ਸਮਾਜਿਕ ਕ੍ਰਾਂਤੀ ਦੇ ਪਿਤਾਮਾ ਮਹਾਤਮਾ ਜੋਤੀ ਰਾਓ ਫੂਲੇ

02/22/2023 4:09:53 AM

ਮਹਾਤਮਾ ਜੋਤੀਰਾਓ ਫੂਲੇ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਉਹ ਰਾਸ਼ਟਰ ਨਿਰਮਾਤਾ ਹਨ। ਉਨ੍ਹਾਂ ਦਾ ਜਨਮ 20 ਫਰਵਰੀ 1827 ਨੂੰ ਪੂਨਾ ਦੀ ਮਾਲੀ ਕਹੀ ਜਾਂਦੀ ਜਾਤੀ ਵਿੱਚ ਹੋਇਆ। ਉਨ੍ਹਾਂ ਦੁਆਰਾ ਕੀਤੇ ਗਏ ਕ੍ਰਾਂਤੀਕਾਰੀ ਕੰਮ ਨੂੰ ਸਾਹਮਣੇ ਨਹੀਂ ਲਿਆਂਦਾ ਗਿਆ, ਜਿਸ ਤਰੀਕੇ ਨਾਲ ਰਾਸ਼ਟਰ ਦੇ ਹੋਰ ਮਹਾਤਮਾਵਾਂ ਦੇ ਕੰਮਾਂ ਨੂੰ ਲਿਆਂਦਾ ਗਿਆ ਹੈ। ਉਨ੍ਹਾਂ ਦੁਆਰਾ ਭਾਰਤੀ ਸਮਾਜ ਵਿੱਚ ਨਿਭਾਏ ਗਏ ਕਿਰਦਾਰ ਨੂੰ ਦੁਨੀਆ ਮਾਣ ਦਿੰਦੀ ਹੈ ਤੇ ਸਨਮਾਨ ਦੀ ਨਿਗਾਹ ਨਾਲ ਦੇਖਦੀ ਹੈ। ਬਦਕਿਸਮਤੀ ਇਹ ਹੈ ਕਿ ਭਾਰਤ ਦੇਸ਼ ਵਿੱਚ ਉਹ ਲੋਕ ਵੀ ਉਸ ਦੀ ਬਾਬਤ ਨਹੀਂ ਜਾਣਦੇ, ਜਿਨ੍ਹਾਂ ਲਈ ਉਸ ਨੇ ਬ੍ਰਾਹਮਣਵਾਦ ਨਾਲ ਨਿੱਠ ਕੇ ਟੱਕਰ ਲਈ। ਔਰਤਾਂ, ਸ਼ੂਦਰ ਤੇ ਅਤਿ-ਸ਼ੂਦਰ ਜਿਸ ਸਮੇਂ ਸੌਖਾ ਸਾਹ ਲੈਣ ਲਈ ਤਰਸਦੇ ਸਨ, ਉਨ੍ਹਾਂ ਲਈ ਉਸ ਨੇ ਪਰਿਵਾਰ ਸਮੇਤ ਆਪਣਾ ਜੀਵਨ ਲੇਖੇ ਲਾ ਦਿੱਤਾ।

ਡਾ. ਅੰਬੇਡਕਰ ਉਨ੍ਹਾਂ ਨੂੰ ਬੁੱਧ ਤੇ ਕਬੀਰ ਤੋਂ ਬਾਅਦ ਆਪਣਾ ਤੀਸਰਾ ਗੁਰੂ ਮੰਨਦੇ ਹਨ। ਬੜੌਦਾ ਨਰੇਸ਼ ਸਿਆਜੀ ਰਾਓ ਗਾਇਕਵਾੜ ਨੇ ਫੂਲੇ ਨੂੰ ‘ਭਾਰਤ ਦਾ ਬੁੱਕਰ ਟੀ. ਵਾਸ਼ਿੰਗਟਨ’ ਆਖਿਆ। ਉਹ ਉਨ੍ਹਾਂ ਨੂੰ ‘ਮਹਾਤਮਾ’ ਕਹਿ ਕੇ ਪੁਕਾਰਦੇ ਸਨ। ਕੋਹਲਾਪੁਰ ਦੇ ਸ਼ਾਹੂ ਮਹਾਰਾਜ ਨੇ ਉਨ੍ਹਾਂ ਨੂੰ ‘ਮਹਾਰਾਸਟਰ ਦਾ ਮਾਰਟਿਨ ਲੂਥਰ’ ਕਿਹਾ। ਆਧੁਨਿਕ ਭਾਰਤ ਵਿੱਚ ਸਮਾਜਿਕ ਇਨਕਲਾਬ ਦੇ ਮੋਢੀ ਮੰਨਦਿਆਂ ਖੁਦ ਗਾਂਧੀ ਨੇ ਉਨ੍ਹਾਂ ਨੂੰ ‘ਅਸਲ ਮਹਾਤਮਾ’ ਕਹਿ ਕੇ ਨਿਵਾਜ਼ਿਆ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਉਹ ਦਿਨ ਜਦੋਂ ਮਹਾਤਮਾ ਫੂਲੇ ਔਰਤਾਂ ਦੀ ਸਿੱਖਿਆ ਲਈ ਲੜੇ, ਜਦੋਂ ਛੂਆ-ਛੂਤ ਮਿਟਾਉਣ ਲਈ ਲੜੇ, ਅਜਿਹੇ ਵਕਤ ਸਨ ਕਿ ਕਿਸੇ ਪਾਸਿਓਂ ਵੀ ਕਿਸੇ ਸਹਿਯੋਗ ਦੀ ਸੰਭਾਵਨਾ ਨਹੀਂ ਸੀ।

ਜੋਤੀਰਾਓ ਫੂਲੇ ਦੀ ਧਾਰਨਾ ਸੀ ਕਿ ਸਭ ਪ੍ਰਾਣੀਆਂ 'ਚੋਂ ਸ੍ਰੇਸ਼ਠ ਮਨੁੱਖ ਹੈ ਪਰ ਮਨੁੱਖਾਂ ਵਿੱਚੋਂ ਸ੍ਰੇਸ਼ਠ ਨਾਰੀ ਹੈ। ਉਨ੍ਹਾਂ ਨੇ 1848 ਨੂੰ ਨਵੇਂ ਸਾਲ ਦੇ ਪਹਿਲੇ ਦਿਨ ਤਾਤਿਆ ਸਾਹਿਬ ਭਿੰਡੇ ਦੇ ਘਰ ਬੁੱਧਵਾਰ ਪੇਠਤੀਲ ਵਿੱਚ ਲੜਕੀਆਂ ਲਈ ਪਹਿਲੀ ਪਾਠਸ਼ਾਲਾ ਆਰੰਭ ਕੀਤੀ। ਇਸ ਦੀ ਪਹਿਲੀ ਵਿਦਿਆਰਥਣ ਉਨ੍ਹਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਸੀ। ਉਸ ਦੇ ਨਾਲ ਕਲਾਸ ਵਿੱਚ ਚਾਰ ਬ੍ਰਾਹਮਣ ਕੁੜੀਆਂ, ਇਕ ਮਰਾਠਾ ਕੁੜੀ ਅਤੇ ਇਕ ਆਜੜੀਆਂ ਦੀ ਕੁੜੀ ਸੀ। ਆਪਣੇ ਅਕੀਦੇ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੂਜੀ ਪਾਠਸ਼ਾਲਾ ਦਾ ਆਰੰਭ 15 ਮਈ 1848 ਨੂੰ ਪੂਨਾ ਵਿਖੇ ਕੀਤਾ। ਹਨੇਰੀਆਂ ਨੁੱਕਰਾਂ ਤੱਕ ਚਾਨਣ ਪਹੁੰਚਾਉਣ ਲਈ ਮਹਾਰਾਸ਼ਟਰ ਦੀ ਧਰਤੀ ‘ਤੇ ਅਜਿਹੇ 18 ਸਕੂਲ ਹੋਰ ਆਰੰਭ ਕੀਤੇ। ਕਿਤਾਬਾਂ ਲਿਖੀਆਂ, ਭਾਸ਼ਣ ਦਿੱਤੇ, ਸੰਘਰਸ਼ ਕੀਤਾ, ਨਿੱਜੀ ਤੌਰ ’ਤੇ ਅਨੇਕਾਂ ਕਸ਼ਟ ਝੱਲੇ, ਜਾਨ ਤੱਕ ਚਲੇ ਜਾਣ ਦੇ ਖ਼ਤਰੇ ਨੂੰ ਹੰਢਾਇਆ, ਬ੍ਰਾਹਮਣਵਾਦ ਨਾਲ ਆਢਾ ਲਾਇਆ, ਅਖੌਤੀ ਧਰਮਗ੍ਰੰਥਾਂ ਨੂੰ ਲੰਮੇ ਹੱਥੀਂ ਲਿਆ, ਛੂਆਛੂਤ ਅਤੇ ਅਸਮਾਨਤਾ ਦੀ ਪੁਰਜ਼ੋਰ ਨਿਖੇਧੀ ਕੀਤੀ। 

ਉਹ ਮਾਨਵਤਾ ਦਾ ਸ਼ੁਦਾਈ ਸੀ। ਉਹ ਸਮਾਜਿਕ ਸਮਾਨਤਾ, ਸਿੱਖਿਆ, ਔਰਤਾਂ ਦੀ ਬਰਾਬਰੀ, ਅਮਨ, ਖੁਸ਼ਹਾਲੀ ਅਤੇ ਪਾਖੰਡਵਾਦ ਦਾ ਪਰਦਾਫ਼ਾਸ ਕਰਨ ਲਈ ਲੜਦਾ ਸੀ। ਬ੍ਰਾਹਮਣ ਨਾਲ ਬਤੌਰ ਵਰਗ ਉਨ੍ਹਾਂ ਨੇ ਕਦੇ ਨਫ਼ਰਤ ਨਹੀਂ ਕੀਤੀ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮੂਲ ਨਿਵਾਸੀ ਬਹੁਜਨ ਸਮਾਜ ਅਤੇ ਔਰਤਾਂ ਦੀ ਚੇਤਨਤਾ ਦੇ ਲੇਖੇ ਲਾਇਆ। ਜੋਤੀਰਾਓ ਸ਼ੂਦਰ ਸੀ। ਇਕ ਸ਼ੂਦਰ ਸਕੂਲ ਚਲਾਵੇ। ਉਹ ਵੀ ਔਰਤਾਂ ਦਾ ਤੇ ਉਹ ਵੀ ਬ੍ਰਾਹਮਣਵਾਦ ਦੇ ਪੱਕੇ ਗੜ੍ਹ ਪੂਨੇ ਵਿੱਚ। ਬਹੁਤ ਕਠਿਨ ਕਾਰਜ ਸੀ ਪਰ ਉਨ੍ਹਾਂ ਨੇ ਇਹ ਕਦਮ ਦਲੇਰੀ ਨਾਲ ਚੁੱਕਿਆ। ਸਕੂਲ ਖੁੱਲ੍ਹਣ ᾽ਤੇ ਪੜ੍ਹਨ ਵਾਲੀਆਂ ਕੁੜੀਆਂ ਦੀ ਗਿਣਤੀ ਵਧਣ ਲੱਗੀ। ਇਕ ਹੋਰ ਅਧਿਆਪਕਾ ਦੀ ਲੋੜ ਸੀ ਪਰ ਇਕ ਸ਼ੂਦਰ ਲਈ ਸਿੱਖਿਆ ਪ੍ਰਾਪਤ ਕਰਨਾ ਵਰਜਿਤ ਸੀ। ਜੋਤੀਰਾਓ ਉਸ ਤੋਂ ਵੀ ਅਗਾਂਹ ਜਾ ਰਿਹਾ ਸੀ। ਸ਼ੂਦਰ ਔਰਤਾਂ ਨੂੰ ਸਿੱਖਿਆ ਦੇਣ ਦਾ ਪ੍ਰਾਵਧਾਨ ਕਰ ਰਿਹਾ ਸੀ।

ਹਿੰਦੂ ਧਰਮ ਗ੍ਰੰਥਾਂ ਅੰਦਰ ਤਾਂ ਸਾਰੇ ਹੀ ਇਸਤਰੀ ਵਰਗ ਉੱਤੇ ਪੜ੍ਹਨ-ਪੜ੍ਹਾਉਣ ᾽ਤੇ ਪਾਬੰਦੀ ਲਾਈ ਗਈ ਸੀ। ਉਨ੍ਹਾਂ ਨੇ ਸਕੂਲ ਲਈ ਅਧਿਆਪਕਾ ਦੀ ਪੂਰਤੀ ਲਈ ਆਪਣੀ ਪਤਨੀ ਸਵਿੱਤਰੀ ਬਾਈ ਨੂੰ ਘਰ ਵਿੱਚ ਪੜ੍ਹਾਇਆ-ਲਿਖਾਇਆ ਅਤੇ ਇਕ ਅਧਿਆਪਕ ਵਜੋਂ ਤਿਆਰ ਕੀਤਾ। ਉਹ ਬਤੌਰ ਅਧਿਆਪਕ ਸਕੂਲ ਵਿੱਚ ਪੜ੍ਹਾਉਣ ਜਾਣ ਲੱਗੀ ਪਰ ਬ੍ਰਾਹਮਣਵਾਦੀਆਂ ਨੂੰ ਇਹ ਕਦਾਚਿਤ ਮਨਜ਼ੂਰ ਨਹੀਂ ਸੀ। ਘਰ ਤੋਂ ਸਕੂਲ ਜਾਂਦੀ ਸਵਿੱਤਰੀ ਬਾਈ ਉੱਤੇ ਗੰਦ-ਮੰਦ ਸੁੱਟਿਆ ਜਾਂਦਾ, ਪੱਥਰ-ਰੋੜੇ ਮਾਰੇ ਜਾਂਦੇ, ਆਵਾਜ਼ਾਂ ਕੱਸੀਆਂ ਜਾਂਦੀਆਂ ਪਰ ਇਹ ਦੋਵੇਂ ਪਤੀ-ਪਤਨੀ ਨਾ ਡੋਲੇ। ਆਪਣੀ ਯਾਤਰਾ ਨੂੰ ਜਾਰੀ ਰੱਖਿਆ।

ਸਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਹੈ, ਜਿਸ ਨੇ ਭਗਵੇਂ ਦੇ ਕਾਲੇ ਦੌਰ ਵਿੱਚ ਵਿੱਦਿਆ ਦਾ ਚਾਨਣ ਫੈਲਾਇਆ। ਪਤੀ-ਪਤਨੀ ਨੇ ਆਪਣਾ ਘਰ ਤਿਆਗਿਆ ਕਿਉਂਕਿ ਬ੍ਰਾਹਮਣਾਂ ਦੇ ਦਬਾਅ ਹੇਠ ਜੋਤੀਰਾਓ ਦੇ ਪਿਤਾ ਗੋਬਿੰਦਰਾਓ ਨੇ ਕਿਹਾ ਕਿ ‘ਸਕੂਲ ਜਾਂ ਘਰ ਇਕ ਛੱਡਣਾ ਪਵੇਗਾ।’ ਪਿਤਾ ਨੂੰ ਸਮਝਾਉਣ ਦਾ ਕੋਈ ਨਤੀਜਾ ਨਾ ਨਿਕਲਿਆ। ਅੰਤ ਉਨ੍ਹਾਂ ਨੂੰ ਘਰ ਛੱਡਣਾ ਪਿਆ। ਉਨ੍ਹਾਂ ਨੂੰ ਉਸਮਾਨ ਸ਼ੇਖ ਨਾਂ ਦੇ ਇਕ ਮਿੱਤਰ ਨੇ ਸਹਾਰਾ ਦਿੱਤਾ। ਉਸਮਾਨ ਸ਼ੇਖ ਦੀ ਭੈਣ ਫ਼ਾਤਿਮਾ ਸ਼ੇਖ ਨੇ ਸਵਿੱਤਰੀ ਬਾਈ ਦੇ ਨਾਲ ਅਧਿਆਪਨ ਕਾਰਜ ਵਿੱਚ ਮਦਦ ਵੀ ਕੀਤੀ। ਸਕੂਲ ਬੰਦ ਵੀ ਕਰਨਾ ਪਿਆ। ਘਰ ਨੂੰ ਚਲਾਉਣ ਲਈ ਕੰਮ-ਧੰਦੇ ਲੱਗਣਾ ਪਿਆ ਪਰ ਥੋੜ੍ਹਾ ਸੰਭਲਣ ਤੋਂ ਬਾਅਦ ਫਿਰ ਸਕੂਲ ਚਾਲੂ ਕਰ ਲਿਆ। ਭਾਰਤੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਸ਼ੂਦਰ ਕੁੜੀਆਂ ਸਿਰਫ਼ ਪੜ੍ਹ ਹੀ ਨਹੀਂ ਰਹੀਆਂ ਸਨ ਸਗੋਂ ਪੜ੍ਹਾ ਵੀ ਰਹੀਆਂ ਸਨ।

ਜੋਤੀਰਾਓ ਫੂਲੇ ਨੂੰ ਸਮਾਜ ਵਿੱਚ ਵਿਚਰਦਿਆਂ ਇਹ ਅਹਿਸਾਸ ਹੋ ਗਿਆ ਸੀ ਕਿ ਸ਼ੂਦਰਾਂ ਦੀ ਦੁਰਦਸ਼ਾ ਦਾ ਅਸਲ ਦੋਸ਼ੀ ਬ੍ਰਾਹਮਣਵਾਦ ਹੈ। ਸ਼ੂਦਰਾਂ ਦੇ ਘਰ ਜੰਮਣਾ ਹੀ ਸਮਾਜਿਕ ਗੁਲਾਮੀ ਹੈ। ਉਨ੍ਹਾਂ ਨੇ ਇਸ ਤੋਂ ਛੁਟਕਾਰਾ ਪਾਉਣ ਲਈ ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਸੰਤ-ਸਾਹਿਤ ਪੜ੍ਹਿਆ, ਮਹਾਪੁਰਸ਼ਾਂ ਦਾ ਸੰਗ ਕੀਤਾ, ਮਾਰਟਿਨ ਲੂਥਰ ਕਿੰਗ ਅਤੇ ਮਹਾਤਮਾ ਬੁੱਧ ਨੂੰ ਪੜ੍ਹਿਆ। ਉਹ ਇਸ ਨਤੀਜੇ ᾽ਤੇ ਪਹੁੰਚੇ ਕਿ ਸਿੱਖਿਆ ਦੀ ਕਮੀ ਸ਼ੂਦਰਾਂ ਦੀ ਗੁਲਾਮੀ ਤੇ ਗ਼ਰੀਬੀ ਦਾ ਮੁੱਖ ਕਾਰਨ ਹੈ। ਇਨ੍ਹਾਂ ਨੂੰ ਸਿੱਖਿਆ ਦੀ ਰੌਸ਼ਨੀ ਦੀ ਬੇਹੱਦ ਲੋੜ ਹੈ। ਉਨ੍ਹਾਂ ਨੇ ਆਪਣੀ ਪੁਸਤਕ ‘ਕਲਟੀਵੇਟਰਜ ਵਿਪ ਕੋਰਡ’ ਦੀ ਭੂਮਿਕਾ ਵਿੱਚ ਲਿਖਿਆ ਹੈ, ‘‘ਵਿੱਦਿਆ ਬਿਨਾਂ ਮੱਤ ਗਈ; ਮੱਤ ਬਿਨਾਂ ਨੀਤੀ ਗਈ; ਨੀਤੀ ਬਿਨਾਂ ਗਤੀ ਗਈ; ਗਤੀ ਬਿਨਾਂ ਵਿੱਤ ਗਿਆ; ਵਿੱਤ ਬਿਨਾਂ ਸ਼ੂਦਰ ਗਏ, ਇਹ ਸਾਰਾ ਅਨਰਥ ਵਿੱਦਿਆ ਨਾ ਹੋਣ ਕਰਕੇ ਹੀ ਹੋਇਆ ਹੈ।’’

ਧਰਮ ਸ਼ਾਸਤਰਾਂ ਅਨੁਸਾਰ, ਸ਼ੂਦਰਾਂ ਲਈ ਸਿੱਖਿਆ ਹਾਸਲ ਕਰਨਾ ਵਰਜਿਤ ਹੈ। ਅੰਗਰੇਜ਼ਾਂ ਨੇ 1813 ਵਿੱਚ ਸਿੱਖਿਆ ਪ੍ਰਾਪਤੀ ਦੇ ਹੱਕ ਸਾਰਿਆਂ ਲਈ ਖੋਲ੍ਹ ਦਿੱਤੇ ਪਰ ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਸਿੱਖਿਆ ਅਛੂਤਾਂ, ਸ਼ੂਦਰਾਂ ਅਤੇ ਇਸਤਰੀਆਂ ਤੱਕ ਪੁੱਜਣੀ ਸੰਭਵ ਨਾ ਹੋਈ ਕਿਉਂਕਿ ਭਾਰਤੀ ਸਮਾਜ ਵਿੱਚ ਮਨੂੰ ਸਮ੍ਰਿਤੀ ਦਾ ਅੱਖਰ-ਅੱਖਰ ਲਾਗੂ ਸੀ। ਜੇਕਰ ਜੋਤੀਰਾਓ ਵਰਗੇ ਸਾਹਸੀ ਇਨਸਾਨ ਸ਼ੂਦਰਾਂ, ਅਤਿ-ਸ਼ੂਦਰਾਂ ਤੇ ਔਰਤਾਂ ਨੂੰ ਸਿੱਖਿਆ ਦਾ ਮਹੱਤਵ ਨਾ ਸਮਝਾਉਂਦੇ, ਸਿੱਖਿਆ ਦੇ ਪਸਾਰ ਲਈ ਕਦਮ ਨਾ ਉਠਾਉਂਦੇ ਸਿੱਖਿਆ, ਸਭ ਲਈ ਜ਼ਰੂਰੀ ਦਾ ਨਾਹਰਾ ਬੁਲੰਦ ਨਾ ਕਰਦੇ ਤਾਂ ਹਾਲਾਤ ਅੱਜ ਜਿੰਨੇ ਵੀ ਸਾਜ਼ਗਰ ਨਹੀਂ ਹੋਣੇ ਸਨ। ਉਹ ਮੰਨਦੇ ਸਨ ਕਿ ਇਨ੍ਹਾਂ ਦਾ ਕਲਿਆਣ ਕੇਵਲ ਗਿਆਨ ਅਤੇ ਸਿੱਖਿਆ ਰਾਹੀਂ ਸੰਭਵ ਹੈ। ਗਿਆਨ ਅਤੇ ਸਿੱਖਿਆ ਕਿਤਾਬਾਂ ਵਿੱਚ ਹੈ। ਕਿਤਾਬਾਂ ਨੂੰ ਨਿਰਧਨ ਲੋਕ ਖ਼ਰੀਦ ਨਹੀਂ ਸਕਦੇ। ਇਸ ਕਰਕੇ ਸਕੂਲਾਂ ਵਿੱਚ ਜਾਂ ਉਨ੍ਹਾਂ ਦੇ ਨਜ਼ਦੀਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਵੇ। ਜੋਤੀਰਾਓ ਸ਼ੂਦਰ, ਅਤਿ–ਸ਼ੂਦਰ ਤੇ ਔਰਤਾਂ ਲਈ ਨਾ ਕੇਵਲ ਸਕੂਲ ਸਥਾਪਿਤ ਕਰਨ ਵਾਲੇ ਹਨ ਸਗੋਂ ਲਾਇਬ੍ਰੇਰੀਆਂ ਸ਼ੁਰੂ ਕਰਨ ਵਾਲੇ ਪਹਿਲੇ ਭਾਰਤੀ ਵੀ ਉਹੀ ਸਨ।

ਜੋਤੀਰਾਓ ਨੇ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਉਮਰ ਵਿਹਾ ਚੁੱਕੇ ਅਤੇ ਸਾਰਾ ਦਿਨ ਕੰਮ-ਕਾਰ ਵਿੱਚ ਰੁੱਝੇ ਰਹਿਣ ਵਾਲੇ ਲੋਕਾਂ ਵਿੱਚ ਚੇਤਨਤਾ ਭਰਨ ਲਈ ਆਪਣੇ ਘਰ ਹੀ ਸ਼ਾਮ ਨੂੰ ‘ਬਾਲਗ ਸਿੱਖਿਆ′ ਲਈ ਸਕੂਲ ਦੀ ਸ਼ੁਰੂਆਤ ਕੀਤੀ। ਇਸ ਸਕੂਲ ਵਿੱਚ ਜੋਤੀਰਾਓ ਅਤੇ ਸਵਿੱਤਰੀ ਬਾਈ ਦੋਵੇਂ ਅਨਪੜ੍ਹ ਕਿਸਾਨਾਂ, ਮਜ਼ਦੂਰਾਂ, ਇਸਤਰੀਆਂ ਨੂੰ ਮੁਫ਼ਤ ਸਿੱਖਿਆ ਪ੍ਰ੍ਦਾਨ ਕਰਦੇ। ਇਹ ਸਕੂਲ ਰਾਤ ਨੂੰ 2 ਘੰਟੇ ਚੱਲਦਾ। ਅੱਜ ਭਾਰਤ ਵਿੱਚ ਜਿਸ ਬਾਲਗ ਸਿੱਖਿਆ ਜਾਂ ਸਾਖ਼ਰਤਾ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਉਸ ਦੀ ਸ਼ੁਰੂਆਤ ਕਰਨ ਵਾਲੇ ਜੋਤੀਰਾਓ ਫੂਲੇ ਅਤੇ ਸਵਿੱਤਰੀ ਬਾਈ ਫੂਲੇ ਹਨ। ਜੋਤੀਰਾਓ ਫੂਲੇ ਇਤਿਹਾਸਕ ਨਜ਼ਰੀਏ ਤੋਂ ਅਧਿਐਨ ਕਰਦਿਆਂ ਇਸ ਸਿੱਟੇ ’ਤੇ ਪਹੁੰਚੇ ਕਿ ਭਾਰਤ ਦਾ ਵਿਕਾਸ ਬ੍ਰਾਹਮਣਾਂ ਤੇ ਗੈਰ-ਬ੍ਰਾਹਮਣਾਂ ਦੇ ਤਿੱਖੇ ਸੰਘਰਸ਼ ਦੀ ਲੰਬੀ ਦਾਸਤਾਨ ਹੈ।

ਜੋਤੀਰਾਓ ਫੂਲੇ ਨੇ ਆਪਣੇ ਉਦੇਸ਼ਾਂ ਨੂੰ ਨੇਪਰੇ ਚਾੜ੍ਹ੍ਨ ਲਈ ਇਕ ਸੰਗਠਨ ਦੀ ਲੋੜ ਮਹਿਸੂਸ ਕੀਤੀ। ਉਨ੍ਹਾਂ ਨੇ 24 ਸਤੰਬਰ 1873 ਨੂੰ ਪੂਨਾ ਵਿਖੇ ਆਪਣੇ ਸਾਥੀਆਂ ਦੀ ਇਕ ਮੀਟਿੰਗ ਸੱਦੀ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਸੰਗਠਨ ਦਾ ਨਾਂ ‘ਸਤਯ ਸੋਧਕ ਸਮਾਜ’ ਰੱਖਿਆ ਗਿਆ। ਜੋਤੀਰਾਓ ਫੂਲੇ ਇਸ ਦੇ ਪ੍ਰਧਾਨ ਥਾਪੇ ਗਏ ਅਤੇ ਨਿਸ਼ਾਨੇ ਮਿਥੇ ਗਏ ਕਿ ਸ਼ੂਦਰ ਲੋਕਾਂ ਨੂੰ ਬ੍ਰਾਹਮਣੀ ਧਰਮ ਸ਼ਾਸਤਰਾਂ ਦੇ ਪ੍ਰਭਾਵ ਤੋਂ ਮੁਕਤ ਕਰਨਾ ਹੈ। ਬ੍ਰਾਹਮਣ ਪ੍ਰੋਹਿਤਾਂ ਦੀ ਜਾਲਸਾਜ਼ੀ ਤੋਂ ਛੁਟਕਾਰਾ ਪਾਉਣਾ ਹੈ। ਦਲਿਤਾਂ ਨੂੰ ਉਨ੍ਹਾਂ ਦੇ ਮਨੁੱਖੀ ਹੱਕਾਂ-ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਮਾਨਸਿਕ ਅਤੇ ਧਾਰਮਿਕ ਬੰਧਨਾਂ ਤੋਂ ਆਜ਼ਾਦ ਕਰਨਾ ਹੈ।

ਜੋਤੀਰਾਓ ਫੂਲੇ ਨੂੰ ਆਧੁਨਿਕ ਭਾਰਤ ਦੀ ਸਮਾਜਿਕ ਕ੍ਰਾਂਤੀ ਦਾ ਪਿਤਾਮਾ ਕਹਿ ਕੇ ਸਤਿਕਾਰਿਆ ਜਾਂਦਾ ਹੈ। 28 ਨਵੰਬਰ 1890 ਵਾਲੇ ਦਿਨ ਇਹ ਜੋਤੀ ਸਰੀਰਕ ਤੌਰ ‘ਤੇ ਬੁਝ ਗਈ ਪਰ ਆਪਣੀ ਅਗਾਂਹਵਧੂ ਸੋਚ ਕਰਕੇ ਰਹਿੰਦੀ ਦੁਨੀਆਂ ਤੱਕ ਚਾਨਣ ਕਰਦੀ ਰਹੇਗੀ।

-ਡਾ. ਰਵਿੰਦਰ ਸਿੰਘ,
ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਕਾਲਜ, ਘਨੌਰ।


Mukesh

Content Editor

Related News