ਐਵਾਨ-ਏ-ਗ਼ਜ਼ਲ : ਮੇਰੀ ਦੁਨੀਆਂ ਉਜਾੜ ਕੇ, ਜੋ ਦੂਰ ਹੋ ਗਿਆ

06/13/2022 2:11:15 PM

ਇਕਵੰਜਾ
ਮੇਰੀ ਦੁਨੀਆਂ ਉਜਾੜ ਕੇ, ਜੋ ਦੂਰ ਹੋ ਗਿਆ।
ਉਹਦੀ ਯਾਦਾਂ ਦਾ ਖ਼ਜ਼ਾਨਾ, ਭਰਪੂਰ ਹੋ ਗਿਆ।

ਆਪਾ ਤੱਕ ਕੇ ਵੀ ਝਾਉਲਾ, ਪਿਆ ਉਹਦੇ ਰੂਪ ਦਾ,
ਸ਼ੀਸ਼ਾ ਡਿੱਗ ਕੇ ਤੇ ਹੱਥੋਂ, ਚੂਰ ਚੂਰ ਹੋ ਗਿਆ।

ਮੈਨੂੰ ਕਰ ਕੇ ਹਵਾਲੇ, ਭੂਤਰੇ ਤੁਫਾਨਾਂ ਦੇ,
ਮਾਂਝੀ ਆਪ ਪਾਰ ਲੈ ਕੇ, ਸਾਰਾ ਪੂਰ ਹੋ ਗਿਆ।

ਫੇਰ ਮੱਰਹਮਾਂ ਲਗੌਣ ਦਾ, ਕੀ ਫਾਇਦਾ ਮਹਿਰਮਾ,
ਲੱਗਾ ਦਿਲ ਦਾ ਜੇ ਜ਼ਖ਼ਮ, ਨਾਸੂਰ ਹੋ ਗਿਆ।

ਇਕ ਅੱਥਰੀ ਜਵਾਨੀ ਦੂਜੀ, ਹੁਸਨ ਦੀ ਦੋਪਹਿਰ,
ਐਵੇ ਝੂਠਾ ਨਹੀਓਂ ਉਸ ਨੂੰ, ਗ਼ਰੂਰ ਹੋ ਗਿਆ।

ਰਹੇ ਰਾਮ ਨਾਮ ਜਦੋਂ ਤੱਕ, ਨੇਕੀਆਂ ਕਮਾਈਆਂ,
ਇਕੋ ਗਲਤੀ ਤੇ ਨਾਮ, ਮਸ਼ਹੂਰ ਹੋ ਗਿਆ।

ਖਾ ਕੇ ਝਿੜਕਾਂ ਵੀ ਛੱਡਦਾ, ਨਹੀਂ ਖਹਿੜਾ ਉਸ ਦਾ,
ਕ੍ਹਾਤੋਂ 'ਦਰਦੀ' ਤੂੰ ਏਨਾ, ਮਜ਼ਬੂਰ ਹੋ ਗਿਆ।


ਬਵੰਜਾ
ਮਿਲੇ ਨੇ ਸਾਥੀ ਬੜੇ ਨਿਭਿਆ ਨਾ ਕੋਈ ਤੋੜ ਤੱਕ।
ਛੱਡ ਗਏ ਨੇ ਸਾਥ ਸਭ ਉਰਲੇ ਜਾਂ ਪਰਲੇ ਮੋੜ ਤੱਕ।

ਐਸਾ ਨਹੀਂ ਮਿਲਿਆ ਜਿਹਦੀ ਬੇਗਰਜ਼ ਹੋਵੇ ਦੋਸਤੀ,
ਕੀ ਹੈ ਯਾਰੀ ਉਸਦੀ ਯਾਰੀ ਹੈ ਜਿਹਦੀ ਬਸ ਲੋੜ ਤੱਕ।

ਵਕਤ ਕਹਿੰਦਾ ਢਾਲ ਉਸ ਨੂੰ ਸਮੇਂ ਦੇ ਹਲਾਤ ਤੇ,
ਦਿਲ ਨਹੀਂ ਮੰਨਦਾ ਕਰਾਂ ਕੀ ਇਨ੍ਹਾਂ ਦੇ ਅਨਜੋੜ ਤੱਕ।

ਕੌਣ ਸੋਚੇ ਰਿਸ਼ਤਿਆਂ ਲਈ ਰਿਸ਼ਤਿਆਂ ਵਿਚ ਬੈਠ ਕੇ,
ਸੋਚ ਹਰ ਇਨਸਾਨ ਦੀ ਹੈ ਡਾਲਰਾਂ ਦੀ ਹੋੜ ਤੱਕ।

ਕੀ ਪਤਾ ਇਸ ਦਾ ਬਦਲ ਜੇ ਹੱਥ ਸੁਖਾਲੇ ਹੋਣ ਤੇ,
ਹੋਵੇਗਾ 'ਦਰਦੀ' ਨਰਮ ਕੁਝ ਪੈਸਿਆਂ ਦੀ ਥੋੜ ਤੱਕ।

ਤਰਵੰਜਾ 
ਨਾ ਕਰ ਐਵੇਂ ਠਗੀ ਠੋਰੀ।
ਨਾ ਕਰ ਐਵੇਂ ਸੀਨਾ ਜੋਰੀ।

ਲੋਕਾਂ ਦੀਆਂ ਨਜ਼ਰਾਂ ਤੋਂ ਡੇਗਣ, 
ਹੇਰਾ ਫੇਰੀ ਰਿਸ਼ਵਤ ਖੋਰੀ।

ਸੌ ਸੌ ਪਾਪੜ ਵੇਲ ਕੇ ਬੰਦਾ,
ਤੋਰੇ ਘਰ ਦੀ ਫੁਲਕਾ ਤੋਰੀ।

ਹਰ ਧੰਦੇ ਵਿੱਚ ਮਾਹਰ ਲੋਕੀ,
ਲਭ ਲੈਂਦੇ ਨੇ ਚੋਰੀ ਮੋਰੀ।

ਜਿਸਮਾਂ ਉਪਰ ਮੁਲੱਮਾ ਵੇਖੋ,
ਦਿਲ ਕਾਲਾ ਤੇ ਚਮੜੀ ਗੋਰੀ।

ਪੀਂਦੇ ਨੇ ਠੇਕੇ ਵਿੱਚ ਬਹਿ ਕੇ,
ਪੰਡਤ ਮੁੱਲਾਂ ਚੋਰੀ ਚੋਰੀ।

ਵੱਡਿਆਂ ਨਾਲ ਯਾਰਾਨਾ ਤੇਰਾ,
'ਦਰਦੀ' ਸਾਡੀ ਰੱਬ ਤੇ ਡੋਰੀ।

PunjabKesari
                       
ਲੇਖਕ: ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ)
92569-73526


rajwinder kaur

Content Editor

Related News