ਗਣਤੰਤਰ ਦਿਵਸ ਕਾਰਨ ਸਰਕਾਰਾਂ ਨੂੰ ਸੁਚੇਤ ਰਹਿਣ ਤੇ ਚੌਕਸੀ ਵਰਤਣ ਦੀ ਲੋੜ

01/18/2022 1:33:57 PM

ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਗਾਜ਼ੀਪੁਰ ਫਲਾਵਰ ਮਾਰਕੀਟ ਖੇਤਰ ਤੋਂ ਇਕ ਵਿਸਫੋਟਕ ਯੰਤਰ ਬਰਾਮਦ ਕੀਤਾ, ਜਿਸ ਨੂੰ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ 2 ਹਫ਼ਤੇ ਪਹਿਲਾਂ ਇਕ ਵੱਡੀ ਸੁਰੱਖਿਆ ਚਿੰਤਾ ਵਜੋਂ ਦੇਖਿਆ ਜਾ ਰਿਹਾ ਹੈ। ਦਿੱਲੀ ਦੀ ਗਾਜ਼ੀਪੁਰ ਫਲਾਵਰ ਮਾਰਕੀਟ ਵਿੱਚ ਇਸ ਲਾਵਾਰਸ-ਬੈਗ 'ਚ 3 ਕਿਲੋ ਵਿਸਫੋਟਕ ਸਮੱਗਰੀ ਦਾ 'ਕੱਚਾ ਬੰਬ' ਮਿਲਿਆ ਹੈ, ਜਿਸ ਦਾ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਬਚਾਅ ਹੋ ਗਿਆ ਹੈ। ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੱਸਿਆ ਹੈ ਕਿ ਆਈ.ਈ.ਡੀ. ਵਿਸਫੋਟਕ ਵਾਲਾ ਬੈਗ ਮਿਲਿਆ, ਜਿਸ ਨੂੰ ਪੁਲਸ ਦੇ ਵਿਸ਼ੇਸ਼ ਦਸਤੇ ਨੇ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ, ਜੇਕਰ ਇਹ ਬੰਬ ਇਸ ਮਾਰਕੀਟ ਵਿੱਚ ਫਟ ਜਾਂਦਾ ਤਾਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਧਰ ਪੰਜਾਬ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਧਨੋਏ ਕਲਾਂ ਤੋਂ 5 ਕਿਲੋ ਧਮਾਕਾਖੇਜ਼ ਸਮੱਗਰੀ ਮਿਲੀ ਹੈ। ਸੂਤਰਾਂ ਅਨੁਸਾਰ ਇਹ ਸਮੱਗਰੀ 26 ਜਨਵਰੀ ਮੌਕੇ ਕੋਈ ਵੱਡਾ ਧਮਾਕਾ ਕਰਨ ਲਈ ਭੇਜੀ ਗਈ ਹੋ ਸਕਦੀ ਹੈ। ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੌਂਗੇਵਾਲਾ ’ਚ ਪ੍ਰਦਰਸ਼ਿਤ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ, 49 ਦਿਨਾਂ ਵਿਚ ਹੋਇਆ ਤਿਆਰ

ਪੰਜਾਬ ਪੁਲਸ ਵੱਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐੱਸ. ਵਾਈ. ਐੱਫ.) ਦੇ ਗ੍ਰਿਫ਼ਤਾਰ ਕਾਰਕੁੰਨ ਦੀ ਨਿਸ਼ਾਨਦੇਹੀ 'ਤੇ 2.5 ਕਿਲੋ ਆਰ. ਡੀ. ਐਕਸ., ਇਕ ਡੈਟੋਨੇਟਰ, ਕੋਡੈਕਸ ਤਾਰ, 5 ਧਮਾਕਾਖੇਜ਼ ਫਿਊਜ਼, ਏ. ਕੇ. 47 ਦੇ 12 ਜ਼ਿੰਦਾ ਕਾਰਤੂਸ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਉਰਫ਼ ਮੰਤਰੀ ਵੱਲੋਂ ਕਰਵਾਈ ਗਈ ਹੈ, ਜੋ ਕਿ ਪਠਾਨਕੋਟ ਵਿੱਚ ਹਾਲ ਹੀ 'ਚ ਵਾਪਰੇ ਹੱਥ ਗੋਲੇ ਧਮਾਕਿਆਂ ਦੀਆਂ 2 ਘਟਨਾਵਾਂ ਦਾ ਮੁੱਖ ਮੁਲਜ਼ਮ ਹੈ। ਅਮਨਦੀਪ ਉਰਫ਼ ਮੰਤਰੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐੱਸ. ਵਾਈ. ਐੱਫ.) ਦੇ ਉਨ੍ਹਾਂ 6 ਕਾਰਕੁੰਨਾਂ 'ਚੋਂ ਹੈ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ 'ਚ 2 ਹੱਥ ਗੋਲੇ ਦੇ ਧਮਾਕੇ ਕਰਨ ਦੀ ਗੱਲ ਕਬੂਲੀ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦਾ ਐਲਾਨ ਸੁਣਦਿਆਂ ਭਗਵੰਤ ਮਾਨ ਨੇ ਕੇਰੇ ਹੰਝੂ, ਸਟੇਜ ਤੋਂ ਭਾਵੁਕ ਹੋਏ ਨੇ ਆਖੀ ਵੱਡੀ ਗੱਲ

ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹ ਖੇਪ ਪਾਕਿਸਤਾਨ ਵਿੱਚ ਡੇਰਾ ਲਾਈ ਬੈਠੇ ਆਈ. ਐੱਸ. ਵਾਈ. ਐੱਫ. ਦੇ ਪ੍ਰਧਾਨ ਲਖਬੀਰ ਸਿੰਘ ਰੋਡੇ ਵੱਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਮਾਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ। ਅਮਨਦੀਪ ਉਰਫ਼ ਮੰਤਰੀ ਤੋਂ ਇਲਾਵਾ ਗੁਰਵਿੰਦਰ ਸਿੰਘ ਉਰਫ਼ ਗਿੰਦੀ ਪਿੰਡ ਖਰਲ (ਗੁਰਦਾਸਪੁਰ), ਪਰਮਿੰਦਰ ਕੁਮਾਰ ਰੋਹਿਤ ਉਰਫ਼ ਰੋਹਤਾ ਵਾਸੀ ਖਰਲ, ਰਜਿੰਦਰ ਸਿੰਘ ਉਰਫ਼ ਮੱਲ੍ਹੀ ਉਰਫ਼ ਨਿੱਕੂ ਵਾਸੀ ਗੁੰਨੂਪੁਰ, ਹਰਪ੍ਰੀਤ ਸਿੰਘ ਉਰਫ਼ ਢੋਲਕੀ ਵਾਸੀ ਗੋਤਪੋਕ ਅਤੇ ਰਮਨ ਕੁਮਾਰ ਵਾਸੀ ਗਾਜੀਕੋਟ (ਗੁਰਦਾਸਪੁਰ) ਦਾ 20 ਜਨਵਰੀ ਤੱਕ ਪੁਲਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਨਵਾਂਸ਼ਹਿਰ ਪੁਲਸ ਨੇ 10 ਜਨਵਰੀ ਨੂੰ ਇਨ੍ਹਾਂ ਨੂੰ ਕਾਬੂ ਕਰਕੇ 6 ਹੱਥ ਗੋਲੇ, 1 ਪਿਸਤੌਲ, 1 ਰਾਇਫ਼ਲ, ਜ਼ਿੰਦਾ ਰੌਂਦ ਤੇ ਮੈਗਜ਼ੀਨ ਬਰਾਮਦ ਕੀਤਾ ਸੀ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਕਥਿਤ ਦੋਸ਼ੀਆਂ ਦੇ ਤਾਰ ਪਾਕਿਸਤਾਨ 'ਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਲਖਵੀਰ ਸਿੰਘ ਰੋਡੇ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਦਾ ਜਾਣੋ ਸਿਆਸੀ ਸਫ਼ਰ

ਉਧਰ ਅਮਰੀਕਾ 'ਚ ਬੈਠੇ 'ਰੈਫਰੈਂਡਮ' ਵਾਲੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ ਕਿ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਤਿਰੰਗੇ ਦੀ ਜਗ੍ਹਾ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। 26 ਜਨਵਰੀ ਨੂੰ ਦੇਸ਼ ਭਰ ਵਿੱਚ ਗਣਤੰਤਰ ਦਿਵਸ ਮਨਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਇਕ ਵਾਰ ਫਿਰ ਭਾਰਤ ਵਿਰੋਧੀ ਤਾਕਤਾਂ ਨੇ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਖਾਲਿਸਤਾਨ ਸਮਰਥਕ ਸਮੂਹ ਸਿੱਖ ਫਾਰ ਜਸਟਿਸ ਵੱਲੋਂ ਇਕ ਨਵੀਂ ਧਮਕੀ ਦਿੱਤੀ ਗਈ ਹੈ, ਜਿਸ ਵਿੱਚ ਭਾਰਤ 'ਚ ਤਿਰੰਗੇ ਦੀ ਥਾਂ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਲਈ 10 ਲੱਖ ਡਾਲਰ ਦਾ ਬਜਟ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਨੇ ਕੀਤਾ ਵੱਡਾ ਐਲਾਨ

ਇਸ ਦੇ ਨਾਲ ਹੀ ਤਿਰੰਗੇ ਵਿਰੁੱਧ ਰਚੀ ਗਈ ਸਾਜ਼ਿਸ਼ ਦੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 26 ਜਨਵਰੀ ਨੂੰ ਇਹ ਐਲਾਨ ਕੀਤਾ ਹੈ। ਨਾਲ ਹੀ ਪ੍ਰੋ ਖਾਲਿਸਤਾਨੀ ਗਰੁੱਪ ਵੀਡੀਓ ਸਮੇਤ ਸੋਸ਼ਲ ਮੀਡੀਆ 'ਤੇ ਪੋਸਟਰ ਮੁਹਿੰਮ ਚਲਾ ਰਿਹਾ ਹੈ। 26 ਜਨਵਰੀ ਨੂੰ ਦਿੱਲੀ ਦੇ ਲੋਕਾਂ ਲਈ ਘਰ ਰਹਿਣ, ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਤਿਰੰਗੇ ਝੰਡੇ ਨੂੰ ਰੋਕਣ ਲਈ 1 ਮਿਲੀਅਨ ਡਾਲਰ ਦੇ ਬਜਟ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਏਜੰਸੀਆਂ ਅਮਰੀਕੀ ਸਰਕਾਰ ਨਾਲ ਮਿਲ ਕੇ ਪੰਨੂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਨੂ ਵੱਲੋਂ ਇਹ ਧਮਕੀ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਕੁਰਬਾਨੀ ਕਰਕੇ ਦਿੱਤੀ ਗਈ ਹੈ। ਗੁਰਪਤਵੰਤ ਸਿੰਘ ਪੰਨੂ ਵੱਲੋਂ ਵਿਦੇਸ਼ ਤੋਂ ਹਰ ਰੋਜ਼ ਵੀਡੀਓ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਫਿਲਹਾਲ ਸੁਰੱਖਿਆ ਏਜੰਸੀਆਂ ਵੀ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਸੋਸ਼ਲ ਮੀਡੀਆ ਰਾਹੀਂ ਭਾਰਤ ਵਿਰੁੱਧ ਨਫ਼ਰਤ ਫੈਲਾਉਣ ਦੀ ਵੀ ਸਾਜ਼ਿਸ਼ ਰਚਦਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਪੰਨੂ ਦੀ ਤਾਜ਼ਾ ਧਮਕੀ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ਮੋਡ ਵਿੱਚ ਹਨ। ਨਾਲ ਹੀ 26 ਜਨਵਰੀ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਥਿਤ ਖਾਲਿਸਤਾਨੀ ਗਰੁੱਪ 'ਸਿੱਖਸ ਫਾਰ ਜਸਟਿਸ' ਵੱਲੋਂ ਅਕਸਰ ਸਮੇਂ-ਸਮੇਂ 'ਤੇ ਅਜਿਹੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਖਾਲਿਸਤਾਨ ਦੇ ਝੰਡੇ ਲਹਿਰਾਉਣ ਵਾਲਿਆਂ ਨੂੰ ਵੱਡੇ 'ਇਨਾਮ' ਦੇਣ ਦੇ ਵਾਅਦੇ ਵੀ ਕੀਤੇ ਜਾਂਦੇ ਹਨ। 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੇ ਟਰੈਕਟਰ ਮਾਰਚ ਦੇ ਪਰਦੇ ਹੇਠ ਲਾਲ ਕਿਲੇ ਉੱਤੇ ਖਰੂਦੀਆਂ ਵੱਲੋਂ ਹਲਚਲ ਮਚਾਈ ਗਈ ਸੀ ਅਤੇ ਪੁਲਸ 'ਤੇ ਹਮਲੇ ਕੀਤੇ ਗਏ ਸਨ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦਾ ਕੇਜਰੀਵਾਲ ’ਤੇ ਵੱਡਾ ਨਿਸ਼ਾਨਾ, ਕਿਹਾ-ਕਾਂਗਰਸ ਦੀ ਸਾਰੀ ਜੂਠ 'ਆਪ' ਕੋਲ

5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸੜਕ ਰੋਕੇ ਜਾਣ ਦੇ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਸ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਹੈ। ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਸਮੱਗਲ ਕਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। 26 ਜਨਵਰੀ ਨੂੰ ਆ ਰਹੇ ਗਣਤੰਤਰ ਦਿਵਸ ਅਤੇ 5 ਸੂਬਿਆਂ ਦੀਆਂ ਚੋਣਾਂ ਦੌਰਾਨ ਦਹਿਸ਼ਤੀ ਹਮਲਿਆਂ ਦਾ ਡਰ ਬਹੁਤ ਵਧ ਗਿਆ ਹੈ। ਇਸ ਲਈ ਪੰਜਾਬ ਨੂੰ ਹੀ ਨਹੀਂ, ਬਲਕਿ ਪੂਰੇ ਦੇਸ਼ ਦੀਆਂ ਸਰਕਾਰਾਂ ਨੂੰ ਸੁਚੇਤ ਰਹਿਣ ਤੇ ਚੌਕਸੀ ਵਰਤਣ ਦੀ ਲੋੜ ਹੈ, ਜਿਸ ਨਾਲ ਬੇਗੁਨਾਹਾਂ ਦੀਆਂ ਜਾਨਾਂ ਹੀ ਨਹੀਂ ਸਗੋਂ ਜਾਨੀ-ਮਾਲੀ ਨੁਕਸਾਨ ਦਾ ਵੀ ਬਚਾ ਕੀਤਾ ਜਾ ਸਕੇ।

-ਸੁਰਜੀਤ ਸਿੰਘ ਫਲੋਰਾ


Harnek Seechewal

Content Editor

Related News