ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ

Tuesday, Aug 14, 2018 - 04:20 PM (IST)

ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ

ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ
ਲੱਖਾਂ ਸੂਰਮਿਆਂ ਨੇ ਸੀ ਦਿੱਤੀਆਂ ਸ਼ਹਾਦਤਾ,
ਕਰੋੜਾਂ ਤੱਪੀਆਂ ਨੇ ਸੀ ਕੀਤੀਆਂ ਇਬਾਦਤਾਂ,
ਤਾਂ ਜਾ ਕੇ ਸੀ ਇਹ ਚਮਨ ਅਬਾਦ ਹੋਇਆ,
ਐਵੇਂ ਨਹੀਉਂ ਮੁਲਕ ਆਜ਼ਾਦ ਹੋਇਆ ,
ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ ।

ਲੰਮਾਂ ਸਮਾਂ ਗੁਲਾਮੀ ਦੀਆਂ ਲੱਗੀਆਂ ਜੰਜ਼ੀਰਾਂ ਸੀ,
ਲੱਗਾ ਜਿਵੇਂ ਹੱਥਾਂ ਦੀਆਂ ਮਾੜੀਆਂ ਲਕੀਰਾਂ ਸੀ,
ਸਿੰਜਿਆ ਲਹੂ ਨਾਲ ਥੋਰ ਤਾਂ ਗੁਲਾਬ ਹੋਇਆ,
ਐਵੇਂ ਨਹੀਉਂ ਮੁਲਕ ਆਜ਼ਾਦ ਹੋਇਆ ,
ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ ।

ਐਵੇਂ ਨਹੀਂ ਤਿਰੰਗੇ ਉੱਤੇ ਚੜੇ ਹੋਏ ਰੰਗ ਜੀ,
ਗੁਲਾਮੀ ਨਾਲ ਬਹੁਤ ਲੜੇ ਹੋਏ ਜੰਗ ਜੀ,
ਦੋ ਸੌ ਸਾਲਾਂ ਪਿੱਛੋਂ ਗੁਲਾਮ ਸੀ ਨਬਾਬ ਹੋਇਆ,
ਐਵੇਂ ਨਹੀਉਂ ਮੁਲਕ ਆਜ਼ਾਦ ਹੋਇਆ ,
ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ ।

ਕਿੰਨਿਆਂ ਸੀ ਰੱਸਾ ਫਾਂਸੀ ਵਾਲਾ ਚੁੰਮਿਆਂ,
ਕਿੰਨਿਆਂ ਸੀ ਕਾਲਾ ਪਾਣੀ ਘੁੰਮਿਆਂ,
ਇਹਦਾ ਨਾ ਅਜੇ ਤੀਕ ਹਿਸਾਬ ਹੋਇਆ,
ਐਵੇਂ ਨਹੀਂ ਮੁਲਕ ਆਜ਼ਾਦ ਹੋਇਆ,
ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ ।

ਆਜ਼ਾਦੀ ਨੂੰ ਬਣਾਕੇ ਰੱਖੀਏ ਆਜ਼ਾਦੀ ਬਈ,
ਦੇਸ਼ ਦੀ ਨਾ ਹੋਣ ਦਈਏ ਕਦੀ ਬਰਬਾਦੀ ਬਈ,
ਲੰਮੇ ਅਸਰੇ ਪਿੱਛੋਂ ਪੂਰਾ ਸੀ ਇਹ ਖ਼ਾਬ ਹੋਇਆ,
ਐਵੇਂ ਨਹੀਉਂ ਮੁਲਕ ਆਜ਼ਾਦ ਹੋਇਆ ,
ਐਵੇਂ ਨਹੀਉਂ ਦੇਸ਼ ਆਜ਼ਾਦ ਹੋਇਆ ।

ਆਜ਼ਾਦੀ ਦਿਵਸ ਦੀਆਂ ਸਭ ਨੂੰ ਮੁਬਾਰਕਾਂ,
ਪੂਜਦੇ ਰਹੀਏ ਸ਼ਹੀਦਾਂ ਦੀਆਂ ਸਮਾਰਕਾਂ,
ਅਣਖੀ ਲੋਕਾਂ ਦਾ ਦੇਸ਼ ਸਦਾ ਕਾਮਯਾਬ ਹੋਇਆ,
ਐਵੇਂ ਨਹੀਉਂ ਮੁਲਕ ਆਜ਼ਾਦ ਹੋਇਆ ,
ਐਵੇਂ ਨਹੀ “ਲਾਲਪੁਰੀ'' ਦੇਸ਼ ਆਜ਼ਾਦ ਹੋਇਆ ।
ਰਵਿੰਦਰ ਲਾਲਪੁਰੀ
ਨੂਰਪੁਰ ਬੇਦੀ(ਰੋਪੜ)
ਸੰਪਰਕ-94634-52261


Related News