ਨਹੀਂ ਮਿਟਣੀਆਂ
Wednesday, Jul 04, 2018 - 04:28 PM (IST)
ਨਹੀਂ ਮਿਟਣੀਆਂ
ਸਾਡੀਆਂ ਨਿੱਕੇ-2 ਬੂਟਾਂ ਨਾਲ
ਚੀਂ-2 ਕਰਦੀਆਂ ਨਿੱਕੀਆਂ-2 ਪਾਈਆਂ ਪੈੜਾਂ
ਪਿੰਡ ਦੀਆਂ ਗਲੀਆਂ ਗੁਆਂਢਾਂ 'ਚੋਂ
ਪਿੰਡ ਦੀ ਰਾਤ 'ਚ
ਮੰਜਿਆਂ ਦੇ ਨੇੜੇ ਕੀਤਾ ਫੜ ਕੇ ਸਾਰਾ ਅਸਮਾਨ
ਤਾਰਿਆਂ ਨਾਲ ਮੁੱਠੀਆਂ ਭਰ-2
ਖੇਡਦੀਆਂ ਅੱਖਾਂ
ਛੱਤਾਂ ਦੀਆਂ ਬਾਤਾਂ ਰੌਣਕਾਂ
ਚਾਨਣੀ 'ਚ ਛੂਹਣ ਛੁਪਾਈ
ਕਿਸੇ ਦਿਨ ਫਿਰ
ਅੱਡੀ ਛੜੱਪੇ ਲਾਉਣੇ
ਅੱਡਾ ਖੱਡਾ ਖੇਡਣਾ
ਇਕ ਲੱਤ ਨਾਲ ਸਾਰੀ ਧਰਤ ਤੇ ਖੜ੍ਹ ਕੇ
ਲੱਭਣ-2 ਚੋਰ ਸਿਪਾਹੀ ਦਾ
ਅਸਮਾਨੀ ਤਾਰਿਆਂ ਦੀ ਵਗਦੀ ਨਦੀ
ਲਿਸ਼ਕ ਧਰੂ ਭਗਤ ਦੀ
ਵਹਿੰਗੀ ਸਰਵਣ ਦੀ
ਕੂਕਾਂ ਮੋਰਾਂ ਦੀਆਂ ਟੀਂ-2 ਟਟੀਰੀ ਦੀ
ਗੜੈਂ-2 ਡੱਡੂਆਂ ਦੀ
ਹਨੇਰੇ ਤੜ੍ਹਕੇ 'ਚ ਘੁੰਗਰੂਆਂ ਦੇ ਬੋਲ
ਗੱਡਿਆਂ ਦੇ ਰਾਗ ਪੰਛੀਆਂ ਦੇ ਗੀਤ
ਸ਼ਬਦ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ
ਨਾਨਕ ਜਿਵੇਂ ਆਪ ਪਿੰਡ ਆ ਗਿਆ ਹੋਵੇ
ਮਧਾਣੀਆਂ ਦੀਆਂ ਘੁੰਮਕਾਰਾਂ
ਚੂੜਿਆਂ ਦੀਆਂ ਛਣਕਾਰਾਂ
ਕੰਮਾਂ ਕਾਰਾਂ ਨੂੰ ਜਾਂਦੀ ਮਿਹਨਤ
ਸਕੂਲਾਂ ਕਾਲਜਾਂ ਨੂੰ ਜਾਂਦੇ ਭਵਿੱਖ
ਕਿਤੇ-2 ਗੀਤ ਹਲਟਾਂ ਦੇ
ਮਹਿਕਾਂ ਉਡਦੀਆਂ ਆਉਣ
ਸੱਜਰੇ ਤੱਤੇ ਗੁੜ੍ਹ ਦੀਆਂ
ਗੰਨੇ ਦੇ ਰਸ 'ਚ
ਲੱਸੀ ਦੇ ਘੋਲ-2 ਪੀਤੇ ਨਗ਼ਮੇ
ਕੱਚੀਆਂ ਗਾਜਰ ਮੂਲੀਆਂ ਦੀਆਂ ਪੁੱਟ-2
ਆੜ 'ਚ ਧੋ-2 ਮਾਣੀਆਂ ਲੱਜ਼ਤਾਂ
ਜਾਣ ਬੁੱਝ ਵੱਟਾਂ ਤੇ ਟੁਰਨਾ
ਤੇ ਵਾਰ-2 ਡਿੱਗਣਾਂ
ਅਜੇ ਫਿਰ ਆ ਕੇ ਅਸੀਂ
ਰੇਤ ਦੇ ਘਰ ਬਨਾਉਣੇ ਤੇ ਆਪੇ ਹੀ ਢਾਉਣੇ ਨੇ
ਛੱਲੀਆਂ ਚੱਬਣੀਆਂ
ਹੋਲਾਂ ਖਾ-2 ਮੂੰਹ ਲਵੇੜ 2 ਹੱਸਣਾ
ਪਤੰਗ ਉਡਾ-2
ਅਜੇ ਲਾਉਣੇ ਨੇ ਪਿੰਡਾਂ ਦੇ ਅੰਬਰਾਂ ਨੂੰ
ਖੋਜੀਆਂ ਤੋਂ ਖੁਰਾ ਕਢਵਾਉਣਾ ਅਜੇ ਚੋਰਾਂ ਦਾ
ਜੋ ਗਵਾਂਢੀਆਂ ਦੇ ਸੰਨ ਲਾ ਗਏ ਸਨ ਰਾਤੀਂ
ਸਰੋਂ ਦੇ ਝੂਮਰ ਪਾਉਂਦੇ
ਖੇਤਾਂ ਦੇ ਨਜ਼ਾਰੇ ਨਾਲ ਨੱਚਣਾ
ਸਾਗ 'ਚ ਤਰਦਾ ਘਿਓ ਪਾ
ਮੱਕੀ ਦੀਆਂ ਬਿਨਾਂ ਗਿਣੇ ਰੋਟੀਆਂ ਦਾ ਮਜ਼ਾ ਲੈਣਾ
ਹਰਿਮੰਦਰ ਦੀ ਪਰਿਕਰਮਾ ਕਰਨੀ ਹੈ ਅਜੇ
ਅਨਹਦ ਨਾਦ ਛੇੜਨਾ
ਸਰੋਵਰ 'ਚ ਸੁਨਹਿਰੀ ਤਰਦੀਆਂ
ਤੋਰਾਂ ਦੇਖਣੀਆਂ ਆ ਕੇ
ਨੁੱਕਰ 'ਚ ਬੈਠ ਕਿਤੇ ਯਾਦ ਕਰਨਾ ਨਨਕਾਣੇ ਵਾਲੇ ਨੂੰ
ਅਜੇ ਤਾਂ ਕਬੱਡੀ ਜਿੱਤ ਕੇ
ਲਿਆਉਣੀ ਹੈ ਪਿੰਡ ਲਈ
ਬੇੜੀ ਬਣਾ ਕੇ ਤਾਰਨੀ ਹੈ ਕਾਗਜ਼ ਦੀ ਮੀਂਹਾਂ 'ਚ
ਭੰਬੀਰੀਆਂ ਬਣਾ-2 ਦੌੜਨਾ ਗਲੀਆਂ ਚ
ਚੈਨ 'ਚੋਂ ਪਜ਼ਾਮਾ ਕੱਢਣਾ ਕਾਲਾ ਹੋਇਆ
ਪੰਘੂੜੇ ਝੂਟਣੇ
ਐਨਕਾਂ ਲਿਆਉਣੀਆਂ ਸਿੰਝ 'ਚੋਂ
ਹੀਰ ਦੀਆਂ-2 ਤਰਜ਼ਾਂ ਕੱਢਣੀਆਂ ਪੀਪਣੀਆਂ ਬਣਾ ਕੇ
ਨੱਚਣਾ ਤੇ ਹੱਸਣਾ ਅਜੇ ਕੱਛਾਂ ਵਜਾ ਕੇ
ਹੁਣ ਤਕ ਤਾਂ ਚੀਕਣੀ ਮਿੱਟੀ ਦੇ ਬਣਾਏ
ਧੁੱਪੇ ਪਾਏ ਖਿਡੌਣੇ ਵੀ ਸੁੱਕ ਗਏ ਹੋਣਗੇ ਮੇਰੇ
ਕਤੂਰੇ ਗਿਣਨੇ ਅਜੇ
ਪਰਾਲੀ 'ਚ ਦਿਤੇ ਰਾਣੋ ਦੇ
ਜਾਮਣਾਂ ਪੱਕ ਗਈਆਂ ਹੋਣਗੀਆਂ ਖੂਹਾਂ 'ਤੇ
ਮਲ੍ਹਿਆਂ ਦੇ ਬੇਰ
ਥੋਹਰਾਂ ਦੇ ਕੰਡੇ ਹੋਣੇ ਲਵਾਉਣ ਨੂੰ ਬਥੇਰੇ
ਕਾਲੀਆਂ ਘਟਾਵਾਂ ਹੋਣੀਆਂ ਚੜ੍ਹੀਆਂ
ਪਸ਼ੂ ਰੱਜ ਗਏ ਹੋਣੇ ਚਰਦੇ
ਖੀਸੇ ਆਕੜ ਗਏ ਹੋਣਗੇ ਗੁੜ ਨਾਲ
ਵੱਡੀ ਪਿੰਨੀ ਤੇ ਅੱਖ-ਰੱਖ ਚੱਕਣੀ
ਵੱਡਾ ਲੱਡੂ ਚੱਕਣ ਤੇ ਖੌਰੂ ਪਾਉਣਾ ਆ ਕੇ ਅਜੇ
ਰੇਤ ਤੇ ਲਿਟ-2 ਅਜੇ ਅਰਸ਼ ਤੱਕਣਾ
ਮੇਲੇ ਦੇਖਣੇ ਅੰਬਰ ਦੇ ਮੋਢਿਆਂ ਤੇ ਚੜ੍ਹ ਕੇ
ਪਿੰਡ ਦੇ ਬਨ੍ਹੇਰਿਆਂ ਤੇ ਅਜੇ ਸਪੀਕਰ ਬੰਨਣੇ
ਰੀਕਾਰਡ ਲਵਾਉਣੇ ਅਜੇ ਮਨ ਪਸੰਦੀ ਦੇ
ਅਜੇ ਤਾਂ ਕਬਰਾਂ ਦੇ ਰਾਹ ਪਏ
ਯਾਰ ਘਰਾਂ ਵੱਲ ਮੋੜਨੇ ਨੇ
ਰੁੱਖਾਂ ਨੂੰ ਪੁੱਛਣਾ ਹੈ ਅਜੇ
ਮਾਂ ਮੱਤ
ਤੇ ਬਾਪੂ ਵਰਗੀ ਛੱਤ ਦਾ ਸਿਰਨਾਵਾਂ
ਘਰਾਂ 'ਚੋਂ ਲੱਭਣੇ ਨੇ ਟੁੱਟੇ ਜੋੜੇ ਸਾਂਭੇ ਖਿਡੌਣੇ
ਜੰਗਾਲੇ ਜ਼ੰਦਰਿਆਂ ਦੇ ਹੇਠੋਂ
ਅਜੇ ਅਣਗਿਣਤ ਅੱਥਰੂ ਕਿਰੇ ਟੋਲਣੇ ਨੇ
ਬੂਹਿਆਂ ਨਾਲ ਲਟਕ-2
ਅਜੇ ਲੱਭਣੀਆਂ ਨੇ ਗੁਆਚੀਆਂ ਲੋਰੀਆਂ
ਰਾਹਾਂ 'ਚੋਂ ਵਗਦੇ ਹੰਝੂਆਂ ਦੇ ਦਰਿਆ ਰੋਕਣੇ ਅਜੇ
ਡਾ. ਅਮਰਜੀਤ ਟਾਂਡਾ
