‘ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਸਿੱਖ ਜਰਨੈਲ ‘ਬਾਬਾ ਬੰਦਾ ਸਿੰਘ ਬਹਾਦਰ ਜੀ’
Friday, Oct 16, 2020 - 01:18 PM (IST)
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਉਨ੍ਹਾਂ ਜੀ ਦੇ ਪਿਤਾ ਦਾ ਨਾਂ ਰਾਮਦੇਵ ਭਾਰਦਵਾਜ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਜੀ ਅਨੁਸਾਰ ਉਨ੍ਹਾਂ ਦੇ ਪਿਤਾ ਰਾਜਪੂਤ ਸਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਕਤਕ ਸੁਦੀ 13 ਸੰਮਤ 1727 ਨੂੰ ਜੰਮੂ ਕਸ਼ਮੀਰ ਦੇ ਇਲਾਕੇ ਪੁੰਛ ਰਾਜੌਰੀ ਵਿਖੇ ਹੋਇਆ।
ਇਕ ਵਾਰੀ ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਤੇ ਹਿਰਨੀ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਈ। ਥੋੜੇ ਚਿਰ ਬਾਅਦ ਹਿਰਨੀ ਦੇ ਪੇਟ 'ਚੋਂ ਦੋ ਬੱਚੇ ਨਿਕਲੇ ਅਤੇ ਲਛਮਣ ਦੇਵ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦੇਵ ਦੇ ਮਨ 'ਤੇ ਇੰਨਾ ਡੂੰਘਾ ਅਸਰ ਹੋਇਆ ਕਿ ਉਨ੍ਹਾਂ ਨੇ ਦੁਨੀਆਂ ਨੂੰ ਤਿਆਗ ਦੇਣ ਦਾ ਮਨ ਬਣਾ ਲਿਆ। ਉਨ੍ਹਾਂ ਦੀ ਮੁਲਾਕਾਤ ਇਕ ਵੈਰਾਗੀ ਸਾਧੂ ਜਾਨਕੀ ਪ੍ਰਸਾਦ ਨਾਲ ਹੋਈ। ਜਾਨਕੀ ਪ੍ਰਸਾਦ ਨੇ ਲਛਮਣ ਦੇਵ ਨੂੰ ਧੀਰਜ ਦਿੱਤਾ ਅਤੇ ਆਪਣਾ ਚੇਲਾ ਬਣਾ ਲਿਆ। ਉਨ੍ਹਾਂ ਬਾਬਾ ਜੀ ਦਾ ਨਾਂ ਮਾਧੋਦਾਸ ਵੈਰਾਗੀ ਰੱਖ ਦਿੱਤਾ। ਹੁਣ ਮਾਧੋਦਾਸ ਵੈਰਾਗੀ ਹੋਰਨਾਂ ਸਾਧੂ ਸੰਤਾਂ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਤੀਰਥਾਂ ਦੀ ਯਾਤਰਾ ਕਰਨ ਲੱਗ ਪਿਆ। ਇਕ ਵਾਰ ਸਾਧੂਆਂ ਦੀ ਇਹ ਮੰਡਲੀ ਕਸੂਰ ਵਿਖੇ ਜਾ ਪਹੁੰਚੀ। ਉਥੇ ਮਾਧੋ ਦਾਸ ਦਾ ਮੇਲ ਰਾਮਦਾਸ ਵੈਰਾਗੀ ਦੇ ਨਾਲ ਹੋਇਆ ਅਤੇ ਇਹ ਰਾਮਦਾਸ ਵੈਰਾਗੀ ਦੇ ਨਾਲ ਰਲ ਗਏ। ਮਹਾਰਾਸ਼ਟਰ ਵਿਚ ਮਾਧੋਦਾਸ ਵੈਰਾਗੀ ਦੀ ਮੁਲਾਕਾਤ ਇਕ ਔਘੜ ਨਾਥ ਜੋਗੀ ਨਾਲ ਹੋਈ।
ਮਾਧੋਦਾਸ ਇਸ ਜੋਗੀ ਦਾ ਚੇਲਾ ਬਣ ਕੇ ਉਸਦੀ ਸੇਵਾ ਕਰਨ ਲੱਗ ਪਿਆ। ਸੰਮਤ 1748 ਨੂੰ ਜਦੋ ਔਘੜ ਨਾਥ ਨੇ ਆਪਣਾ ਸਰੀਰ ਤਿਆਗਿਆ ਤਾਂ ਉਸਨੇ ਮਾਧੋਦਾਸ ਵੈਰਾਗੀ ਨੂੰ ਆਪਣਾ ਵਾਰਿਸ ਥਾਪ ਦਿੱਤਾ। ਮਾਧੋਦਾਸ ਵੈਰਾਗੀ ਨੇ ਪੰਚਵਟੀ ਤੋਂ ਨਾਂਦੇੜ ਵਿਖੇ ਗੋਦਾਵਰੀ ਦੇ ਕਿਨਾਰੇ ਆ ਕੇ ਆਪਣੇ ਪੱਕੇ ਡੇਰੇ ਲਗਾ ਲਏ, ਇਥੇ ਮਾਧੋਦਾਸ ਦੀ ਚਾਰੇ ਪਾਸੇ ਪ੍ਰਸਿੱਧੀ ਹੋ ਗਈ। ਹੌਲੀ-ਹੌਲੀ ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਅਤੇ ਇਨ੍ਹਾਂ ’ਚ ਹੰਕਾਰ ਵੀ ਆ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਦੀ ਧਰਤੀ 'ਤੇ ਪਹੁੰਚੇ ਤਾਂ ਇਹ ਸਿੱਧੇ ਹੀ ਮਾਧੋਦਾਸ ਵੈਰਾਗੀ ਦੇ ਡੇਰੇ 'ਤੇ ਚਲੇ ਗਏ। ਗੁਰੂ ਜੀ ਉਸਦੇ ਪਲੰਘ 'ਤੇ ਬਿਰਾਜਮਾਨ ਹੋ ਗਏ। ਉਸ ਵੇਲੇ ਮਾਧੋਦਾਸ ਵੈਰਾਗੀ ਕੁਟੀਆ ਵਿਚ ਨਹੀਂ ਸੀ। ਡਾ. ਗੰਡਾ ਸਿੰਘ ਆਪਣੀ ਪੁਸਤਕ ਬੰਦਾ ਸਿੰਘ ਬਹਾਦਰ ਵਿਚ ਇਥੋਂ ਤੱਕ ਵੀ ਲਿਖਦੇ ਹਨ ਕਿ ਗੁਰੂ ਜੀ ਦੇ ਸਾਥੀ ਸਿੰਘਾਂ ਨੇ ਆਪਣੇ ਲੰਗਰ ਲਈ ਮਾਸ ਦੀਆਂ ਦੇਗਾਂ ਚੁੱਲ੍ਹਿਆਂ 'ਤੇ ਚੜ੍ਹਾ ਦਿੱਤੀਆਂ। ਮਾਧੋਦਾਸ ਵੈਰਾਗੀ ਕਿਉਂਕਿ ਵੈਸ਼ਣੂੰ ਸੀ, ਇਸ ਲਈ ਉਸਦੇ ਚੇਲਿਆਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਉਹ ਗੁਰੂ ਜੀ ਦੀ ਸ਼ਿਕਾਇਤ ਕਰਨ ਲਈ ਦੌੜ ਕੇ ਮਾਧੋਦਾਸ ਵੈਰਾਗੀ ਕੋਲ ਪਹੁੰਚੇ। ਚੇਲਿਆਂ ਦੀ ਗੱਲ ਸੁਣ ਕੇ ਮਾਧੋਦਾਸ ਵੈਰਾਗੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਤੁਰੰਤ ਆਪਣੇ ਡੇਰੇ ਵੱਲ ਭੱਜਾ ਆਇਆ।
ਮਾਧੋਦਾਸ ਦੀਆਂ ਰਿਧੀਆਂ-ਸਿਧੀਆਂ ਤੇ ਤੰਤਰ ਮੰਤਰ ਦਾ ਗੁਰੂ ਜੀ 'ਤੇ ਕੋਈ ਅਸਰ ਨਾ ਹੋਇਆ। ਗੁਰੂ ਜੀ ਅਡੋਲ ਬੈਠੇ ਰਹੇ। ਗੁਰੂ ਜੀ ਦੇ ਦਰਸ਼ਨ ਕਰਦੇ ਹੀ ਉਸਦੀ ਹਊਮੈ ਮਾਰੀ ਗਈ। ਵੈਰਾਗੀ ਨੂੰ ਆਪਣੀ ਸਾਰੀ ਸੁੱਧ ਬੁੱਧ ਭੁੱਲ ਗਈ। ਗੁਰੂ ਜੀ ਨੇ ਜਦੋਂ ਉਸਨੂੰ ਪੁੱਛਿਆ ਕਿ ਭਾਈ ਤੂੰ ਕੌਣ ਹੈਂ ਤਾਂ ਮਾਧੋਦਾਸ ਦੇ ਮੂੰਹੋਂ ਨਿਕਲਿਆ, ''ਮੈਂ ਤਾਂ ਤੇਰਾ ਬੰਦਾ ਹਾਂ''। ਫੇਰ ਗੁਰੂ ਜੀ ਨੇ ਉਸਨੂੰ ਕਿਹਾ ਕਿ ਜੇਕਰ ''ਤੂੰ ਮੇਰਾ ਬੰਦਾ ਹੈਂ ਤਾਂ ਬੰਦਿਆਂ ਵਰਗੇ ਕੰਮ ਕਰ''। ਇਹ ਸੁਣ ਕੇ ਮਾਧੋਦਾਸ ਗੁਰੂ ਜੀ ਦੇ ਚਰਨੀ ਪੈ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਇਨ੍ਹਾਂ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਪਰ ਪੰਥ ਵਿਚ ਇਨ੍ਹਾਂ ਜੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਬਣਾ ਕੇ ਪੰਜ ਸਿੰਘ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਬਾਬਾ ਦਇਆ ਸਿੰਘ ਤੇ ਬਾਬਾ ਰਣ ਸਿੰਘ ਉਸਦੀ ਸਹਾਇਤਾ ਲਈ ਨਾਲ ਤੋਰੇ ਅਤੇ ਪੰਜ ਤੀਰ ਆਪਣੇ ਭੱਥੇ ਵਿਚੋਂ ਕੱਢ ਕੇ ਉਸਨੂੰ ਬਖਸ਼ੇ।
ਇਸ ਤੋਂ ਇਲਾਵਾ 20 ਹੋਰ ਸੂਰਵੀਰ ਗੁਰੂ ਜੀ ਨੇ ਬਾਬਾ ਜੀ ਦੀ ਸਹਾਇਤਾ ਲਈ ਪੰਜਾਬ ਵੱਲ ਨਾਲ ਘੱਲੇ। ਦਿੱਲੀ ਦੇ ਨੇੜੇ ਪਿੰਡਾਂ ਸਿਹਰੀ ਤੇ ਖੰਡਾ ਵਿਖੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਕਤੀ ਇਕੱਤਰ ਕੀਤੀ ਤੇ ਸਭ ਤੋਂ ਪਹਿਲਾਂ ਸੋਨੀਪਤ 'ਤੇ ਹਮਲਾ ਕਰਕੇ ਜਿੱਤ ਹਾਸਲ ਕਰ ਲਈ। ਫੇਰ ਕੈਥਲ, ਸਮਾਣਾ, ਸਢੌਰਾ, ਬਨੂੜ ਆਦਿ 'ਤੇ ਹਮਲੇ ਕੀਤੇ ਅਤੇ ਜਿੱਤਾਂ ਹਾਸਲ ਕਰਕੇ ਆਪਣੀ ਤਾਕਤ ਵਿਚ ਕਈ ਗੁਣਾ ਵਾਧਾ ਕਰ ਲਿਆ। ਬਨੂੜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਹਮਲੇ ਲਈ ਲਲਕਾਰਿਆ ਤੇ ਉਸ ਨੇ ਵੀ ਕਹਿ ਦਿੱਤਾ ਕਿ ਚੱਪੜਚਿੜੀ ਦੇ ਮੈਦਾਨ ਵਿਚ ਟੱਕਰਾਂਗੇ। ਚੱਪੜਚਿੜੀ ਵਿਚ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ। ਜਿਨ੍ਹਾਂ ਵਿਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਬਹੁਤ ਗਹਿ ਗੱਚ ਲੜਾਈ ਹੋਈ ਤੇ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹੋਈ।
ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਦੇ ਨੇੜੇ ਮੁਖਲਸਗੜ੍ਹ ਦੇ ਕਿਲੇ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਦਾ ਨਾਂਅ ਲੋਹਗੜ੍ਹ ਰੱਖਿਆ। ਫਿਰ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਉਸ ਸਮੇਂ ਦੇ ਰਿਵਾਜ ਅਨੁਸਾਰ ਖਾਲਸਾ ਰਾਜ ਦੀ ਵੱਖਰੀ ਹੋਂਦ ਦਰਸਾਉਣ ਲਈ ਇਕ ਸਿੱਕਾ ਜਾਰੀ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ 'ਤੇ ਜਿੱਤ ਹਾਸਲ ਕਰਨ ਵਾਲੇ ਦਿਨ ਤੋਂ ਆਪਣਾ ਵੱਖਰਾ ਪ੍ਰਸ਼ਾਸਨੀ ਸਾਲ ਵੀ ਸ਼ੁਰੂ ਕੀਤਾ। ਬਾਬਾ ਜੀ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਮੁਜਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਦਿੱਤੀ। 7 ਦਸੰਬਰ 1715 ਈਸਵੀ ਨੂੰ ਅਬਦੁਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦਾਸ ਨੰਗਦ ਦੀ ਇਕ ਗੜ੍ਹੀ ਵਿਚ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦਿੱਲੀ ਲਈ ਰਵਾਨਾ ਕੀਤਾ ਗਿਆ।
5 ਮਾਰਚ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਫੜ੍ਹੇ ਗਏ ਸਿੰਘਾਂ ਨੂੰ ਰੋਜ਼ਾਨਾ 100-100 ਕਰਕੇ ਕਤਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਬਾਦਸ਼ਾਹ ਦੇ ਹੁਕਮ 'ਤੇ ਬਾਬਾ ਜੀ ਦੇ ਬੇਟੇ ਭਾਈ ਅਜੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿਚ ਬਿਠਾ ਦਿੱਤਾ। ਜੱਲਾਦ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਵਿਚ ਖੰਜਰ ਫੜਾ ਕੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਕਤਲ ਕਰ ਦੇਣ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਜੱਲਾਦ ਨੇ ਬਾਬਾ ਜੀ ਦੀ ਗੋਦ ਵਿਚ ਬੈਠੇ ਉਨ੍ਹਾਂ ਦੇ ਸਪੁੱਤਰ ਨੂੰ ਕਤਲ ਕਰ ਦਿੱਤਾ। ਉਸ ਤੋਂ ਬਾਅਦ ਜੱਲਾਦ ਨੇ ਬੱਚੇ ਦੇ ਛੋਟੇ ਛੋਟੇ ਟੁਕੜੇ ਕਰਕੇ ਤੜਫ ਰਹੇ ਬੱਚੇ ਦੀ ਛਾਤੀ ਚੀਰ ਦਿੱਤੀ ਤੇ ਉਸਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ। ਬਾਬਾ ਜੀ ਨੂੰ ਵੀ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਸਾਰੇ ਸਰੀਰ ਦੇ ਬੰਦ-ਬੰਦ ਕੱਟਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਨਿਆਮੀਆਂ