ਅੱਬਾ ਨੂੰ ਯਾਦ ਕਰਦਿਆਂ
Saturday, Apr 20, 2024 - 02:05 PM (IST)
ਅੱਬਾ ਨੂੰ ਗੁਜ਼ਰਿਆਂ ਅੱਜ 21 ਅਪ੍ਰੈਲ 2024 ਨੂੰ ਦੋ ਸਾਲ ਹੋ ਗਏ ਹਨ। ਪਰ ਮੈਂ ਉਨ੍ਹਾਂ ਨੂੰ ਹਾਲੇ ਤੱਕ ਆਪਣੀਆਂ ਯਾਦਾਂ 'ਚੋਂ ਵਿਸਾਰ ਨਹੀਂ ਸਕਿਆ। ਮੈਨੂੰ ਕਈ ਵਾਰ ਇੰਝ ਲੱਗਦਾ ਹੈ ਜਿਵੇਂ ਕਿਤੇ ਉਹ ਮੇਰੇ ਨੇੜੇ ਤੇੜੇ ਹੀ ਮੌਜੂਦ ਹੋਣ। ਜਿਵੇਂ ਬਿੰਦ ਘੜੀ ਨੂੰ ਆਵਾਜ਼ ਦੇ ਕੇ ਬੁਲਾਉਣਗੇ "ਉਹ! ਮੁੰਡਿਆ! ਉਰੇ ਆ... " ਹਾਲਾਂਕਿ ਮੈਂ ਜਾਣਦਾਂ ਕਿ ਇਹ ਮੇਰਾ ਭੁਲੇਖਾ ਹੈ, ਜੋ ਘੱਟੋ-ਘੱਟ ਇਸ ਜਹਾਨ 'ਚ ਤਾਂ ਪੂਰਾ ਨਹੀਂ ਹੋਣਾ ਪਰ ਫਿਰ ਵੀ ਦਿਲ ਅੱਗੇ ਸਭ ਅਕਲੀ ਦਲੀਲਾਂ ਫੇਲ੍ਹ ਹੋ ਜਾਂਦੀਆਂ ਨੇ।
ਪਚਾਨਵੇਂ ਸਾਲਾ ਜੀਵਨ 'ਚ ਅੱਬਾ ਨੇ ਬਹੁਤ ਸਾਰੇ ਉਤਰਾਅ ਚੜਾਅ ਵੇਖੇ। ਅੱਬਾ ਦੇ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਵਾਲੇ ਸਾਬਕਾ ਚੇਅਰਮੈਨ ਸਾਬਰ ਅਲੀ ਢਿੱਲੋਂ ਨੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਕਿਹਾ ਕਿ ਇਹ ਇਕੱਲੀ ਉਨ੍ਹਾਂ ਦੀ ਮੌਤ ਨਈਂ ਸਗੋਂ ਇੱਕ ਯੁਗ ਦਾ ਅੰਤ ਹੋਇਆ ਏ। ਉਹਨਾਂ ਅਨੁਸਾਰ ਅੱਬਾ ਆਪਣੇ ਆਪ ਵਿੱਚ ਇੱਕ ਤਹਿਰੀਕ ਸਨ। ਦੁਨੀਆਂ ਦਾਰੀ ਦੀਆਂ ਰਸਮਾਂ ਤੋਂ ਅਨਜਾਣ ਅੱਬਾ ਨੇ ਸਾਰੀ ਉਮਰ ਸਾਦਗੀ 'ਚ ਗੁਜ਼ਾਰ ਦਿੱਤੀ ਜਾਂ ਇੰਝ ਕਹਿ ਲਵੋ ਕਿ ਉਨ੍ਹਾਂ ਦੀ ਤਬੀਅਤ ਵਿੱਚ ਸੂਫ਼ੀਆ ਵਰਗੀ ਕਨਾਅਤ ਪਸੰਦੀ ਵਾਲੀ ਸਿਫ਼ਤ ਕੁੱਟ ਕੁੱਟ ਭਰੀ ਸੀ। ਮੈਂ ਆਪਣੀ ਪੰਜਾਹ ਸਾਲਾਂ 'ਚ ਅੱਬਾ ਨੂੰ ਕਦੇ ਆਪਣੇ (ਖੁਦ) ਲਈ ਕਪੜਾ ਖ੍ਰੀਦਦੇ ਨਹੀਂ ਵੇਖਿਆ। ਉਨ੍ਹਾਂ ਦੇ ਬਚਪਨ ਤੋਂ ਲੈ ਜਵਾਨੀ ਤੱਕ ਮੇਰੇ ਦਾਦਾ ਉਨ੍ਹਾਂ ਲਈ ਕਪੜੇ ਲਿਆਉਂਦੇ। ਦਾਦਾ ਦੇ ਸਵਰਗਵਾਸ ਹੋਣ ਪਿੱਛੋਂ ਮੇਰੇ ਮਾਤਾ ਲਿਆਂਉਂਦੇ ਸਨ ਅਤੇ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਉਨ੍ਹਾਂ ਦੇ ਪਹਿਨਣ ਲਈ ਕਪੜਾ ਲਿਆਂਦੇ ਸਾਂ। ਆਪਾ (ਮੇਰੀ ਵੱਡੀ ਭੈਣ) ਦੱਸਦੇ ਹਨ ਕਿ ਇੱਕ ਵਾਰ ਮੇਰੇ ਦਾਦਾ ਈਦ ਮੌਕੇ ਅੱਬਾ ਲਈ ਨਵਾਂ ਸੂਟ ਬਣਵਾ ਲਿਆਏ ਤਾਂ ਇਸ ਤੇ ਅੱਬਾ ਨੇ ਦਾਦਾ ਨੂੰ ਆਖਿਆ ਕਿ ਜਦੋਂ ਪਹਿਲੇ ਕਪੜੇ ਹੀ ਹਾਲੇ ਤੱਕ ਨਹੀਂ ਫੱਟੇ ਤਾਂ ਨਵੇਂ ਲਿਆਉਣ ਦੀ ਕੀ ਲੋੜ ਸੀ। ਦਰਅਸਲ ਫਜੂਲ ਖ਼ਰਚੀ ਕਰਨਾ ਅੱਬਾ ਨੂੰ ਉੱਕਾ ਹੀ ਪਸੰਦ ਨਹੀਂ ਸੀ ਪਰ ਦਾਨ ਕਰਨ 'ਚ ਅੱਬਾ ਦਾ ਕੋਈ ਸਾਨੀ ਨਹੀਂ ਸੀ। ਉਹ ਅਕਸਰ ਆਪਣੇ ਕੰਬਲ ਚਾਦਰਾਂ ਤੇ ਨਕਦੀ ਆਦਿ ਲੋੜਵੰਦ ਗਰੀਬਾਂ ਵਿੱਚ ਵੰਡ ਦਿਆ ਕਰਦੇ ਸਨ।
ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕੀ ਅਫਸੋਸ ਕਰਨ ਆਏ, ਜਿਨ੍ਹਾਂ 'ਚੋਂ ਹਰ ਇੱਕ ਪਾਸ ਕਹਿਣ ਲਈ ਅੱਬਾ ਨਾਲ ਜੁੜਿਆ ਇੱਕ ਨਵਾਂ ਕਿੱਸਾ ਮੌਜੂਦ ਸੀ। ਦਰਅਸਲ ਅੱਬਾ ਅਖਲਾਕ ਇੰਨੇ ਸੁੱਲਗ ਤੇ ਵਧੀਆ ਸਨ ਕਿ ਜੋ ਉਨ੍ਹਾਂ ਨੂੰ ਇੱਕ ਵਾਰ ਮਿਲ ਲੈਂਦਾ ਉਹ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ। ਅੱਬਾ ਦੇ ਮਿਲਣ ਵਾਲਿਆਂ ਨੇ ਉਨ੍ਹਾਂ ਦੀਆਂ ਕੁਝ ਅਜਿਹੀਆਂ ਅਣਸੁਣੀਆਂ ਕਹਾਣੀਆਂ ਦੱਸੀਆਂ, ਜੋ ਉਨ੍ਹਾਂ ਦੀ ਵਿਲੱਖਣ ਤੇ ਇੱਕ ਸਰਵ ਵਿਆਪੀ ਸ਼ਖਸ਼ੀਅਤ ਹੋਣ ਦੀ ਹਾਮੀ ਭਰਦੀਆਂ ਹਨ।
ਇੱਕ ਵਾਰ ਇਥੇ ਸ਼ਹਿਰ ਦੇ ਬਸ ਸਟੈਂਡ ਨੇੜੇ ਸਥਿਤ ਕਰਬਲਾ 'ਚੋਂ ਨਿੰਮ ਦੀਆਂ ਨਮੋਲੀਆਂ ਇੱਕਠੀਆਂ ਕਰਨ ਗਏ ਤਾਂ ਨਮੋਲੀਆਂ ਝਾੜੂ ਨਾਲ ਇੱਕਠੀਆਂ ਕਰਨ ਉਪਰੰਤ ਜਦੋਂ ਝੋਲਾ ਭਰ ਕੇ ਘਰ ਲੈ ਆਏ ਤਾਂ ਘਰੇ ਜਦ ਝੋਲਾ ਖੋਲ੍ਹਣ ਲੱਗੇ ਤਾਂ ਵੇਖਿਆ ਕਿ ਨਮੋਲੀਆਂ ਵਿਚ ਕੀੜੇ ਫਿਰਨ ਇਸ 'ਤੇ ਆਖਣ ਲੱਗੇ ਕਿ ਮਖਾ ਕੀੜੇ ਆਪਣੇ ਘਰਾਂ ਤੇ ਆਪਣੇ ਸਾਥੀਆਂ ਤੋਂ ਵਿਛੜ ਗਏ ਹਨ ਤੇ ਫੌਰਨ ਝੋਲਾ ਮੁੜ ਸਾਇਕਲ ਤੇ ਟੰਗ ਕਰਬਲਾ ਚਲੇ ਗਏ ਤਾਂ ਕਿ ਉਨ੍ਹਾਂ ਕੀੜਿਆਂ ਨੂੰ ਉਥੇ ਵਾਪਸ ਛੱਡ ਕੇ ਆ ਸਕਣ।
ਇਸੇ ਤਰ੍ਹਾਂ ਇਕ ਵਾਰ ਉਹ ਘਰੋਂ ਨਮਾਜ਼ ਪੜ੍ਹਨ ਲਈ ਚੱਲੇ ਤਾਂ ਵਿਹੜੇ ਵਿਚੋਂ ਵਾਪਸ ਆ ਗਏ। ਚੀਨੀ ਦੇ ਡੱਬੇ ਵਿਚੋਂ ਚੀਨੀ ਦੀ ਮੁੱਠੀ ਭਰੀ ਤੇ ਵਿਹੜੇ 'ਚ ਲੱਗੇ ਤੂਤ ਦੇ ਨੇੜੇ ਢੇਰੀ ਕਰ ਦਿੱਤੀ ਪੁੱਛਣ ਤੇ ਕਹਿਣ ਲੱਗੇ, ਜਦੋਂ ਤੂਤ ਦੇ ਹੇਠੋਂ ਦੀ ਲੰਘਣ ਲੱਗਾ ਤਾਂ ਇਕ ਕੀੜਾ ਚੀਨੀ ਦਾ ਟੁਕੜਾ ਲਈ ਜਾ ਰਿਹਾ ਸੀ। ਮੇਰਾ ਪੈਰ ਉਸ ਵਿੱਚ ਵੱਜਾ ਤੇ ਉਸ ਦੇ ਮੂੰਹੋਂ ਉਹ ਟੁਕੜਾ ਡਿਗ ਗਿਆ। ਇਸ ਲਈ ਚੀਨੀ ਮੁੱਠੀ ਇਥੇ ਲਿਆ ਕੇ ਪਾ ਦਿੱਤੀ ਹੈ ਤਾਂ ਜੋ ਕੀੜਾ ਇਥੇ ਬੈਠ ਕੇ ਖਾ ਲਵੇ।
ਸਾਡੇ ਘਰ ਬੇਰੀ ਹੁੰਦੀ ਸੀ ਤਾਂ ਅਕਸਰ ਤੋਤਿਆਂ ਨੇ ਆ ਜਾਣਾ ਤੇ ਬੇਰਾਂ ਦੀ ਹਿੜਕ ਵਿਚਲਾ ਗੁੱਦਾ ਹਾਸਲ ਕਰਨ ਲਈ ਬਹੁਤ ਸਾਰੇ ਬੇਰਾਂ ਨੂੰ ਕੁਤਰ ਕੁਤਰ ਖੇਹ-ਖਰਾਬ ਕਰ ਵਿਹੜੇ 'ਚ ਕੂੜਾ ਖਿੰਡਾ ਦੇਣਾ ਤਾਂ ਮੇਰੀ ਮਾਤਾ ਨੇ ਖੜਕਾ ਕਰ ਉਨ੍ਹਾਂ ਤੋਤਿਆਂ ਨੂੰ ਭਜਾਉਣਾ ਤੇ ਉਨ੍ਹਾਂ ਨੂੰ ਅਵਾ-ਤਵਾ ਬੋਲਣਾ ਤਾਂ ਅੱਬਾ ਨੇ ਮਾਤਾ ਨੂੰ ਅਜਿਹਾ ਕਰਨ ਤੋਂ ਰੋਕਣਾ ਤੇ ਆਖਣਾ ਇਨ੍ਹਾਂ ਦਾ ਰਿਜ਼ਕ ਆਪਣੇ ਘਰੋਂ ਲਿਖਿਆ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਜੇਕਰ ਕੋਈ ਜਨੋਰ ਪਸ਼ੂ ਕਿਸੇ ਖੇਤ ਜਾਂ ਬਾਗ ਚੋਂ ਕੁੱਝ ਖਾ ਖਾਦਾਂ ਹੈ ਤਾਂ ਉਸ ਖੇਤ ਜਾਂ ਬਾਗ ਦੇ ਮਾਲਕ ਨੂੰ ਸਦਕਾ ਖੈਰਾਤ (ਦਾਨ ਪੁੰਨ) ਕਰਨ ਦਾ ਸਵਾਬ ਮਿਲਦਾ ਹੈ।
ਅੱਬਾ ਜੀ ਕਈ ਤਰ੍ਹਾਂ ਦੀਆਂ ਦੇਸੀ ਦਵਾਈਆਂ ਬਣਾਇਆ ਕਰਦੇ ਸਨ। ਅਕਸਰ ਜੜੀਆਂ -ਬੂਟੀਆਂ ਕੁੰਡੀ ਵਿਚ ਪੀਸਣ ਤੋਂ ਪਹਿਲਾਂ ਥਾਲ ਵਿਚ ਉਨ੍ਹਾਂ ਨੂੰ ਧੁੱਪ ਲਵਾਉਣ ਲਈ ਰੱਖ ਦਿੰਦੇ। ਕਈ ਵਾਰ ਅਜਿਹਾ ਹੋਣਾ ਕਿ ਘਰ ਵਿਚ ਮੌਜੂਦ ਬਕਰੇ ਬੱਕਰੀਆਂ ਨੇ ਕਿੱਲੇ ਤੋਂ ਖੁੱਲ੍ਹ ਕੇ ਉਨ੍ਹਾਂ ਦੀ ਦਵਾਈ ਖਾ ਜਾਣੀ ਤਾਂ ਇਸ ਤੇ ਅੱਬਾ ਕਦੇ ਵੀ ਨਾਰਾਜ਼ ਨਾ ਹੁੰਦੇ ਸਗੋਂ ਇਹੋ ਆਖਦੇ ਚਲੋ ਇਹ ਦਵਾਈ ਇਨ੍ਹਾਂ ਦੀ ਕਿਸਮਤ ਚ ਈ ਖਾਣੀ ਲਿਖੀ ਸੀ ।
ਹੱਕ ਸੱਚ ਦੀ ਲੜਾਈ, ਉਹ ਆਪਣੀ ਹੋਏ ਭਾਵੇਂ ਬੇਗਾਨੀ ਅੱਬਾ ਹਮੇਸ਼ਾਂ ਮਜਬੂਤੀ ਅਤੇ ਗੰਭੀਰਤਾ ਨਾਲ ਲੜਦੇ । ਉਨ੍ਹਾਂ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ। ਹਿੰਢੀ ਇੰਨੇ ਕਿ ਇੱਕ ਵਾਰੀ ਜੋ ਫੈਸਲਾ ਲੈ ਲਿਆ ਫੇਰ ਦੁਨੀਆ ਭਾਵੇਂ ਇਧਰਲੀ ਉਧਰ ਹੋਜਵੇ ਉਹ ਪਿੱਛੇ ਨਈਂ ਸਨ ਹੱਟਦੇ ।
70 ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਅੱਬਾ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਤਾਜ਼ੀਆ ਕਰਦਿਆਂ ਸਾਬਰ ਢਿੱਲੋਂ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਲੇਰਕੋਟਲਾ) ਆਖਦੇ ਹਨ ਕਿ ਉਨ੍ਹਾਂ ਅੱਬਾ ਦੇ ਨਾਲ ਜਿਥੇ ਲਕੜੀ ਦੀ ਕਟਾਈ ਵਿਚ ਬਤੌਰ ਸਹਾਇਕ ਭੂਮਿਕਾ ਨਿਭਾਈ ਉਥੇ ਹੀ ਅੱਬਾ ਦੇ ਕੇਸ ਦੀ ਪੈਰਵੀ ਦੇ ਸੰਦਰਭ ਵਿਚ ਉਨ੍ਹਾਂ ਨਾਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੀ ਗਏ। ਢਿੱਲੋਂ ਆਖਦੇ ਹਨ ਕਿ ਪੇਸ਼ੀ ਨੇੜੇ ਹੋਣ ਦੇ ਚਲਦਿਆਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਮੈਨੂੰ ਨਾਲ ਲੈ ਕੇ ਹਾਈਕੋਰਟ ਲਈ ਚਾਲੇ ਪਾ ਦਿੱਤੇ ਸਨ ।
ਆਪਣੇ ਬਚਪਨ ਦੇ ਮੁਢਲੇ ਦਿਨਾਂ ਵਿਚ ਅੱਬਾ ਭਾਵੇਂ ਪੰਜ ਚਾਰ ਦਿਨ ਹੀ ਸਕੂਲ ਗਏ ਸਨ ਪਰ ਇਸ ਦੇ ਬਾਵਜੂਦ ਉਹ ਉਰਦੂ, ਹਿੰਦੀ, ਪੰਜਾਬੀ ਅਤੇ ਅਰਬੀ ਭਾਸ਼ਾ ਪੜ ਲੈਂਦੇ ਸਨ। ਪੰਜਾਬੀ ਲਿਖ ਵੀ ਲੈਂਦੇ ਸਨ ਆਪਣੇ ਇਸ ਹਾਸਲ ਗਿਆਨ ਦੇ ਸੰਦਰਭ ਵਿੱਚ ਉਹ ਅਕਸਰ ਆਖਿਆ ਕਰਦੇ ਸਨ ਕਿ ਉਨ੍ਹਾਂ ਪੰਜਾਬੀ ਉਰਦੂ ਤੁਰਦੇ ਫਿਰਦਿਆਂ ਤੇ ਸਮਾਜ ਵਿੱਚ ਵਿਚਰਦਿਆਂ ਸਿੱਖ ਲਈਆਂ ਸਨ । ਪੰਜ ਭੈਣਾਂ ਦੇ ਇਕੱਲੇ ਭਰਾ ਅੱਬਾ ਨੂੰ ਸ਼ਾਇਦ ਲਾਡਲੇ ਘੋਲ ਚ ਪੜਨੋ ਹਟਾ ਲਿਆ ਸੀ ।ਕਹਿੰਦੇ ਦਾਦਾ ਖੁਦਾ ਬਖਸ਼ ਦਾ ਲਕੜੀ ਦਾ ਵੱਡਾ ਕਾਰੋਬਾਰ ਸੀ ਤੇ ਉਨੀਂ ਦਿਨੀਂ ਘਰੇ ਦੌਲਤ ਦੀ ਖੂਬ ਰੇਲਪੇਲ ਸੀ ਸ਼ਾਇਦ ਇਸੇ ਲਈ ਅੱਬਾ ਨੂੰ ਪੜ੍ਹਾਉਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਗਈ ਸੀ ਕਿ ਮਖਾ ਬਾਅਦ ਵਿੱਚ ਵੱਡੇ ਹੋ ਕੇ ਘਰ ਦਾ ਹੀ ਕਾਰੋਬਾਰ ਹੀ ਸੰਭਾਲਣਾ ਹੈ।
ਦਾਦੇ ਦੇ ਸਵਰਗਵਾਸ ਮਗਰੋਂ ਅੱਬਾ ਮੁਕਦਮੇ ਬਾਜ਼ੀ ਚ ਅਜਿਹੇ ਪਏ ਕਿ ਲਕੜੀ ਦਾ ਫੈਲਿਆ ਹੋਇਆ ਸਾਰਾ ਕਾਰੋਬਾਰ ਹੌਲੀ-ਹੌਲੀ ਖਤਮ ਹੋਣ ਦੀ ਕਗਾਰ ਤੇ ਆ ਗਿਆ ਤੇ ਨਾਲੇ ਘਰ ਵਿੱਚ ਪਹਿਲਾਂ ਤੋਂ ਮੌਜੂਦ ਜਮ੍ਹਾ ਪੂੰਜੀ ਵੀ ਵਕੀਲਾਂ ਦੀਆਂ ਮੋਟੀਆਂ ਫੀਸਾਂ ਵਿਚ ਖੁਰਦੀ ਚਲੀ ਗਈ। ਦਰਅਸਲ ਅੱਬਾ ਨੂੰ ਜਦ ਵੀ ਆਪਣੇ ਕਿਸੇ ਵਕੀਲ ਤੇ ਮੁਖਾਲਫ ਪਾਰਟੀ ਨਾਲ ਮਿਲਣ ਦਾ ਸ਼ੱਕ ਹੁੰਦਾ ਤਾਂ ਉਹ ਫੌਰਨ ਓਸ ਨੂੰ ਛੱਡ ਕੇ ਨਵਾਂ ਵਕੀਲ ਕਰ ਲੈਂਦੇ। ਮੇਰੇ ਖਿਆਲ ਚ ਜਿੰਨੇ ਵਕੀਲ ਅੱਬਾ ਨੇ ਬਦਲੇ ਸ਼ਾਇਦ ਹੀ ਕਿਸੇ ਨੇ ਬਦਲੇ ਹੋਣਗੇ । ਅਖੀਰ ਉਨ੍ਹਾਂ ਪਾਸ ਜਦੋਂ ਵਕੀਲਾਂ ਨੂੰ ਦੇਣ ਲਈ ਪੈਸੇ ਨਾ ਬਚੇ ਤਾਂ ਖੁਦ ਆਪ ਹੀ ਆਪਣੇ ਕੇਸਾਂ ਪੈਰਵੀ ਕਰਨ ਲੱਗੇ ।
70 ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਅੱਬਾ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਬਰ ਢਿੱਲੋਂ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਮਲੇਰਕੋਟਲਾ) ਆਖਦੇ ਹਨ ਕਿ ਉਨ੍ਹਾਂ ਅੱਬਾ ਦੇ ਨਾਲ ਜਿਥੇ ਲਕੜੀ ਦੀ ਕਟਾਈ ਵਿਚ ਬਤੌਰ ਸਹਾਇਕ ਭੂਮਿਕਾ ਨਿਭਾਈ ਇਸ ਦੌਰਾਨ ਉਹ ਅੱਬਾ ਨਾਲ ਇਕ ਵਾਰ ਕੇਸ ਦੀ ਪੈਰਵੀ ਹਿਤ ਉਨ੍ਹਾਂ ਨਾਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਗਏ। ਢਿੱਲੋਂ ਆਖਦੇ ਹਨ ਕਿ ਪੇਸ਼ੀ ਨੇੜੇ ਹੋਣ ਦੇ ਚਲਦਿਆਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਨਾਲ ਲੈ ਹਾਈਕੋਰਟ ਲਈ ਚਾਲੇ ਪਾ ਦਿੱਤੇ ਸਨ । ਅਸੀਂ ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਗਏ। ਜਦੋਂ ਲੁਧਿਆਣਾ ਬਸ ਸਟੈਂਡ ਪਹੁੰਚੇ ਤਾਂ ਉਥੇ ਦੁਪਹਿਰ ਦੀ ਨਮਾਜ਼ (ਜੋਹਰ) ਦਾ ਵਕਤ ਹੋ ਗਿਆ ਤਾਂ ਅੱਬਾ ਨੇ ਕਿਹਾ ਕਿ ਹੁਣ ਆਪਾਂ ਨਮਾਜ਼ ਪੜ ਕੇ ਹੀ ਅੱਗੇ ਚੱਲਾਂਗੇ । ਨਮਾਜ਼ ਤੋਂ ਪਹਿਲਾਂ ਉਨ੍ਹਾਂ ਬਸ ਸਟੈਂਡ ਚ ਹੀ ਉੱਚੀ ਆਵਾਜ਼ ਚ ਅਜ਼ਾਨ ਦਿੱਤੀ, ਅਜ਼ਾਨ ਦੀ ਆਵਾਜ਼ ਸੁਣ ਉੱਥੇ ਮੌਜੂਦ ਡਰਾਈਵਰ ਤੇ ਕੰਡਕਟਰ ਅੱਬਾ ਦੇ ਦੁਆਲੇ ਜਮ੍ਹਾ ਹੋ ਗਏ ਤਾਂ ਮੈਂ ਡਰ ਗਿਆ ਪਰ ਉਨ੍ਹਾਂ ਸਭਨਾਂ ਨੇ ਜਦੋਂ ਅੱਬਾ ਜੀ ਦੇ ਸਤਿਕਾਰ ਵਜੋਂ ਹੱਥ ਪੈਰ ਘੁੱਟਣੇ ਸ਼ੁਰੂ ਕੀਤੇ ਤਾਂ ਮੈਨੂੰ ਜਿਵੇਂ ਰਾਹਤ ਮਿਲ ਗਈ । ਜਿਸ ਬਸ ਨੇ ਚੰਡੀਗੜ੍ਹ ਜਾਣਾ ਸੀ ਉਹ ਤਿਆਰ ਖੜ੍ਹੀ ਸੀ ਅੱਬਾ ਨੇ ਡਰਾਈਵਰ ਨੂੰ ਬੇਨਤੀ ਕੀਤੀ ਕਿ ਮੈਂ ਨਮਾਜ਼ ਅਦਾ ਕਰ ਲਵਾਂ ਥੋੜ੍ਹਾ ਰੁੱਕ ਜਾਇਓ। ਪਰ ਉਧਰ ਕੰਡਕਟਰ ਡਰਾਈਵਰ ਨੂੰ ਚਲੱਣ ਦੀ ਦੁਹਾਈ ਦੇਈ ਜਾਵੇ ਤਾਂ ਡਰਾਈਵਰ ਨੇ ਫੈਸਲਾ ਕੁਨ ਅੰਦਾਜ਼ ਚ ਕੰਡਕਟਰ ਨੂੰ ਸਾਫ ਕਹਿ ਦਿੱਤਾ ਕਿ ਅੱਜ ਮੀਆਂ ਜੀ ਨੂੰ ਨਮਾਜ਼ ਪੜਵਾ ਹੀ ਚਲੱਣਾ ਹੈ।
ਚੰਡੀਗੜ੍ਹ ਪਹੁੰਚ ਸੈਕਟਰ 20 ਦੀ ਮਸਜਿਦ ਚ ਅੱਬਾ ਤੇ ਸਾਬਰ ਢਿੱਲੋਂ ਨੇ ਕਈ ਰਾਤਾਂ ਕੱਟੀਆਂ ਤੇ ਕੇਸ ਦੀ ਪੈਰਵੀ ਦੀ ਖੁਦ ਹੀ ਤਿਆਰੀ ਕੀਤੀ ਅੰਗਰੇਜ਼ੀ ਚ ਦਰਜ ਵੱਖ-ਵੱਖ ਨੰਬਰਾਂ ਦੀ ਮੇਰੇ ਪੰਜਾਬੀ ਕਰਵਾਈ ਤੇ ਫਿਰ ਉਨ੍ਹਾਂ ਤੇ ਜਿਰਹਾ (ਬਹਿਸ) ਕਰਨ ਦੀ ਖੁਦ ਹੀ ਤਿਆਰੀ ਕੀਤੀ । ਪੇਸ਼ੀ ਆਲੇ ਦਿਨ ਜਦੋਂ ਅੱਬਾ ਨੂੰ ਹਾਕ ਪਈ ਤਾਂ ਅੱਬਾ ਹਾਈਕੋਰਟ ਚ ਬਿਨਾਂ ਕਿਸੇ ਵਕੀਲ ਤੋਂ ਜੱਜ ਦੇ ਸਾਹਮਣੇ ਜਾ ਖੜ੍ਹੇ ਹੋਏ । ਸਾਬਰ ਢਿੱਲੋਂ ਦੱਸਦੇ ਹਨ ਕਿ ਓਸ ਵੇਲੇ ਅਦਾਲਤ ਵਿਚ ਚੀਫ ਜਸਟਿਸ ਨਰੂਲਾ ਸਨ ਜਿਨ੍ਹਾਂ ਦੀ ਸਫੈਦ ਦਾੜੀ ਖੁਲ੍ਹੀ ਵੇਖ ਉਹ ਇਕ ਫਰਿਸ਼ਤਾ ਹੀ ਜਾਪਦੇ ਸਨ। ਜਦੋਂ ਉਨ੍ਹਾਂ ਅੱਬਾ ਨੂੰ ਕਿਹਾ ਕਿ ਮੁਸ਼ਤਾਕ ਤੇਰਾ ਵਕੀਲ ਕੌਣ ਹੈ ਤਾਂ ਅੱਬਾ ਨੇ ਅਪਣੀ ਸੱਜੇ ਹੱਥ ਦੀ ਪਹਿਲੀ ਅਰਥਾਤ (ਸ਼ਹਾਦਤ ਵਾਲੀ) ਉਂਗਲ ਆਸਮਾਨ ਵੱਲ ਕਰਦਿਆਂ ਕਿਹਾ ਕਿ ਮੇਰਾ ਵਕੀਲ “ ਅੱਲ੍ਹਾ " ਹੈ ਇਸ ਤੇ ਜੱਜ ਨੇ ਆਖਿਆ, ਕੀ “ ਅੱਲ੍ਹਾ“ ਇਥੇ ਖੁਦ ਆ ਕੇ ਗੱਲ ਕਰੇਗਾ? ਤਾਂ ਅੱਬਾ ਨੇ ਕਿਹਾ ਨਹੀਂ ਉਸ ਦੀ ਇਮਦਾਦ ਨਾਲ ਮੈਂ ਖੁਦ ਬਹਿਸ ਕਰਾਂਗਾ। ਇਸ ਤੇ ਮੁਖਾਲਫ ਪਾਰਟੀ ਦੇ ਦੋ ਚੋਟੀ ਵਕੀਲ ਜੋ ਉਸ ਵਕਤ ਅਦਾਲਤ ਵਿਚ ਮੌਜੂਦ ਸਨ ਅੱਬਾ ਦਾ ਹੱਸ ਕੇ ਮਜਾਕ ਉਡਾਉਣ ਲੱਗੇ। ਇਸ ਤੇ ਜੱਜ ਨੇ ਵਕੀਲਾਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਅਤੇ ਅੱਬਾ ਤੋਂ ਹੇਠਲੀਆਂ ਅਦਾਲਤਾਂ ਦੇ ਫੈਸਲੇ ਦੀ ਕਾਪੀ ਮੰਗੀ ਜੋ ਉਨ੍ਹਾਂ ਤੁਰੰਤ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤੀ। ਇਸ ਉਪਰੰਤ ਜੱਜ ਨੇ ਅੱਬਾ ਨੂੰ ਸੀਟ ਤੇ ਬੈਠਣ ਇਸ਼ਾਰਾ ਕਰਦਿਆਂ ਆਖਿਆ ਕਿ ਮੁਸ਼ਤਾਕ ਤੇਰਾ ਵਕੀਲ ਵੀ ਮੈਂ ਹਾਂ ਤੇ ਜੱਜ ਵੀ ਮੈਂ ਹਾਂ। ਇਸ ਉਪਰੰਤ ਜੱਜ ਨੇ ਕਰੀਬ ਪੌਣਾ ਘੰਟਾ ਦੋਵਾਂ ਵਕੀਲਾਂ ਨਾਲ ਬਹਿਸ ਕੀਤੀ ਤੇ ਅੱਬਾ ਇਸ ਅੰਗਰੇਜ਼ੀ ਵਿੱਚ ਹੁੰਦੀ ਬਹਿਸ ਨੂੰ ਨਾ ਸਮਝਦੇ ਹੋਏ ਵੀ ਧਿਆਨ ਨਾਲ ਸੁਣਦੇ ਰਹੇ। ਅੱਬਾ ਆਖਿਆ ਕਰਦੇ ਸਨ ਕਿ ਮੇਰੇ ਭਾਵੇਂ ਉਨ੍ਹਾਂ ਦੀ ਬਹਿਸ ਉੱਕਾ ਹੀ ਸਮਝ ਨਹੀਂ ਆ ਰਹੀ ਸੀ ਪਰ ਜਦੋਂ ਜੱਜ ਨੇ ਕਿਹਾ ਡਿਸਮਿਸ। ਤਾਂ ਇਸ ਉਪਰੰਤ ਦੋਵੇਂ ਵਕੀਲ ਟਿਕ ਕੇ ਬੈਠ ਗਏ ਤਾਂ ਮੈਂ ਸਮਝ ਗਿਆ ਕਿ ਹੁਣ ਫੈਸਲਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਜੱਜ ਸਾਹਿਬ ਆਪਣੇ ਸਟੈਨੋ ਨੂੰ ਫੈਸਲਾ ਲਿਖਵਾਉਣ ਲੱਗੇ ਤੇ ਮੈਨੂੰ ਮੁਖਾਤਿਬ ਹੁੰਦਿਆਂ ਬੋਲੇ ਮੁਸ਼ਤਾਕ " ਮੈਂ ਨੇ ਇਨ ਕੋ ਬਮਾਏ ਖਰਚਾ ਖਾਰਿਜ ਕੀਆ ਹੈ ਵਹਾਂ ਜਾ ਕਰ ਇਨ ਸੇ ਖਰਚਾ ਵਸੂਲ ਕਰ ਲੈਣਾ" ਜਦੋਂ ਅੱਬਾ ਅਦਾਲਤ ਤੋਂ ਬਾਹਰ ਆਏ ਤਾਂ ਸ਼ੁਕਰਾਨੇ ਵਜੋਂ ਰੱਬ ਦੇ ਹਜੂਰ ਸਿਜਦੇ ਵਿੱਚ ਪੈ ਗਏ। ਜਦੋਂ ਉਹ ਉਠੇ ਤਾਂ ਕਈ ਪੱਤਰਕਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਸਨ।
'ਅੱਬਾ' ਜਦੋਂ ਦੁਨੀਆਂ ਤੋਂ ਅਲਵਿਦਾ ਹੋਏ ਤਾਂ ਉਨ੍ਹਾਂ ਨੂੰ ਆਖਰੀ ਇਸ਼ਨਾਨ ਮੈਂ ਖੁਦ ਆਪਣੇ ਹੱਥੀਂ ਕਰਵਾਇਆ ਸੀ ਤੇ ਕਬਰ 'ਚ ਵੀ ਉਨ੍ਹਾਂ ਨੂੰ ਆਪਣੇ ਹੱਥੀਂ ਉਤਾਰਿਆ ਪਰ ਵਿਡੰਬਨਾ ਵੇਖੋ ਪਤਾ ਨਹੀਂ ਕਿਉਂ ਮੈਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਅੱਬਾ ਸਾਡੇ ਵਿਚਕਾਰ ਨਹੀਂ ਰਹੇ। ਇੰਝ ਲੱਗਦਾ ਹੈ ਕਿ ਜਿਵੇਂ ਬਿੰਦ ਝੱਟ ਨੂੰ ਹੁਣੇ ਅਜ਼ਾਨ ਦੀ ਆਵਾਜ਼ ਸੁਣਦਿਆਂ ਆਖਣਗੇ " ਉਹ ਮੁੰਡਿਆ ਚਲੋ ਜਲਦੀ ਮਸੀਤ ਨੂੰ ਕਿਤੇ ਜਮਾਤ( ਨਮਾਜ਼) ਨਾ ਨਿਕਲ ਜਾਵੇ।"
ਹਮੇਸ਼ਾਂ ਚੜਦੀਕਲਾ ਚ ਰਹਿਣ ਵਾਲੇ ਅੱਬਾ ਆਪਣੇ ਆਖਰੀ ਦਿਨਾਂ ਚ ਬਹੁਤ ਕਮਜ਼ੋਰ ਹੋ ਗਏ ਸਨ ਕਿਡਨੀ ਤੇ ਲਿਵਰ ਇੱਕ ਤਰ੍ਹਾਂ ਨਾਲ ਜਵਾਬ ਦੇ ਗਏ ਗਏ ਸਨ। ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਹਿੰਮਤ ਨਹੀਂ ਸੀ ਹਾਰੀ। ਅਕਸਰ ਮੈਨੂੰ ਹੌਸਲਾ ਦਿੰਦਿਆਂ ਇਹੋ ਕਹਿਣਾ ਕਿ" ਕੁੱਝ ਨਹੀਂ ਹੋਇਆ ਮੈਨੂੰ! ਤੂੰ ਫਿਕਰ ਨਾ ਕਰ ਐਵੇਂ ਬਸ ਕਮਜ਼ੋਰੀ ਹੈ ਥੋੜ੍ਹੀ... ਇਨਸ਼ਾ ਅੱਲ੍ਹਾ ਇਹ ਜਲਦ ਦੂਰ ਹੋ ਜਾਊ ।" ਤੇ ਕਦੀ ਆਖਣਾ " ਪੁੱਤ ਤੂੰ ਭੋਰਾ ਫਿਕਰ ਨਾ ਕਰ, ਤੇਰੇ ਬਾਪ ਦੀ ਉਮਰ ਬਹੁਤ ਲੰਮੀ ਹੈ.. ਕਿਆਮਤ ਤੱਕ ਜਿਊਂਦਾ ਰਹੂੰ ਮੈਂ... ਇਨਸ਼ਾ ਅੱਲ੍ਹਾ! "
ਛੇ ਛੇ ਸੱਤ ਸੱਤ ਰੋਟੀਆਂ ਖਾਣ ਵਾਲੇ ਅੱਬਾ ਦੀ ਆਖਰੀ ਦਿਨਾਂ ਵਿੱਚ ਜਿਵੇਂ ਖੁਰਾਕ ਬਿਲਕੁਲ ਹੀ ਘੱਟ ਗਈ ਸੀ। ਸਵੇਰ ਨੂੰ ਚਾਹ ਤਾਂ ਪੀ ਲੈਂਦੇ ਸਨ ਪਰ ਜਦੋਂ ਮੈਂ ਉਨ੍ਹਾਂ ਨੂੰ ਖਾਣ ਲਈ ਕੋਈ ਦਲੀਆ ਜਾਂ ਖਿਚੜੀ ਦੇਣੀ ਤਾਂ ਆਖਣਾ ਬਾਅਦ ਵਿਚ ਖਾਵਾਂਗਾ ਹਾਲੇ ਦਿਲ ਨਹੀਂ ਕਰਦਾ। ਮੈਂ ਅਪਣੀ ਘਰ ਆਲੀ ਨੂੰ ਕਹਿ ਕਿ" ਵੇਖ ਕੇ ਅੱਬਾ ਜੀ ਬਾਅਦ ਵਿਚ ਖਿਲਾ ਦੇਵੀਂ ਕੁਝ "
ਮੇਰੇ ਆਪਣੇ ਦਫਤਰ ਪਹੁੰਚਣ ਤੋਂ ਬਾਅਦ ਕਦੇ ਦਸ ਤੇ ਕਦੀ ਗਿਆਰਾਂ ਵਜੇ ਘਰ ਆਲੀ ਦਾ ਫੋਨ ਆ ਜਾਣਾ। ਉਸ ਨੇ ਅੱਬਾ ਦੇ ਕਹਿਣ ਤੇ ਮੈਨੂੰ ਫੋਨ ਕਰਕੇ ਆਖਣਾ "ਅੱਬਾ ਨੇ ਕੋਲੀ ਭਰ ਕੇ ਖਿਚੜੀ ਖਾ ਲਈ ਹੈ ਜਾਂ ਕਦੀ ਆਖਣਾ ਜਾਂ ਕਦੀ ਆਖਣਾ ਮਾਸ਼ਾ ਅੱਲ੍ਹਾ ਦਲੀਏ ਕਟੋਰੀ ਖਾ ਲਈ ਹੈ। ਦਰਅਸਲ ਅੱਬਾ ਨੂੰ ਮੇਰਾ ਡਾਢਾ ਫਿਕਰ ਹੁੰਦਾ ਸੀ ਉਸ ਨੇ ਮੇਰੇ ਘਰ ਆਲੀ ਅਰਥਾਤ ਆਪਣੀ ਨੂੰਹ ਨੂੰ ਆਖਣਾ" ਮਖਿਆ ਮੁੰਡਾ ਫਿਕਰ ਕਰਦਾ ਗਿਆ ਹੈ ਜਦੋਂ ਉਹ ਸੁਣ ਲਵੇਗਾ ਕਿ ਉਸ ਦੇ ਬਾਪ ਨੇ ਕੁਝ ਖਾ ਪੀ ਲਿਆ ਹੈ ਤਾਂ ਉਸ ਨੂੰ ਖੁਸ਼ੀ ਹੋਵੇਗੀ।"
ਜਿਵੇਂ ਕਿ ਮੈਂ ਆਖਿਆ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਪੂਰਾ ਇੱਕ ਸਾਲ ਹੋ ਚਲਿਆ ਹੈ ਪਰ ਹਾਲੇ ਤੱਕ ਵੀ ਮੈਨੂੰ ਭੁੱਲੇ ਨਹੀਂ ਉਹ । ਪਲ ਪਲ ਉਨ੍ਹਾਂ ਦਾ ਮੈਨੂੰ ਚੇਤਾ ਆ ਜਾਂਦਾ ਹੈ ਤੇ ਕਈ ਵਾਰੀ ਇੰਝ ਭੁੱਚਕਾ ਪਊ ਕਿ ਜਿਵੇਂ ਉਨ੍ਹਾਂ ਆਵਾਜ਼ ਮਾਰੀ ਹੋਵੇ ਮੈਨੂੰ। ਤੇ ਸੁਪਨੇ ਵਿਚ ਵੀ ਅਕਸਰ ਸਾਵੇਂ ਆ ਖੜ੍ਹਦੇ ਨੇ ਮੇਰੇ ਕੋਲ਼ ਤੇ ਬੜੇ ਪਿਆਰ ਨਾਲ ਸਿਰ ਪਲੋਸਦੇ ਹਨ ਮੇਰਾ।
ਅੱਬਾ ਦੇਸੀ ਦਵਾਈਆਂ ਬਣਾਇਆ ਕਰਦੇ ਸਨ ਤੇ ਮਰੀਜ਼ਾਂ ਨਾਲ ਗੱਲਬਾਤ ਇਸ ਤਰ੍ਹਾਂ ਕਰਦੇ ਕਿ ਮਰੀਜ਼ ਅੱਧਾ ਤਾਂ ਉਨ੍ਹਾਂ ਦੀ ਸਾਕਾਰਾਤਮਕ ਬਾਤਚੀਤ ਸੁਣ ਕੇ ਹੀ ਖੁਦ ਨੂੰ ਠੀਕ-ਠੀਕ ਮਹਿਸੂਸ ਕਰਨ ਲੱਗਦਾ। ਇਸ ਦੌਰਾਨ ਜੇ ਉਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਦੇ ਮਰੀਜ਼ ਦੀ ਆਰਥਿਕ ਹਾਲਤ ਕੋਈ ਠੀਕ ਨਹੀਂ ਹੈ ਤਾਂ ਉਹ ਅਜਿਹੇ ਮਰੀਜ਼ਾਂ ਨੂੰ ਮੁਫ਼ਤ ਹੀ ਦਵਾਈ ਪ੍ਰਦਾਨ ਕਰ ਦਿੰਦੇ। ਜ਼ਰੂਰਤ ਮੰਦਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ।
ਉਹ ਅਕਸਰ ਸਾਹਿਬ ਏ ਦੌਲਤ (ਧੰਨਵਾਨ) ਲੋਕਾਂ ਨੂੰ ਆਪਣੀ ਨੇਕ ਕਮਾਈ ਚੋਂ ਗਰੀਬਾਂ ਨੂੰ ਦਾਨ ਕਰਨ ਦੀ ਪ੍ਰੇਰਨਾ ਦਿੰਦੇ। ਕੋਈ ਕਲੀਨ ਸ਼ੇਵ ਬੰਦਾ ਜੇਕਰ ਉਨ੍ਹਾਂ ਪਾਸ ਆ ਜਾਂਦਾ ਤਾਂ ਉਸ ਨੂੰ ਦਾੜ੍ਹੀ ਰੱਖਣ ਲਈ ਪ੍ਰੇਰਿਤ ਕਰਦੇ । ਇਸੇ ਤਰ੍ਹਾਂ ਜੇ ਕਿਸੇ ਇਸਤਰੀ ਜਾਂ ਨੌਜਵਾਨ ਲੜਕੀ ਨੂੰ ਨੰਗੇ ਸਿਰ ਵੇਖਣਾ ਤਾਂ ਉਸ ਨੂੰ ਫੌਰਨ ਸਿਰ ਢਕਣ ਲਈ ਆਖਦੇ।
ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਮੈਂ ਜਾਮਾ ਮਸਜਿਦ (ਮਲੇਰਕੋਟਲਾ) ਵਿਖੇ ਜਦੋਂ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਪੜਨ ਲਈ ਗਿਆ ਤਾਂ ਨਮਾਜ਼ ਉਪਰੰਤ ਬਹੁਤ ਸਾਰੇ ਅੱਬਾ ਜੀ ਦੇ ਮਿਲਣ ਜੁਲਣ ਵਾਲੇ ਲੋਕ ਮੇਰੇ ਪਾਸ ਆ ਗਏ ਜਿਨ੍ਹਾਂ ਚੋਂ ਕਈਆਂ ਨੂੰ ਮੈਂ ਜਾਣਦਾ ਤੱਕ ਨਹੀਂ ਸਾਂ। ਪਰ ਉਹ ਮੈਥੋਂ ਵਾਕਿਫ ਸਨ ਸ਼ਾਇਦ ਅੱਬਾ ਜੀ ਦੇ ਸਦਕਾ। ਸਭ ਦੇ ਪਾਸ ਅੱਬਾ ਨਾਲ ਜੁੜੇ ਹੋਏ ਆਪੋ ਆਪਣੇ ਕਿੱਸੇ ਸਨ। ਉਹ ਜਿਵੇਂ ਆਪਣੇ ਵਾਕਿਆਤ ਸਾਂਝੇ ਕਰਨ ਲਈ ਉਤਾਵਲੇ ਸਨ, ਕੋਈ ਆਖੇ ਮੈਂ ਨਮਾਜ਼ ਨਹੀਂ ਸੀ ਪੜਦਾ ਹਾਜੀ ਜੀ (ਅੱਬਾ) ਦੇ ਕਹਿਣ ਤੇ ਸ਼ੁਰੂ ਕਰ ਦਿੱਤੀ, ਕੋਈ ਆਖੇ ਮੈਂ ਕਲੀਨ ਸ਼ੇਵ ਰਿਹਾ ਕਰਦਾ ਸੀ ਪਰ ਹਾਜੀ ਜੀ ਨੇ ਮੈਨੂੰ ਕਹਿ ਕਹਿ ਕੇ ਦਾੜ੍ਹੀ ਰਖਵਾ ਦਿੱਤੀ ਤੇ ਕੋਈ ਆਖੇ ਮੈਂ ਉਨ੍ਹਾਂ ਨੂੰ ਜਦੋਂ ਕਦੀ ਉਨ੍ਹਾਂ ਦੀ ਜਮਾਤ ਦੀ ਨਮਾਜ਼ ਨਿਕਲ ਜਾਂਦੀ ਤਾਂ ਮੈਂ ਉਨ੍ਹਾਂ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਦੂਜੀ ਮਸੀਤ ਜਿੱਥੇ ਕਿ ਨਮਾਜ਼ ਲੇਟ ਹੁੰਦੀ ਸੀ ਛੱਡ ਆਉਂਦਾ ਸਾਂ । ਕੋਈ ਕਹਿੰਦਾ ਅਸੀਂ ਫਲਾਂ ਪਿੰਡ ਚ ਹਾਜੀ ਜੀ ਦੇ ਪਿੱਛੇ ਨਮਾਜ਼ ਪੜੀ ਸੀ ਇੱਕ ਆਖਣ ਲੱਗਾ ਸਾਡਾ ਮੁਕਦਮਾ ਚਲਦਾ ਸੀ ਉਸ ਮੁਕਦਮੇ ਵਿਚ ਸਾਡੀ ਤੁਹਾਡੇ ਅੱਬਾ ਜੀ ਨੇ ਬਹੁਤ ਮਦਦ ਕੀਤੀ ਤੇ ਅਸੀਂ ਕੇਸ ਜਿੱਤ ਗਏ।
ਇਸੇ ਤਰ੍ਹਾਂ ਸ਼ਹਿਰ ਇੱਕ ਬੰਦਾ ਜਦੋਂ ਘਰ ਅੱਬਾ ਜੀ ਦਾ ਮੇਰੇ ਪਾਸ ਅਫ਼ਸੋਸ ਕਰਨ ਆਇਆ ਤਾਂ ਆਖਣ ਲੱਗਾ ਕਿ ਇੱਕ ਦੀਵਾਨੀ ਕੇਸ ਦੇ ਸਿਲਸਿਲੇ ਵਿਚ ਕਈ ਵਾਰ ਤੁਹਾਡੇ ਅੱਬਾ ਜੀ ਸਾਡੇ ਘਰ ਦੇਰ ਰਾਤ ਤਕ ਕੇਸ ਦੀ ਪੈਰਵੀ ਬਾਬਤ ਬੈਠੇ ਰਹਿੰਦੇ ਤੇ ਸਲਾਹ ਮਸ਼ਵਰਾ ਕਰਦੇ ਰਹਿੰਦੇ। ਇੱਕ ਰਾਤ ਕੀ ਹੋਇਆ ਸਾਡੇ ਘਰਾਂ ਵਿੱਚੋਂ ਇੱਕ ਕੁੜੀ ਜੋ ਕੁੱਝ ਦਿਨਾਂ ਤੋਂ ਸਖਤ ਬੀਮਾਰ ਚੱਲ ਰਹੀ ਸੀ ਇੰਤਕਾਲ (ਸਵਰਗ ਸਿਧਾਰ ਗਈ) ਕਰ ਗਈ। ਇੱਥੇ ਜਿਕਰਯੋਗ ਹੈ ਕਿ ਮੁਸਲਿਮ ਧਰਮ ਵਿਚ ਆਖਿਆ ਗਿਆ ਹੈ ਕਿ ਤਿੰਨ ਚੀਜ਼ਾਂ ਵਿੱਚ ਵਸ ਲੱਗੇ ਦੇਰੀ ਨਾ ਕਰੋ ਇੱਕ ਤਾਂ ਜੇਕਰ ਕੋਈ ਸਵਰਗ ਸਿਧਾਰ ਜਾਵੇ ਉਸ ਦੇ ਕਫ਼ਨ-ਦਫ਼ਨ ਚ ਦੂਜੇ ਲੜਕਾ ਲੜਕੀ ਜਵਾਨ ਹੋ ਜਾਣ ਉਸ ਦਾ ਮੁਨਾਸਬ ਰਿਸ਼ਤਾ ਮਿਲਣ ਤੇ ਨਿਕਾਹ ਕਰਨ 'ਚ ਤੇ ਤੀਜੇ ਨਮਾਜ਼ ਨੂੰ ਸਮੇਂ ਸਿਰ ਪੜ੍ਹਨ 'ਚ (ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਵੇਲੇ ਦੀ ਕੁਵੇਲੇ ਦੀਆਂ ਟੱਕਰਾਂ) ਸੋ ਕੁੜੀ ਦੇ ਅਕਾਲ ਚਲਾਣੇ ਬਾਅਦ ਉਸ ਦੇ ਕਫ਼ਨ-ਦਫ਼ਨ ਦੀ ਤਿਆਰੀ ਸ਼ੁਰੂ ਹੋ ਗਈ ਤਾਂ ਇਸ ਸੰਦਰਭ ਵਿੱਚ ਘਰ ਦੇ ਮੁੰਡੇ ਕਬਰ ਪੁੱਟਣ ਵਾਲਿਆਂ ਨੂੰ ਤਾਂ ਕਹਿ ਆਏ ਪਰ ਹੁਣ ਕਫ਼ਨ ਨਹੀਂ ਸੀ ਮਿਲ ਰਿਹਾ ਹੈ ਕਿਉਂਕਿ ਰਾਤ ਦਾ ਸਮਾਂ ਹੋਣ ਦੇ ਚਲਦਿਆਂ ਸਾਰੇ ਬਾਜ਼ਾਰ ਤੇ ਦੁਕਾਨਾਂ ਆਦਿ ਬੰਦ ਹੋ ਗਏ ਸਨ। ਜਦੋਂ ਅੱਬਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਫੌਰਨ ਆਪਣੇ ਘਰ ਆਏ ਤੇ ਸੰਦੂਕ ਚੋਂ ਆਪਣੇ ਅਹਿਰਾਮ ਦੀਆਂ ਦੋ ਚਿੱਟੀਆਂ ਚਾਦਰਾਂ ਕੱਢੀਆਂ (ਅਹਿਰਾਮ ਉਹਨਾਂ ਦੋ ਚਾਦਰਾਂ ਨੂੰ ਕਿਹਾ ਜਾਂਦਾ ਹੈ ਜੋ ਇੱਕ ਮੁਸਲਮਾਨ ਜਦੋਂ ਮੱਕੇ ਹੱਜ ਕਰਨ ਜਾਂਦਾ ਹੈ ਤਾਂ ਹੱਜ ਦੇ ਦਿਨਾਂ ਦੌਰਾਨ ਉਨ੍ਹਾਂ ਦੋ ਅਣ ਸੀਤੀਆਂ ਚਾਦਰਾਂ ਨੂੰ ਪਹਿਣਦਾ ਹੈ ਇੱਕ ਦੀ ਆਪਣੇ ਦੁਆਲੇ ਬੁੱਕਲ ਮਾਰਦਾ ਹੈ ਅਤੇ ਦੂਜੀ ਨੂੰ ਆਪਣੇ ਤੇੜ ਅਰਥਾਤ ਆਪਣੇ ਲੱਕ ਉੱਤੇ ਬੰਨ੍ਹਦਾ ਹੈ, ਹੱਜ ਮੁਕਮੰਲ ਹੋਣ ਉਪਰੰਤ ਮੁਸਲਮਾਨ ਆਦਮੀ ਉਹ ਮੁਬਾਰਕ ਚਾਦਰਾਂ ਆਪਣੇ ਨਾਲ ਲੈ ਆਉਂਦੇ ਹਨ ਤਾਂ ਕਿ ਜਦ ਉਸ ਦੀ ਮੌਤ ਹੋਏ ਤਾਂ ਇਨ੍ਹਾਂ ਚਾਦਰਾਂ ਚ ਈ ਉਸ ਨੂੰ ਕਫਨੀਰਿਆ ਜਾਵੇ ) ਤੇ ਉਸ ਲੜਕੀ ਦੇ ਘਰ ਵਾਲਿਆਂ ਨੂੰ ਜਾ ਸੌਂਪੀਆਂ ਤਾਂ ਕਿ ਉਹ ਆਪਣੀ ਕੁੜੀ ਤੇ ਕਫਨ ਪਾ ਸਕਣ। ਇੱਥੇ ਜਿਕਰਯੋਗ ਹੈ ਅੱਬਾ ਹੁਰਾਂ ਨੇ ਆਪਣੇ ਹੱਜ ਦਾ ਫਰੀਜ਼ਾ 1965 ਚ ਅਦਾ ਕੀਤਾ ਸੀ।
ਦਰਅਸਲ ਉਕਤ ਗੱਲ ਦਾ ਜ਼ਿਕਰ ਮੈਂ ਇਸ ਲਈ ਕੀਤਾ ਕਿ ਹੁਣ ਜਦੋਂ ਅੱਬਾ ਦੀ ਮੌਤ ਹੋਈ ਤਾਂ ਮੈਂ ਜੋ ਹੱਜ (2019) ਦੌਰਾਨ ਆਪਣੇ ਸਰੀਰ ਤੇ ਅਹਿਰਾਮ ਦੀਆਂ ਚਾਦਰਾਂ ਪਾਈਆਂ ਸਨ। ਉਹ ਅੱਬਾ ਨੂੰ ਕੁੜਤੇ ਵਜੋਂ ਕਫਨ ਦੇ ਰੂਪ ਵਿੱਚ ਪਹਿਣਾ ਦਿੱਤੀ। ਹੁਣ ਉਨ੍ਹਾਂ ਦੇ ਅਫ਼ਸੋਸ ਤੇ ਆਏ ਉਕਤ ਬੰਦੇ ਨੇ ਬੀਤੇ ਜ਼ਮਾਨੇ ਦੀ ਅੱਬਾ ਦੇ ਉਸ ਕੁੜੀ ਆਪਣੇ ਅਹਿਰਾਮ ਦੀਆਂ ਚਾਦਰਾਂ ਕਫ਼ਨ ਦੇ ਰੂਪ ਵਿੱਚ ਦੇਣ ਦਾ ਜ਼ਿਕਰ ਕੀਤਾ ਤਾਂ ਮੈਨੂੰ ਫੌਰਨ ਚੇਤੇ ਆਇਆ ਕਿ ਯਕੀਨਨ ਰੱਬ ਕਿਸੇ ਵਿਅਕਤੀ ਦੁਆਰਾ ਦੁਨੀਆਂ ਵਿੱਚ ਕਿਸੇ ਨਾਲ ਕੀਤੀ ਭਲਾਈ ਦਾ ਬਦਲਾ ਕਈ ਵਾਰ ਦੁਨੀਆਂ ਵਿੱਚ ਹੀ ਦੇ ਦਿੰਦਾ ਹੈ।
ਅਕਸਰ ਜੁਮੇ (ਸ਼ੁੱਕਰਵਾਰ) ਨੂੰ ਮੈਂ ਉਨਾਂ ਦੀ ਕਬਰ 'ਤੇ ਜਾਂਦਾ ਹਾਂ (ਦਰਅਸਲ ਇਸਲਾਮੀ ਰਵਾਇਤਾਂ 'ਚ ਆਉਂਦਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਮਾਤਾ-ਪਿਤਾ ਨੂੰ ਇੱਕ ਵਾਰ ਹੱਸ ਕੇ ਵੇਖ ਲੈਂਦਾ ਹੈ ਤਾਂ ਉਸ ਨੂੰ ਇੱਕ ਮੁਕੰਮਲ ਹੱਜ ਉਮਰੇ ਦਾ ਸਵਾਬ ਮਿਲਦਾ ਹੈ ਤੇ ਜੇਕਰ ਮਾਂ ਪਿਓ ਇਸ ਦੁਨੀਆਂ 'ਚੋਂ ਰੁਖਸਤ ਹੋ ਗਏ ਹੋਣ ਤਾਂ ਜੁਮਾ ਦੇ ਦਿਨ ਆਪਣੇ ਮਾਤਾ-ਪਿਤਾ ਦੀ ਕਬਰ ਦੀ ਜ਼ਿਆਰਤ ਕਰ ਆਉਂਦਾ ਹੈ ਉਸ ਨੂੰ ਵੀ ਹੱਜ ਉਮਰੇ ਕਰਨ ਜਿਨ੍ਹਾਂ ਸਵਾਬ ਮਿਲਦਾ ਹੈ ) ਤੇ ਜਾ ਕੇ ਇੱਕ ਵੱਖਰੀ ਕਿਸਮ ਦਾ ਸਕੂਨ ਅਤੇ ਰਾਹਤ ਅਨੁਭਵ ਕਰਦਾਂ। ਇਸ ਦੇ ਨਾਲ ਹੀ ਅਪਣੀ ਮੌਤ ਵੀ ਚੇਤੇ ਆਉਂਦੀ ਹੈ ਕਿ ਇੱਕ ਦਿਨ ਮੈਂ ਵੀ ਇਸੇ ਜ਼ਮੀਨ ਹੇਠਾਂ ਕਿਤੇ ਅੱਬਾ ਦੇ ਨੇੜੇ ਤੇੜੇ ਆ ਦਫਨ ਹੋਣਾ। ਯਕੀਨਨ ਜਦੋਂ ਧੁਰੋਂ ਓਸ ਡਾਢੇ ਦੀ ਕਚਹਿਰੀ 'ਚੋਂ ਹੋਕਾ ਆਉਣਾ ਤਾਂ ਬਿਨਾਂ ਕਿਸੇ ਹੀਲ-ਹੁੱਜਤ ਬੰਦੇ ਨੇ ਸਭ ਕੁੱਝ ਇੱਥੇ ਹੀ ਛੱਡ ਕੇ ਦੂਜੇ ਜਹਾਨ ਨੂੰ ਖਾਲੀ ਹੱਥ ਤੁਰ ਪੈਣਾ। ਮਹਿਲ ਕੋਠੀਆਂ ਬੰਗਲੇ ਤੇ ਬੈਂਕ ਬੈਲੇਸ ਸਭ ਇੱਥੇ ਹੀ ਪਿਆ ਰਹਿ ਜਾਣਾ।
ਫਿਰ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਜਦੋਂ ਪਤਾ ਹੈ ਕਿ ਅਸੀਂ ਸਭ ਇੱਥੇ ਛੱਡ ਈ ਜਾਣਾ ਹੈ ਤਾਂ ਲੋਕੀ ਮਹਿਜ਼ ਪੰਜਾਹ ਸੱਠ ਸਾਲ ਜੀਵਨ ਨੂੰ ਜਿਊਣ ਲਈ ਇੰਨੇ ਸਦੀਆਂ ਤੱਕ ਨਾ ਹਿੱਲਣ ਵਾਲੇ ਪੱਕੇ ਮਕਾਨ ਕਿਉਂ ਉਸਾਰਦੇ ਨੇ ਤੇ ਸਾਰੀ ਉਮਰ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ ਕਿਉਂ ਆਪਣੀ ਜਿੰਦਗੀ ਦਾ ਚੈਨ ਗੁਆਉਂਦੇ ਨੇ। ਕਿੰਨਾ ਸੱਚ ਕਿਹਾ ਸੀ ਕਵੀ ਨਜ਼ੀਰ ਅਕਬਰ ਅਬਾਦੀ ਨੇ :
ਸਭ ਠਾਠ ਪੜਾ ਰਹਿ ਜਾਵੇਗਾ।
ਜਬ ਲਾਦ ਚਲੇਗਾ ਵਣਜਾਰਾ।
ਅੱਬਾ ਨੂੰ ਜਦੋਂ ਅਸੀਂ ਥਾਲੀ 'ਚ ਖਾਣਾ ਪਾ ਕੇ ਦੇਣਾ ਤਾਂ ਜੇ ਥਾਲੀ 'ਚ ਕਈ ਤਰ੍ਹਾਂ ਦੀ ਸਬਜ਼ੀ ਭਾਜੀ ਰੱਖੀ ਹੋਣੀ ਤਾਂ ਉਨ੍ਹਾਂ ਕਦੇ ਅਜਿਹਾ ਨਹੀਂ ਕੀਤਾ ਕਿ ਸਭ ਕਟੋਰੀਆਂ 'ਚੋਂ ਬੁਰਕੀ ਲਾਈ ਹੋਵੇ ਬਲਕਿ ਉਨ੍ਹਾਂ ਪਹਿਲਾਂ ਕਿਸੇ ਇੱਕ ਕਟੋਰੀ ਨੂੰ ਖਾਲੀ ਕਰਨਾ ਬਾਅਦ ਵਿਚ ਜੇਕਰ ਜ਼ਰੂਰਤ ਹੋਣੀ ਤਾਂ ਦੂਜੀ ਕਟੋਰੀ ਵਾਲੀ ਸਬਜ਼ੀ ਨੂੰ ਖਾਣਾ ਨਹੀਂ ਤਾਂ ਉਹ ਉਸੇ ਤਰ੍ਹਾਂ ਵਾਪਸ ਕਰ ਦੇਣੀ। ਉਹ ਦਾਲ ਸਬਜ਼ੀ ਦੀ ਕੋਲੀ ਨੂੰ ਇਸ ਤਰ੍ਹਾਂ ਸਾਫ ਕਰ ਦਿੰਦੇ ਕਿ ਅਕਸਰ ਇੰਝ ਲਗਦਾ ਜਿਵੇਂ ਉਹ ਧੋਈ ਹੋਈ ਹੋਵੇ।
ਅੱਬਾ ਖਾਣੇ 'ਚ ਮਿੱਠੇ ਦੇ ਬੜੇ ਸ਼ੌਕੀਨ ਸਨ ਜੇਕਰ ਖਾਣੇ 'ਚ ਖੀਰ ਬਣੀ ਹੋਣੀ ਤਾਂ ਉਨ੍ਹਾਂ ਖੀਰ ਹੀ ਦੋ ਤਿੰਨ ਵਾਰ ਕਟੋਰੀ ਵਿਚ ਪਵਾ ਖਾ ਲੈਣੀ ਤੇ ਉਸੇ ਨਾਲ ਰੱਜ ਲੈਣਾ ਦੂਜੇ ਡੰਗ ਵੀ ਉਨ੍ਹਾਂ ਆ ਕੇ ਪੁੱਛਣਾ "ਭਾਈ ਸਨਾ ਬੀਬਾ (ਮੇਰੀ ਪਤਨੀ ਦਾ ਨਾਂ ਹੈ) ਜੇ ਖੀਰ ਬਚੀ ਹੋਈ ਹੈ ਤਾਂ ਮੈਨੂੰ ਉਹੀਓ ਪਾ ਕੇ ਲਿਆ ਦਿਓ।" ਇਸੇ ਤਰ੍ਹਾਂ ਜੇਕਰ ਕਿਸੇ ਵਿਆਹ ਜਾਣਾ ਤਾ ਸਵੀਟ ਡਿਸ਼ 'ਚ ਮਿੱਠੇ ਚਾਵਲ ਬਣੇ ਹੋਣੇ ਤਾਂ ਉਨ੍ਹਾਂ ਉਹੀਓ ਇੱਕ ਦੋ ਵਾਰ ਪਲੇਟ 'ਚ ਪਵਾ ਕੇ ਖਾ ਲੈਣੇ ਤੇ ਬਾਕੀ ਚੀਜ਼ਾਂ ਦਾ ਟੇਸਟ ਤੱਕ ਨਾ ਵੇਖਣਾ।
ਜੇਕਰ ਅਸੀਂ ਆਲੂ-ਮੈਥੀ ਬਣਾ ਲੈਣੀ ਤਾਂ ਉਨ੍ਹਾਂ ਖੂਬ ਰੱਜ ਕੇ ਪੰਜ ਸੱਤ ਰੋਟੀਆਂ ਖਾ ਲੈਣੀਆਂ ਤੇ ਨਾਲ ਹੀ ਆਖਦੇ ਜਾਣਾ " ਇਹ ਤਾਂ ਸਨਾ ਭਾਈ ਬੀਬਾ... ਮੇਰੇ ਲਈ ਦਵਾਈ ਹੈ ਦਵਾਈ!" ਕਈ ਵਾਰ ਸਾਗ ਬਣਾ ਲੈਣਾ ਤਾਂ ਉਹ ਦੇਸੀ ਘਿਓ ਪਵਾ-ਪਵਾ ਕੇ ਬਹੁਤ ਖੁਸ਼ ਹੋ ਹੋ ਕੇ ਖਾਣਾ ਤੇ ਬਾਅਦ ਵਿੱਚ ਉਸ ਕਟੋਰੀ 'ਚ ਚਾਹ ਜਾਂ ਗਰਮ ਪਾਣੀ ਪਾ ਕੇ ਘੰਗਾਲ ਕੇ ਪੀ ਲੈਣਾ ਤਾਂ ਕਿ ਕੋਲੀ ਵਿਚਲੀ ਧੰਦਿਆਈ ਵੇਸਟ ਨਾ ਜਾਵੇ। ਇਸੇ ਤਰ੍ਹਾਂ ਜੇਕਰ ਅਸੀਂ ਕੱਦੂ ਜਾਂ ਗੋਸ਼ਤ ਬਣਾ ਲੈਣਾ ਤਾਂ ਉਹ ਵੀ ਬੇਹੱਦ ਖੁਸ਼ ਹੋ ਕੇ ਖਾਣਾ।
ਮੈਨੂੰ ਯਾਦ ਜਦੋਂ ਬਚਪਨ 'ਚ ਇੱਕ ਵਾਰ ਸਾਡਾ ਕੰਮ ਕੁੱਝ ਸਮੇਂ ਲਈ ਬਿਲਕੁਲ ਠੱਪ ਪਿਆ ਸੀ ਤੇ ਅਸੀਂ ਘਰ ਦੀ ਮੰਦੀ ਆਰਥਿਕ ਹਾਲਤ ਦੇ ਚਲਦਿਆਂ ਜੂਝ ਰਹੇ ਸੀ ਉਦੋਂ ਵੀ ਅੱਬਾ ਤੇ ਬੀਬੀ ਨੇ ਸਾਨੂੰ ਬੱਚਿਆਂ ਨੂੰ ਸਬਰ ਸ਼ੁਕਰ ਕਰ ਲੂਣ-ਮਿਰਚ ਨਾਲ ਰੋਟੀ ਖਾਣ ਉਪਰੰਤ ਹਮੇਸ਼ਾਂ ਉਸ ਰੱਬ ਦਾ ਸ਼ੁਕਰ ਬਜਾ ਲਿਆਉਣ ਲਈ ਪ੍ਰੇਰਿਤ ਕੀਤਾ ਸੀ।
ਮੈਨੂੰ ਬਚਪਨ ਦੇ ਉਹ ਦਿਨ ਵੀ ਯਾਦ ਨੇ ਜਦੋਂ ਕਈ ਵਾਰ ਅੱਬਾ ਸਿਰਕੇ ਨਾਲ ਰੋਟੀ ਖਾ ਲੈਂਦੇ ਸਨ ਤੇ ਉਨ੍ਹਾਂ ਅਕਸਰ ਇਹੋ ਕਹਿਣਾ ਸਨ ਕਿ ਇਨਸਾਨ ਦੀ ਭੁੱਖ ਸਾਲਣ (ਭਾਵ ਸਬਜ਼ੀ) ਦਾ ਕੰਮ ਕਰਦੀ ਹੈ।
ਆਰਥਿਕ ਤੰਗੀ ਦੇ ਬਾਵਜੂਦ ਅੱਬਾ ਨੇ ਸਾਡੀ ਪੜ੍ਹਾਈ ਕਰਾਉਣ 'ਚ ਕੋਈ ਕਸਰ ਨਹੀਂ ਛੱਡੀ। ਆਪਣੀ ਪੜ੍ਹਾਈ ਕਰਨ ਉਪਰੰਤ ਅਸੀਂ ਦੋਵੇਂ ਭਰਾ ਸਰਕਾਰੀ ਨੌਕਰੀ 'ਚ ਆ ਗਏ ਤੇ ਫਿਰ ਕੁੱਝ ਹਾਲਾਤ ਬਦਲੇ
ਬੇਸ਼ੱਕ ਅੱਬਾ ਅੱਜ ਆਪਣੀ ਕਬਰ 'ਚ ਪਏ ਹਨ ਪਰ ਸਮੇਂ-ਸਮੇਂ ਤੇ ਆਪਣੀ ਔਲਾਦ ਤੇ ਆਪਣੇ ਸੰਗੀ ਸਾਥੀਆਂ ਨੂੰ ਦਿੱਤੀਆਂ ਨਸੀਹਤਾਂ ਸਦਕਾ ਅੱਜ ਵੀ ਉਹ ਸਾਡੇ ਸਭਨਾਂ ਦੇ ਦਿਲਾਂ ਵਿਚ ਕਿਤੇ ਨਾ ਕਿਤੇ ਘਰ ਬਣਾਈ ਬੈਠੇ ਹਨ।
ਅੱਬਾ ਬਹੁਤ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਸਨ। ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਮਿਲਣ ਜੁਲਣ ਵਾਲਿਆਂ ਨੂੰ ਨੇਕੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਰਗਾ ਸਪੱਸ਼ਟਵਾਦੀ ਬੰਦਾ ਮੈਂ ਆਪਣੇ ਜੀਵਨ ਵਿਚ ਹੁਣ ਤੱਕ ਨਹੀਂ ਵੇਖਿਆ।
ਅੱਬਾ ਗਾਲੜੀ ਬਹੁਤ ਜ਼ਿਆਦਾ ਸਨ। ਜੇਕਰ ਕਿਸੇ ਨੇ ਉਨ੍ਹਾਂ ਪਾਸੋਂ ਦਵਾਈ ਲੈਣ ਆ ਜਾਣਾ ਤਾਂ ਉਹ ਉਸ ਨਾਲ ਉਸਦੇ ਘਰ ਪਰਿਵਾਰ ਆਦਿ ਦੀਆਂ ਤਮਾਮ ਗੱਲਾਂ ਖੋਲ੍ਹ ਕੇ ਬਹਿ ਜਾਂਦੇ। ਮਰੀਜ਼ਾਂ ਦਾ ਅੱਧਾ ਦੁੱਖ ਤਾਂ ਜਿਵੇਂ ਉਨ੍ਹਾਂ ਦੇ ਹਮਦਰਦੀ ਭਰੇ ਰਵੱਈਏ ਨਾਲ ਹੀ ਦੂਰ ਹੋ ਜਾਂਦਾ। ਅਖਲਾਕ ਦੇ ਇੰਨੇ ਉੱਚੇ ਤੇ ਸੁੱਚੇ ਸਨ ਕਿ ਜੋ ਉਨ੍ਹਾਂ ਨੂੰ ਇੱਕ ਵਾਰ ਮਿਲ ਲੈਂਦਾ ਉਹ ਉਨ੍ਹਾਂ ਦੁਬਾਰਾ ਮਿਲਣਾ ਲੋਚਦਾ।
ਅਕਸਰ ਆਉਣ ਵਾਲੇ ਮਰੀਜ਼ਾਂ ਨੂੰ ਆਪਣੇ ਘਰ ਦੇ ਜੀਆਂ ਦੀ ਤਮਾਮ ਵਿਥਿਆ ਕਹਿ ਸੁਣਾਉਂਦੇ। ਜਿਵੇਂ ਕਿ ਮੇਰੇ ਦੋ ਮੁੰਡੇ ਹਨ, ਦੋਵੇਂ ਸਰਕਾਰੀ ਨੌਕਰੀ ਤੇ ਹਨ। ਮੇਰੀ ਇੱਕ ਪੋਤੀ ਪੁਲਸ 'ਚ ਹੈ ਤੇ ਇੱਕ ਪੋਤਾ ਬਾਹਰ ਅੰਗਰੇਜ਼ਾਂ ਦੇ ਮੁਲਕ 'ਚ ਪੜ੍ਹਦਾ ਹੈ। ਉਸ ਦਾ ਤਮਾਮ ਖਰਚਾ ਉੱਥੋਂ ਦੀ ਸਰਕਾਰ ਚੁੱਕਦੀ ਹੈ। ਮੇਰਾ ਇੱਕ ਜਵਾਈ ਥਾਣੇਦਾਰ ਹੈ ਤੇ ਦੂਜਾ ਫੌਜ 'ਚ ਨਾਇਬ ਸੂਬੇਦਾਰ ਹੈ। ਮੇਰਾ ਇੱਕ ਦੋਹਤਾ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ ਤੇ ਦੋ ਦੂਜੇ ਦੋਹਤੇ ਬਾਹਰਲੇ ਮੁਲਕਾਂ ਵਿੱਚ ਵਧੀਆ ਕੰਪਨੀਆਂ 'ਚ ਲੱਗੇ ਹੋਏ ਹਨ।
ਬਾਅਦ ਵਿਚ ਜਦੋਂ ਸ਼ਾਮੀ ਮੈਂ ਡਿਊਟੀ ਤੋਂ ਆਉਣਾ ਤਾਂ ਸਨਾ (ਮੇਰੀ ਪਤਨੀ) ਨੇ ਮੈਨੂੰ ਅੱਬਾ ਦੁਆਰਾ ਦਿਨ ਭਰ ਲੋਕਾਂ 'ਚ ਕੀਤੇ ਆਪਣੇ ਪਰਿਵਾਰ ਦੇ ਗੁਣਗਾਨ ਦੀ ਵਿਥਿਆ ਕਹਿ ਸੁਨਾਉਣੀ ਤਾਂ ਮੈਂ ਉਨ੍ਹਾਂ ਨੂੰ ਟੋਕਣਾ "ਅੱਬਾ ਤੁਹਾਨੂੰ ਆਪਣੇ ਪਰਿਵਾਰ ਬਾਰੇ ਇਨ੍ਹਾਂ ਕੁੱਝ ਦੱਸਣ ਦੀ ਲੋੜ ਹੁੰਦੀ ਹੈ ਤੁਸੀਂ ਜਿਸ ਕੰਮ ਲਈ ਕੋਈ ਆਉਂਦਾ ਹੈ ਉਸ ਦਾ ਉਹ ਕੰਮ ਕਰ ਦਿਓ... ਫਾਲਤੂ ਇਧਰ-ਉਧਰ ਦੀਆਂ ਗੱਲਾਂ ਕਰਨ ਦਾ ਭਲਾਂ ਕੀ ਫ਼ਾਇਦਾ! "
ਤਾਂ ਇਹ ਸੁਣ ਕੇ ਅੱਬਾ ਨੇ ਕੰਨਾਂ ਤੇ ਉਂਗਲਾਂ ਰੱਖ ਕੇ ਆਖਣਾ "ਆਹ ਲੈ ਇੱਕ-ਦੋ-ਤਿੰਨ! ਹੁਣ ਨਈਂ ਦੱਸਦਾ ਕਿਸੇ ਨੂੰ... ਇਨਸ਼ਾ ਅੱਲ੍ਹਾ...! (ਜੇ ਅੱਲਾ ਨੇ ਚਾਹਿਆ)
ਪਰ ਹਫ਼ਤਾ ਨਾ ਪੈਣਾ ਫਿਰ ਦੁਬਾਰਾ ਉਹੋ ਰਾਮ ਕਹਾਣੀ ਕਿਸੇ ਨਵੇਂ ਆਏ ਮਰੀਜ਼ ਪਾਸ ਲੈ ਕੇ ਬੈਠ ਜਾਣੀ ਤੇ ਫਿਰ ਦੁਬਾਰਾ ਤਿਬਾਰਾ ਟੋਕਣ ਤੇ ਉਹ ਇਹੋ ਆਖ ਕੇ ਖਹਿੜਾ ਛੁਡਾਉਂਦੇ " ਕੀ ਕਰਾਂ! ਪੁੱਤ ਮੈਨੂੰ ਆਪਣੇ ਪਰਿਵਾਰ ਦੇ ਜੀਆਂ ਦੀਆਂ ਵਡਿਆਈ ਕਰ ਕੇ ਸੁਆਦ ਆ ਜਾਂਦਾ ਹੈ।"
ਹੁਣ ਜਦੋਂ ਉਹ ਇਸ ਦੁਨੀਆ 'ਚ ਨਹੀਂ ਹਨ ਤਾਂ ਮੈਂ ਅਨੁਭਵ ਕਰਦਾ ਹਾਂ ਕਿ ਦਰਅਸਲ ਉਨ੍ਹਾਂ ਦਾ ਆਪਣੇ ਪਰਿਵਾਰ ਦੇ ਜੀਆਂ ਤੇ ਮਾਣ ਸੀ ਤੇ ਇਸ ਸੰਬੰਧੀ ਦੂਜੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰ ਉਨ੍ਹਾਂ ਨੂੰ ਇੱਕ ਦਿਲੀ ਸਕੂਨ ਮਿਲਦਾ ਹੋਵੇਗਾ।
ਅੱਬਾ ਸਾਹਮਣੇ ਜੇਕਰ ਕਿਸੇ ਕੁੜੀ ਨੇ ਨੰਗੇ ਸਿਰ ਆ ਜਾਣਾ ਤਾਂ ਅੱਬਾ ਨੇ ਝੱਟ ਉਸ ਨੂੰ ਆਪਣਾ ਸਿਰ ਢੱਕਣ ਲਈ ਆਖ ਦੇਣਾ। ਇੱਕ ਵਾਰ ਮੈਂ ਉਨ੍ਹਾਂ ਦੀਆਂ ਅੱਖਾਂ ਵਿਖਾਉਣ ਲਈ ਸੰਗਰੂਰ ਦੇ ਇੱਕ ਹਸਪਤਾਲ ਲੈ ਗਿਆ ਦਰਅਸਲ ਅੱਖਾਂ 'ਚ ਮੋਤੀਆ ਉੱਤਰ ਰਿਹਾ ਸੀ। ਜਦੋਂ ਅਸੀਂ ਡਾਕਟਰ ਦੇ ਰੂਮ 'ਚ ਦਾਖਲ ਹੋਏ ਤਾਂ ਸਾਹਮਣੇ ਇੱਕ ਪੈਂਤੀ ਛੱਤੀ ਕੁ ਸਾਲਾਂ ਦੀ ਲੇਡੀ ਡਾਕਟਰ ਨੰਗੇ ਸਿਰ ਬੈਠੀ ਵਿਖਾਈ ਦਿੱਤੀ ਤਾਂ ਅੱਬਾ ਨੇ ਬੈਠਣ ਸਾਰ ਈ ਉਸ ਨੂੰ ਕਿਹਾ "ਬੀਬਾ ਆਪਣਾ ਸਿਰ ਢੱਕ ਲੈ।" ਸ਼ਾਇਦ ਉਹ ਹਿੰਦੂਆਂ ਦੀ ਕੁੜੀ ਸੀ ਪਰ ਉਸ ਨੇ ਅੱਬਾ ਦਾ ਕਿਹਾ ਨਹੀਂ ਮੋੜਿਆ ਤੇ ਫੌਰਨ ਆਪਣਾ ਸਿਰ ਢੱਕ ਲਿਆ।
ਇਸੇ ਤਰ੍ਹਾਂ ਇੱਕ ਵਾਰ ਮਲੇਰਕੋਟਲਾ ਦੇ ਇੱਕ ਚਮੜੀ ਦੇ ਡਾਕਟਰ ਪਾਸ, ਜੋ ਮੇਰਾ ਮਿੱਤਰ ਸੀ, ਦੇ ਕਲੀਨਿਕ 'ਚ ਮੈਂ ਉਨ੍ਹਾਂ ਨੂੰ ਵਿਖਾਉਣ ਲਈ ਗਿਆ ਤਾਂ ਇਤਫਾਕ ਨਾਲ ਡਾਕਟਰ ਮੌਜੂਦ ਨਹੀਂ ਸੀ ਪਰ ਉਸ ਦੀ ਕੁੜੀ ਬੈਠੀ ਸੀ, ਜਿਸ ਦੇ ਪਟੇ ਰੱਖੇ ਹੋਏ ਸਨ ਤੇ ਉਹ ਵੀ ਨੰਗੇ ਸਿਰ ਸੀ। ਅੱਬਾ ਜਦੋਂ ਮੇਰੇ ਨਾਲ ਉਸ ਦੇ ਸਾਹਮਣੇ ਗਏ ਤਾਂ ਉਨ੍ਹਾਂ ਫੌਰਨ ਉਸ ਨੂੰ ਆਪਣਾ ਸਿਰ ਢਕਣ ਲਈ ਕਹਿ ਦਿੱਤਾ ਤੇ ਉਸ ਨੇ ਵੀ ਫੌਰਨ ਹੀ ਬਿਨਾਂ ਕੋਈ ਹੀਲ ਹੁੱਜਤ ਕੀਤੇ ਆਪਣਾ ਸਿਰ ਢੱਕ ਲਿਆ ਸੀ।
ਮੈਨੂੰ ਯਾਦ ਹੈ ਅੱਬਾ ਪਾਸ ਇੱਕ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਕੁੜੀ ਹਥੋਲਾ ਕਰਵਾਉਣ ਆਈ, ਜੋ ਪੰਜਾਬ ਪੁਲਸ 'ਚ ਕਾਂਸਟੇਬਲ ਸੀ ਉਹ ਅੱਬਾ ਦੀ ਵੱਡੀ ਪੋਤੀ ਦੀ ਸਹੇਲੀ ਸੀ। ਉਸ ਦੇ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾਈ ਹੋਈ ਸੀ ਤਾਂ ਅੱਬਾ ਨੇ ਉਸ ਨੂੰ ਪੂਰੀਆਂ ਬਾਹਾਂ ਦੀ ਕਮੀਜ਼ ਪਾਉਣ ਲਈ ਪ੍ਰੇਰਿਤ ਕੀਤਾ। ਬਾਅਦ 'ਚ ਪਤਾ ਲੱਗਾ ਕਿ ਅੱਬਾ ਦੀ ਗੱਲ ਦਾ ਉਸ ਤੇ ਇਸ ਕਦਰ ਪ੍ਰਭਾਵ ਪਿਆ ਕਿ ਉਸ ਨੇ ਘਰ ਜਾ ਕੇ ਆਪਣੇ ਸਾਰੇ ਅੱਧੀਆਂ ਬਾਹਾਂ ਵਾਲੇ ਸੂਟ ਗਰੀਬਾਂ 'ਚ ਵੰਡ ਦਿੱਤੇ ਤੇ ਆਪਣੇ ਨਵੇਂ ਸੂਟ ਪੂਰੀਆਂ ਬਾਹਾਂ ਵਾਲੇ ਸਿਲਵਾਏ।
ਜਿਵੇਂ ਕਿ ਮੈਂ ਪਹਿਲੀ ਕਿਸ਼ਤ 'ਚ ਵੀ ਗੱਲ ਕੀਤੀ ਕਿ ਅੱਬਾ ਦਾ ਇੱਕ ਦੀਵਾਨੀ ਕੇਸ ਅਦਾਲਤ 'ਚ ਚਲਦਾ ਸੀ, ਉਨ੍ਹਾਂ ਨੂੰ ਜਦੋਂ ਵੀ ਆਪਣੇ ਕਿਸੇ ਵਕੀਲ ਤੇ ਸ਼ੱਕ ਹੋ ਜਾਣਾ ਤਾਂ ਉਨ੍ਹਾਂ ਉਸ ਨੂੰ ਫੌਰਨ ਛੱਡ ਦੇਣਾ। ਮੈਂ ਸਮਝਦਾ ਹਾਂ ਆਪਣੇ ਕੇਸ ਵਿੱਚ ਜਿੰਨੇ ਅੱਬਾ ਨੇ ਵਕੀਲ ਬਦਲੇ ਹੋਣਗੇ, ਉਨ੍ਹੇ ਸ਼ਾਇਦ ਹੀ ਕਿਸੇ ਦੂਜੇ ਨੇ ਬਦਲੇ ਹੋਣ। ਅਖੀਰ ਵਕੀਲਾਂ ਦੀ ਗੰਢਤੁੱਪ ਤੋਂ ਦੁੱਖੀ ਹੋ ਉਹ ਆਪਣੇ ਕੇਸ ਦੀ ਖੁਦ ਹੀ ਪੈਰਵੀ ਕਰਨ ਲੱਗ ਪਏ ਸਨ । ਪੇਸ਼ੀ ਤੇ ਜਾਣ ਤੋਂ ਪਹਿਲਾਂ ਅੱਬਾ ਕਈ ਵਾਰ ਮਸੀਤ ਚਲੇ ਜਾਂਦੇ ਤੇ ਫਿਰ ਲੰਬੇ ਸਮੇਂ ਤੱਕ ਰੱਬ ਅੱਗੇ ਮੱਥਾ ਟੇਕ ਦੇਰ ਤੱਕ ਖੂਬ ਰੋ-2 ਕੇ ਅਰਦਾਸਾਂ ਕਰਦੇ ਰਹਿੰਦੇ। ਮੈਂ ਉਸ ਸਮੇਂ ਬਹੁਤ ਛੋਟਾ ਹੁੰਦਾ ਸਾਂ। ਕਈ ਵਾਰ ਅੱਬਾ ਨੇ ਮਸੀਤ 'ਚੋਂ ਦੁਆਵਾਂ ਕਰਦੇ ਬਹੁਤ ਦੇਰ ਨਾਲ ਘਰ ਪਰਤਣਾ ਤਾਂ ਜਦੋਂ ਉਨ੍ਹਾਂ ਨੂੰ ਦੇਰੀ ਦਾ ਕਾਰਨ ਪੁੱਛਣਾ ਤਾਂ ਉਨ੍ਹਾਂ ਆਖਣਾ ਕਿ ਮੈਂ ਰੱਬ ਨੂੰ ਸੱਤਵੇਂ ਆਸਮਾਨ ਤੇ ਵਾਇਰਲੈੱਸ ਲਾਇਆ ਹੋਇਆ ਸੀ ਉਸ ਨਾਲ ਆਪਣੇ ਕੇਸ ਦੀ ਪੈਰਵੀ ਸੰਬੰਧੀ ਗੱਲ ਕਰ ਰਿਹਾ ਸੀ ਇਸੇ ਲਈ ਦੇਰ ਹੋ ਗਈ। "
ਰੱਬ ਦੀ ਜ਼ਾਤ 'ਚ ਉਨ੍ਹਾਂ ਨੂੰ ਅਟੁੱਟ ਵਿਸ਼ਵਾਸ ਸੀ। ਜਿਵੇਂ ਹੀ ਅਜ਼ਾਨ ਹੋ ਜਾਣੀ ਜਾਂ ਨਮਾਜ਼ ਦਾ ਸਮਾਂ ਹੋ ਜਾਣਾ ਤਾਂ ਉਨ੍ਹਾਂ ਚਲਦੀ ਗੱਲਬਾਤ ਵਿੱਚ ਵਿਚਾਲੇ ਛੱਡ ਝੱਟ ਮਸੀਤ ਵੱਲ ਚਾਲੇ ਪਾ ਦੇਣੇ ਤੇ ਜਾਂਦੇ ਜਾਂਦੇ ਇਹੋ ਆਖਣਾ ਕਿ ਹੁਣ ਉਸ ਡਾਢੇ ਦਾ (ਭਾਵ ਰੱਬ ਦਾ) ਬੁਲਾਵਾ ਆ ਗਿਆ ਹੈ। ਪਹਿਲਾਂ ਨਮਾਜ਼ ਅਦਾ ਕਰਨੀ ਹੈ ਬਾਕੀ ਕੰਮ ਬਾਅਦ ਵਿਚ।
ਜੇਕਰ ਕਿਸੇ ਰਿਸ਼ਤੇਦਾਰ ਨੇ ਆ ਜਾਣਾ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਇਹੋ ਹੋਣਾ ਕਿ ਤੁਸੀਂ ਨਮਾਜ਼ ਪੜ੍ਹ ਲਈ ਕਿ ਨਹੀਂ ਜੇਕਰ ਨਹੀਂ ਪੜੀ ਤਾਂ ਪਹਿਲਾਂ ਨਮਾਜ਼ ਅਦਾ ਕਰ ਲਵੋ।
ਇੱਕ ਵਾਰ ਜ਼ਿਲ੍ਹਾ ਦੀ ਸੈਸ਼ਨ ਕੋਰਟ 'ਚ ਅੱਬਾ ਦੇ ਦੀਵਾਨੀ ਕੇਸ ਪੇਸ਼ੀ ਸੀ ਅਤੇ ਉਹ ਉਸ ਸਮੇਂ ਆਪਣੇ ਕੇਸ ਦੀ ਪੈਰਵੀ ਖ਼ੁਦ ਹੀ ਕਰ ਰਹੇ ਸਨ ਇਸ ਦੌਰਾਨ ਹੀਰੀਅੰਗ ਉਪਰੰਤ ਜਦੋਂ ਜੱਜ ਸਾਹਿਬ ਅਦਾਲਤ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਅਗਲੇਰੀ ਤਾਰੀਖ਼ ਦੇ ਕੇ ਉੱਠ ਕੇ ਚਲੇ ਗਏ। ਅੱਬਾ ਵੀ ਬਾਹਰ ਆ ਗਏ ਤਾਂ ਅੱਬਾ ਜਦੋਂ ਉਸ ਹੀਰੀਅੰਗ ਦੀ ਨਕਲ ਲੈਣ ਲਈ ਕੁੱਝ ਅਰਸੇ ਬਾਅਦ ਕਚਹਿਰੀ ਵਿੱਚ ਗਏ ਤਾਂ ਜੱਜ ਦੇ ਇੱਕ ਮਿੱਤਰ ਵਕੀਲ ਨੇ ਹੀਰੀਅੰਗ ਤੋਂ ਬਾਅਦ ਜੱਜ ਨਾਲ ਹੋਈ ਗੈਰ ਰਸਮੀ ਗੱਲਬਾਤ ਦਾ ਜ਼ਿਕਰ ਕਰਦਿਆਂ ਅੱਬਾ ਨੂੰ ਕਿਹਾ " ਮੀਆਂ ਜੀ! ਜੱਜ ਸਾਹਿਬ ਆਖਦੇ ਸੀ ਕਿ ਪਤਾ ਨਹੀਂ ਇਸ ਬੰਦੇ ਪਾਸ ਕਿਹੜੀ ਗੈਬੀ ਸ਼ਕਤੀ ਹੈ ਕਿ ਜਦੋਂ ਇਸ ਦੇ ਖਿਲਾਫ ਕੁੱਝ ਲਿਖਣ ਲਗਦਾ ਹਾਂ ਤਾਂ ਪਤਾ ਨਹੀਂ ਜਿਵੇਂ ਕੋਈ ਗੈਬੀ ਸ਼ਕਤੀ ਮੇਰੇ ਹੱਥ ਨੂੰ ਅੱਗੇ ਨਹੀਂ ਵਧਣ ਦਿੰਦੀ ਤੇ ਜਦੋਂ ਇਸ ਦੇ ਹੱਕ ਵਿੱਚ ਲਿਖਣ ਲੱਗਦਾ ਹਾਂ, ਤਾਂ ਮੇਰਾ ਹੱਥ ਜਿਵੇਂ ਫੱਟਾ ਫੱਟ ਰਵਾਨਗੀ ਨਾਲ ਲਿਖਣ ਲੱਗਦਾ ਹੈ!"
ਅੱਜ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ ਅੱਗੇ ਜ਼ਿੰਦਗੀ ਰਹੀ ਤਾਂ ਇਨਸ਼ਾ ਅੱਲ੍ਹਾ ਅੱਬਾ ਨਾਲ ਜੁੜੀਆਂ ਕੁੱਝ ਹੋਰ ਯਾਦਾਂ ਸਾਂਝੀਆਂ ਕਰਾਂਗਾ... ਰੱਬ ਰਾਖਾ...
ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ : 9855259650