ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼: ‘ਮਨ ਚੰਗਾ ਤਾਂ ਕਠੌਤੀ ’ਚ ਗੰਗਾ’
Saturday, Feb 04, 2023 - 07:39 PM (IST)
ਭਾਰਤੀ ਸੰਤ ਪ੍ਰੰਪਰਾ ’ਚ ਕਈ ਬੇਸ਼ਕੀਮਤੀ ਸੰਤ ਹੋਏ ਪਰ ਭਾਰਤੀ ਖਿੱਤੇ ’ਤੇ ਜਿਸ ਤਰ੍ਹਾਂ ਸੰਤ ਰਵਿਦਾਸ ਜੀ ਚਮਕਦੇ ਹਨ ਉਸ ਤਰ੍ਹਾਂ ਦੀ ਚਮਕ ਕਿਸੇ ਹੋਰ ’ਚ ਲੱਭਣੀ ਔਖੀ ਹੈ। ਸੰਤ ਰਵਿਦਾਸ ਜੀ ਦੇ ਬਾਰੇ ’ਚ ਕਈ ਅਨੋਖੀਆਂ ਗੱਲਾਂ ਹਨ। ਜਿਸ ਸਮੇਂ ਉਹ ਰਹੇ ਹਨ ਉਦੋਂ ਉਸ ਸਮੇਂ ਨੂੰ ਜ਼ਰਾ ਤੁਸੀਂ ਯਾਦ ਕਰੋ। ਉਸ ਸਮੇਂ ਦੀ ਜਾਤੀ ਪ੍ਰਥਾ ਦੇ ਰੋਗ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਸੰਤ ਰਵਿਦਾਸ ਜੀ ਦੇ ਅੱਗੇ ਜੇਕਰ ਖ਼ੁਦ ਨੂੰ ਬ੍ਰਹਮਗਿਆਨੀ ਕਹਿਣ ਵਾਲੇ ਲੋਕ ਝੁਕਦੇ ਹਨ, ਜੇਕਰ ਉਸ ਸਮੇਂ ਦਾ ਬ੍ਰਾਹਮਣ ਸਮਾਜ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ, ਉਹ ਵੀ ਕਾਸ਼ੀ ਦਾ ਬ੍ਰਾਹਮਣ ਸਮਾਜ ਜੋ ਉਨ੍ਹਾਂ ਨੂੰ ਨਮਨ ਕਰਦਾ ਹੈ ਤਾਂ ਸੁਭਾਵਿਕ ਹੈ ਕਿ ਤੁਸੀਂ ਮੰਨ ਸਕਦੇ ਹੋ ਕਿ ਸੰਤ ਰਵਿਦਾਸ ਜੀ ’ਚ ਕਿੰਨੀ ਚਮਕ ਅਤੇ ਉਨ੍ਹਾਂ ਦੀ ਭਗਤੀ ਦੀ ਕਿੰਨੀ ਧਮਕ ਰਹੀ ਹੋਵੇਗੀ।
ਸੰਤ ਰਵਿਦਾਸ ਜੀ ਆਪਣੇ ਜ਼ਮਾਨੇ ’ਚ ਕਈ ਕੀਮਤੀ ਅਤੇ ਮਹੱਤਵਪੂਰਨ ਬਦਲਾਅ ਦੀਆਂ ਗੱਲਾਂ ਕਰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਭਗਵਾਨ ਤੱਕ ਪਹੁੰਚਣ ਦੇ ਕਈ ਰਸਤੇ ਹਨ। ਤੁਸੀਂ ਧਿਆਨ ਨਾਲ ਪਹੁੰਚੋ, ਭਗਤੀ ਨਾਲ ਪਹੁੰਚੋ, ਮੀਰਾ ਨ੍ਰਿਤ ਕਰਦੇ-ਕਰਦੇ ਪਹੁੰਚ ਜਾਂਦੀ ਹੈ ਤਾਂ ਸ਼ੰਕਰ ਗਿਆਨ ਦਾ ਰਸਤਾ ਚੁਣਦੇ ਹਨ। ਸੰਤ ਰਵਿਦਾਸ ਜੀ ਦੀ ਭਗਤੀ ਦਾ ਰਸਤਾ ਕੁਝ ਇਸ ਤਰ੍ਹਾਂ ਸਮਝ ’ਚ ਆਉਂਦਾ ਹੈ ਕਿ ਲੱਗਦਾ ਹੈ ਇਹ ਰਸਤਾ ਸਾਡਾ ਹੈ। ਸਰਲ, ਸੁਖਾਲਾ ਅਤੇ ਆਸਾਨੀ ਨਾਲ ਚੱਲਣ ਵਾਲਾ ਰਸਤਾ।
ਉਨ੍ਹਾਂ ਦੀ ਭਗਤੀ ਸਹਿਜ ਤੇ ਸਰਲ ਰਸਤੇ ’ਚੋਂ ਹੋ ਕੇ ਲੰਘਦੀ ਹੈ। ਤੁਸੀਂ ਸੋਚੋ ਕਿ ਕੋਈ ਭਗਤ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਉਹ ਠੀਕ ਉਸੇ ਸਮੇਂ ਆਪਣੇ ਪ੍ਰਭੂ ਨੂੰ ਪਾਉਣ ਦੇ ਰਸਤੇ ’ਤੇ ਵੀ ਚੱਲ ਪਿਆ ਹੈ। ਸੰਤ ਰਵਿਦਾਸ ਜੀ ਅਜਿਹਾ ਨਹੀਂ ਕਹਿੰਦੇ ਹਨ ਕਿ ਕੋਈ ਵਿਅਕਤੀ ਆਪਣਾ ਕੰਮ-ਧੰਦਾ ਛੱਡ ਕੇ ਭਗਤੀ ’ਚ ਲੀਨ ਹੋ ਜਾਵੇ। ਉਹ ਆਪਣਾ ਕੰਮ ਕਰਦੇ ਰਹਿੰਦੇ ਹਨ। ਆਪਣਾ ਜੋੜੇ ਗੰਢਣ ਦਾ ਕੰਮ ਕਰਦੇ ਹਨ ਅਤੇ ਭਗਤੀ ਵੀ ਕਰਦੇ ਰਹਿੰਦੇ ਹਨ।
ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਦੇ ਗੁਰੂ ਭਾਈ ਕਬੀਰ ਆਪਣੇ ਜੁਲਾਹੇ ਦਾ ਕੰਮ ਕਰਦੇ ਹੋਏ ਆਪਣੀ ਭਗਤੀ ਜਾਰੀ ਰੱਖਦੇ ਹਨ। ਭਗਤ ਕਬੀਰ ਅਤੇ ਸੰਤ ਰਵਿਦਾਸ ਜੀ ਦੋਵੇਂ ਗੁਰੂਭਾਈ ਸਨ। ਇਹ ਦੋਵੇਂ ਸੰਤ ਰਾਮਾਨੰਦ ਜੀ ਦੇ ਚੇਲੇ ਸਨ।
ਸੰਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੋਵੇਂ ਹੀ ਕਰਮਕਾਂਡ ’ਚ ਕਿਸੇ ਵੀ ਤਰ੍ਹਾਂ ਦੇ ਦਿਖਾਵੇ ਦੇ ਵਿਰੋਧੀ ਸਨ। ਜਿਸ ਤਰ੍ਹਾਂ ਕਬੀਰ ਜੀ ਆਪਣੇ ਕਰਮ ’ਚ ਹੀ ਭਗਤੀ ਸ਼ਾਮਲ ਕਰਦੇ ਹਨ, ਉਸੇ ਤਰ੍ਹਾਂ ਸੰਤ ਰਵਿਦਾਸ ਜੀ ਵੀ ਆਪਣਾ ਕੰਮ ਕਰਦੇ ਹੋਏ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ। ਸੰਤ ਰਵਿਦਾਸ ਜੀ ਦਾ ਜੋੜੇ ਬਣਾਉਣਾ ਅਤੇ ਭਗਤੀ ਕਰਦੇ ਰਹਿਣਾ ਕਈ ਤਰ੍ਹਾਂ ਦੇ ਪ੍ਰਤੀਕ ਸਥਾਪਿਤ ਕਰਦਾ ਹੈ।
ਉਨ੍ਹਾਂ ਦੀ ਤਸਵੀਰ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਭਗਵਾਨ ਦੇ ਲਈ ਕਿਸੇ ਵੀ ਤਰ੍ਹਾਂ ਦੇ ਅਡੰਬਰ ਦੀ ਲੋੜ ਨਹੀਂ ਹੈ। ਉਸ ਨੂੰ ਸਾਧਾਰਨ ਢੰਗ ਨਾਲ ਅਤੀ ਸਹਿਜ ਢੰਗ ਨਾਲ ਵੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸਾਧਨਾ ਦੀ ਉਦਾਹਰਣ ਤੋਂ ਇਹ ਵੀ ਸਾਫ਼ ਜ਼ਾਹਿਰ ਹੈ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਧਨਾ ਦੇ ਲਈ ਭਗਵਾਨ ਲਈ ਵੱਖਰਾ ਸਮਾਂ ਚਾਹੀਦਾ ਹੈ। ਤੁਸੀਂ ਜੋ ਕਰ ਰਹੇ ਹੋ ਉਸੇ ਸਮੇਂ ਤੁਸੀਂ ਪਾਤਰ ਹੋ ਈਸ਼ਵਰ ਨੂੰ ਪਾਉਣ ਦੇ ਲਈ।
ਉਨ੍ਹਾਂ ਦੀ ਸਾਧਨਾ ਤੋਂ ਇਹ ਰਸਤਾ ਦਿਸਦਾ ਹੈ ਕਿ ਜੋ ਵਿਅਕਤੀ ਜੋੜੇ ਗੰਢਦੇ ਸਮੇਂ ਈਸ਼ਵਰ ’ਚ ਲੀਨ ਹੈ ਉਹ ਇਸ ਕੰਮ ਨੂੰ ਵੀ ਭਗਵਾਨ ਨੂੰ ਸਮਰਪਿਤ ਕਰ ਰਿਹਾ ਹੈ। ਜੋ ਵਿਅਕਤੀ ਕੱਪੜਾ ਬੁਣਦਾ ਹੋਇਆ ਵੀ ਪਰਮਾਤਮਾ ਨੂੰ ਯਾਦ ਕਰਦਾ ਹੈ, ਉਹ ਆਪਣਾ ਕਾਰਜ ਉੱਤਮ ਤਾਂ ਕਰੇਗਾ ਹੀ, ਇਸ ਦੇ ਨਾਲ ਹੀ ਦੁਨੀਆ ਦੀ ਸਾਰੀ ਮੋਹ-ਮਾਇਆ ਤੋਂ ਵੀ ਖ਼ੁਦ ਹੀ ਵੱਖਰਾ ਹੋ ਜਾਵੇਗਾ।
ਸੰਤ ਰਵਿਦਾਸ ਜੀ ਦੀ ਜੇਕਰ ਤੁਸੀਂ ਪ੍ਰੰਪਰਾ ਦੇਖੋ ਤਾਂ ਉਸ ’ਚ ਤੁਹਾਨੂੰ ਇਕ ਵੱਖਰੀ ਕਿਸਮ ਦਾ ਵੈਭਵ ਦਿਖਾਈ ਦਿੰਦਾ ਹੈ। ਉਹ ਸੰਤ ਰਾਮਾਨੰਦ ਜੀ ਦੇ ਚੇਲੇ ਸਨ। ਰਾਮਾਨੰਦ ਜੀ ਨੇ ਜਿਸ ਵਿਅਕਤੀ ਨੂੰ ਆਪਣਾ ਚੇਲਾ ਪ੍ਰਵਾਨ ਕੀਤਾ ਹੋਵੇਗਾ ਉਹ ਆਮ ਵਿਅਕਤੀ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਹ ਅਤੇ ਕਬੀਰ ਜੀ ਗੁਰੂ ਭਾਈ ਸਨ।
ਸਾਡੇ ਬੁੰਦੇਲਖੰਡ ’ਚ ਕਹਾਵਤ ਹੈ ਕਿ ਫਲ ਤੋਂ ਰੁੱਖ ਨੂੰ ਪਛਾਣਿਆ ਜਾਂਦਾ ਹੈ, ਪੁੱਤਰ ਤੋਂ ਪਿਤਾ ਨੂੰ ਅਤੇ ਚੇਲੇ ਤੋਂ ਗੁਰੂ ਨੂੰ। ਜਿਸ ਦੀ ਚੇਲੀ ਮੀਰਾ ਹੋਵੇ ਸਿਰਫ਼ ਇੰਨੀ ਹੀ ਸ਼ਖ਼ਸੀਅਤ ਸੰਤ ਰਵਿਦਾਸ ਜੀ ਨੂੰ ਅਤੀ ਮਹੱਤਵਪੂਰਨ ਬਣਾ ਦਿੰਦੀ ਹੈ। ਸੰਤ ਰਵਿਦਾਸ ਜੀ ਦੀ ਭਾਸ਼ਾ ਪ੍ਰੇਮ ਦੀ ਭਾਸ਼ਾ ਹੈ, ਭਗਤੀ ਦੀ ਭਾਸ਼ਾ ਹੈ।
ਇਕ ਦਿਨ ਸੰਤ ਰਵਿਦਾਸ ਜੀ ਆਪਣੀ ਝੌਂਪੜੀ ’ਚ ਬੈਠੇ ਪ੍ਰਭੂ ਦਾ ਸਿਮਰਨ ਕਰ ਰਹੇ ਸਨ। ਉਦੋਂ ਇਕ ਰਾਹਗੀਰ ਬ੍ਰਾਹਮਣ ਉਨ੍ਹਾਂ ਦੇ ਕੋਲ ਆਪਣੀ ਜੁੱਤੀ ਠੀਕ ਕਰਾਉਣ ਆਇਆ। ਰਵਿਦਾਸ ਜੀ ਨੇ ਪੁੱਛਿਆ ਕਿੱਥੇ ਜਾ ਰਹੇ ਹੋ, ਬ੍ਰਾਹਮਣ ਬੋਲਿਆ ਗੰਗਾ ਇਸ਼ਨਾਨ ਕਰਨ ਜਾ ਰਿਹਾ ਹਾਂ। ਜੁੱਤੀ ਠੀਕ ਕਰਨ ਦੇ ਬਾਅਦ ਬ੍ਰਾਹਮਣ ਵੱਲੋਂ ਦਿੱਤੇ ਪੈਸਿਆਂ ’ਚੋਂ ਰਵਿਦਾਸ ਜੀ ਨੇ ਕਿਹਾ ਕਿ ਤੁਸੀਂ ਇਹ ਦਮੜੀ ਮੇਰੇ ਵੱਲੋਂ ਮਾਂ ਗੰਗਾ ਨੂੰ ਚੜ੍ਹਾ ਦੇਣਾ।
ਬ੍ਰਾਹਮਣ ਜਦੋਂ ਗੰਗਾ ਪਹੁੰਚਿਆ ਅਤੇ ਗੰਗਾ ਇਸ਼ਨਾਨ ਦੇ ਬਾਅਦ ਜਿਉਂ ਹੀ ਬ੍ਰਾਹਮਣ ਨੇ ਕਿਹਾ, ‘‘ਹੇ ਗੰਗੇ! ਰੈਦਾਸ (ਰਵਿਦਾਸ ਜੀ) ਦੀ ਦਮੜੀ ਪ੍ਰਵਾਨ ਕਰੋ। ਤਦ ਗੰਗਾ ’ਚੋਂ ਇਕ ਹੱਥ ਬਾਹਰ ਆਇਆ ਅਤੇ ਉਸ ਦਮੜੀ ਨੂੰ ਲੈ ਕੇ ਬਦਲੇ ’ਚ ਬ੍ਰਾਹਮਣ ਨੂੰ ਇਕ ਸੋਨੇ ਦਾ ਕੰਗਣ ਦੇ ਗਿਆ।
ਬ੍ਰਾਹਮਣ ਜਦੋਂ ਗੰਗਾ ਦਾ ਦਿੱਤਾ ਕੰਗਣ ਲੈ ਕੇ ਵਾਪਸ ਪਰਤ ਰਿਹਾ ਸੀ ਉਦੋਂ ਉਸ ਦੇ ਮਨ ’ਚ ਵਿਚਾਰ ਆਇਆ ਕਿ ਸੰਤ ਰਵਿਦਾਸ ਜੀ ਨੂੰ ਕਿਵੇਂ ਪਤਾ ਲੱਗੇਗਾ ਕਿ ਗੰਗਾ ਨੇ ਬਦਲੇ ’ਚ ਕੰਗਣ ਦਿੱਤਾ ਹੈ, ਮੈਂ ਇਸ ਕੰਗਣ ਨੂੰ ਰਾਜੇ ਨੂੰ ਦੇ ਦਿੰਦਾ ਹਾਂ ਜਿਸ ਦੇ ਬਦਲੇ ਮੈਨੂੰ ਤੋਹਫ਼ੇ ਮਿਲਣਗੇ। ਉਸ ਨੇ ਰਾਜੇ ਨੂੰ ਕੰਗਣ ਦਿੱਤਾ, ਬਦਲੇ ’ਚ ਤੋਹਫ਼ਾ ਲੈ ਕੇ ਘਰ ਚਲਾ ਗਿਆ। ਜਦੋਂ ਰਾਜੇ ਨੇ ਕੰਗਣ ਰਾਣੀ ਨੂੰ ਦਿੱਤਾ ਤਾਂ ਰਾਣੀ ਖ਼ੁਸ਼ ਹੋ ਗਈ ਅਤੇ ਬੋਲੀ ਮੈਨੂੰ ਅਜਿਹਾ ਹੀ ਇਕ ਹੋਰ ਕੰਗਣ ਦੂਜੇ ਹੱਥ ਲਈ ਚਾਹੀਦਾ ਹੈ।
ਰਾਜੇ ਨੇ ਬ੍ਰਾਹਮਣ ਨੂੰ ਸੱਦ ਕੇ ਕਿਹਾ ਕਿ ਉਹੋ ਜਿਹਾ ਹੀ ਕੰਗਣ ਇਕ ਹੋਰ ਚਾਹੀਦਾ ਹੈ, ਨਹੀਂ ਤਾਂ ਰਾਜੇ ਦੀ ਸਜ਼ਾ ਦਾ ਪਾਤਰ ਬਣਨਾ ਪਵੇਗਾ। ਬ੍ਰਾਹਮਣ ਪ੍ਰੇਸ਼ਾਨ ਹੋ ਗਿਆ ਕਿ ਦੂਜਾ ਕੰਗਣ ਕਿੱਥੋਂ ਲਿਆਵਾਂ? ਡਰਿਆ ਹੋਇਆ ਬ੍ਰਾਹਮਣ ਸੰਤ ਰਵਿਦਾਸ ਜੀ ਕੋਲ ਪੁੱਜਾ ਤੇ ਸਾਰੀ ਗੱਲ ਦੱਸੀ। ਸੰਤ ਰਵਿਦਾਸ ਜੀ ਬੋਲੇ ਕਿ ਤੁਸੀਂ ਮੈਨੂੰ ਦੱਸੇ ਬਿਨਾਂ ਰਾਜੇ ਨੂੰ ਕੰਗਣ ਭੇਟ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਨਾ ਹੋਵੋ, ਤੁਹਾਡੀ ਜਾਨ ਬਚਾਉਣ ਲਈ ਮੈਂ ਗੰਗਾ ਨੂੰ ਦੂਜੇ ਕੰਗਣ ਲਈ ਪ੍ਰਾਰਥਨਾ ਕਰਦਾ ਹਾਂ।
ਅਜਿਹਾ ਕਹਿੰਦੇ ਹੀ ਸੰਤ ਰਵਿਦਾਸ ਜੀ ਨੇ ਆਪਣੀ ਕਠੌਤੀ ਚੁੱਕੀ, ਜਿਸ ’ਚ ਉਹ ਚਮੜਾ ਗਾਲਦੇ ਸਨ, ਉਸ ’ਚ ਪਾਣੀ ਭਰਿਆ ਸੀ। ਸੰਤ ਰਵਿਦਾਸ ਜੀ ਨੇ ਮਾਂ ਗੰਗਾ ਨੂੰ ਬੇਨਤੀ ਕਰ ਕੇ ਆਪਣੀ ਕਠੌਤੀ ’ਚੋਂ ਜਲ ਛਿੜਕਿਆ, ਜਲ ਛਿੜਕਦੇ ਹੀ ਕਠੌਤੀ ’ਚ ਇਕ ਉਹੋ ਜਿਹਾ ਹੀ ਕੰਗਣ ਪ੍ਰਗਟ ਹੋ ਗਿਆ। ਸੰਤ ਰਵਿਦਾਸ ਜੀ ਨੇ ਕੰਗਣ ਬ੍ਰਾਹਮਣ ਨੂੰ ਦੇ ਦਿੱਤਾ। ਬ੍ਰਾਹਮਣ ਖੁਸ਼ ਹੋ ਕੇ ਰਾਜੇ ਨੂੰ ਉਹ ਕੰਗਣ ਭੇਟ ਕਰਨ ਚਲਾ ਗਿਆ। ਉਦੋਂ ਤੋਂ ਇਹ ਕਹਾਵਤ ਪ੍ਰਚੱਲਿਤ ਹੋਈ ਕਿ ‘ਮਨ ਚੰਗਾ ਤਾਂ ਕਠੌਤੀ ’ਚ ਗੰਗਾ’।
ਪ੍ਰਹਿਲਾਦ ਸਿੰਘ ਪਟੇਲ
(ਕੇਂਦਰੀ ਰਾਜ ਮੰਤਰੀ)