ਵਿਕਲਾਂਗਤਾ-ਇੱਕ ਚੁਣੌਤੀ ਅਤੇ ਸਮਾਧਾਨ

06/11/2020 3:08:05 PM

ਵਿਕਲਾਂਗਤਾ ਸ਼ਬਦ ਦਾ ਅਰਥ ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਕੋਈ ਅੰਗ ਕੰਮ ਨਾ ਕਰਦਾ ਹੋਵੇ ਭਾਵ ਸਰੀਰ ਦੇ ਕਿਸੇ ਅੰਗ ਵਿੱਚ ਵਿਕਰਤੀ ਹੋਵੇ। ਵਿਕਲਾਂਗਤਾ ਜਨਮ ਤੋਂ ਵੀ ਹੋ ਸਕਦੀ ਹੈ ਅਤੇ ਬਾਅਦ ਵਿੱਚ ਵੀ ਕਿਸੇ ਦੁਰਘਟਨਾ ਕਾਰਨ ਵੀ ਹੋ ਸਕਦੀ ਹੈ। ਆਮ ਤੌਰ ’ਤੇ ਬੁਢਾਪੇ ਵਿੱਚ ਵਿਅਕਤੀ ਦੇ ਅੰਗ ਕੰਮ ਕਰਨ ਤੋਂ ਅਸਮਰਥ ਹੋ ਜਾਂਦੇ ਹਨ, ਉਸ ਵੇਲੇ ਵੀ ਵਿਕਲਾਂਗਤਾ ਹੋ ਸਕਦੀ ਹੈ। ਵਿਕਲਾਂਗਤਾ ਇੱਕ ਬਹੁਤ ਵੱਡੀ ਚੁਣੌਤੀ ਹੈ। ਸਭ ਤੋਂ ਪਹਿਲਾਂ ਉਸ ਮਨੁੱਖ ਲਈ, ਜੋ ਇਸ ਤੋਂ ਗ੍ਰਸਤ ਹੈ। ਉਹ ਇੱਕ ਆਮ ਮਨੁੱਖ ਦੀ ਜ਼ਿੰਦਗੀ ਨਹੀਂ ਜੀ ਸਕਦਾ। ਉਸਦੇ ਸਰੀਰ ਦੇ ਕਿਸੇ ਵੀ ਅੰਗ ਦੀ ਅਸਮਰਥਤਾ ਉਸਨੂੰ ਬਾਕੀ ਮਨੁੱਖਾਂ ਤੋਂ ਵੱਖ ਕਰ ਦਿੰਦੀ ਹੈ। ਨਤੀਜੇ ਵਜੋਂ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਮਨੁੱਖ ਦੇ ਜੀਵਨ ਦਾ ਹਰ ਪਲ ਉਸ ਲਈ ਚੁਣੌਤੀ ਬਣਿਆ ਰਹਿੰਦਾ ਹੈ ।

ਦੂਸਰੀ ਚੁਣੌਤੀ ਉਸ ਪਰਿਵਾਰ ਲਈ ਹੁੰਦੀ ਹੈ, ਜਿਸ ਵਿੱਚ ਕਿਸੇ ਅਪਾਹਜ ਵਿਅਕਤੀ ਦਾ ਜਨਮ ਹੁੰਦਾ ਹੈ। ਉਸ ਪਰਿਵਾਰ ਦਾ ਹਰ ਵਿਅਕਤੀ ਹਮੇਸ਼ਾ ਮਾਨਸਿਕ ਬੋਝ ਨੂੰ ਲੈ ਕੇ ਜਿਊਂਦਾ ਹੈ। ਇੱਕ ਤਾਂ ਅਪਾਹਜ ਵਿਅਕਤੀ ਦੇ ਪਾਲਣ ਪੋਸ਼ਣ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਜੂਝਣਾ ਪੈਂਦਾ ਹੈ। ਦੂਸਰਾ ਉਸ ਬੱਚੇ ਦੇ ਭਵਿੱਖ ਨੂੰ ਲੈ ਕੇ ਪਰਿਵਾਰ ਵਿੱਚ ਹਮੇਸ਼ਾ ਡਰ ਅਤੇ ਚਿੰਤਾ ਦਾ ਵਾਸ ਹੁੰਦਾ ਹੈ ।

ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਤੀਸਰੀ ਚੁਣੌਤੀ ਵਿਕਲਾਂਗ ਵਿਅਕਤੀ ਲਈ ਸਮਾਜ ਹੈ। ਸਮਾਜ ਦਾ ਨਜ਼ਰੀਆ ਇੱਕ ਵਿਕਲਾਂਗ ਲਈ ਵਧੀਆ ਨਹੀਂ ਹੈ। ਉਸਨੂੰ ਜਨਮ ਤੋਂ ਹੀ ਨਕਾਰਾ ਮੰਨ ਲਿਆ ਜਾਂਦਾ ਹੈ । ਉਸਦੀ ਅਸਮਰਥਾ ਲਈ ਉਸਦਾ ਮਖੌਲ ਉਡਾਇਆ ਜਾਂਦਾ ਹੈ ।ਕਦੇ ਉਹ ਲੋਕਾਂ ਲਈ ਦਯਾ ਦਾ ਪਾਤਰ ਹੁੰਦਾ ਹੈ ਤੇ ਕਦੇ ਨਫਰਤ ਦਾ । ਸਮਾਜ ਉਸ ਨੂੰ ਖਿੜ੍ਹੇ ਮੱਥੇ ਸਵੀਕਾਰ ਨਹੀਂ ਕਰਦਾ ਬਲਕਿ ਉਸ ਦੀ ਹੋਂਦ ਨੂੰ ਹਰ ਪਲ ਚੁਣੌਤੀ ਦਿੱਤੀ ਜਾਂਦੀ ਹੈ । ਸਮਾਜ ਦਾ ਵਤੀਰਾ ਵਿਕਲਾਂਗ ਲਈ ਬਹੁੱਤ ਬੇਰੁਖਾ ਅਤੇ ਸੰਵੇਦਨਹੀਣ ਹੁੰਦਾ ਹੈ । ਜਿਸ ਦੇ ਨਤੀਜੇ ਵਜੋਂ ਇੱਕ ਵਿਕਲਾਂਗ ਵਿਅਕਤੀ ਦਾ ਮਨੋਬਲ ਗਿਰਦਾ ਰਹਿੰਦਾ ਹੈ ਅਤੇ ਕਦੇ ਕਦੇ ਉਹ ਆਤਮਹੱਤਿਆ ਵਰਗੇ ਘਿਨੌਣੇ ਕੰਮ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਇੱਕ ਤਾਂ ਪਹਿਲਾਂ ਹੀ ਉਹ ਸ਼ਰੀਰਕ ਅਤੇ ਮਾਨਸਿਕ ਵੇਦਨਾ ਭੋਗ ਰਿਹਾ ਹੁੰਦਾ ਹੈ, ਉਸ ਉੱਤੇ ਬਾਰ-ਬਾਰ ਅਪਮਾਨ ਅਤੇ ਬੇਰੁਖੀ ਉਸ ਨੂੰ ਮਾਨਸਿਕ ਰੂਪ ਵਿੱਚ ਹੋਰ ਜ਼ਖਮੀ ਕਰ ਦਿੰਦੀ ਹੈ ।

ਪੜ੍ਹੋ ਇਹ ਵੀ - ਸਿੱਖਿਆਰਥੀਆਂ ਲਈ ਵਿਸ਼ੇਸ਼ : ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਕੀ ਪੜ੍ਹੀਏ, ਕੀ ਕਰੀਏ 

ਚੌਥੀ ਚੁਣੌਤੀ ਸਰਕਾਰ ਦਾ ਰਵੱਈਆ ਅਤੇ ਨੀਤੀਆਂ ਹਨ। ਸਰਕਾਰ ਜੋ ਵੀ ਨੀਤੀਆਂ ਅਪਾਹਜ ਲੋਕਾਂ ਦੀ ਭਲਾਈ ਲਈ ਬਣਾਉਂਦੀ ਹੈ ਉਹ ਸਹੀ ਰੂਪ ਵਿੱਚ ਵਿਕਲਾਂਗ ਲੋਕਾਂ ਤੱਕ ਨਹੀਂ ਪਹੁੰਚਦੀਆਂ। ਜ਼ਿਆਦਾਤਰ ਵਿਕਲਾਂਗ ਸਰਕਾਰ ਦੁਆਰਾ ਦਿੱਤੀਆਂ ਗਈਆਂ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ। ਵਿਕਲਾਂਗਤਾ ਇੱਕ ਅਜਿਹਾ ਅਭਿਸ਼ਾਪ ਹੈ, ਜਿਸਨੂੰ ਵਿਅਕਤੀ ਸਾਰੀ ਜ਼ਿੰਦਗੀ ਭੋਗਦਾ ਹੈ ਪਰ ਜੇ ਵਿਅਕਤੀ ਨਿੱਜੀ ਰੂਪ ਵਿੱਚ ਆਤਮ ਵਿਸ਼ਵਾਸ ਅਤੇ ਦ੍ਰਿੜ ਨਿਸ਼ਚਾ ਪੈਦਾ ਕਰ ਲਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਜਿੱਤਿਆ ਜਾ ਸਕਦਾ ਹੈ। ਇੱਕ ਸਰੀਰਕ ਰੂਪ ਵਿੱਚ ਵਿਕਲਾਂਗ ਵਿਅਕਤੀ ਲਈ ਆਤਮਨਿਰਭਰ ਹੋਣ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਸਹਿਣ ਵਿੱਚ ਵਿੱਦਿਆ ਬਹੁੱਤ ਵੱਡੀ ਭੂਮਿਕਾ ਨਿਭਾਉਂਦੀ ਹੈ। ਵਿੱਦਿਆ ਇੱਕ ਉਹ ਵਡਮੁੱਲਾ ਗਹਿਣਾ ਹੈ, ਜਿਸ ਨਾਲ ਇਕ ਵਿਕਲਾਂਗ ਸਮਾਜ ਵਿੱਚ ਮਾਣਯੋਗ ਥਾਂ ਪ੍ਰਾਪਤ ਕਰ ਸਕਦਾ ਹੈ। ਮਜਬੂਤ ਇੱਛਾ ਸ਼ਕਤੀ ਅਤੇ ਵਿੱਦਿਆ ਦੇ ਭਰੋਸੇ ਆਤਮ ਨਿਰਭਰ ਬਣਿਆ ਜਾ ਸਕਦਾ ਹੈ ਅਤੇ ਸਨਮਾਨ ਭਰੀ ਜ਼ਿੰਦਗੀ ਵਤੀਤ ਕੀਤੀ ਜਾ ਸਕਦੀ ਹੈ ।

ਪੜ੍ਹੋ ਇਹ ਵੀ - ਨੇਤਰਹੀਣ ਵਿਅਕਤੀਆਂ ਲਈ ਸਪਰਸ਼ ਕਰਨ ਤੇ ਲਿਖਣ ਦੀ ਇੱਕ ਪ੍ਰਣਾਲੀ :‘ਬ੍ਰੇਲ ਲਿੱਪੀ’

ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਕਲਾਂਗ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਅਜਿਹਾ ਵਾਤਵਰਣ ਮੁਹੱਈਆ ਕਰਵਾਇਆ ਜਾਵੇ ਕਿ ਉਹ ਬੱਚਾ ਖੁਦ ਨੂੰ ਦੂਜਿਆਂ ਤੋਂ ਅਲੱਗ ਨਾ ਸਮਝੇ। ਵਿਸ਼ੇਸ਼ ਤੌਰ ’ਤੇ ਉਸ ਦੀ ਪੜ੍ਹਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਉਸ ਨਾਲ ਕੋਈ ਭੇਦਭਾਵ ਨਾ ਕੀਤਾ ਜਾਵੇ। ਸਗੋਂ ਉਸਦੀ ਸਰੀਰਕ ਕਮਜ਼ੋਰੀ ਨੂੰ ਉਸਦੀ ਤਾਕਤ ਦੇ ਰੂਪ ਵਿੱਚ ਸਵੀਕਾਰ ਕਰਨ ਵਿੱਚ ਸਹਾਈ ਹੋਣਾ ਚਾਹੀਦਾ ਹੈ। ਪਹਿਲੀ ਇਕਾਈ ਪਰਿਵਾਰ ਹੀ ਹੈ, ਜਿਹੜੀ ਵਿਕਲਾਂਗ ਵਿਅਕਤੀ ਦਾ ਆਤਮ ਵਿਸ਼ਵਾਸ ਬਣਾਉਣ ਵਿੱਚ ਮਜ਼ਬੂਤ ਨੀਂਵ ਦਾ ਕੰਮ ਕਰਦੀ ਹੈ।

ਸਮਾਜ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਵਿਕਲਾਂਗ ਵਿਅਕਤੀਆਂ ਨਾਲ ਭੇਦ-ਭਾਵ ਦੀ ਭਾਵਨਾ ਨਹੀਂ ਸਗੋਂ ਪਿਆਰ ਅਤੇ ਸਹਿਯੋਗ ਦੀ ਭਾਵਨਾ ਨਾਲ ਵਤੀਰਾ ਕਰਨ। ਮਾਨਸਿਕ ਰੂਪ ਵਿੱਚ ਵਿਕਲ਼ਾਂਗ ਵਿਅਕਤੀ ਦਾ ਜੀਵਨ ਸਰੀਰਕ ਪੱਖੋ ਵਿਕਲਾਂਗ ਨਾਲੋ ਵੀ ਜ਼ਿਆਦਾ ਦੁਖਦਾਈ ਹੁੰਦਾ ਹੈ। ਇਸ ਲਈ ਸਰੀਰਕ ਅਤੇ ਮਾਨਸਿਕ ਦੋਵੇ ਤਰਾਂ ਦੇ ਅਸਮਰਥ ਵਿਅਕਤੀਆਂ ਦੀ ਸਹਾਇਤਾ ਕਰਨਾ, ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਨਾ, ਉਨ੍ਹਾਂ ਦੁਆਰਾ ਕੀਤੇ ਛੋਟੇ-ਛੋਟੇ ਯਤਨਾਂ ਦੀ ਵੀ ਸ਼ਲਾਘਾ ਕਰਨਾ ਤਾਂਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧ ਸਕੇ। ਉਨ੍ਹਾਂ ਨੂੰ ਸਵੈ-ਰੁਜ਼ਗਾਰ ਜਾਂ ਆਤਮ ਨਿਰਭਰ ਹੋਣ ਦੇ ਮੌਕੇ ਪ੍ਰਦਾਨ ਕਰਨਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ। ਖਾਸ ਤੌਰ ’ਤੇ ਸਮਾਜ ਦੇ ਰਵੱਈਏ ਦੇ ਬਦਲਣ ਦੀ ਲੋੜ ਹੈ ਤਾਂ ਜੋ ਪਹਿਲਾਂ ਤੋਂ ਹੀ ਤ੍ਰਾਸਦੀ ਭੋਗਦਾ ਵਿਅਕਤੀ ਹੋਰ ਦੁੱਖ ਨਾਲ ਪੀੜਤ ਨਾ ਹੋਵੇ । ਸਮਾਜ ਐੱਨ.ਜੀ.ਓ. ਦੇ ਰੂਪ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹੈ ।

ਪੜ੍ਹੋ ਇਹ ਵੀ - ਮੋਟਾਪਾ ਦੂਰ ਕਰਨ ਲਈ ਪੀਓ ਲੂਣ ਵਾਲਾ ਪਾਣੀ, ਜਾਣੋ ਇਸ ਦੇ ਹੋਰ ਵੀ ਫਾਇਦੇ

ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਵਿਕਲਾਂਗ ਵਿਅਕਤੀ ਉਸ ਦਾ ਹੀ ਅੰਗ ਅਤੇ ਨਾਗਰਿਕ ਹਨ। ਉਨ੍ਹਾਂ ਨੂੰ ਬਾਕੀ ਨਾਗਰਿਕਾਂ ਵਾਂਗ ਸਮਾਨ ਅਧਿਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇ। ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੀਤੀਆਂ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਗਰਾਉਂਡ ਲੈਵਲ ’ਤੇ ਪੀੜਤ ਵਿਅਕਤੀਆਂ ਤੱਕ ਮੁਹੱਈਆ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ । ਮਾਨਸਿਕ ਵਿਕਲਾਂਗ ਵਿਅਕਤੀਆਂ ਲਈ ਵੱਖ-ਵੱਖ ਖੇਤਰਾਂ ਵਿੱਚ ਮਾਨਸਿਕ ਵਿਕਲਾਂਗ ਕੇਂਦਰ ਖੋਲ੍ਹੇ ਜਾਣੇ ਚਾਹੀਦੇ ਹਨ। ਇਕਲੂਜਿਵ ਐਜੂਕੇਸ਼ਨ (Inclusive Education) ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ, ਤਾਂ ਜੋ ਸਮਾਜ ਦਾ ਅਪਾਹਜਾਂ ਪ੍ਰਤੀ ਵਿਤਕਰੇ ਦੀ ਭਾਵਨਾ ਖਤਮ ਹੋਵੇ । ਹਰ ਪਬਲਿਕ ਥਾਂ ਜਿਵੇਂ ਬਸ ਅੱਡਾ, ਰੇਲਵੇ ਸਟੇਸ਼ਨ, ਬੈਂਕ, ਹਸਪਤਾਲ, ਸ਼ਾਪਿੰਗ ਕੰਪਲੈਕਸ, ਧਾਰਮਿਕ ਥਾਵਾਂ ਆਦਿ ’ਤੇ ਵਿਕਲਾਂਗ ਵਿਅਕਤਆਂ ਦੀ ਪਹੁੰਚ ਸੁਖਾਲੀ ਹੋਣੀ ਚਾਹੀਦੀ ਹੈ। ਰੈਂਪ ਅਤੇ ਵਿਸ਼ੇਸ਼ ਟੁਆਇਲਟਸ ਦੀ ਵਿਵਸਥਾ ਹਰ ਥਾਂ ’ਤੇ ਹੋਣੀ ਚਾਹੀਦੀ ਹੈ । ਇੱਥੋਂ ਤੱਕ ਕਿ ਹੋਟਲ, ਰਿਜਾਰਟ ਆਦਿ ਵਿੱਚ ਵੀ ਇਹ ਸੁਵਿਧਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਵਿਕਲਾਂਗ ਵਿਅਕਤੀਆਂ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਪਰਿਵਾਰ ’ਤੇ ਬੋਝ ਨਾ ਬਨਣ ਬਲਕਿ ਖੁਦ ਦੂਜਿਆਂ ਨੂੰ ਪਾਲਣ ਦੇ ਸਮਰੱਥ ਬਣ ਜਾਣ ।

ਪੜ੍ਹੋ ਇਹ ਵੀ - ਇਮਤਿਹਾਨ 'ਚ ਫ਼ੇਲ੍ਹ ਹੋਣਾ, ਜ਼ਿੰਦਗੀ 'ਚ ਫੇਲ੍ਹ ਹੋਣਾ ਨਹੀਂ ਹੁੰਦਾ

ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਵਿਕਲਾਂਗਤਾ ਇਕ ਸਰਾਪ ਜ਼ਰੂਰ ਹੈ ਪਰ ਅਗਰ ਮਾਤਾ ਪਿਤਾ ਅਤੇ ਸਰਕਾਰ ਸਹੀ ਭੂਮਿਕਾ ਨਿਭਾਉਣ, ਸਮਾਜ ਦਾ ਉਨ੍ਹਾਂ ਪ੍ਰਤੀ ਨਜ਼ਰੀਆ ਅਤੇ ਰਵੱਈਆ ਬਦਲ ਜਾਵੇ ਅਤੇ ਪੀੜਤ ਵਿਅਕਤੀ ਵਿੱਚ ਆਤਮ ਵਿਸ਼ਵਾਸ ਪੈਦਾ ਹੋ ਜਾਵੇ ਅਤੇ ਉਹ ਆਪਣੇ ਆਪ ਨੂੰ ਸਿੱਖਿਅਤ ਕਰ ਲਵੇ ਤਾਂ ਉਹ ਇੱਕ ਉਪਯੋਗੀ ਜੀਵਨ ਵਤੀਤ ਕਰ ਸਕਦਾ ਹੈ। ਸਰੀਰਕ ਵਿਕਲਾਂਗਤਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਦੀ ਪਰ ਮਾਨਸਿਕ ਵਿਕਲਾਂਗਤਾ ਅਰਥਾਤ ਮਾੜੀ ਸੋਚ ਸਮਾਜ ਨੂੰ ਹੋਰ ਨਿਘਾਰ ਵੱਲ ਲੈ ਕੇ ਜਾਂਦੀ ਹੈ। ਆਉ ਅਸੀਂ ਵਿਕਲਾਂਗ ਵਿਅਕਤੀਆਂ ਦੇ ਵੱਲ ਪਿਆਰ ਅਤੇ ਸਹਿਯੋਗ ਦਾ ਹੱਥ ਵਧਾਈਏ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਸਵੀਕਾਰੀਏ, ਤਾਂ ਜੋ ਉਹ ਹੀਣ ਭਾਵਨਾ ’ਚੋਂ ਬਾਹਰ ਨਿਕਲ ਕੇ ਸਨਮਾਨਯੋਗ ਜੀਵਨ ਜੀ ਸਕਣ।

PunjabKesari

ਪੂਜਾ ਸ਼ਰਮਾ   
ਲੈਕਚਰਾਰ (ਅੰਗ੍ਰੇਜ਼ੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
Mobile No: 9914459035
Email: poojaplanet@ reddifmail.com


rajwinder kaur

Content Editor

Related News