ਜੁੜੇ ਹੱਥਾਂ ਨੂੰ ਕਿਸੇ ਨੋਟ ਦੀ ਲੋੜ ਨਹੀਂ
Thursday, Apr 11, 2019 - 01:54 PM (IST)
ਰੋਜ ਅੰਮ੍ਰਿਤ ਵੇਲੇ , ਚਾਰ ਵਜੇ ਜਾਂ ਪਹਿਲਾਂ ,
ਗੁਰੂ ਘਰੋਂ ਅਵਾਜ ਸਪੀਕਰ 'ਤੇ ਆਉਂਦੀ ਹੈ |
ਕਈ ਪਏ ਰਹਿਣ ਸੁੱਤੇ , ਕਈ ਫਿਰ ਸੌ ਜਾਂਦੇ
ਕੇਈਆਂ ਨੂੰ ਨੀਂਦ ਨਹੀਂ ਮੁੜ ਆਉਂਦੀ ਹੈ |
ਪਰਿਵਾਰ 'ਚ ਸੁੱਤੇ ਪਏ ਹੁੰਦੇ ਸੀ ਭਾਈ ਜੀ ਵੀ ,
ਤਿੰਨ ਵਜੇ ਮੋਬਾਇਲ ਨੇ ਅਲਾਰਮ ਵਜਾਇਆ |
ਕਰ ਸਤਿਨਾਮ ਵਾਹਿਗੁਰੂ , ਸਤਿਨਾਮ ਵਾਹਿਗੁਰੂ ,
ਕੀਤਾ ਇਸ਼ਨਾਨ , ਦੁਮਾਲਾ ਸੀਸ 'ਤੇ ਸਜਾਇਆ |
ਜਾ ਖੋਲ੍ਹਿਆ ਕਵਾੜ ਫਿਰ ਗੁਰੂ-ਘਰ ਦਾ ,
ਪਹੁੰਚ ਸਚਖੰਡ ਕਰਿਆ ਨਮਸਕਾਰ ਜੀ |
ਕਰ ਚਵਰ , ਕੀਤੀ ਅਰਦਾਸ ਸੱਚੇ ਪਾਤਸ਼ਾਹ ਨੂੰ ,
ਲਾ ਜੈਕਾਰਾ , ਸੀਸ 'ਤੇ ਕਰ ਲਏ ਸਵਾਰ ਜੀ |
ਕਰਿਆ ਪਰਕਾਸ਼ , ਚਲਾ ਲਿਆ ਸਪੀਕਰ ,
ਦੇਗ ਕਰੀ ਤਿਆਰ ਸਿੰਘਣੀ ਨਿਮਾਣੀ ਨੇ |
ਭਾਈ ਜੀਆਂ ਪੜ੍ਹ ਲਈ ਨਿਤਨੇਮ ਦੀ ਬਾਣੀ ,
ਅਰਦਾਸ ਤੱਕ ਗੁਰੂ ਘਰ ੮-੧੦ ਪ੍ਰਾਣੀ ਨੇ |
ਸੁਣਾਇਆ ਹੁਕਮਨਾਮਾ ਗ੍ਰੰਥੀ ਸਿੰਘ ਹੁਰਾਂ ,
ਵਿਆਖਿਆ ਤੇ ਕਥਾ ਅਰੰਭ ਕਰ ਦਿੱਤੀ |
ਆਉਣ ਲੱਗ ਪਈ ਹੋਰ ਸੰਗਤ ਹੌਲੀ ਹੌਲੀ ,
ਮਾਇਆ ਤੇ ਮਿਸ਼ਠਾਨ ਨਾਲ ਸੇਵਾ ਕਰ ਦਿੱਤੀ |
ਆ ਜਾਂਦੇ ਨੇ ਕੁਝ ਕਮੇਟੀ-ਮੈਂਬਰ ਵੀ ,
ਕਦੀ ਕਦੀ ਪ੍ਰਧਾਨ ਜੀ ਵੀ ਆਉਂਦੇ ਨੇ |
ਕੀ ਹੋਇਆ , ਕੀ ਹੋ ਰਿਹਾ ਤੇ ਕੀ ਹੋਣਾ ਹੈ ,
ਆਮਦਨ ਤੇ ਖਰਚ ਦਾ ਹਿਸਾਬ ਲਗਾਉਂਦੇ ਨੇ |
ਭਾਈ ਜੀ ਨੇ ਦੇਗ ਵਰਤਾ ਸੰਗਤ ਨੂੰ ,
ਪ੍ਰਧਾਨ ਜੀ ਤੋਂ ਨਸੀਹਤਾਂ ਪਾ ਲਈਆਂ |
ਕੁਝ ਸਾਂਭ-ਸੰਭਾਲ , ਸਾਫ-ਸਫਾਈ ਕੀਤੀ ,
ਫਿਰ ਗਜਾ ਲਈ ਬਗਲੀਆਂ ਪਾ ਲਈਆਂ |
ਕਿੱਧਰੇ ਅਰੰਭ ਕਰਨਾ ਹੈ ਸਹਿਜ ਪਾਠ ,
ਕਿੱਧਰੇ ਭੋਗ ਅਖੰਡ ਪਾਠ ਦਾ ਪਾਉਣਾ ਹੈ |
ਜਾਣਾ ਪੈਂਦਾ ਕਈ ਵਾਰ ਬਾਹਰ ਕਿਤੇ ਜੇ ,
ਰਹਿਰਾਸ ਤੋਂ ਪਹਿਲਾਂ ਹੀ ਮੁੜ ਆਉਣਾ ਹੈ |
ਕਿਤੇ ਪੜ੍ਹਨੀਆਂ ਲਾਵਾਂ, ਕਦੀ ਅਲਾਹੁਣੀਆਂ ,
ਕਿਤੇ ਸੁਖਮਣੀ ਸਾਹਿਬ ਦਾ ਭੋਗ ਪਾਇਆ ਹੈ |
ਕਰ ਰਹੇ ਸੀ ਅਰਦਾਸ ਕਿਤੇ ਮਿਲਣੀ ਦੀ ,
ਜੁੜੇ ਹੱਥਾਂ ਵਿੱਚ ਨੋਟ ਕਿਸੇ ਫੜਾਇਆ ਹੈ |
ਗੁਰੂ-ਘਰ ਅਤੇ ਹੋਰ ਧਾਰਮਿਕ ਥਾਵਾਂ ,
ਭਾਰਤੀ ਸਮਾਜ ਵਿੱਚ ਸਨਮਾਨ ਯੋਗ ਨੇ |
ਗ੍ਰੰਥੀ ਸਿੰਘ , ਪੁਜਾਰੀ ਤੇ ਹੋਰ ਸੇਵਾਦਾਰ ,
ਵਧੀਆ ਤਨਖਾਹ ਤੇ ਸਤਿਕਾਰ ਯੋਗ ਨੇ |
ਗੁਰੂ-ਘਰ ਦੇ ਨਿੱਕੇ ਜਿਹੇ ਕਮਰੇ ਵਿੱਚ ,
ਸਿੰਘ-ਸਿੰਘਣੀ ਤੇ ਨਿਕੇ ਨਿਕੇ ਬੱਚੇ ਨੇ |
ਪੜ੍ਹਨਾ ,ਖੇਡਣਾ, ਘੁੰਮਣਾ ਤੇ ਖਿਡੌਣੇ ਚਾਹੁਣ ,
ਗਰੀਬ ਨੇ , ਪਰ ਬੱਚੇ ਤਾਂ ਆਖਰ ਬੱਚੇ ਨੇ |
ਨਗਰ ਵਾਸੀ ਕਰਨ ਦਾਨ ਗੁਰੂ-ਘਰ ,
ਪਰ ਨਾ ਕੋਈ ਗੋਲਕ ਦਾ ਚੌਰ ਹੋਵੇ |
ਨਾ ਹੋਵੇ ਖਰਚ ਬਹੁਤਾ ਪੱਥਰਾਂ ਤੇ ਸੋਨੇ 'ਤੇ
ਬਾਣੀ ਤੇ ਬਾਣੇ ਦੇ ਪ੍ਰਚਾਰ 'ਤੇ ਜੋਰ ਹੋਵੇ |
ਗਿਆਨਵਾਨ ਹੋਵਣ ਗੁਰੂ-ਘਰ ਦੇ ਵਜੀਰ ,
ਉਹਨਾਂ ਦੇ ਪਰਿਵਾਰਾਂ ਨੂੰ ਨਾ ਕੋਈ ਕਮੀ ਹੋਵੇ |
ਗੋਲਕ ਵਿੱਚੋਂ ਚੰਗੀ ਤਨਖਾਹ ਕਮੇਟੀ ਦੇਵੇ ,
ਪ੍ਰਧਾਨ ਜੀ ਤੇ ਭਾਈ ਜੀ ਨੂੰ ਨਾ ਕੋਈ ਗਮੀ ਹੋਵੇ |
ਹੋਵੇ ਸੱਚੀ ਅਰਦਾਸ ਫਿਰ ਨਿਰ-ਬਿਘਨ ,
ਜੁੜੇ ਹੱਥਾਂ ਨੂੰ ਕਿਸੇ ਨੋਟ ਦੀ ਲੋੜ ਨਹੀ |
ਗੁਰੂ ਕਿਰਪਾ ਬਣੀ ਰਹੇ ਹਰ ਨਗਰ 'ਤੇ ,
ਗ੍ਰੰਥੀ ਸਿੰਘ ਨੂੰ ਵੀ ਕੋਈ ਓੜ-ਥੋੜ ਨਹੀਂ |
ਜੁੜੇ ਹੱਥਾਂ ਨੂੰ ਕਿਸੇ ਨੋਟ ਦੀ ਲੋੜ ਨਹੀਂ |
ਜੁੜੇ ਹੱਥਾਂ ਨੂੰ ਕਿਸੇ ਨੋਟ ਦੀ ਲੋੜ ਨਹੀਂ
(ਮਨਜੀਤ ਸਿੰਘ ਬੱਧਣ) |
