ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਮਿਹਨਤ ਦੀ ਕਮਾਈ'

Friday, Jan 01, 2021 - 04:54 PM (IST)

ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ 'ਮਿਹਨਤ ਦੀ ਕਮਾਈ'

ਅੱਜ ਹਮੀਦੋ ਦੇ ਚਿਹਰੇ ਤੇ ਕਾਫ਼ੀ ਰੌਣਕ ਸੀ, ਹਮੀਦੋ ਦਾ ਚਿਹਰਾ ਇੰਝ ਖਿੜਿ੍ਹਆ ਹੋਇਆ ਸੀ, ਜਿਵੇਂ ਸੱਜਰੇ ਖਿੜੇ੍ਹ ਹੋਏ ਗੁਲਾਬ ਤੇ ਤਰੇਲ ਦੀਆਂ ਬੂੰਦਾਂ ਪਈਆਂ ਹੋਣ, ਹਸੂੰ ਹਸੂੰ ਕਰਦੀ ਹਮੀਦੋ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸਨ, ਖੁਸ਼ੀ ਖੁਸ਼ੀ ਕੰਮ ਕਰਦੀ ਨੂੰ ਵੇਖ ਕੇ ਘਰ ਦੀ ਮਾਲਕਨ ਪੁੱਛਣੋਂ ਨਾ ਰਹਿ ਸਕੀ, ਤੇ ਆਵਾਜ ਮਾਰ ਕੇ ਆਖਣ ਲੱਗੀ, -ਹਮੀਦੋ ਅੱਜ ਬੜੀ ਖੁਸ਼ ਏਂ ? ਇਸ ਖੁਸ਼ੀ ਦਾ ਕਾਰਨ ਮੈਂ ਜਾਣ ਸਕਦੀ ਆਂ? ਮਾਲਕਨ ਨੇ ਹੈਰਾਨੀ ਨਾਲ ਪੁੱਛਿਆ, ਕਿਉਂ ਨਹੀਂ , ----ਸਰਦਾਰਨੀ ਜੀ---- ਵਾਹਵਾ ਦਿਨਾਂ ਤੋਂ ਨਾ, ਮੇਰਾ ਬੇਟਾ ਬੀਮਾਰ  ਸੀ, ਹਸਪਤਾਲ ’ਚ ਦਾਖਲ ਸੀ, ਅੱਜ ਮੇਰਾ ਪੁੱਤ ਘਰੇ ਆ ਗਿਆ, ਬਿਲਕੁਲ ਠੀਕ ਠਾਕ ਹੈ ਤੇ ਰੱਬ ਦੇ ਸ਼ੁਕਰ ਨਾਲ ਤੰਦਰੁਸਤ ਹੈ, ਮੈਂ ਤਾਂ ਈਂ ਤਾਂ ਦੋ ਤਿੰਨ ਦਿਨ ਤੋਂ ਕੰਮ ਤੇ ਨਹੀਂ ਆਈ, ਹਮੀਦੋ ਨੇ ਕਿਹਾ ਪਰ ਤੁਸੀਂ ਤਾਂ ਮੈਨੂੰ ਉੱਦਣ ਦਾ ਦੱਸਿਆ ਈ ਨਹੀਂ  ਬੱਸ ਇੰਨਾ ਕਿਹਾ ਸੀ ਮੈਨੂੰ ਪੰਜ ਹਜ਼ਾਰ ਰੁਪਈਆ ਦੇ ਦਿਉ, ਮੈਂ ਹਸਪਤਾਲ ਜਾਣਾ ਏ, ਜੇ ਤੁਸੀਂ ਦੱਸਦੇ ਤਾਂ ਮੈਂ ਤੁਹਾਡੀ ਹੋਰ ਵੀ ਮਦਦ ਕਰਦੀ ਤੇ ਤੁਹਾਡੇ ਨਾਲ ਹਸਪਤਾਲ ਵੀ ਜਾਂਦੀ ਮਾਲਕਨ ਨੇ ਹਮਦਰਦੀ ਜਤਾਉਂਦੇ ਹੋਈ ਨੇ ਕਿਹਾ। 
ਨਹੀਂ ਨਹੀਂ ਸਰਦਾਰਨੀ ਜੀ ਬੱਸ ਮੇਰੇ ਲਈ ਤਾਂ ਇੰਨਾ ਈ ਬਹੁਤ ਆ, ਔਖੀ ਵੇਲੇ ਤੁਸੀਂ ਮੇਰੀ ਮਦਦ ਕੀਤੀ, ਮੈਂ ਤੁਹਾਡਾ ਇਹ ਅਹਿਸਾਨ ਕਦੇ ਵੀ ਨਹੀਂ ਭੁੱਲਾਂਗੀ, ਚੰਗਾ ਸਰਦਾਰਨੀ ਜੀ ਮੈਨੂੰ ਧੋਣ ਵਾਲੇ ਸਾਰੇ ਕੱਪੜੇ ਕੱਢ ਦਿਉ, ਮੈਂ ਜਲਦੀ-ਜਲਦੀ ਧੋ ਲਵਾਂ ਫਿਰ ਕਿਤੇ ਬਿਜਲੀ ਨਾ ਚੱਲੀ ਜਾਵੇ। ਹਮੀਦੋ ਇੰਨਾ ਕਹਿੰਦਿਆਂ ਈਂ ਬਾਥਰੂਮ ਵਿੱਚ ਚਲੀ ਗਈ। ਘਰ ਦੀ ਮਾਲਕਨ ਅੰਦਰੋਂ ਕੱਪੜਿਆਂ ਦੀ ਪੰਡ ਚੁੱਕ ਕੇ ਬਾਹਰ ਲੈ ਆਈ ਤੇ ਹਮੀਦੋ ਦੇ ਅੱਗੇ ਸੁੱਟ ਕੇ ਅੰਦਰ ਚਲੀ ਗਈ, ਹਮੀਦੋ ਇੱਕ ਇੱਕ ਕਰਕੇ ਜੇਬਾਂ ’ਚ ਹੱਥ ਮਾਰਨ ਲੱਗੀ। ਜਦੋਂ ਈਂ ਘਰ ਦੇ ਮਾਲਕ ਜਤਿੰਦਰ ਸਿੰਘ ਦੀ ਪੈਂਟ ਦੀ ਜੇਬ ’ਚ  ਹੱਥ ਮਾਰਿਆ ਤਾਂ ਬਹੁਤ ਸਾਰੇ ਰੁਪੀਆਂ ਦੀ ਗੁੱਟੀ ਕੱਢ ਕੇ ਮਾਲਕਨ ਨੂੰ ਆਵਾਜ਼ ਮਾਰੀ ਅਤੇ ਕਿਹਾ। ਸਰਦਾਰਨੀ ਜੀ ਆਹ ਸਰਦਾਰ ਜੀ ਦੇ ਪੈਸੇ ਫੜ ਲਓ, ਘਰ ਦੀ ਮਾਲਕਨ ਅੰਦਰੋਂ ਬਾਹਰ ਆਈ ਅਤੇ ਪੈਸੇ ਫੜ ਕੇ ਅੰਦਰ ਲੈ ਗਈਜਿਉਂ ਹੀ ਅੰਦਰ ਜਾ ਕੇ ਪੈਸੇ ਗਿਣਨ ਲੱਗੀ ਤਾਂ ਦੋ ਹਜ਼ਾਰ ਦਾ ਜੁੜਿਆ ਹੋਇਆ ਨੋਟ ਵੇਖ ਕੇ ਹੈਰਾਨ ਹੋ ਗਈ, ਹੈਂ ਇਹ ਕੀ ਇਹ ਤਾਂ ਉਹੀ ਨੋਟ ਹੈ ਜੋ ਪਾਟਿਆ ਹੋਇਆ ਸੀ ਤੇ ਮੇਰੀ ਬੇਟੀ ਪੂਜਾ ਨੇ ਇਸ ਨੂੰ ਜੋੜ ਕੇ ਆਪਣੀ ਬੁੱਗਣੀ ਵਿੱਚ ਪਾ ਲਿਆ ਸੀ ਤੇ ਇਹੋ ਈ ਸਾਰੇ ਪੈਸੇ, ਪੂਜਾ ਦੀ ਬੁਗਣੀ ਵਾਲੇ ਤੇ ਕੁਝ ਆਪਣੇ ਕੋਲੋਂ ਪਾ ਕੇ ਹਮੀਦੋ ਨੂੰ ਪੰਜ ਹਜ਼ਾਰ ਰਪਏ ਜੋੜ ਕੇ ਦਿੱਤੇ ਸਨ। ਇਸ ਉੱਤੇ ਨੰਬਰ ਵੀ ਉਹੀ ਹੈ ਕਿਤੇ ਮੇਰੇ ਘਰ ਵਾਲੇ ਨੇ ਹਮੀਦੋ ਤੋਂ ਰਿਸ਼ਵਤ ਤਾਂ ਨਹੀਂ ਇੰਝ ਨਹੀਂ ਹੋ ਸਕਦਾ ਮੇਰੇ ਸਰਦਾਰ ਜੀ, ਤਾਂ ਬੜੇ ਸੱਚੇ ਸੁੱਚੇ ਇਨਸਾਨ ਹਨ, ਭਲਾ ਇਹ ਕਿਉਂ ਏਵੇਂ ਕਰਨਗੇ , ਰੱਬ ਦੀ ਕ੍ਰਿਪਾ ਨਾਲ ਸੱਤਰ ਅੱਸੀ ਹਜ਼ਾਰ ਰੁਪਏ ਤਨਖਾਹ ਲੈਂਦੇ ਆ ਮੈਂ ਐਵੇਂ ਈਂ ਗਲਤ ਸੋਚੀ ਜਾਨੀ ਆਂ, ਮਾਲਕਨ ਦਾ ਸਿਰ ਚਕਰਾਅ ਗਿਆ ਪਰ ਆਖਿਰ ਸੱਚਾਈ ਕੀ ਹੈ, ਪਤਾ ਤਾਂ ਕਰਨਾ ਈ ਚਾਹੀਦਾ ਹੈ। ਮਾਲਕਿਨ ਨੇ ਹਮੀਦੋ ਨੂੰ ਆਵਾਜ ਮਾਰੀ, ਭੈਣ ਹਮੀਦਾਂ ਜਰਾ ਅੰਦਰ ਆਈਂ ।  ਆਈ ਸਰਦਾਰਨੀ ਜੀ, ਹਮੀਦੋ ਨੇ ਅੱਗੋਂ ਜਵਾਬ ਦਿੱਤਾ। ਹਮੀਦੋ ਕੱਪੜੇ ਧੋਂਦੀ ਹੋਈ ਵਿੱਚੇ ਛੱਡ ਕੇ ਹੱਥ ਧੋ ਕੇ ਅੰਦਰ ਆ ਗਈ,ਹਾਂ ਜੀ ਦੱਸੋ ਸਰਦਾਰਨੀ ਜੀ,ਹਮੀਦੋ ਨੇ ਆਪਣੀ ਚੁੰਨੀ ਨਾਲ ਹੱਥ ਪੂੰਝਦੀ ਹੋਈ ਨੇ ਆਖਿਆ, ਮੈਂ ਸੋਚਦੀ ਸੀ ਕਿਉਂ ਨਾ ਤੇਰੇ ਨਾਲ ਜਾਕੇ ਤੇਰੇ ਮੁੰਡੇ ਦਾ ਪਤਾ ਲੈ ਆਂਵਾਂ, ਵਿਚਾਰਾ ਬੜਾ ਬੀਮਾਰ ਰਿਹਾ ਏ, ਮੇਰਾ ਵੀ ਫਰਜ਼ ਬਣਦਾ ਏ ਕਿਉਂਕਿ ਤੂੰ ਸਾਡਾ ਕਿੰਨਾ ਖਿਆਲ ਰੱਖਦੀ ਏਂ, ਨਾਲੇ ਮੈਂ ਆਪਣੇਹੱਥੀਂ ਕੁਝ ਫਲ ਵਗੈਰਾ ਉਹਨੂੰ ਦੇਵਾਂਗੀ।ਨਹੀਂ ਸਰਦਾਰਨੀ ਜੀ ਹੁਣ ਬਿਲਕੁਲ ਠੀਕ ਠਾਕ ਹੈ ਮੇਰਾ ਬੇਟਾ, ਉਹਨੇ ਅੱਜ ਆਪਣੀ ਮਾਸੀ ਕੋਲ ਜਾਣਾ ਸੀ,  ਸ਼ਾਇਦ ਚਲਾ ਗਿਆ ਹੋਣਾ ਏਂ। ਹਮੀਦੋ ਨੇ ਹਿਚ-ਕਚਾਉਂਦੀ ਹੋਈ ਨੇ ਕਿਹਾ, ਵਾਹ ਇੱਕ ਮਾਂ ਹੀ ਹੈ ਜੋ ਆਪਣੇ ਬੱਚੇ ਲਈ ਬਹੁਤ ਕੁੱਝ ਕਰ ਸਕਦੀ ਏ, ਤੇ ਆਪਣੇ ਪੁੱਤ ਲਈ ਝੂਠ ਵੀ ਬੋਲਣਾ ਪਏ ਤਾਂ ਬੋਲ ਸਕਦੀ ਏ ।
ਮਾਲਕਨ ਨੇ ਹਮੀਦੋ ਦੀਆਂ ਗੱਲਾਂ ਤੋਂ ਪਰਖ ਕਰ ਲਈ ਸੀ ਕਿ ਹਮੀਦੋ ਝੂਠ ਬੋਲ ਰਹੀ ਏ, ਨਹੀਂ ਸਰਦਾਰਨੀ ਜੀ, ਮੈਂ ਕਿਉਂ ਭਲਾ ਝੂਠ ਬੋਲਾਂਗੀ, ਹਮੀਦੋ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਸੀ, ਕਿਉਂਕਿ ਉਸ ਦਾ ਝੂਠ ਫੜਿਆ ਜਾ ਚੁੱਕਾ ਸੀ। ਹਮੀਦੋ ਨੇ ਹੇਠਾਂ ਨੀਵੀਂ ਪਾ ਲਈ,ਮੈਨੂੰ ਸੱਚੋ ਸੱਚ ਦੱਸ ਆਖਰ ਸੱਚਾਈ ਕੀ ਆ? ਸਰਦਾਰਨੀ ਦੇ ਮੂੰਹੋਂ ਇੰਨਾ ਸੁਣਦਿਆਂ ਹੀ ਹਮੀਦੋ ਦੇ ਅੱਖੋਂ ਹੰਝੂ ਵਹਿ ਤੁਰੇ, ਰੋਂਦੀ ਹੋਈ ਨੇ ਕਿਹਾ ਹੋਣਾ ਕੀ ਸੀ ਸਰਦਾਰਨੀ ਜੀ, ਹਮੀਦੋ ਨੇ ਚੁੰਨੀ ਨਾਲ ਅੱਖਾਂ ਪੂੰਝਦਿਆਂ ਹੋਇਆਂ ਦੱਸਣਾ ਚਾਹਿਆ ਪਰ ਦੁਬਾਰਾ ਫਿਰ ਉੱਚੀ ਉੱਚੀ ਰੋਣ ਲੱਗ ਪਈ।ਆ ਜਾ ਬਹਿ ਜਾ, ਮੈਨੂੰ ਸੱਚੋ ਸੱਚ ਦੱਸ ਕੀ ਹੋਇਆ, ਬਾਹੋਂ ਫੜ ਕੇ ਹਮੀਦੋ ਨੂੰ ਆਪਣੇ ਕੋਲ ਬਿਠਾਉਂਦਿਆ ਹੋਇਆਂ ਸਰਦਾਰਨੀ ਨੇ ਕਿਹਾ। ਹੋਣਾ ਕੀ ਸੀ ਸਰਦਾਰਨੀ ਜੀ, ਸਾਡੇ ਗੁਆਂਡੋ ਇੱਕ ਮੁੰਡਾ ਸਵੇਰੇ ਮੇਰੇ ਮੁੰਡੇ ਕੋਲ ਆਇਆ ਤੇ ਕਹਿਣ ਲੱਗਾ, ਮੇਰੇ ਮੋਬਾਇਲ ਦਾ ਚਾਰਜਰ ਖਰਾਬ ਹੋ ਗਿਆ, ਮੇਰਾ ਮੋਬਾਇਲ ਆਪਣੇ ਚਾਰਜਰ ਨਾਲ ਚਾਰਜ ਕਰ ਦੇ, ਬੱਸ ਫਿਰ ਕੀ ਸੀ ਮੇਰੇ ਮੁੰਡੇ ਨੇ ਉਹਦਾ ਮੋਬਾਇਲ ਫੜ ਕੇ ਆਪਣੇ ਘਰੇ ਚਾਰਜ ਲਾ ਦਿੱਤਾ, ਉਹਦੇ ਫੋਨ ਤੇ ਪਤਾ ਨਹੀਂ ਕੀਹਦਾ ਫੋਨ ਸੀ ਘੜੀ ਮੁੜੀ ਬਿੱਲਾਂ ਵੱਜੀ ਗਈਆਂ, ਤੇ ਹੋਣੀ ਸ਼ਾਮਤ ਨੂੰ ਮੈਂ ਈਂ ਆਪਣੇ ਮੁੰਡੇ ਨੂੰ ਕਿਹਾ ਜਾਹ ਪੁੱਤ ਮੋਬਾਇਲ ਉਹਨੂੰ ਫੜਾ ਆ, ਕਈ ਵਾਰੀ ਆਇਆ ਫੋਨ ਬਹੁਤ ਜ਼ਰੂਰੀ ਹੁੰਦਾ, ਮੇਰਾ ਮੁੰਡਾ ਉਹ ਨੂੰ ਮੋਬਾਇਲ ਫੜਾਉਣ ਲਈ ਚਲਾ ਗਿਆ ਜਿੱਥੇ ਕਿਤੇ ਉਹ ਪੰਜ ਛੇ ਜਣੇ ਰੱਬ ਜਾਣੇ ਕੀ ਕਰਦੇ ਸੀ , ਨਸ਼ਾ ਕਰਦੇ ਸੀ ਜਾਂ, ਮੈਨੂੰ ਨਹੀਂ  ਪਤਾ, ਉਨ੍ਹੇ ਚਿਰ ਨੂੰ ਉੱਥੇ ਪੁਲਸ ਆ ਗਈ। ਮੇਰਾ ਬੇਟਾ ਵੀ ਉਨ੍ਹਾਂ ਦੇ ਕਾਬੂ ਆ ਗਿਆ, ਅਸੀਂ ਬਥੇਰਾ ਕਿਹਾ ਕਿ ਸਾਡਾ ਮੁੰਡਾ ਬਿਲਕੁਲ ਬੇਕਸੂਰ ਆ, ਕੋਈ ਨਸ਼ਾ ਨਹੀਂ ਕਰਦਾ, ਤੇ ਨਾ ਹੀ ਇਸ ਰਾਹ ਜਾਂਦਾ ਹੈ, ਇਹ ਤਾਂ ਸਿਰਫ ਮੋਬਾਇਲ ਫੜਾਉਣ ਗਿਆ ਸੀ ਪਰ ਉਨ੍ਹਾਂ ਨੇ ਇਕ ਨਹੀਂ ਮੰਨੀ, ਫਿਰ ਅਸੀਂ ਸਰਪੰਚ ਕੋਲ ਗਏ, ਅੱਗੋਂ ਸਰਪੰਚ ਕਹਿੰਦਾ ਪਤਾ ਕਰਦੇ ਆਂ, ਫਿਰ ਸਾਨੂੰ ਪਤਾ ਲੱਗਾ ਕਿ ਮੁੰਡੇ ਨੂੰ ਪੁਲਸ ਨੇ ਨਹੀਂ  ਛੱਡਣਾ ਕਿਉਂਕਿ ਜਿਹੜੇ ਹੋਰ ਵੀ ਮੁੰਡੇ ਨਾਲ ਫੜੇ ਗਏ ਸਨ। ਉਨ੍ਹਾਂ ਕੋਲੋਂ ਨਸ਼ਾ ਬਰਾਮਦ ਹੋ ਗਿਆ ਸੀ। ਫਿਰ ਅਸੀਂ ਸਰਪੰਚ ਕੋਲ ਗਏ ਉਨ੍ਹਾਂ ਨੇ ਸਾਨੂੰ ਕਿਹਾ, ਤੁਸੀਂ ਦਸ, ਪੰਦਰਾਂ ਹਜ਼ਾਰ ਰੁਪਏ ਦਾ ਇੰਤਜ਼ਾਰ ਕਰੋ। ਇਸ ਕਰਕੇ ਸਰਦਾਰਨੀ ਜੀ ਮੈਂ ਤੁਹਾਡੀ ਮਿੰਨਤ ਕੀਤੀ, ਤੇ ਤੁਸੀਂ ਮੇਰੀ ਪੰਜ ਹਜ਼ਾਰ ਦੀ ਮਦਦ ਕੀਤੀ। ਕੁਝ ਹੋਰਨਾਂ ਤੋਂ ਇਕੱਠੇ ਕੀਤੇ, ਤੇ ਤਾਂ ਜਾ ਕੇ ਮੁੰਡਾ ਲੈ ਕੇ ਘਰੇ ਆਏ।
ਹਮੀਦੋ ਬਹੁਤ ਮਾੜੀ ਗੱਲ ਹੋਈ ਤੈਨੂੰ ਨਜਾਇਜ਼ ਪੈਸੇ ਪੈ ਗਏ, ਸਰਦਾਰਨੀ ਨੇ ਅਫਸੋਸ ਜਿਤਾਉਂਦੇ ਹੋਏ ਕਿਹਾ। ਕੋਈ ਗੱਲ ਨਹੀਂ ਸਰਦਾਰਨੀ ਜੀ ਪੈਸੇ ਤਾਂ ਹੱਥਾਂ ਦੀ ਮੈਲ ਆ, ਹੋਰ ਕਮਾ ਲਵਾਂਗੇ। ਚੰਗਾ ਸਰਦਾਰਨੀ ਜੀ ਮੈਂ ਕੱਪੜੇ ਧੋ ਕੇ ਜਲਦੀ ਘਰੇ ਜਾਂਵਾਂ। ਇੰਨਾ ਕਹਿੰਦਿਆਂ ਹਮੀਦੋ ਬਾਥਰੂਮ ਵੱਲ ਚਲੀ ਗਈ। ਪਰ ਸਰਦਾਰਨੀ ਮਿੱਟੀ ਦਾ ਬੁੱਤ ਬਣੀ ਹੋਈ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁੰਮ ਹੋ ਗਈ। ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ, ਜਿਵੇਂ ਬਹੁਤ ਸਾਰਾ ਭਾਰ ਉਹਦੇ ਉੱਤੇ ਆ ਡਿੱਗਿਆ ਹੋਵੇ ਅਤੇ ਉਹ ਉਸ ਭਾਰ ਦੇ ਥੱਲੇ ਦੱਬ ਗਈ ਹੋਵੇ, ਸੋਚਾਂ ਵਿੱਚ ਇੰਨੀ ਗੁੰਮ ਹੋਈ ਨੂੰ ਪਤਾ ਈ ਨਹੀਂ ਲੱਗਾ ਕਿਹੜੇ ਵੇਲੇ ਹਮੀਦੋ ਕੱਪੜੇ ਧੋ ਕੇ ਚਲੀ ਗਈ, ਤੇ ਕਿਹੜੇ ਵੇਲੇ ਰਾਤ ਹੋ ਗਈ, ਇਕ ਦਮ ਬੈੱਲ ਵੱਜੀ ਤੇ ਛੇਤੀ ਨਾਲ ਉੱਠ ਕੇ ਗੇਟ ਖੋਲਿ੍ਹਆ ਤੇ ਸਾਹਮਣੇ ਪਤੀ ਦੇਵ ਨੂੰ ਖੜੇ੍ਹ ਵੇਖ ਕੇ ਆਖਿਆ, ਆ ਗਏ ਤੁਸੀਂ ਪਤੀ ਦੇਵ ਅੰਦਰ ਆਏ ਤੇ ਪਤਨੀ ਦੇ ਉਦਾਸ ਚਿਹਰੇ ਨੂੰ ਵੇਖ ਕੇ ਬੋਲੇ ਕੀ ਗੱਲ ਅੱਜ ਠੀਕ ਤਾਂ ਹੈਂ? ਕਿਉਂ, ਕੀ ਹੋਇਆ ਮੈਨੂੰ? ਪਤਨੀ ਨੇ ਆਪਣਾ ਮੂੜ੍ਹ ਬਦਲਦਿਆਂ ਕਿਹਾ।  ਅੱਜ ਗੱਲ ਤਾਂ ਕੋਈ ਜਰੂਰ ਆ, ਪਤੀ ਨੇ ਵੱਖਰੇ ਅੰਦਾਜ਼ ਨਾਲ ਕਿਹਾ, ਪਹਿਲਾਂ ਇਹ ਦੱਸੋ ਉਸ ਮੁੰਡੇ ਕੋਲੋਂ ਕਿੰਨੇ ਪੈਸੇ ਲਏ ਸੀ? ਪਤਨੀ ਨੇ ਪੁੱਛਿਆ। ਕਿਸ ਮੁੰਡੇ ਕੋਲੋਂ? ਕਿਹੜੇ ਮੁੰਡੇ ਦੀ ਗੱਲ ਕਰਦੀ ਆਂ,? ਪਤੀ ਨੇ ਸਵਾਲ ਕੀਤਾ ।
ਉਹੀ ਮੁੰਡਾ ਜਿਹੜਾ ਨਸ਼ੇ ਵਾਲਿਆਂ ਦੇ ਨਾਲ ਫੜਿਆ ਗਿਆ ਸੀ, ਉਹ ਬਿਲਕੁਲ ਬੇਕਸੂਰ ਸੀ, ਉਹ ਤਾਂ ਸਿਰਫ ਮੋਬਾਇਲ ਫੜਾਉਣ ਈ ਗਿਆ ਫੜਿਆ ਗਿਆ ਵਿਚਾਰਾ, ਪਤਨੀ ਨੇ ਹਮਦਰਦੀ ਜਤਾਉਂਦੇ ਹੋਏ ਕਿਹਾ। ਪਰ ਇਹ ਤੈਨੂੰ ਕੀਹਨੇ ਦੱਸਿਆ, ਪਤੀ ਨੇ ਉਤਸੁਕਤਾ ਨਾਲ ਪੁੱਛਿਆ? ਤੁਹਾਨੂੰ ਪਤਾ ਉਹ ਮੁੰਡਾ ਕੌਣ ਸੀ ?ਨਹੀਂ, ਪਤੀ ਨੇ ਜਵਾਬ ਦਿੱਤਾ, ਉਹ ਮੁੰਡਾ ਹਮੀਦੋ ਦਾ ਸੀ, ਜਿਹੜੀ ਵਿਚਾਰੀ ਸਾਰਾ ਦਿਨ ਮਿਹਨਤ ਕਰਦੀ ਆ, ਆਪਣੇ ਘਰੇ ਝਾੜੂ ਮਾਰਦੀ ਆ ਪੋਚੇ ਲਾਉਂਦੀ ਆ, ਆਪਣੇ ਮੈਲੇ ਹੋਏ ਕੱਪੜੇ ਧੋਂਦੀ ਆ, ਤੁਹਾਨੂੰ ਰਿਸ਼ਵਤ ਲੈਂਦਿਆਂ ਭੋਰਾ ਵੀ ਡਰ ਨਹੀ ਲੱਗਿਆ? ਉਸ ਪ੍ਰਮਾਤਮਾ ਤੋਂ ਡਰੋਂ, ਜਿਹਨੂੰ ਇਕ ਦਿਨ ਜਾ ਕੇ ਮੂੰਹ ਵਖਾਉਣਾ ਏਂ, ਆਹ ਚੱਕੋ ਆਪਣੇ ਰਿਸ਼ਵਤ ਦੇ ਪੈਸੇ ਸਾਨੂੰ ਨਹੀਂ ਚਾਹੀਦੀ ਇਹੋ ਜਿਹੀ ਕਮਾਈ, ਸਰਕਾਰ ਤੁਹਾਨੂੰ ਸੱਤਰ- ਸੱਤਰ, ਅੱਸੀ-ਅੱਸੀ ਹਜ਼ਾਰ ਰੁਪਏ ਤਨਖਾਹ ਦਿੰਦੀ ਆ ਫਿਰ ਵੀ ਤੁਹਾਡਾ ਢਿੱਡ ਨਹੀਂ ਭਰਦਾ, ਉੁਨ੍ਹਾਂ ਨੂੰ ਜਾ ਕੇ ਵੇਖੋ, ਜਿਹੜੇ ਰੋਜ ਸੱਜਰੀ ਦਿਹਾੜੀ ਕਰਕੇ ਰਾਤ ਨੂੰ ਖਾਂਦੇ ਆ, ਫਿਰ ਵੀ ਰੱਬ ਦਾ ਸ਼ੁਕਰ ਕਰਦੇ ਨੇ, ਸਾਡੀ ਇੱਕੋ ਇੱਕ ਬੇਟੀ ਆ, ਸਾਡੇ ਵਾਸਤੇ ਤੁਹਾਡੀ ਸਿਰਫ ਮਿਹਨਤ ਦੀ ਤਨਖਾਹ ਹੀ ਕਾਫ਼ੀ ਆ, ਸਾਨੂੰ ਨਹੀਂ ਚਾਹੀਦੇ ਲੋਕਾਂ ਦੇ ਖੂਨ ਪਸੀਨੇ ਦੇ ਪੈਸੇ, ਤੁਹਾਡੇ ਪਾਪਾਂ ਵਿੱਚ ਮੈਂ ਸ਼ਰੀਕ ਨਹੀਂ ਹੋ ਸਕਦੀ, ਹੇ ਪ੍ਰਮਾਤਮਾ ਮਾਫ ਕਰ ਦਈਂ, ਇਨ੍ਹਾਂ ਨੂੰ ਸਮੱਤ ਬਖਸ਼ੀ,ਇਹ ਬਹੁਤ ਵੱਡਾ ਗੁਨਾਹ ਏਂ,, ਰੱਬ ਡਾਂਗ ਨਹੀਂ ਮਾਰਦਾ, ਮੱਤ ਪੁੱਠੀ ਪਾ ਦੇਂਦਾ ਏ, ਇਹ ਦੋ ਨੰਬਰ ਦਾ ਪੈਸਾ, ਆਉਂਦਾ ਬੜਾ ਚੰਗਾ ਲੱਗਦਾ ਏ ਪਰ ਇਹਦਾ ਰਿਜਲਟ ਬਹੁਤ ਹੀ ਮਾੜਾ ਨਿਕਲਦਾ ਏ, ਅੱਜ ਪਤਨੀ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ, ਪਤਨੀ ਦੇ ਹੰਝੂ, ਤੇ ਬੇਟੀ ਦੀ ਉਦਾਸੀ ਵੇਖ ਕੇ, ਅੱਜ ਪਤੀ ਦੇਵ ਧੁਰ ਅੰਦਰੋਂ ਤੱਕ ਹਿੱਲ ਗਿਆ, ਉਸਨੂੰ ਅਹਿਸਾਸ ਹੋ ਗਿਆ ਕਿ, ਵਾਕਿਆ ਈ ਮੈਂ ਕੁਝ ਗਲਤ ਕਰ ਬੈਠਾ ਹਾਂ, ਸੌਰੀ ਵੈਰੀ, ਸੌਰੀ , ਮੈਨੂੰ ਮਾਫ ਕਰ ਦੇ, ਮੈਂ ਤਾਂ ਤੁਹਾਡੇ ਲਈ ਹੀ ਇਹ ਸਭ ਕਰਦਾ ਸੀ ਪਰ ਅੱਜ ਤੋਂ ਬਾਅਦ ਨਹੀਂ ਕਰਾਂਗਾ, ਪਤੀ ਨੇ ਮੁਆਫ਼ੀ ਮੰਗਦੇ ਹੋਏ ਨੇ ਕਿਹਾ, ਪਹਿਲਾਂ ਤੁਸੀਂ ਬੇਟੀ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾਉ ਕਿ ਅੱਗੇ ਤੋਂ ਰਿਸ਼ਵਤ ਦਾ ਪੈਸਾ ਘਰੇ ਨਹੀਂ ਲਿਆਉਗੇ, ਪਤਨੀ ਨੇ ਬੇਟੀ ਨੂੰ ਅੱਗੇ ਕਰਦਿਆਂ ਕਿਹਾ, ਠੀਕ ਹੈ ਮੈਂ ਬੇਟੀ ਦੀ ਸਿਰ ਤੇ ਹੱਥ ਰੱਖ ਕੇ ਕਸਮ ਖਾਂਦਾ ਹਾਂ ਕਿ ਅੱਗੇ ਤੋਂ ਮੈਂ ਕਿਸੇ ਤੋਂ ਰਿਸ਼ਵਤ ਨਹੀਂ ਲਵਾਂਗਾ ਪਰ ਮੈਨੂੰ ਸਮਝ ਨਹੀਂ ਲੱਗੀ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਂ ਰਿਸ਼ਵਤ ਲਈ ਐ, ਪਤੀ ਨੇ ਪਤਨੀ ਨੂੰ ਸਵਾਲ ਕੀਤਾ,ਇਹ ਤੁਸੀਂ ਆਪਣੀ ਬੇਟੀ ਤੋਂ ਪੁੱਛ ਲਉ, ਪਤਨੀ ਨੇ ਬੇਟੀ ਵੱਲ ਇਸ਼ਾਰਾ ਕਰਦੀ ਹੋਈ ਨੇ ਕਿਹਾ, ਡੈਡੀ ਜੀ, ਜਿਹੜੀ ਆਂਟੀ ਆਪਣੇ ਘਰੇ ਕੰਮ ਕਰਨ ਆਉਂਦੀ ਆ ਨਾ, ਉਹਨੂੰ ਪੈਸਿਆਂ ਦੀ ਜ਼ਰੂਰਤ ਸੀ, ਮੈਂ ਆਪਣੀ ਬੁੱਗਣੀ ਵਿੱਚੋਂ ਸਾਰੇ ਉਹਨਾਂ ਨੂੰ ਪੈਸੇ ਦੇ ਦਿੱਤੇ, ਬੇਟੀ ਨੇ ਕਿਹਾ,ਤੇ ਉਹੀ ਦੋ ਹਜ਼ਾਰ ਦਾ ਪਾਟਿਆ ਨੋਟ ਬੇਟੀ ਦੀ ਬੁੱਗਣੀ ਚੋਂ ਕੱਢ ਕੇ ਹਮੀਦੋ ਨੂੰ ਪੰਜ ਹਜ਼ਾਰ ਰੁਪਏ ਕੱਠੇ ਕਰਕੇ ਮੈਂ ਦਿੱਤੇ ਸੀ, ਜਿਹੜੇ ਤੁਹਾਡੀ ਜੇਬ ਚੋਂ ਹਮੀਦੋ ਨੇ ਕੱਢ ਕੇ ਕੱਪੜੇ ਧੋਣ ਲੱਗਿਆਂ ਆਹ ਮੈਨੂੰ ਦਿੱਤੇ ਨੇ। ਆਹ ਲਉ ਫੜੋ, ਅੱਜ ਫੜੀ ਗਈ ਨਾ ਚੋਰੀ, ਸਵੇਰੇ ਹਮੀਦੋ ਜਦੋਂ ਆਏਗੀ ਨਾ, ਉਦੋਂ ਆਪਣੇ ਹੱਥੀਂ ਇਹ ਸਾਰੇ ਪੈਸੇ ਉਹਨੂੰ ਦਿਉ, ਠੀਕ ਆ ਨਾ, ਕਿਉਂ ਬੇਟੀ ਠੀਕ ਕਿਹਾ ਨਾ ਮੈਂ,ਪਤਨੀ ਨੇ ਹੱਸਦਿਆਂ ਕਿਹਾ, ਚੰਗਾ ਜੀ , ਤੁਹਾਡਾ ਆਡਰ ਮੇਰੇ ਸਿਰ ਮੱਥੇ, ਅੱਜ ਤੁਸੀਂ ਮਾਂ ਤੇ ਬੇਟੀ ਨੇ ਮੇਰੀ ਚੰਗੀ ਕਲਾਸ ਲਾਈ ਆ-----ਹਾ--ਹਾ-ਹਾ-ਹਾ

 

ਵੀਰ ਸਿੰਘ ਵੀਰਾ 
9855069972- 9780253156

ਨੋਟ: ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕੁਮੈਂਟ ਕਰਕੇ ਜਵਾਬ ਦਿਓ


author

Aarti dhillon

Content Editor

Related News