ਉਹ ਰੋਈ ਜਾ ਰਿਹਾ ਹੈ

02/07/2018 2:24:56 PM

ਉਹ ਰੋਈ ਜਾ ਰਿਹਾ ਹੈ...
ਫੁੱਲ ਪਥਰਾਅ ਗਏ ਨੇ
ਘਾਹ ਤੋਂ
ਸੂਲਾਂ ਜਨਮੀਆਂ ਨੇ
ਬੀਤ ਚੁੱਕੇ ਕੱਲ੍ਹ”
ਤੇ ਆਉਣ ਵਾਲੇ
ਕੱਲ੍ਹ ਨੂੰ ਲੈ
ਉਹ ਦੁਬਿਧਾ ਵਿੱਚ ਹੈ...
ਪਾਣੀ ਦੀਆਂ ਸੰਗੀਤਕ ਤਰੰਗਾਂ
ਕਲਕਲ”ਬਣੀਆਂ ਨੇ।
ਉਹ ਤਾਰੇ ਗਿਣ-ਗਿਣ
ਥੱਕਿਆ ਹੈ
ਉਹ ਪਾਠ ਕਰ-ਕਰ
ਅੱਕਿਆ ਹੈ
ਜਿਸ ਨੇ
ਅਪਣੇ ਖ਼ਾਬਾਂ ਦੀ
ਤਾਮੀਰ ਲਈ
ਜੰਗਲ਼ ਨੂੰ
ਸਮਾਜ ਵਿੱਚ ਬਦਲਿਆ ਸੀ
ਉਸ ਦਾ ਵਿਸ਼ਵਾਸ
ਖੇਰੂੰ-ਖੇਰੂੰ ਹੋ ਗਿਆ ਹੈ।
ਉਸ ਦਾ ਵਸਾਇਆ ਸ਼ਹਿਰ
ਫਿਰ ਜੰਗਲ਼ ਹੋ ਗਿਆ ਹੈ।
ਉਹ ਬੜੀ ਦੁਬਿਧਾ ਵਿੱਚ ਹੈ
ਤੇ ਰੋਈ ਜਾ ਰਿਹਾ ਹੈ।
ਬੋਹੜਾਂ ਦਾ
ਸਿਦਕ ਖੋ ਗਿਆ ਹੈ
ਸਰੂੰਆਂ ਦੀ
ਜੁੱਰਅਤ ਮਰ ਗਈ ਹੈ
ਸੋਚ 'ਚ ਮੋਚ ਲੈ
ਪੈਦਾ ਹੋਈ ਦੁਨੀਆ
ਇਹ ਕੀ ਕਰ ਗਈ ਹੈ
ਇਨਸਾਨੀਅਤ ਮਰ ਗਈ ਹੈ।
ਉਹ ਰੋਈ ਜਾ ਰਿਹਾ ਹੈ...
ਉਹ ਰੋਈ ਜਾ ਰਿਹਾ ਹੈ... ...
ਗਗਨਦੀਪ ਸਿੰਘ ਸੰਧੂ
(+917589431402)


Related News