ਕੋਰੋਨਾ ਦੀ ਦੂਜੀ ਲਹਿਰ ਅਤੇ ਆਤਮ ਅਨੁਸ਼ਾਸਨ

04/27/2021 4:53:17 PM

ਗਾਂਧੀ ਜੀ ਕਿਹਾ ਕਰਦੇ ਸਨ ਕਿ ਆਤਮ ਅਨੁਸ਼ਾਸਨ ਅਰਥਾਤ ਆਪਣੇ ’ਤੇ ਲਗਾਇਆ ਗਿਆ ਅਨੁਸ਼ਾਸਨ ਕਿਸੇ ਵੀ ਸੱਭਿਅਕ ਸਮਾਜ ਦੀ ਕਸਵੱਟੀ ਹੁੰਦਾ ਹੈ। ਉਨ੍ਹਾਂ ਨੇ ਇਹ ਗੱਲ ਕੇਵਲ ਕਹੀ ਹੀ ਨਹੀਂ ਬਲਕਿ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਵੀ ਕਰਕੇ ਦਿਖਾਇਆ। ਇਹੋ ਹੀ ਕਾਰਨ ਹੈ ਕਿ ਉਨ੍ਹਾਂ ਦਾ ਹਰ ਅੰਦੋਲਨ ਇਸ ਆਤਮ ਅਨੁਸ਼ਾਸਨ ਦੀ ਉਦਾਹਰਣ ਬਣਿਆ। ਦੁਨੀਆ ਕੋਰੋਨਾ ਦੀ ਦੂਸਰੀ ਲਹਿਰ ਤੋਂ ਪਰੇਸ਼ਾਨ ਹੋਈ, ਹੁਣ ਚੁਣੌਤੀ ਭਾਰਤ ਅੰਦਰ ਹੈ। ਦੇਸ਼ ਅੰਦਰ ਅਕਸਰ ਮਾਸਕ ਨਾ ਲਗਾਉਣ ਸਮੇਤ ਕਈ ਤਰ੍ਹਾਂ ਦੇ ਅਨੁਸ਼ਾਸਨਹੀਨ ਦ੍ਰਿਸ਼ ਆਮ ਦਿਖਾਈ ਦਿੰਦੇ ਹਨ। ਸਵਾਲ ਹੈ ਕਿ ਕੀ ਆਪਾਂ ਸੰਕਟਾਂ ਨੂੰ ਖ਼ੁਦ ਬੁਲਾਉਦੇ ਹਾਂ ? ਸਮੂਹਿਕ ਵਿਉਹਾਰ ਵਿਚ ਲਾਪਰਵਾਹੀ ਕਿਉਂ ? ਕੀ ਜਨਤਾ ਦੇ ਆਤਮ ਅਨੁਸ਼ਾਸਨ ਦੇ ਬਿਨਾਂ ਵਿਵਸਥਿਤ ਸਮਾਜ, ਰਾਜ ਅਤੇ ਪ੍ਰਣਾਲੀ ਚੱਲ ਸਕਦੀਆਂ ਹਨ ?
ਮੁੰਬਈ ਤੋਂ ਇਕ ਗੱਡੀ ਕਿਸੇ ਰਾਜ ਅੰਦਰ ਪਹੁੰਚਦੀ ਹੈ। ਸਟੇਸ਼ਨ ਉੱਤੇ ਪ੍ਰਬੰਧ ਹੈ ਕੋਰੋਨਾ ਟੈਸਟ ਦਾ। ਜਾਣਕਾਰੀ ਮਿਲਦੇ ਹੀ ਯਾਤਰੀ ਇਕ ਸਟੇਸ਼ਨ ਪਹਿਲਾਂ ਹੀ ਉਤਰ ਜਾਂਦੇ ਹਨ। ਇਕ ਹੋਰ ਖ਼ਬਰ ਹੈ ਕਿ ਰੈਮਡੇਸਿਵਿਰ ਇੰਜੈਕਸ਼ਨ ਦੀ ਬਲੈਕ ਹੋ ਰਹੀ ਹੈ। ਦਿੱਲੀ ਦਾ ਇਕ ਦ੍ਰਿਸ਼ ਸੋਸ਼ਲ ਮੀਡੀਆ ’ਚ ਛਾਇਆ ਹੋਇਆ ਹੈ। ਇਕ ਕਾਰ ਸਵਾਰ ਕੁੜੀ ਜੋ ਇਕ ਪੁਲਿਸ ਅਧਿਕਾਰੀ ਦੀ ਹੀ ਧੀ ਹੈ, ਡਿਉਟੀ ’ਤੇ ਤੈਨਾਤ ਪੁਲਿਸ ਵਾਲਿਆਂ ਨਾਲ ਝਗੜਾ ਕਰਦੀ ਹੈ। ਕਾਰਨ ਹੈ ਕਿ ਪੁਲਿਸ ਵਾਲਿਆਂ ਨੇ ਉਸਨੂੰ ਮਾਸਕ ਲਗਾਉਣ ਲਈ ਕਿਹਾ ਸੀ। ਉਹ ਆਪਣੇ ਪਤੀ ਨਾਲ ਕਾਰ ਵਿਚ ਸਵਾਰ ਸੀ ਅਤੇ ਉਸ ਦੇ ਪਤੀ ਨੇ ਵੀ ਮਾਸਕ ਨਹੀਂ ਲਗਾਇਆ ਹੋਇਆ। ਪੁਲਿਸ ਵਾਲਿਆਂ ਨਾਲ ਝਗੜਾ ਕਰਦੀ ਹੋਈ ਉਹ ਆਖਦੀ ਹੈ ਕਿ ਮਾਸਕ ਤਾਂ ਕੀ ਉਹ ਕਾਰ ਵਿਚ ਹੀ ਆਪਣੇ ਪਤੀ ਨੂੰ ਚੁੰਮ ਵੀ ਸਕਦੀ ਹੈ, ਕੋਈ ਉਸ ਦਾ ਕੀ ਵਿਗਾੜ ਸਕਦਾ ਹੈ। ਸਰਕਾਰ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੀ ਇਕ ਸੀਮਾ ਹੁੰਦੀ ਹੈ। ਸੰਕਟ ਵੇਲੇ ਨਾਗਰਿਕ ਦਾ ਫਰਜ਼ ਕੀ ਹੈ, ਦੂਸਰਿਆਂ ਲਈ ਖਤਰਾ ਪੈਦਾ ਕਰਨਾ? ਕੀ ਇਹ ਆਚਰਣ ਅਜਾਦੀ ਹੈ ? ਗਾਂਧੀ ਜੀ ਨੇ ਪਹਿਲਾ ਆਸ਼ਰਮ ਦੱਖਣੀ ਅਫਰੀਕਾ ਅੰਦਰ ਖੋਲ੍ਹਿਆ ਅਤੇ ਆਤਮ ਅਨੁਸ਼ਾਸਨ ਉਸ ਦੀ ਅਚਾਰ ਸੰਹਿਤਾ ਵਿਚ ਸ਼ਾਮਿਲ ਸੀ। ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਦੌਰਾਨ ਵੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਆਤਮ ਅਨੁਸ਼ਾਸਨ ਦੀ ਸ਼ਰਤ ਨੂੰ ਸਵੀਕਾਰ ਕੀਤਾ। ਉਸ ਦੇਸ਼ ਅੰਦਰ ਅੱਜ ਆਤਮ ਅਨੁਸ਼ਾਸਨ ਕਿੱਥੇ ਹੈ ? ‘ਸਰਵਜਨ ਹਿਤਾਯ-ਸਰਵਜਨ ਸੁਖਾਏ’ ਦੀ ਭਾਵਨਾ ਵਾਲੇ ਦੇਸ਼ ਅੰਦਰ ਅਸੀਂ ਦੂਸਰਿਆਂ ਦਾ ਜੀਵਨ ਖਤਰੇ ਵਿਚ ਪਾ ਰਹੇ ਹਾਂ। ਆਪਣੇ ਸ਼ਾਸਤਰਾਂ, ਚਾਣਕਯ ਦੇ ਅਰਥਸ਼ਾਸਤਰ, ਇਤਿਹਾਸ, ਸਮਾਜਿਕ ਵਿਵਸਥਾ ਵਿਚ ਆਤਮ ਅਨੁਸ਼ਾਸਨ ਹੀ ਬੁਨਿਆਦ ਹੈ। ਨਿਯਮ ਪਾਲਨ ਦਾ ਧੀਰਜ ਅਸੀਂ ਖੋ ਰਹੇ ਹਾਂ। ਪਹਿਲਾਂ ਕੋਰੋਨਾ ਦੀ ਦਵਾਈ ਨੂੰ ਲੈ ਕੇ ਅਫਵਾਹਾਂ ਉਡਾਈਆਂ ਗਈਆਂ ਅੱਜ ਦਵਾਈਆਂ ਦੇ ਫ਼ਰਜ਼ੀ ਦਸਤਾਵੇਜ਼ ਬਣ ਰਹੇ ਹਨ। ਦਵਾਈ ਅਤੇ ਅਕਸੀਜਨ ਦੇ ਸਿਲੰਡਰਾਂ ਦੀ ਬਲੈਕ ਹੋ ਰਹੀ ਹੈ।
ਕੋਵਿਡ ਦੇ ਪਹਿਲੇ ਦੌਰ ਦੌਰਾਨ ਲੇਖਕ ਯੁਵਲ ਨੋਆਹ ਹਰਾਰੀ ਨੇ ਆਪਣੀ ਪੁਸਤਕ ‘ਟਵੰਟੀ ਫਸਟ ਲੈਸਨ ਫੋਰ ਦੀ ਟਵੰਟੀ ਫਸਟ ਸੈਂਚੁਰੀ’ ਵਿਚ ਲਿਖਿਆ ਹੈ ਕਿ - ਅੱਜ ਹਰ ਇਨਸਾਨ ਲਈ ਅਹਿਮ ਸਵਾਲ ਹੈ ਕਿ ਮੈਂ ਕੌਣ ਹਾਂ? ਜੀਵਨ ਦਾ ਉਦੇਸ਼ ਕੀ ਹੈ ? ਜੀਵਨ ਵਿਚ ਕਰਨਾ ਕੀ ਹੈ ? ਹਰ ਇਨਸਾਨ ਦੀ ਲੌਕਿਕ ਦੁਨੀਆ ਅੰਦਰ ਇਕ ਖਾਸ ਭੂਮੀਕਾ ਹੈ। ਕਾਰਨ ਹੈ ਕਿ ਹਰ ਇਨਸਾਨ ਇਕ ਦੂਸਰੇ ਨਾਲ ਜੁੜਿਆ ਹੈ। ‘ਦੀ ਵਰਲਡ ਆਫਟਰ ਕੋਰੋਨਾ ਵਾਇਰਸ’ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਲੰਮੇ ਸਮੇਂ ਲਈ ਪੈਣ ਵਾਲੇ ਸਿੱਟਿਆਂ ’ਤੇ ਧਿਆਨ ਦੇਣਾ ਹੋਵੇਗਾ। ਆਖਿਰਕਾਰ ਇਕ ਤੂਫਾਨ ਗੁਜਰੇਗਾ, ਮਨੁੱਖਤਾ ਬਚੇਗੀ ਪਰੰਤੂ ਦੁਨਈਆ ਇਕ ਨਵੀਂ ਵਿਵਸਥਾ ਵਿਚ ਰਹੇਗੀ।’ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹੋ-ਜਿਹੇ ਆਚਰਣ ਦੇ ਨਾਲ ਆਪਾਂ ਨਵੀਂ ਵਿਵਸਥਾ ਦਾ ਸਿਰਜਨਾ ਕਰ ਪਾਵਾਂਗੇ?

PunjabKesari
ਸੱਭਿਅਕ ਸਮਾਜ ਆਪਣੀ ਨੈਤਿਕ ਉਚਾਈ ਨਾਲ ਮਾਪਿਆ ਜਾਂਦਾ ਹੈ। ਇਹ ਨਿਜੀ ਆਚਰਣ ਅਤੇ ਸਮਾਜਿਕ ਅਚਾਰ ਸੰਹਿਤਾ ਤੋਂ ਨਿਰਧਾਰਿਤ ਹੁੰਦਾ ਹੈ। ਭਾਰਤ ਰਾਜਾ ਸ਼ਿਵੀ ਅਤੇ ਦਧੀਚੀ ਜਿਹੇ ਰਿਸ਼ੀਆਂ ਦੀ ਪਰੰਪਰਾਵਾਂ ਵਾਲਾ ਦੇਸ਼ ਹੈ, ਜਿਨ੍ਹਾਂ ਨੇ ਸਮਾਜ ਦੇ ਕਲਿਆਣ ਲਈ ਆਪਣਾ ਜੀਵਨ ਵਾਰ ਦਿੱਤਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦਿਆਂ ਕੋਰੋਨਾ ਦੇ ਦੂਸਰੇ ਹਮਲੇ ਤੇ ਬੇਹਦ ਚਿੰਤਾ ਦਾ ਪ੍ਰਗਟਾਵਾ ਕਰਦਿਆਂ  ਲੋਕਾਂ ਨੂੰ ਕੋਰੋਨਾ ਦੇ ਪ੍ਰਤੀਬੰਧਾਂ ਦਾ ਕੜਾਈ ਨਾਲ ਪਾਲਨ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਰਾਮਨੌਮੀ ਅਤੇ ਰਮਜਾਨ ਦਾ ਜਿਕਰ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀਰਾਮ ਮਰਿਆਦਾ ਦੇ ਪ੍ਰਤੀਕ ਹਨ ਅਤੇ ਰਮਜਾਨ ਸੰਜਮ ਦਾ ਸੁਨੇਹਾ ਦਿੰਦਾ ਹੈ। ਮੋਦੀ ਦੇਸ਼ ਦੇ ਸਰਬਉੱਚ ਅਤੇ ਲੋਕਪਿ੍ਰਅ ਨੇਤਾ ਹਨ ਅਤੇ ਉਮੀਦ ਹੈ ਕਿ ਲੋਕ ਉਹਨਾਂ ਦੀ ਅਪੀਲ ਤੇ ਧਿਆਨ ਦੇ ਕੇ ਆਤਮ ਅਨੁਸ਼ਾਸਨ ਲਾਗੂ ਕਰਨਗੇ। ਪ੍ਰਧਾਨ ਮੰਤਰੀ ਨੇ ਇਕ ਮਰਿਆਦਾ ਦੀ ਰੇਖਾ ਖਿੱਚੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਲੋਕ ਉਸਦਾ ਪਾਲਨ ਕਰਣਗੇ। ਜੇਕਰ ਇਹ ਕੰਮ ਪਹਿਲਾਂ ਹੀ ਕਰ ਲਿਆ ਗਿਆ ਹੁੰਦਾ ਤਾਂ ਅੱਜ ਸਾਨੂੰ ਕੋਰੋਨਾ ਦੇ ਦੂਸਰੇ ਗੇੜ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ।
ਗੱਲ ਕੇਵਲ ਲੋਕਾਂ ਦੀ ਹੀ ਨਹੀਂ ਬਲਕਿ ਸਰਕਾਰਾਂ ਦੀ ਵੀ ਕਰਨੀ ਬਣਦੀ ਹੈ। ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਮਚੀ ਅਫਰਾ-ਤਫੜੀ ਨੇ ਇਹ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਇਸ ਸੰਕਟ ਦੇ ਇਕ ਸਾਲ ਗੁਜਰ ਜਾਣ ਤੋਂ ਬਾਅਦ ਵੀ ਸਰਕਾਰਾਂ ਨੇ ਕੁਝ ਖਾਸ ਨਹੀਂ ਸਿੱਖਿਆ। ਇਹ ਸਮਾਂ ਸੀ ਜਦੋਂ ਆਪਣੀ ਸਿਹਤ ਪ੍ਰਣਾਲੀ ਨੂੰ ਚੂਕ ਰਹਿਤ ਬਣਾਇਆ ਜਾ ਸਕਦਾ ਸੀ, ਨਵੇਂ ਹਸਪਤਾਲ ਖੋਲ੍ਹੇ ਜਾ ਸਕਦੇ ਸਨ, ਨਵੇਂ ਡਾਕਟਰ ਅਤੇ ਨਰਸਾਂ ਭਰਤੀ ਕੀਤੀਆਂ ਜਾ ਸਕਦੀਆਂ ਸਨ ਪਰੰਤੂ ਪਹਿਲੀ ਲਹਿਰ ਮੱਧਮ ਪੈਣ ਨਾਲ ਆਪਾਂ ਸਾਰਿਆਂ ਨੇ ਮੰਨ ਲਿਆ ਕਿ ਖਤਰਾ ਟਲ ਚੁੱਕਿਆ ਹੈ। ਅੱਜ ਇਕ ਦੂਸਰੇ ਉੱਤੇ ਅਰੋਪ-ਪ੍ਰਤੀ ਆਰੋਪ ਲਗਾਉਣ ਦਾ ਸਮਾਂ ਨਹੀਂ, ਜ਼ਰੂਰਤ ਹੈ ਸਰਕਾਰਾਂ ਨੂੰ ਕੰਮ ਕਰਨ ਦੀ ਅਤੇ ਲੋਕਾਂ ਨੂੰ ਸਰਕਾਰਾਂ ਦਾ ਸਹਿਯੋਗ ਕਰਦੇ ਹੋਏ ਆਪਣੇ ਜੀਵਨ ਵਿਚ ਆਤਮ ਅਨੁਸ਼ਾਸਨ ਦਾ ਸਿਧਾਂਤ ਲਾਗੂ ਕਰਨ ਦੀ।

ਰਾਕੇਸ਼ ਸੈਨ
32, ਖੰਡਾਲਾ ਫਾਰਮਿੰਗ ਕਲੋਨੀ,
ਵੀਪੀਓ ਲਿਦੜਾ,
ਜਲੰਧਰ।
ਮੋ-77106-55605   


Aarti dhillon

Content Editor

Related News