ਅਭਿਆਸ ਹੈ ਜਿੱਤ ਦਾ ਵੱਡਾ ਮੰਤਰ
Saturday, May 13, 2017 - 03:04 PM (IST)
ਅਮਰੀਕਾ ਦਾ ਤੈਰਾਕ ਹੈ ''ਮਾਈਕਲ ਫੈਲਪਸ'' ਉਸ ਨੇ ਉਲੰਪਿਕ ''ਚ 23 ਮੈਡਲ ਜਿੱਤੇ ਹਨ। ਬੀਜਿੰਗ ਉਲੰਪਿਕ ''ਚ ਉਸਦੇ ਇਕੱਲੇ ਦੇ ਅੱਠ ਮੈਡਲ ਸਨ। ਤੈਰਾਕੀ ਦੀ ਦੁਨੀਆਂ ''ਚ ਉਹ ਵੱਡਾ ਨਾਮ ਹੈ। ਉਲੰਪਿਕ ਮੈਡਲ ਜਿਸ ਨੂੰ ਜਿੱਤਣ ਲਈ ਅਨੇਕਾਂ ਦੇਸ਼ ਤਰਸ ਰਹੇ ਹਨ, ਉਸਨੇ ਇਕੱਲੇ ਨੇ ਝੜੀ ਲਾ ਦਿੱਤੀ। ਇੱਕ ਦਿਨ ਇੱਕ ਪੱਤਰਕਾਰ ਨੇ ਉਸਨੂੰ ਕਿਹਾ : ''''ਮਾਈਕਲ ਤੁਸੀਂ ਬੜੇ ਕਿਸਮਤ ਵਾਲੇ ਹੋ ਤੁਸੀਂ ਇੰਨੇ ਗੋਲਡ ਮੈਡਲਾਂ ਦੇ ਵਿਜੇਤਾ ਹੋ।''''
''''ਕਿਹੜੀ ਕਿਸਮਤ ਸ੍ਰੀਮਾਨ ਜੀ, ਮੈਂ ਪਿਛਲੇ 15 ਸਾਲਾਂ ਤੋਂ ਬਿਨਾਂ ਐਤਵਾਰ ਦੀ ਛੁੱਟੀ ਕੀਤੇ, ਰੋਜ਼ਾਨਾ ਅੱਠ ਘੰਟੇ ਅਭਿਆਸ ਕਰਦਾ ਹਾਂ। ਅਭਿਆਸ ਨਾਲ ਮੈਂ ਆਪਣੇ ਆਪ ਨੂੰ ਸਾਧਿਆ ਹੈ। ਉਸੇ ਅਭਿਆਸ ਸਦਕਾ ਮੈਂ ਵਿਸ਼ਵ ਜੇਤੂ ਬਣਿਆ ਹਾਂ। ਇਸੇ ਅਭਿਆਸ ਨੇ ਮੇਰੇ ''ਚ ਇੱਛਾ ਸ਼ਕਤੀ ਭਰੀ ਹੈ। ਇਸੇ ਅਭਿਆਸ ਦੇ ਆਸਰੇ ਹਾਸਲ ਕੀਤੇ ਵਿਸ਼ਵਾਸ਼ ਨਾਲ ਮੈਂ ਦੁਨੀਆਂ ਫਤਿਹ ਕਰਦਾ ਹਾਂ। ''''ਮਾਈਕਲ ਨੇ ਜਵਾਬ ਦਿੱਤਾ ਸੀ। ਮਾਈਕਲ ਵਾਂਗ ਹੀ ਇੱਕ ਗ਼ਰੀਬ ਕਰਮਚਾਰੀ ਦਾ ਬੇਟਾ ਮਹਿੰਦਰ ਸਿੰਘ ਧੋਨੀ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਿਆ। ਉਹ ਵੀ ਰੋਜ਼ਾਨਾ ਸੱਤ-ਅੱਠ ਘੰਟੇ ਅਭਿਆਸ ਕਰਦਾ ਸੀ। ਅਨੇਕਾਂ ਸੰਗੀਤਕਾਰ ਰਿਆਜ਼ ਦੇ ਸਿਰ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਈ ਘੰਟਿਆਂ ਬੱਧੀ ਰਿਆਜ਼ ਕਰਦੇ ਹਨ। ਰਿਆਜ਼ ਦਾ ਮਤਲਬ ਹੁੰਦਾ ਹੈ ਇਬਾਦਤ, ਇਬਾਦਤ ਦਾ ਅਰਥ ਹੈ, ਭਗਤੀ। ਇਸ ਕਰਕੇ ਸਾਡੇ ਸੱਭਿਆਚਾਰ ''ਚ ਕੰਮ ਨੂੰ ਭਗਤੀ ਨਾਲ ਜੋੜਿਆ ਗਿਆ। ਸੋ ਸੂਤਰ ਸਪੱਸ਼ਟ ਹੈ ਕਿ ਦਿਲੋਂ ਸਿਦਕ ਨਾਲ ਕੀਤਾ ਅਭਿਆਸ ਜਾਂ ਰਿਆਜ਼ ਇੱਕ ਤਰਾਂ ਦੀ ਇਬਾਦਤ ਹੁੰਦੀ ਹੈ। ਜੋ ਭਗਤੀ ਕਰਦਾ ਹੈ ਉਹ ਪ੍ਰਭੂ ਨੂੰ ਪਾ ਲੈਂਦਾ ਹੈ। ਜੋ ਅਭਿਆਸ ਕਰਦਾ ਹੈ ਆਪਣੀ ਮੰਜ਼ਿਲ ਪਾ ਲੈਂਦਾ ਹੈ। ਅੰਗਰੇਜ਼ੀ ਅਖਾਣ ਦਾ ਪੰਜਾਬੀ ਅਰਥ ਹੈ। ''''ਅਭਿਆਸ ਬੰਦੇ ਨੂੰ ਸੰਪੂਰਨ ਬਣਾ ਦਿੰਦਾ ਹੈ।'''' ਜਿੰਦਗੀ ''ਚ ਹਰ ਖੇਤਰ ''ਚ ਸਫ਼ਲਤਾ ਪ੍ਰਾਪਤ ਕਰਨ ਲਈ ਅਭਿਆਸ ਲੋੜੀਂਦਾ ਹੈ। ਮੇਰੇ ਕੋਲ ਅਕਸਰ ਵਿਦਿਆਰਥੀ ਆ ਕੇ ਕਹਿੰਦੇ ਹਨ : ''''ਅਸੀਂ ਆਈ.ਏ.ਐੱਸ. ਤਾਂ ਕਰਨਾ ਚਾਹੁੰਦੇ ਹਾਂ ਪਰ ਸਾਡੀ ਅੰਗਰੇਜ਼ੀ ਚੰਗੀ ਨਹੀਂ। ਘਰ ਵਾਲੇ ਟਿਊਸ਼ਨ ਰੱਖਕੇ ਨਹੀਂ ਪੜਾ ਸਕਦੇ।'''' ਮੈਂ ਉਨਾਂ ਨੂੰ ਪਿਆਰ ਨਾਲ ਸਮਝਾਉਂਦਾ ਹਾਂ ਕਿ ਦੁਨੀਆਂ ਦੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਅਭਿਆਸ ਨਾਲ ਪ੍ਰਾਪਤ ਨਾ ਕੀਤੀ ਜਾ ਸਕੇ।
ਮੈਂ ਉਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਉਦਾਹਰਨ ਦੇ ਕੇ ਕਹਿੰਦਾ ਹਾਂ ਕਿ ਗਰੀਬੀ ਕਦੇ ਤੁਹਾਡੇ ਰਸਤੇ ''ਚ ਰੋੜਾ ਨਹੀਂ ਬਣ ਸਕਦੀ। ਬੱਸ, ਮਨ ਬਣਾਓ ਅਤੇ ਸ਼ੀਸ਼ੇ ਮੂਹਰੇ ਖੜਕੇ ਜਾਂ ਦੋਸਤਾਂ ਨਾਲ ਮਿਲਕੇ ਅਭਿਆਸ ਸ਼ੁਰੂ ਕਰ ਦੇਵੋ ਇੱਕ ਸਾਲ ਪਿੱਛੋਂ ਮੇਰੇ ਕੋਲ ਜਦੋਂ ਆਓਗੇ ਤਾਂ ਤੁਹਾਡੀ ਸਖਸ਼ੀਅਤ ਕੁੱਝ ਹੋਰ ਹੀ ਹੋਵੇਗੀ।
ਪ੍ਰੋਫੈਸਰ ਅਤੇ ਮੁਖੀ ਡਾ: ਹਰਜਿੰਦਰ ਵਾਲੀਆ
ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬਾਇਲ - 9872314380
