ਕਲਾ ਨੂੰ ਸਮਰਪਿਤ ਹੱਥ ਅੱਜ ਵੀ ਬਣਾ ਰਹੇ ਨੇ ਸੱਭਿਆਚਾਰਿਕ ਰੱਥ

Wednesday, Apr 04, 2018 - 05:42 PM (IST)

ਕਲਾ ਨੂੰ ਸਮਰਪਿਤ ਹੱਥ ਅੱਜ ਵੀ ਬਣਾ ਰਹੇ ਨੇ ਸੱਭਿਆਚਾਰਿਕ ਰੱਥ

ਲੁਧਿਆਣੇ ਜਿਲ੍ਹੇ ਦੇ ਖੰਨਾ ਸ਼ਹਿਰ ਤੋਂ ਚੰਡੀਗੜ੍ਹ ਰੋਡ ਤੇ ਖੰਨੇ ਤੋਂ 4 ਕਿਲੋਮੀਟਰ ਦੀ ਦੂਰੀ ਪਰ ਪਿੰਡ ਮਲਕਪੁਰ ਪਹੁੰਚ ਕਰਦੇ ਹੀ ਸੜਕ ਕਿਨਾਰੇ ਕੁਝ ਮਿਸਤਰੀਆਂ ਦੀਆਂ ਦੁਕਾਨਾਂ ਹਨ ਇਨ੍ਹਾਂ ਮਿਸਤਰੀਆਂ ਦੀਆਂ ਦੁਕਾਨਾਂ ਵਿਚ ਇਕ ਬਹੁਤ ਹੀ ਸਧਾਰਨ ਮੱਧ-ਵਰਗੀ ਮਿਸਤਰੀ ਬਲਜੀਤ ਸਿੰਘ ਦੀ ਬਹੁਤ ਹੀ ਛੋਟੀ ਜਿਹੀ ਦੁਕਾਨ ਹੈ ਜਿੱਥੇ ਉਹ ਲੱਕੜ ਦਾ ਕੰਮ ਕਰਦਾ ਹੈ। ਪਰ ਬਲਜੀਤ ਸਿੰਘ ਜਿੰਨਾ ਸਧਾਰਨ ਪ੍ਰਤੀਤ ਹੁੰਦਾ ਹੈ ਉਸਤੋਂ ਕੋਈ ਵੀ ਇਹ ਅੰਦਾਜਾ ਨਹੀਂ ਲਗਾ ਸਕਦਾ ਕਿ ਉਹ ਪੰਜਾਬ ਦਾ ਇੱਕ ਹੀਰਾ ਕਲਾਕਾਰ ਹੈ, ਜੋ ਆਪਣੀਆਂ ਲੱਕੜ ਦੀਆਂ ਬਣੀਆਂ ਕਲਾਂ ਕ੍ਰਿਤੀਆਂ ਰਾਹੀਂ ਸਾਰੇ ਪੰਜਾਬ ਵਿਚ ਜਾਣਿਆ ਜਾਂਦਾ ਹੈ। ਉਹ ਆਪਣੇ ਪਿਤਾ ਸ. ਹਜੂਰਾ ਸਿੰਘ ਵਾਲਾ ਪਿਤਾ ਪੁਰਖੀ ਧੰਦਾ ਹੀ ਕਰਦਾ ਹੈ ਪਰ “ਸਦੀ ਕਲਾ ਹਰ ਇੱਕ ਅਮੀਰ-ਗਰੀਬ ਵਿਅਕਤੀ ਦੇ ਮਨ ਨੂੰ ਮੋਹ ਲੈਂਦੀ ਹੈ। ਇਹ ਅਜਿਹਾ ਇਸ ਲਈ ਹੁੰਦਾ ਹੈ ਕਿ ਉਸਦੇ ਹੱਥਾਂ ਵਿਚ ਕਲਾ ਦਾ ਜਾਦੂ ਹੈ ਅਤੇ ਉਹ ਖਾਸ ਕਰਕੇ ਪੰਜਾਬ ਦੇ ਪੁਰਾਣੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਵਾਲੇ ਮਾਡਲ ਤਿਆਰ ਕਰਦਾ ਹੈ ਜਿਹਨਾਂ ਵਿਚ ਬਲਦਾਂ ਵਾਲਾ ਰੱਥ, ਛੋਟਾ-ਵੱਡਾ ਗੱਡਾ, ਲੱਕੜ ਦਾ ਉਖਲੀ-ਮੂਹਲਾ,  ਲੱਕੜ ਦੇ ਬਣੇ ਖੇਤੀਬਾੜੀ ਦੇ ਕੰਮ ਆਉਣ ਵਾਲੇ ਸੰਦ ਜਿਵੇਂ ਕਿ ਹੱਲ, ਪੰਜਾਲੀ, ਸਲੰਗ, ਤੰਗਲੀ, ਕਾਂ ( ਘੁਲਾੜੀ ਦਾ ਸੰਦ), ਜਿੰਦਾ ਆਦਿ। 

PunjabKesari
ਹੁਣ ਤੱਕ ਜੋ ਵਿਸ਼ੇਸ਼ ਕਲਾਕ੍ਰਿਤੀ ਕੀਤੀ ਗਈ ਹੈ ਉਹ ਇੱਕ ਵਿਸ਼ੇਸ਼ ਬਲਦਾਂ ਨਾਲ ਜੋੜਨ ਵਾਲਾ ਰੱਥ ਹੈ ਜਿਹੜਾਂ ਕਿ ਹਰ ਸਾਲ ਦੀ ਰੀਤ ਮੁਤਾਬਕ ਸ੍ਰੀ ਗੁਰੂ ਗੋਬਿੰਦ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਹੇੜੀ ਤੋਂ ਰੱਥ ਰਾਹੀਂ ਸਰਹੱਦ ਲਿਜਾਉਣ ਨੂੰ ਸਮਰਪਿਤ, ਹਰ ਸਾਲ ਸੰਗਤਾਂ ਰੱਥ ਨੂੰ ਬਲਦ ਜੋੜ ਕੇ ਨਗਰ ਕੀਰਤਨ ਦੀ ਸ਼ਕਲ ਵਿੱਚ ਸਰਹੰਦ ਲੈ ਕੇ ਜਾਂਦੀਆਂ ਹਨ। ਜਿਸ ਨੂੰ ਬੜੇ ਹੀ ਸਲੀਕੇ ਨਾਲ ਸ. ਬਲਜੀਤ ਸਿੰਘ ''ਜਗਦਿਓ'', ਮਲਕਪੁਰ ਵਾਲਿਆਂ ਨੇ ਬਣਾਇਆ ਹੈ ਅਤੇ ਬਲਜੀਤ ਸਿੰਘ ਆਪਣੀ ਇਸ ਕਲਾ ਕ੍ਰਿਤੀ ਰਾਹੀਂ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹਨਾਂ ਦੀ ਇੱਕ ਹੋਰ ਕਲਾ ਕ੍ਰਿਤੀ ਪੁਰਾਣੇ ਕਿਲਿਆ ਵਾਲਾ ਵੱਡਾ ਦਰਵਾਜਾ ਹੈ ਜੋ ਖਮਾਣੋ ਕਸਬੇ ਬਦੇਸ਼ਾ ਰੋਡ ਤੇ  ਸੇਵਾ ਮੁਕਤ ਪ੍ਰਿਸੀਪਲ ਬਲੌਰਾ ਸਿੰਘ ਦੇ ਘਰ ਲੱਗਿਆ ਹੈ ਜਿਸਨੂੰ, ਬਣਾਉਣ ਵਿੱਚ ਬਲਜੀਤ ਸਿੰਘ ਨੂੰ ਢਾਈ ਮਹੀਨੇ ਦਾ ਸਮਾਂ ਲੱਗਿਆ। ਸ. ਬਲਜੀਤ ਸਿੰਘ ਇਸ ਨੂੰ ਵਿਲੱਖਣ ਕਲਾ ਦੱਸਦੇ ਹੋਏ ਮਾਣ ਮਹਿਸੂਸ ਕਰਦਾ ਹੈ। 

PunjabKesari
ਸ. ਬਲਜੀਤ ਸਿੰਘ ਅਤੇ ਉਹਨਾਂ ਦਾ ਸਪੁੱਤਰ ਸ. ਹਰਵਿੰਦਰ ਸਿੰੰਘ ਬੜੀ ਖੁਸ਼ੀ ਨਾਲ ਦਾਅਵਾ ਕਰਦੇ ਹਨ ਕਿ ਉਹਨਾਂ ਦਾ ਬਣਾਇਆ ਸਮਾਨ ਪੰਜਾਬ ਦੀਆਂ ਮਹਾਨ ਸ਼ਖਸ਼ੀਅਤਾਂ ਦੇ ਪਾਸ ਗਿਆ  ਹੈ ਜਿਹਨਾਂ ਵਿੱਚ ਸੁਖਬੀਰ ਸਿੰਘ ਬਾਦਲ  ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ, ਸ. ਮਨਪ੍ਰੀਤ ਸਿੰਘ ਬਾਦਲ ਦੇ ਨਾਂ ਵੀ ਸ਼ਾਮਲ ਹਨ। ਖੇਤੀਬਾੜੀ ਦੇ ਵਿਸ਼ੇਸ਼ ਪੁਰਾਣੇ ਸੰਦਾਂ ਦੇ ਮਾਡਲ ਉਹ ਸ. ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਟ ਕਰ ਚੁੱਕੇ ਹਨ। 

PunjabKesari
ਉਹਨਾਂ ਇਹ ਵੀ ਦੱਸਿਆ ਕਿ ਸਰਦਾਰ ਹਰਦੇਵ ਸਿੰਘ ਕੰਗ ਦੇ ਘਰ ਖੜੀ ਘੋੜੇ ਵਾਲੀ ਬੱਗੀ ਵੀ ਉਹਨਾਂ ਦੀ ਹੀ ਕਲਾਕ੍ਰਿਤੀ ਹੈ ਜਿਸਦੀ ਲਗਭਗ ਕੀਮਤ ਢਾਈ ਲੱਖ ਰੁਪਏ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਪਾਸ ਛੋਟੀ ਦੁਕਾਨ ਵਿੱਚ ਹੀ ਬਹੁਤ ਛੋਟੇ ਛੋਟੇ ਸੱਭਿਆਚਾਰਿਕ ਮਾਡਲ ਤਿਆਰ ਕੀਤੇ ਗਏ ਹਨ ਅਤੇ ਬਹੁਤ ਸਾਰੇ ਲੋਕ ਉਹਨਾਂ ਨੁੰ ਇਹਨਾਂ ਮਾਡਲਾਂ ਲਈ ਆਪਣੇ ਘਰਾਂ ਵਾਸਤੇ ਆਰਡਰ ਬੁੱਕ ਕਰਵਾਉਦੇ ਹਨ। ਉਹਨਾਂ ਇੱਕ ਲੱਕੜ ਦੀ ਵੱਡੀ ਉੱਖਲੀ ਅਤੇ ਪੁਰਾਣਾ ਦੇਸ਼ੀ ਮੂਹਲਾ ਜੋ ਉਹਨਾਂ ਤਿਆਰਾ ਕੀਤਾ ਹੈ, ਵੀ ਦਿਖਾਇਆ ਅਤੇ ਦੱਸਿਆ ਕਿ ਕਿਸੇ ਵਿਆਹ ਵਾਲੇ ਘਰ ਨੇ ਵਿਸ਼ੇਸ਼ ਬਣਵਾਇਆ ਹੈ। ਲੱਕੜ ਦੀ ਬਣੀ ਛੋਟੀ ਆਟਾ-ਪੀਸਣ ਦੀ ਚੱਕੀ ਵੀ ਦਰਸ਼ਕਾਂ ਲਈ ਖਿੱਚ ਦਾ ਕਾਰਣ ਬਣਦੀ ਹੈ। 
ਸ.  ਬਲਜੀਤ ਸਿੰਘ ਦਾ ਸਪੁੱਤਰ ਸ. ਹਰਵਿੰਦਰ ਸਿੰਘ  ਬੀ-ਏ ਪਾਸ ਹੈ ਪਰ ਉਸਦੀ ਵੀ ਰੁਚੀ ਆਪਣੇ ਪਿਤਾ ਪੁਰਖੀ ਕੰਮ ਵਿੱਚ ਬਹੁਤ ਜਿਆਦਾ ਹੈ ਅਤੇ ਉਹ ਆਪਦੇ ਪਿਤਾ ਜੀ ਦੀ ਕਲਾਂ ਨੂੰ ਹੋਰ ਉਜਾਗਰ ਕਰਨ ਦਾ ਚਾਹਵਾਨਹੈ। ਉਸਦੀ ਇੱਛਾ ਪੁਰਾਣੀਆਂ ਸੱਭਿਆਚਾਰਕ ਵਸਤੂਆਂ ਨੂੰ ਇਕੱਤਰਤ ਕਰਕੇ ਜਾਂ ਨਵੇਂ ਮਾਡਲ ਬਣਾ ਕੇ ਇੱਕ ਅਦਰਸ਼ ਪ੍ਰਦਰਸ਼ਨੀ ਬਣਾਉਣ ਦੀ ਹੈ। 
ਲੇਖਕ ਉਹਨਾਂ ਦੀ ਕਲਾਕ੍ਰਿਤੀ ਭਾਵਨਾ ਅਤੇ  ਪੰਜਾਬੀ ਸੱਭਿਆਚਾਰ ਦੇ ਪ੍ਰੇਮ ਪ੍ਰਤੀ ਬਹੁਤ ਪ੍ਰਭਾਵਿਤ ਹੋਇਆ। ਇਸ ਲਈ ਅਜਿਹੇ ਕਲਾਕਾਰਾਂ ਨੂੰ ਸਰਕਾਰਾਂ ਵੱਲੋਂ ਮਾਲੀ ਸਹਾਇਤਾਂ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੁਰਾਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੀਆਂ ਰਹਿਣ। 
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋਬਾ. ਨੰ: 98764-52223


Related News