ਪਿੰਡ ਬਡਾਲਾ ''ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ ਵੀਡੀਓ ਵਾਇਰਲ
Thursday, Jul 16, 2026 - 05:09 PM (IST)
ਹਾਜੀਪੁਰ (ਜੋਸ਼ੀ)- ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵੱਸੇ ਦਸੂਹਾ ਦੇ ਪਿੰਡ ਬਡਾਲਾ 'ਚ ਰਾਤ ਦੇ ਹਨ੍ਹੇਰੇ 'ਚ ਇਕ ਤੇਂਦੂਏ ਦੇ ਰਿਹਾਇਸ਼ੀ ਘਰ 'ਚ ਦਾਖ਼ਲ ਹੋਣ ਕਾਰਨ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਤੇਂਦੂਏ ਨੇ ਘਰ ਦੇ ਵਿਹੜੇ 'ਚ ਬੱਝੀ ਇਕ ਗਾਂ ਦੀ ਵੱਛੀ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਮਗਰੋਂ ਨਾ ਸਿਰਫ਼ ਪੀੜਤ ਪਰਿਵਾਰ ਸਗੋਂ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ 'ਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬਡਾਲਾ ਦੇ ਵਾਸੀ ਨਰਿੰਦਰ ਕੁਮਾਰ ਸ਼ਰਮਾ ਪੁੱਤਰ ਪੰਡਤ ਗਿਆਨ ਚੰਦ ਦੇ ਘਰ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਇਕ ਖੂੰਖਾਰ ਤੇਂਦੂਆ ਦਾਖ਼ਲ ਹੋ ਗਿਆ।

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਮਾਮੂਲੀ ਗੱਲ ਪਿੱਛੇ ਮਾਰ 'ਤਾ ਬੰਦਾ, ਵਜ੍ਹਾ ਕਰੇਗੀ ਹੈਰਾਨ
ਖ਼ੁਸ਼ਕਿਸਮਤੀ ਇਹ ਰਹੀ ਕਿ ਪਰਿਵਾਰਕ ਮੈਂਬਰਾਂ ਦੀ ਨਜ਼ਰ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਾਈਵ ਸਕ੍ਰੀਨ 'ਤੇ ਪੈ ਗਈ, ਜਿਸ ਨਾਲ ਉਨ੍ਹਾਂ ਨੂੰ ਘਰ ਦੇ ਅੰਦਰ ਤੇਂਦੂਏ ਦੀ ਮੌਜੂਦਗੀ ਦਾ ਪਤਾ ਲੱਗ ਗਿਆ। ਤੇਂਦੂਏ ਨੂੰ ਵਿਹੜੇ 'ਚ ਘੁੰਮਦਾ ਵੇਖ ਕੇ ਪਰਿਵਾਰਕ ਮੈਂਬਰ ਡਰ ਦੇ ਮਾਰੇ ਅੰਦਰ ਹੀ ਲੁਕੇ ਰਹੇ। ਜੰਗਲੀ ਜੀਵ ਦੇ ਖ਼ੌਫ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਘਰ ਦੀ ਰਾਖੀ ਕਰਨ ਵਾਲਾ ਵਫ਼ਾਦਾਰ ਕੁੱਤਾ ਵੀ ਡਰ ਕੇ ਕਿਤੇ ਲੁਕ ਗਿਆ। ਤੇਂਦੂਆ ਕਰੀਬ ਇਕ ਘੰਟੇ ਤੱਕ ਘਰ ਦੇ ਅੰਦਰ ਬੇਖ਼ੌਫ਼ ਇੱਧਰ-ਉੱਧਰ ਘੁੰਮਦਾ ਰਿਹਾ। ਇਸ ਤੋਂ ਬਾਅਦ ਉਸ ਨੇ ਘਰ ਨਾਲ ਲੱਗਦੀ ਪਸ਼ੂਆਂ ਦੀ ਹਵੇਲੀ ਦਾ ਰੁਖ ਕੀਤਾ ਅਤੇ ਉੱਥੇ ਬੱਝੀ ਇੱਕ ਗਾਂ ਦੀ ਵੱਛੀ ਨੂੰ ਆਪਣਾ ਸ਼ਿਕਾਰ ਬਣਾ ਲਿਆ।

ਜਿਵੇਂ ਹੀ ਸਵੇਰੇ ਇਹ ਖ਼ਬਰ ਪਿੰਡ ਬਡਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲੀ ਲੋਕਾਂ 'ਚ ਆਪਣੀ ਅਤੇ ਆਪਣੇ ਪਸ਼ੂਆਂ ਦੀ ਜਾਨ ਨੂੰ ਲੈ ਕੇ ਡਰ ਬੈਠ ਗਿਆ। ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਸਟੇ ਹੋਣ ਕਾਰਨ ਇਸ ਖੇਤਰ 'ਚ ਜੰਗਲੀ ਜਾਨਵਰਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਪਰ ਆਬਾਦੀ ਵਾਲੇ ਘਰ 'ਚ ਵੜ ਕੇ ਸ਼ਿਕਾਰ ਕਰਨ ਦੀ ਇਸ ਘਟਨਾ ਨੇ ਪੇਂਡੂਆਂ ਦੀ ਚਿੰਤਾ ਵਧਾ ਦਿੱਤੀ ਹੈ। ਇਲਾਕੇ ਦੇ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਤੁਰੰਤ ਇਸ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਲਾਕੇ 'ਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਮਨੁੱਖੀ ਜਾਨ ਦਾ ਨੁਕਸਾਨ ਨਾ ਹੋਵੇ ਅਤੇ ਲੋਕ ਚੈਨ ਦਾ ਸਾਹ ਲੈ ਸਕਣ।


ਇਹ ਵੀ ਪੜ੍ਹੋ: PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਰਸਤੇ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
