ਐਵਾਨ-ਏ-ਗ਼ਜ਼ਲ : ਮੁੜ ਮੁੜ ਚੇਤੇ ਆਉਂਦਾ ਰਹਿਣਾ।
Saturday, Aug 20, 2022 - 07:36 PM (IST)

ਸਤਨਾਮ ਸਿੰਘ ਦਰਦੀ (ਚਾਨੀਆਂ-ਜਲੰਧਰ)
92569-73526
ਸੱਠ
ਵਿਛੜ ਗਿਆਂ ਨੂੰ ਮੁਦਤਾਂ ਹੋਈਆਂ ,ਮੁੜ ਮੁੜ ਚੇਤੇ ਆਉਂਦਾ ਰਹਿਣਾ।
ਪਹਿਲੇ ਜ਼ਖ਼ਮ ਭਰੇ ਨਹੀਂ ਹਾਲਾਂ, ਹੋਰ ਨਵੇਂ ਫਟ ਲਾਉਂਦਾ ਰਹਿਣਾ।
ਦਿਨ ਦੀਵੀ ਮੇਰੀ ਦੁਨੀਆਂ ਲੁੱਟ ਕੇ, ਖਵਰੇ ਕਿਹੜੇ ਦੇਸ਼ ਤੁਰ ਗਿਆ,
ਰਾਤੀ ਸੁਫ਼ਨੇ ਵਿਚ ਆ ਕੇ, ਦੁਨੀਆਂ ਨਵੀਂ ਵਸਾਉਂਦਾ ਰਹਿਣਾ।
ਤੇਰੇ ਬਿਨ ਦੁਨੀਆਂ ’ਤੇ ਕਿਹੜਾ, ਜਿਸ ਨੂੰ ਦਿਲ ਦਾ ਹਾਲ ਸੁਣਾਵਾਂ,
ਕੋਲ ਆਵੇ ਤਾਂ ਦੁੱਖ ਸੁੱਖ ਕਰੀਏ, ਦੂਰੋਂ ਹੀ ਤੜਪਾਉਂਦਾ ਰਹਿਣਾ।
ਸੀਨੇ ਵਿਚ ਅੱਗ ਬਿਰਹੋਂ ਦੀ, ਅੱਖਾਂ ਦੇ ਵਿਚ ਹੈ ਬਰਸਾਤ,
ਕਿੰਨੀ ਕਰਾਮਾਤ ਹੈ ਤੇਰੀ, ਪਾਣੀ ਵਿਚ ਅੱਗ ਲਾਉਂਦਾ ਰਹਿਣਾ।
ਸਭ ਕੁਝ ਤੇਰਾ ਕੁਝ ਨਹੀਂ ਮੇਰਾ, ਤੇਰਾ ਕੀਤਾ ਤੇਰੇ ਅਰਪਨ,
ਦਰਦ ਵਿਛੋੜੇ ਸਦਮੇ ਦੇ -ਦੇ, ਮੁੜ-ਮੁੜ ਕਿਓਂ ਅਜ਼ਮਾਉਂਦਾ ਰਹਿਣਾ।
ਬੀਤ ਗਈ ਹੈ ਕਿਨੀ 'ਦਰਦੀ', ਅਜ ਕੱਲ ਅਜ ਕੱਲ ਕਰਦੇ ਕਰਦੇ,
ਸ਼ਾਮੀ ਭੁੱਲਾਂ ਕਰ ਬਹਿੰਦਾ ਹੈਂ, ਤੜਕੇ ਉਠ ਬਖਸ਼ਾਉਂਦਾ ਰਹਿਣਾ।
ਸੱਚ ਕਹਿਣ ਦੀ ਆਦਤ ਮਾੜੀ, ਸਭ ਨੂੰ ਗੁੱਸੇ ਕਰ ਲੈਂਦਾ ਹੈਂ,
'ਦਰਦੀ' ਸਭ ਦੁਨੀਆਂ ਤੋਂ ਭੈੜਾ, ਤੂੰ ਐਂਵੇ ਵਡਿਆਉਂਦਾ ਰਹਿਨਾ।
ਇਕਾਹਟ
ਵਾਹਿਗੁਰੂ ਸਭਨਾ ਨੂੰ ਐਸਾ ਪਿਆਰ ਦੇ।
ਰਲ ਕੇ ਬੈਠਣ ਲੋਕ ਸਭ ਸੰਸਾਰ ਦੇ।
ਹਰ ਮੁਲਕ ਦੇ ਮੁਖੀ ਨੂੰ ਬਖਸ਼ੀਂ ਸੁਮਤ,
ਬੰਦ ਰੱਖਣ ਮੂੰਹ ਹਰ ਹਥਿਆਰ ਦੇ।
ਅਮਨ ਦਾ ਪਰਚਮ ਸਦਾਂ ਉੱਚਾ ਰਹੇ,
ਜੰਗ ਬਾਜਾਂ ਨੂੰ ਸਦਾ ਫਿਟਕਾਰ ਦੇ।
ਦੇਸ਼ ਖਾਤਰ ਮਰਨ ਦਾ ਦੇ ਹੌਂਸਲਾ,
ਦੇਸ਼ ਦੋਖੀ ਤਾਕਤਾਂ ਨੂੰ ਹਾਰ ਦੇ।
ਸਭ ਸਿਪਾਹੀ ਪਰਤ ਆਵਣ ਘਰਾਂ ਨੂੰ ,
ਸਾਰੀਆਂ ਮਾਵਾਂ ਦੇ ਹਿਰਦੇ ਠਾਰ ਦੇ।
ਰੁਕੇ ਨਾ ਪਹੀਆ ਤਰੱਕੀ ਦਾ ਕਦੇ,
ਫਰਜ਼ ਸਮਝਣ ਮੁਖੀ ਹਰ ਸਰਕਾਰ ਦੇ।
ਸਿਰ ਢਕਣ ਨੂੰ ਸਾਰਿਆਂ ਨੂੰ ਛੱਤ ਦੇ,
ਭੁੱਖਿਆਂ ਨੂੰ ਰਿਜ਼ਕ ਤੇ ਰੁਜ਼ਗਾਰ ਦੇ।
ਭਾਈਚਾਰਾ ਹਰ ਜਗਾ ਬਣਿਆ ਰਹੇ,
ਲੋਕ ਹਨ ਐਧਰ ਜਾ ਪਰਲੇ ਪਾਰ ਦੇ।
ਰਹੇ ਕਾਇਮ ਹਰ ਸੁਹਾਗਣ ਦਾ ਸੁਹਾਗ,
ਵੈਣ ਨਾ ਸੁਣੀਏ ਕਿਸੇ ਮੁਟਿਆਰ ਦੇ।
ਮਾਣ ਹੋਵੇ ਵੱਡਿਆਂ ਦਾ ਹਰ ਘਰੇ,
ਵਹੁਟੀਆਂ ਦੇ ਦਿਲ ਦੇ ਵਿਚ ਸਤਿਕਾਰ ਦੇ।
ਤਪ ਰਹੇ ਹਿਰਦੇ ਨੂੰ ਬਖਸ਼ੀਂ ਸ਼ਾਂਤੀ,
ਸਾਰਿਆਂ ਤਾਈਂ ਸੁਖੀ ਪਰਿਵਾਰ ਦੇ।
ਬਾਹਟ
ਵੱਸਦਾ ਹੈ ਸਭ ਦੇ ਦਿਲ ਵਿਚ, ਦਿਲਦਾਰ ਆਪਣਾ ਆਪਣਾ।
ਸੋਹਣਾ ਹੈ ਹਰ ਕਿਸੇ ਲਈ, ਪਰਿਵਾਰ ਆਪਣਾ ਆਪਣਾ।
ਲਾ ਕੇ ਧਰਮ ਦੇ ਬੈਨਰ, ਜੱਗ ਨੂੰ ਬਣਾ ਕੇ ਮੂਰਖ,
ਕਰਦੇ ਪਏ ਨੇ ਲੀਡਰ, ਪਰਚਾਰ ਆਪਣਾ ਆਪਣਾ।
ਜਿਧਰੋਂ ਵੀ ਮਾਲ ਮਿਲਦਾ, ਉਸੇ ਦੇ ਗਾਉਣ ਸੋਹਲੇ,
ਭੁੱਲੇ ਨੇ ਫ਼ਰਜ਼ ਸਾਰੇ, ਅਖ਼ਬਾਰ ਆਪਣਾ ਆਪਣਾ।
ਥਾਂ ਥਾਂ ਤੇ ਭੇਖ ਧਾਰੀ ,ਬੈਠੇ ਬਣਾ ਕੇ ਡੇਰੇ,
ਹੈ ਘੜ ਲਿਆ ਠੱਗਾਂ ਨੇ, ਕਰਤਾਰ ਅਪਣਾ ਅਪਣਾ।
ਰੌਲਾ ਹੈ ਏਕਤਾ ਦਾ, ਹੈ ਕੁਰਸੀਆਂ ਦੀ ਚਾਹਤ,
ਕਰਦੇ ਅੱਗੇ ਨੂੰ ਭਾਂਡਾ, ਹਰ ਵਾਰ ਆਪਣਾ ਆਪਣਾ।
ਇਸ ਯੁਗ 'ਚ ਲਗਦਾ 'ਦਰਦੀ', ਕੋਈ ਨਹੀਂ ਕਿਸੇ ਦਾ,
ਕਰਦਾ ਹੈ ਉਲੂ ਸਿੱਧਾ, ਸੰਸਾਰ ਆਪਣਾ ਆਪਣਾ।