ਠੰਡ ਤੇ ਗਰੀਬੀ
Wednesday, Dec 12, 2018 - 11:57 AM (IST)

ਚੱਲਦਾ ਗਰੀਬਾਂ ਦਾ, ਨਾ ਕੋਈ ਏਥੇ ਜ਼ੋਰ ਏ
ਮਰ-ਮਰ ਜੀਂਦਾ, ਜਿਹੜਾ ਘਰੋਂ ਕਮਜ਼ੋਰ ਏ
ਜ਼ਿੰਦਗੀ ਦੇ ਹੱਥੋਂ ਤਾਂ ਗਰੀਬ ਸਦਾ ਹਾਰਿਆ
ਠੰਡ ਤੇ ਗਰੀਬੀ ਨੇ, ਗਰੀਬਾਂ ਨੂੰ ਹੀ ਮਾਰਿਆ
ਤਕੜੇ ਦਾ ਯਾਰੋ ਏਥੇ, ਸੱਤੀਂ ਵੀਹੀਂ ਸੌ ਏ
ਮਿੱਧ ਕੇ ਗਰੀਬ ਤਾਈਂ, ਪਰੇ ਜਾਂਦਾ ਹੋ ਇਹ
ਦੱਸੋ ਯਾਰ ਇਸਨੇ, ਕੀ ਕਿਸੇ ਦਾ ਵਿਗਾੜਿਆ
ਠੰਡ ਤੇ ਗਰੀਬੀ ਨੇ, ਗਰੀਬਾਂ ਨੂੰ ਹੀ ਮਾਰਿਆ।
ਗਲਤੀ ਅਮੀਰ ਦੀ, ਗਰੀਬ ਹੀ ਹੈ ਝੱਲਦਾ
ਚਤੁਰ-ਚਲਾਕੀ ਕਰ, ਇਹਦੇ ਤਾਈਂ ਛੱਲਦਾ
ਜ਼ਿੰਦਗੀ ਨੇ ਡੋਬਿਆ, ਨਾ ਇਹਨੂੰ ਕਦੇ ਤਾਰਿਆ
ਠੰਡ ਤੇ ਗਰੀਬੀ ਨੇ, ਗਰੀਬਾਂ ਨੂੰ ਹੀ ਮਾਰਿਆ
ਮਿਲੇ ਨਾ ਦਿਹਾੜੀ ਪੂਰੀ, ਕੀਤੇ ਹੋਏ ਕੰਮ ਦੀ
ਵਰਤੀ ਰਜਾਈ ਨਿੱਘੀ, ਇਹਦੇ ਯਾਰੋ ਚੰਮ ਦੀ
ਦੂਜਿਆਂ ਨੂੰ ਨਿੱਘ ਦਿੱਤਾ, ਖੁੱਦ ਤਾਈਂ ਠਾਰਿਆ
ਠੰਡ ਤੇ ਗਰੀਬੀ ਨੇ, ਗਰੀਬਾਂ ਨੂੰ ਹੀ ਮਾਰਿਆ।
ਪੁੱਛਿਆਂ ਨਾ ਹਾਲ, ਕਦੇ ਆ ਕੇ ਸਰਕਾਰਾਂ ਨੇ
ਇਕ ਤਾਂ ਗਰੀਬੀ, ਉੱਤੋਂ ਕੁਦਰਤੀ ਮਾਰਾਂ ਨੇ
ਪਰਸ਼ੋਤਮ ਨੇ ਗੀਤ ਲਿਖ, ਸੱਚ ਹੈ ਉਚਾਰਿਆ,
ਠੰਡ ਤੇ ਗਰੀਬੀ ਨੇ, ਗਰੀਬਾਂ ਨੂੰ ਹੀ ਮਾਰਿਆ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348