ਹੱਡ ਬੀਤੀ ਜੱਗ ਬੀਤੀ : ਸੇਠ ਕੋਲ ਪਹਿਲਾ ਦਿਨ...

Sunday, Aug 01, 2021 - 02:45 PM (IST)

ਹੱਡ ਬੀਤੀ ਜੱਗ ਬੀਤੀ : ਸੇਠ ਕੋਲ ਪਹਿਲਾ ਦਿਨ...

ਜਦੋਂ ਮੈਂ ਸੇਠ ਦੀ ਹੱਟੀ 'ਤੇ ਪਹੁੰਚਿਆ ਤਾਂ ਹੰਝੂਆਂ 'ਚ ਗੱਚ ਹੋਈਆਂ ਅੱਖਾਂ ਨੂੰ ਕਮੀਜ਼ ਦੇ ਮੋਢਿਆਂ ਨਾਲ ਪੂੰਝਿਆ। ਬਾਪੂ ਨੇ ਸੇਠ ਨੂੰ ਬਾਹਰੋਂ ਹੀ ਆਵਾਜ਼ ਮਾਰੀ, 'ਸੇਠ ਜੀ, ਆਹ ਆ ਗਿਆ ਜਮੂਰਾ ਸਾਂਭੋ...।' ਸੇਠ ਖਚਰਾ ਹਾਸਾ ਹੱਸਣ ਲੱਗਿਆ 'ਆਜਾ ਆਜਾ ਲਾਣੇਦਾਰ...ਮੈਂ ਤਾਂ ਸੋਚਿਆ ਕਿੱਧਰੇ ਪਾਲ ਸਿਉਂ ਐਵੇਂ ਖਾਧੀ-ਪੀਤੀ 'ਚ ਈ ਆਖ ਗਿਆ ਕਿ ਮੁੰਡੇ ਨੂੰ ਕੰਮ ਸਿਖਾਉਣਾ ਏ...' ਸੇਠ ਗੱਲਾਂ ਕਰਦਾਂ-ਕਰਦਾਂ ਆਪਣਾ ਕੰਮ ਵੀ ਨਿਪਟਾ ਰਿਹਾ ਸੀ। ਦੁਕਾਨ ਮੂਹਰੇ ਖੜ੍ਹੇ ਕੁਝ ਬਜ਼ੁਰਗ ਅਤੇ ਗਾਹਕ ਮੇਰੇ ਵੱਲ ਟਿਕਵੀਆਂ ਨਜ਼ਰਾਂ ਨਾਲ ਝਾਕ ਰਹੇ ਸਨ। ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਮੈਂ ਇਨ੍ਹਾਂ ਸਭ ਲਈ ਜਿਵੇਂ ਤਮਾਸਾ ਬਣ ਗਿਆ ਹੋਵਾਂ...। ਉਨ੍ਹਾਂ ਖੜ੍ਹੇ ਬਜ਼ੁਰਗਾਂ 'ਚੋਂ ਇਕ ਬੋਲਿਆ, 'ਸੇਠ, ਲੈ ਹੁਣ ਆਹ ਆਗਿਆ ਬਾਈ, ਵਟਾਇਆ ਕਰੂ ਤੇਰੇ ਨਾਲ ਕੰਮ-ਧੰਦੇ 'ਚ ਹੱਥ...। ਕਹੀ ਜਾਂਦਾ ਹੁੰਦਾ ਸੀ ਮੈਂ ਥੱਕ ਗਿਆਂ। ਆਹ ਕਰ, ਔਹ ਕਰ...।'
ਮੈਂ ਦੁਕਾਨ ਅੰਦਰ ਦਾਖ਼ਲ ਹੋਇਆ ਤਾਂ ਸੇਠ ਮੈਨੂੰ ਸਵਾਲੀਆ ਨਜ਼ਰਾਂ ਨਾਲ ਪੜ੍ਹਦਾ ਪੁੱਛਣ ਲੱਗਿਆ, ਕੀ ਨਾਂਅ ਏ ਬਈ ਛੋਟੂ...?

ਮੈਂ ਦੱਬੀ ਸੁਰ ਚ ਕਿਹਾ, 'ਜੀ ਉਂਜ ਤਾਂ ਮੇਰਾ ਨਾਂਅ ਅਲੀ ਮੁਹੰਮਦ ਏ ਪਰ ਘਰੇ ਸਾਰੇ 'ਆਲੀ' ਕਹਿੰਦੇ ਆ।' 'ਹੱਛਾ, ਬੜਾ ਸੋਹਣਾ ਨਾਂਅ ਏ ਤੇਰਾ ਤਾਂ, ਤੂੰ ਕੰਮ ਸਿੱਖਣਾ ਏ?' ਮੈਂ ਨਾ ਤਾਂ ਹਾਂ 'ਚ ਸਿਰ ਹਿਲਾਇਆ ਤੇ ਨਾ ਹੀ ਨਾਂਹ 'ਚ...ਮੈਂ ਪੱਥਰ ਬਣ ਖੜ੍ਹਿਆ ਰਿਹਾ। ਬਾਪੂ ਵਿੱਚੋਂ ਆਪ ਹੀ ਬੋਲ ਪਿਆ, 'ਜੀ ਆਹ ਕਹਿੰਦੈ ਅੱਗੇ ਪੜ੍ਹਨ ਨੂੰ... ਮੈਂ ਤਾਂ ਸਮਝਾਇਆ ਕਿ ਤੂੰ ਛੱਡ ਖਹਿੜਾ ਪੜ੍ਹਾਈ ਦਾ, ਚੁੱਪ ਕਰਕੇ ਕੰਮ ਸਿੱਖ ਲੈ, ਕੌਣ ਪੁੱਛਦਾ ਏ ਪੜ੍ਹਾਈ ਨੂੰ, ਦੁਨੀਆ ਐਨਾ ਪੜ੍ਹੀ ਫਿਰਦੀ ਐ, ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰੀ ਨਾਲ ਘੁਲ ਰਹੇ ਨੇ ਬਹੁਤੇ ਮੁੰਡੇ-ਕੁੜੀਆਂ। ਨਾਲੇ ਸੇਠ ਜੀ ਅੱਜਕੱਲ੍ਹ ਤਾਂ ਪੈਸੇ ਦੇ ਕੇ ਵੀ ਨੌਕਰੀ ਨਹੀਂ ਮਿਲਦੀ।' ਸੇਠ ਨੇ ਗੱਲ ਨੂੰ ਹੱਥੋਂ-ਹੱਥੀ ਸਾਂਭ ਲਿਆ, 'ਗੱਲ ਤਾਂ ਤੁਹਾਡੀ ਸੋਲਾਂ ਆਨੇ ਠੀਕ ਐ, ਲਾਣੇਦਾਰ ਹੁਣ ਤੂੰ ਜੁਆਕਾਂ ਦੀ ਓ ਗੱਲ ਸੁਣ ਲੈ, ਓ ਮੇਰੇ ਆਲਾ ਵੱਡਾ ਕਾਕਾ ਸ਼ਹਿਰ ਜਾਂਦੈ ਪੜ੍ਹਨ, ਮੈਂ ਸਹੁਰੇ ਨੂੰ ਪੰਜਾਹ ਵਾਰ ਕਹਿ ਲਿਆ ਕਿ ਤੂੰ ਛੱਡ ਖਹਿੜਾ ਪੜ੍ਹਾਈ ਦਾ... ਆ ਦੁਕਾਨ 'ਤੇ ਬੈਠਿਆ ਕਰ ਪਰ ਕੰਜਰ ਇੱਕ ਨਹੀਂ ਸੁਣਦਾ, ਗੱਲ ਨਾਲੇ ਹੋਰ ਆ, ਓ ਬੰਦਾ ਪੜ੍ਹਨ 'ਚ ਮਾੜਾ ਮੋਟਾ ਹੋਵੇ ਸਹੀ। ਮਾਂ-ਬਾਪ ਨੂੰ ਚਾਅ ਚੜ੍ਹਦੈ। ਜੇ ਸੱਚ ਪੁੱਛਦੈ, ਕੰਜਰ ਦੇ ਪੁੱਤ ਤੋਂ ਬਾਰ੍ਹਵੀਂ ਦੋ ਸਾਲਾਂ 'ਚ ਨਿਕਲੀ...ਇਸ ਨਾਲ ਕਾਲਜ 'ਚ ਲੈ ਲਿਆ ਪੰਗਾ। ਇਨ੍ਹਾਂ ਨੂੰ ਕੀ ਪਤੈ ਕਿ ਪੈਸਾ ਕਿਵੇਂ ਬਣਦੈ?' ਬਾਪੂ ਨੇ ਸੇਠ ਦੀ ਗੱਲ ਕੱਟੀ... 'ਸਾਲੇ ਨੂੰ ਖਰਚਾ ਦੇਣਾ ਛੱਡ ਦੇ, ਜੇ ਤਿੜ-ਫਿੜ ਕਰੂ ਪੁੱਠਾ ਪਾ ਕੇ ਮੌਰ ਸੇਕੀਂ...ਆਪੂੰ ਆਜੂ ਫੇਰ ਧਰਨ ਟਿਕਾਣੇ...'ਲਾਣੇਦਾਰ! ਬਾਈ ਕੱਲੇ-ਕੱਲੇ ਧੀ-ਪੁੱਤ ਦਾ ਇਹੋ ਹੀ ਤਾਂ ਰੋਣਾ ਹੁੰਦੈ...ਜੇ ਕੁਝ ਕਹਿੰਦੇ ਆਂ ਤਾਂ ਖੂਹ-ਟੋਭਿਆਂ ਨੂੰ ਭੱਜਦੇ ਆ...ਆਪਣੇ ਵਕਤ ਤਾਂ ਭਲੇ ਹੁੰਦੇ ਸੀ। ਜੇ ਮਾਂ-ਬਾਪ ਨੇ ਧੁੱਪੇ ਖੜ੍ਹਾਅ ਤਾ ਤਾਂ ਧੁੱਪੇ ਖੜ੍ਹੇ ਰਹਿੰਦੇ ਸੀ.....ਸੀ, ਨਾ ਨੀ ਵੱਟ ਹੁੰਦੀ ਉਨ੍ਹਾਂ ਸਾਹਮਣੇ। ਅੱਜ ਆਲੇ ਤਾਂ ਘੜੇ 'ਚੋਂ ਪਾਣੀ ਨੀ ਪਾ ਕੇ ਦੇ ਸਕਦੇ।' ਖਾਸਾ ਚਿਰ ਬਾਪੂ ਅਤੇ ਸੇਠ ਗੱਲਾਂ ਕਰਦੇ ਰਹੇ। ਮੈਂ ਮੂੰਹ ਅੱਡੀ ਕਦੇ ਬਾਪੂ ਵੰਨੀ ਵੇਖਦਾ ਅਤੇ ਕਦੇ ਸੇਠ ਵੰਨੀ। ਬਾਪੂ ਤੁਰਨ ਲੱਗਿਆ ਸੇਠ ਨੂੰ ਫਿਰ ਆਖਣ ਲੱਗਿਆ, ਸੇਠ ਜੀ ਕਰਦੇ ਐਨ ਟ੍ਰੇਂਡ। ਸੇਠ ਮੇਰੀ ਪਿੱਠ 'ਤੇ ਵੱਡੀ ਸਾਰੀ ਥਾਪੀ ਮਾਰ ਬੋਲਿਆ, ਤੂੰ ਘਬਰਾ ਨਾ ਗਿਣਵੇਂ ਦਿਨਾਂ 'ਚ ਪੈ ਜੂ ਹਾਲੀ।

PunjabKesari

ਲੇਖਕ ਦੀ ਤਸਵੀਰ

ਸੇਠ ਮੈਨੂੰ ਕੰਮ ਗਿਣਾਉਣ ਲੱਗਿਆ, ਨੰਬਰ ਇਕ 'ਤੇ ਪਹਿਲਾਂ ਪਾਣੀ ਭਰਨਾ ਏ, ਫਿਰ ਆਹ ਝਾੜੂ ਮਾਰਨਾ ਏ, ਫਿਰ ਮੇਰੇ ਧੂਪ-ਬੱਤੀ ਕਰਨ ਤੋਂ ਪਹਿਲਾਂ-ਪਹਿਲਾਂ ਸਾਰੇ ਪੀਪਿਆਂ 'ਤੇ ਲੀਰ ਮਾਰਨੀ ਆ ਭਾਵ ਪੀਪੇ ਸਾਫ਼ ਕਰਨੇ ਆ, ਉਹ ਜਿਹੜਾ ਕੰਮ ਦੱਸਦਾ ਉਧਰ ਨੂੰ ਉਂਗਲ ਕਰਦਾ...ਮੈਂ ਅਣਮੰਨੇ ਮਨ ਨਾਲ ਹੁੰਗਾਰਾ ਭਰਦਾ ਗਿਆ। ਫਿਰ ਦੇਖਦਾ ਕੀ ਐਂ...? ਪੈ ਜਾ ਕੰਮ ਨੂੰ ਅਲੀ-ਅਲੀ ਕਰਕੇ...ਆਹ ਪਈ ਆ ਬਾਲਟੀ ਅਤੇ ਔਹ ਦਿਸਦਾ ਏ ਨਲਕਾ, ਭਰ ਲਿਆ ਗੇੜ ਕੇ। ਜਦੋਂ ਮੈਂ ਬਾਲਟੀ ਨੂੰ ਹੱਥ ਪਾਇਆ ਤਾਂ ਅੰਦਰੋਂ ਧਾਰ ਨਿਕਲੀ, ਜਿਸਨੂੰ ਮੈਂ ਗਲੇ ਵਿੱਚ ਹੀ ਦੱਬ ਲਿਆ... ਮੈਨੂੰ ਇਉਂ ਲੱਗ ਰਿਹਾ ਸੀ, ਜਿਵੇਂ ਮੈਨੂੰ ਕਿਸੇ ਕੀਤੇ ਪਾਪਾਂ ਦੀ ਸਜ਼ਾ ਮਿਲੀ ਹੋਵੇ। ਮੈਂ ਨਲਕਾ ਗੇੜਦਾ-ਗੇੜਦਾ ਨੀਲੇ ਅਸਾਮਨ ਵੱਲ ਦੇਖ ਰੱਬ ਨੂੰ ਮਿਹਣਿਆਂ ਨਾਲ ਪੁੱਛਣ ਲੱਗਿਆ,ਰੱਬਾ ਕਿਹੜੇ ਜ਼ੁਲਮ ਦੀ ਸਜ਼ਾ ਮਿੱਧੇ ਜਾ ਰਹੇ ਨੇ ਮੇਰੇ ਫੁੱਲਾਂ ਵਰਗੇ ਕੋਮਲ ਸੁਪਨੇ, ਹੁਣ ਤੱਕ ਜੋ ਵੀ ਸੋਚਦਾ ਆਇਆਂ, ਹਮੇਸ਼ਾ ਤੂੰ ਉਸ ਦੇ ਉਲਟ ਕਰ ਦਿਖਾਇਆ, ਮੈਂ ਤਾਂ ਲੇਖਕ ਜਾਂ ਗਾਉਣ ਆਲ਼ਾ ਬਣਨਾ ਏ । ਜੇ ਤੇਰੀ ਕਿੱਧਰੇ ਹੋਂਦ ਬਚੀ ਐ ਤਾਂ ਮੇਰੇ ਨਾਲ ਇਨਸਾਫ਼ ਜ਼ਰੂਰ ਕਰੀਂ...ਏਨਾ ਕਹਿ ਮੇਰਾ ਗਚ ਭਰ ਆਇਆ, ਮੇਰੀਆਂ ਅੱਖਾਂ ਲਾਲ ਪੈ ਗਈਆਂ...ਮੈਂ ਨਲਕੇ ਉੱਤੇ ਮੂੰਹ ਧੋਤਾ, ਪਾਣੀ ਦੀ ਬਾਲਟੀ ਸੇਠ ਨੂੰ ਦੇ ਝਾੜੂ ਮਾਰਨ 'ਚ ਜੁਟ ਗਿਆ।

 

ਲੇਖਕ ਅਲੀ ਰਾਜਪੁਰਾ
ਮੋਬਾਇਲ-94176-79302


author

Aarti dhillon

Content Editor

Related News