ਉਂਗਲੀ ਲਗਾਉਣ ਦੀ ਸਜ਼ਾ

Friday, Mar 29, 2019 - 12:51 PM (IST)

ਉਂਗਲੀ ਲਗਾਉਣ ਦੀ ਸਜ਼ਾ

ਬੱਚਿਓ! ਤੁਸੀਂ ਪੰਜਾਬੀ ਦੀ ਪੁਸਤਕ ਵਿੱਚ ਉਂਗਲੀ ਲਗਾਉਣਾ ਮੁਹਾਵਰੇ ਬਾਰੇ ਤਾਂ ਪੜ੍ਹਿਆ ਹੀ ਹੋਵੇਗਾ। ਇੱਥੇ ਤੁਹਾਨੂੰ ਇਸੇ ਮੁਹਾਵਰੇ ਦੇ ਸਬੰਧ ਵਿੱਚ ਇੱਕ ਕਹਾਣੀ ਦੱਸੀ ਜਾ ਰਹੀ ਹੈ। ਇਕ ਵਾਰ ਇੱਕ ਸ਼ਹਿਰ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਅਤੇ ਉਸ ਨੂੰ ਉਂਗਲੀ ਲਗਾਉਣ ਅਰਥਾਤ ਲੋਕਾਂ ਨੂੰ ਭੜਕਾ ਕੇ ਲੜਾਉਣ ਵਿੱਚ ਬੜਾ ਮਜ਼ਾ ਆਉਂਦਾ ਸੀ। ਪਰ ਇਸ ਨਾਲ ਲੋਕ ਆਪਸ ਵਿੱਚ ਲੜਦੇ ਰਹਿੰਦੇ ਅਤੇ ਲੋਕਾਂ ਦਾ ਕਤਲ ਵੀ ਹੋ ਜਾਂਦਾ।
ਇਕ ਵਾਰ ਜਦੋਂ ਉਸ ਸ਼ਹਿਰ ਵਿੱਚ ਲੜਾਈ ਝਗੜੇ ਅਤੇ ਕਤਲ ਦੇ ਕੇਸ ਬਹੁਤ ਵੱਧ ਗਏ ਤਾਂ ਉਸ ਦੇਸ਼ ਦੇ ਰਾਜੇ ਨੇ ਇਸ ਦਾ ਕਾਰਨ ਪਤਾ ਕਰਨਾ ਚਾਹਿਆ ਤਾਂ ਲੋਕਾਂ ਨੇ ਦੱਸਿਆ ਕਿ ਉਹ ਵਿਅਕਤੀ ਸਦਾ ਉਂਗਲੀ ਲਗਾਉਂਦਾ ਰਹਿੰਦਾ ਹੈ ਅਤੇ ਲੋਕ ਆਪਸ ਵਿੱਚ ਲੜਦੇ ਰਹਿੰਦੇ ਹਨ। ਤਾਂ ਰਾਜੇ ਨੇ ਉਸ ਵਿਅਕਤੀ ਨੂੰ ਫੜ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ। ਇਕ ਦਿਨ ਉਸ ਵਿਅਕਤੀ ਨੇ ਆਪਣੇ ਪਰਿਵਾਰ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਰਾਜੇ ਨੇ ਕੁਝ ਪੁਲਿਸ ਮੁਲਾਜ਼ਮ ਉਸ ਨਾਲ ਭੇਜ ਕੇ ਪਰਿਵਾਰ ਨੂੰ ਮਿਲਣ ਦੀ ਆਗਿਆ ਦੇ ਦਿੱਤੀ। 
ਪੁਲਿਸ ਮੁਲਾਜ਼ਮ ਉਸ ਨੂੰ ਜ਼ੇਲ੍ਹ ਵਿੱਚੋਂ ਕੱਢ ਕੇ ਉਸ ਦੇ ਘਰ ਵੱਲ ਲੈ ਕੇ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਹਲਵਾਈ ਦੀ ਦੁਕਾਨ ਦੇਖ ਉਹ ਕੁਝ ਖਾਣ ਪੀਣ ਲਈ ਅੰਦਰ ਬੈਠ ਗਏ। ਦੁਕਾਨ ਕਾਫ਼ੀ ਖੁਲ੍ਹੀ ਸੀ ਅਤੇ ਹੋਰ ਗਾਹਕ ਵੀ ਅੰਦਰ ਬੈਠੇ ਸਨ। ਹਲਵਾਈ ਜਲੇਬੀਆਂ ਬਣਾ ਰਿਹਾ ਸੀ ਤਾਂ 
ਉਸ ਵਿਅਕਤੀ ਨੇ ਜਲੇਬੀਆਂ ਦੀ ਚਾਸਨੀ ਵਿੱਚ ਆਪਣੀ ਉਂਗਲੀ ਡੁਬੋ ਕੇ ਕੰਧ ਤੇ ਲਗਾ ਦਿੱਤੀ। ਸਿਪਾਹੀ ਵੀ ਸਭ ਦੇਖ ਰਹੇ ਸਨ।
ਜਿੱਥੇ ਉਸ ਵਿਅਕਤੀ ਨੇ ਚਾਸਨੀ ਵਾਲੀ ਉਂਗਲੀ ਲਗਾਈ ਸੀ, ਤੁਰੰਤ ਉੱਥੇ ਤਿੰਨ-ਚਾਰ ਮੱਖੀਆਂ ਆ ਬੈਠੀਆਂ, ਤਾਂ ਉਨ੍ਹਾਂ ਨੂੰ ਦੇਖ ਇੱਕ ਛਿਪਕਲੀ ਨੇ ਆ ਕੇ ਉਨ੍ਹਾਂ ਨੂੰ ਝਪਟਿਆ। ਛਿਪਕਲੀ ਨੂੰ ਦੇਖ ਇੱਕ ਬਿੱਲੀ ਉਸ ਪਰ ਝਪਟ ਪਈ ਤਾਂ ਬਿੱਲੀ ਨੂੰ ਦੇਖ, ਦੁਕਾਨ ਵਿੱਚ ਬੈਠੇ ਇੱਕ ਗਾਹਕ ਦੇ ਕੁੱਤੇ ਨੇ ਬਿੱਲੀ ਨੂੰ ਫੜ ਲਿਆ ਤਾਂ ਹਲਵਾਈ ਨੇ ਗੁੱਸੇ ਵਿੱਚ ਆ ਆਪਣਾ ਕੜਛਾ ਕੁੱਤੇ ਦੇ ਸਿਰ ਵਿੱਚ ਮਾਰਿਆ। ਕੁੱਤੇ ਦਾ ਸਿਰ ਫਟਿਆ ਦੇਖ, ਕੁੱਤੇ ਦੇ ਮਾਲਕ ਨੇ ਹਲਵਾਈ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸ ਵਿਅਕਤੀ ਦੇ ਨਾਲ ਆਏ ਸਿਪਾਹੀ ਸਭ ਕੁਝ ਦੇਖ ਕੇ ਹੈਰਾਨ ਸਨ ਤਾਂ ਉਹ ਵਿਅਕਤੀ ਬੋਲਿਆ'' ਦੇਖੋ ਜੀ! ਮੈਂ ਤਾਂ ਕੇਵਲ ਕੰਧ ਤੇ ਉਂਗਲੀ ਲਗਾਈ ਹੈ, ਇਹ ਸਭ ਆਪਸ ਵਿੱਚ ਲੜ ਲੜ ਕੇ ਮਰ ਗਏ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ?''
ਸਿਪਾਹੀ ਵੀ ਇਹ ਦੇਖ ਹੈਰਾਨ ਸਨ ਕਿ ਸਭ ਆਪਸ ਵਿੱਚ ਲੜ ਲੜ ਮਰ ਗਏ ਇਸ ਦਾ ਕੋਈ ਕਸੂਰ ਨਹੀਂ ਹੈ। ਵਾਪਸ ਜਾ ਕੇ ਸਿਪਾਹੀਆਂ ਨੇ ਸਾਰੀ ਘਟਨਾ ਬਾਰੇ ਰਾਜੇ ਨੂੰ ਦੱਸਿਆ ਕਿ ਇਸ ਵਿਅਕਤੀ ਨੇ ਉਂਗਲੀ ਤਾਂ ਜ਼ਰੂਰ ਲਗਾਈ ਏ ਪਰ ਜੇ ਲੋਕ ਆਪਸ ਵਿੱਚ ਲੜ ਲੜ ਮਰ ਜਾਣ ਤਾਂ ਇਸ ਦਾ ਕੋਈ ਕਸੂਰ ਨਹੀਂ। ਲੋਕਾਂ ਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਨਾ ਕਿ ਆਪਣੀ ਬੇ-ਸਮਝੀ ਅਤੇ ਗੁੱਸੇ ਕਾਰਣ ਲੜਨਾ ਚਾਹੀਦਾ ਹੈ। ਰਾਜਾ ਵੀ ਸਿਪਾਹੀਆਂ ਦੀ ਗੱਲ ਨਾਲ ਸਹਿਮਤ ਹੋ ਗਿਆ ਅਤੇ ਕਿਹਾ, ''ਹਾਂ, ਹਾਂ, ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਸੇ ਨੂੰ ਕਿਸੇ ਆਦਮੀ ਪਿੱਛੇ ਲੱਗ ਲੜਨਾ ਨਹੀਂ ਚਾਹੀਦਾ, ਲੋਕਾਂ ਨੂੰ ਕਿਸੇ ਦੇ ਪਿਛੇ ਨਹੀਂ ਲੱਗਣਾ ਚਾਹੀਦਾ ਅਤੇ ਨਾ ਹੀ ਕਿਸੇ ਦੇ ਕਾਰਨ ਆਪਸ ਵਿੱਚ ਲੜ ਲੜ ਮਰਨਾ ਚਾਹੀਦਾ ਹੈ। ਉਂਗਲੀ ਲਾਉਣਾ ਇਸ ਵਿਅਕਤੀ ਦੀ ਆਦਤ ਹੈ ਪਰ ਲੋਕਾਂ ਨੂੰ ਤਾਂ ਸਮਝ ਕਰਨੀ ਚਾਹੀਦੀ ਹੈ ਅਤੇ ਕਿਸੇ ਦੇ ਕਹੇ ਕਹਾਏ ਆਪਸ ਵਿੱਚ ਲੜਨਾ ਨਹੀਂ ਚਾਹੀਦਾ।'' ਇੰਨਾ ਕਹਿ ਰਾਜੇ ਨੇ ਉਸ ਵਿਅਕਤੀ ਦੀ ਸਜ਼ਾ ਮੁਆਫ ਕਰ ਦਿੱਤੀ ਅਤੇ ਉਸਨੂੰ ਅਜ਼ਾਦ ਕਰ ਦਿੱਤਾ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਦੇ ਕਹੇ ਕਹਾਏ ਕਿਸੇ ਦੂਜੇ ਵਿਅਕਤੀ ਨਾਲ ਲੜਨ ਝਗੜਨ ਤੋਂ ਪਹਿਲਾਂ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ।

ਬਹਾਦਰ ਸਿੰਘ ਗੋਸਲ
ਮੋ. ਨੰ: 98764-52223


author

Aarti dhillon

Content Editor

Related News