ਛੋਟਾ, ਮੁਹੰਮਦ ਸਾਦਕ ਨਾਰੂ ਰਾਜਪੂਤ ਵੀ ਮਿਲਿਆ ਉਸ ਦਾ ਬਾਪ ਗੁਲਾਮ ਮੁਹੰਮਦ ਜੋ ਵਡਾਲਾ ਦਾ ਲੰਬੜ ਅਤੇ ਸਿਰ ਕੱਢਵਾਂ ਬੰਦਾ ਸੀ, ਨੂੰ ਇਧਰ ਖੁਰਲਾ ਕਿੰਗਰਾ ਦੇ ਕੈਂਪ ਚੋਂ ਬਾਹਰ ਵਡਾਲਾ ਵੱਲ ਪੈਂਦੇ ਆਪਣੇ ਖੇਤਾਂ ’ਚੋਂ ਚਾਰਾ ਲੈਣ ਗਿਆਂ ਨੂੰ ਦੋ ਹੋਰ ਮੁਸਲਮਾਨਾ ਸਮੇਤ, ਦੰਗਈਆਂ ਮਾਰ ਦਿੱਤਾ ਸੀ।

54 ਅਤੇ 56/2L ਦੋਹੇਂ ਪਿੰਡਾਂ ਵਿੱਚ ਇਧਰਲੇ ਵਡਾਲੇ ਦੇ ਮੁਸਲਿਮ ਹੀ ਬੈਠੇ ਹਨ। ਇਥੇ ਮੈਂ ਤਿੰਨ ਦਿਨ ਰਿਹਾ। ਉਪਰੰਤ ਮੈਨੂੰ ਇਫਤਿਖਾਰ ਪਾਕਿਪਟਨ ਮੇਰੇ ਹਮ ਜਮਾਤੀ ਡਾਕਟਰ ਮੁਹੰਮਦ ਸਦੀਕ ਪਾਸ ਛੱਡ ਗਿਆ। ਅਸੀਂ ਇਕ ਦੂਜੇ ਨੂੰ ਧਾਹ ਕੇ ਇਵੇਂ ਮਿਲੇ ਕਿ ਜਨਮ ਜਨਮ ਦਾ ਉਦਰੇਵਾਂ ਲਹਿ ਗਿਆ। ਦੋ ਦਿਨ ਮੈਂ ਉਸ ਪਾਸ ਰਿਹਾ ।ਉਸ ਨੇ ਖੂਬ ਟਹਿਲ ਸੇਵਾ ਕੀਤੀ । ਬਾਬਾ ਫਰੀਦ ਜੀ ਦੀ ਜਗ੍ਹਾ ਤੇ ਗਏ ਹੋਰ ਸ਼ਹਿਰ ਵੀ ਘੁਮਾਇਆ ਜੋ ਕਿ  ਹੁਣ ਤਹਿਸੀਲ ਤੋਂ ਜਿਲ੍ਹਾ ਬਣ ਚੁੱਕਾ ਹੈ। ਉਪਰੰਤ ਤੀਸਰੇ ਦਿਨ ਸਦੀਕ ਮੈਨੂੰ ਚੱਕ 33 SP ਲੈ ਗਿਆ। ਪਿੰਡ ਦੇ ਲੋਕਾਂ ਬੇਤਹਾਸ਼ਾ ਮੁਹੱਬਤ ਦਿੱਤੀ। ਸਾਰਾ ਪਿੰਡ ਹੀ ਧਾਹ ਕੇ ਮਿਲਿਆ। ਹਰ ਕੋਈ ਆਪਣੇ ਘਰ ਨੂੰ ਖਿੱਚੇ। ਇਥੇ ਮੈਂ ਸਦੀਕ ਅਤੇ ਸਾਦਕ ਕੇ ਘਰ 2-2 ਦਿਨ ਰਿਹਾ। ਸਾਰੇ ਖੂਹਾਂ ਤੇ ਖੇਤਾਂ ਨੂੰ ਗਾਹਿਆ। ਆਪਣੇ ਘਰ ਵੀ ਗਿਆ । ਹੁਣ ਇਧਰੋਂ ਹੀ ਗਿਆ ਹੋਇਆ ਮਹਾਜਰ ਪਰਿਵਾਰ ਰਹਿੰਦਾ ਹੈ ਉਥੇ। ਮੈਂ ਗਿਆ ਤਾਂ ਬਾਹਰੋਂ ਹੀ ਤੰਜ ਕੀਤਾ, ' ਘਰ ਵਾਲਿਓ ਬਾਹਰ ਹੋ ਜਾਓ, ਘਰ ਦੇ ਅਸਲੀ ਮਾਲਕ ਆ ਗਏ ਹਨ। ' ਸਾਰਾ ਟੱਬਰ ਬਾਹਰ ਭੱਜ ਆਇਆ। ਤਾਂ ਵਡੇਰੀ ਉਮਰ ਦੀ ਇਕ ਮਾਈ ਮੈਨੂੰ ਆ ਬਗਲਗੀਰ ਹੋਈ। ਕਹਿ ਓਸ ਕਿ ਪੁੱਤਰਾ ਜੰਮ ਜੰਮ ਆਓ , ਥੋਡਾ ਘਰ ਵਾਰ ਹੈ , ਥੋਡੇ ਲਈ  ਬਾਰ ਹਮੇਸ਼ਾਂ ਖੁੱਲ੍ਹੇ ਹਨ।- ' ਮੁਸਲਮਾਨ ਕੇ ਲਹੂ ਮੇਂ ਹੈ, ਸਲੀਕਾ ਦਿਲ ਨਿਵਾਜੀ ਕਾ ' ਦਾ ਅਸਲ ਰੂਪ ਮੈਂ ਉਸ ਦਿਨ ਜਾਚਿਆ। ਵੀਜਾ ਖਤਮ ਹੋ ਰਿਹਾ ਸੀ  -  -  - ਤੇ ਖਤਮ ਹੋ ਗਿਆ । ਮਜਬੂਰਨ ਭਰੇ ਦਿਲ ਨਾਲ ਮੈਨੂੰ ਵਾਪਸ  ਆਉਣਾ ਪਿਆ । ਉਹ ਮੇਰੇ ਪਿੰਡ ਦੇ ਜਾਏ ਮੈਨੂੰ ਵਾਹਗਾ ਤੱਕ  ਛੱਡਣ ਆਏ। - ਤੇ ਦੂਰ ਤੱਕ,ਮੈਂ ਤੇ ਉਹ ਇਕ ਦੂਜੇ ਨੂੰ ਵੇਂਹਦੇ ਰਹੇ।              
                               
 
 ਲੇਖਕ: ਸਤਵੀਰ ਸਿੰਘ ਚਾਨੀਆਂ

92569-73526
    


rajwinder kaur

Content Editor

Related News