ਇਕ ਅਜੀਬ ਭਿਖਾਰੀ

Friday, Sep 07, 2018 - 04:37 PM (IST)

2 ਸਤੰਬਰ 2018 ਐਤਵਾਰ ਦੇ ਦਿਨ ਸਵੇਰ ਦਾ ਨਾਸ਼ਤਾ ਕਰ ਕੇ ਮੈਂ ਪਟਿਆਲਾ ਯੂਨੀਵਰਸਿਟੀ ਤੋਂ ਆਪਣੇ ਪਿੰਡ ਨੂੰ ਜਾਣ ਲਈ ਰਾਜਪੁਰਾ ਸਟੇਸ਼ਨ ਲਈ ਬੱਸ ਫੜੀ, ਰਸਤੇ ਵਿਚ ਥੋੜੀ-ਥੋੜੀ ਬਾਰਸ਼ ਹੋ ਰਹੀ ਸੀ। ਮੈਂ ਅੱਗੋਂ ਲੋਹੀਆਂ ਲਈ ਟਰੇਨ ਫੜਨੀ ਸੀ, ਜੋ ਆਪਣੇ ਮਿੱਥੇ ਸਮੇਂ ਤੋਂ ਪੰਜ ਘੰਟੇ ਲੇਟ ਸੀ। 10 ਵਜੇ ਟਰੇਨ ਆਈ ਗੰਗਾ ਸਤਲੁਜ ਐਕਸਪ੍ਰੈੱਸ 'ਤੇ ਮੈਂ ਵਿਚ ਬੈਠ ਗਿਆ। ਕਿਸੇ ਕਾਰਨ ਕਰਕੇ ਟਰੇਨ ਹੌਲੀ-ਹੌਲੀ ਚੱਲ ਰਹੀ ਸੀ। ਟਰੇਨ ਦਾ ਜਨਰਲ ਡੱਬਾ ਬਿਲਕੁਲ ਨਵਾਂ ਨਕੋਰ ਸੀ ਪਰ ਇਸ ਡੱਬੇ ਵਿਚ ਸਾਰੇ ਪਾਸੇ ਪੈਰਾਂ 'ਚ ਜ਼ਰਦੇ ਦੀਆ ਪੁੜੀਆਂ ਦੇ ਖਾਲੀ ਪੈਕਟ ਡਿੱਗੇ ਪਏ ਸਨ ਤੇ ਪਰਵਾਸੀ ਮਜ਼ਦੂਰਾਂ ਦੀ ਭਰਮਾਰ ਕਰਕੇ ਲੱਗ ਰਿਹਾ ਸੀ ਕਿ ਟਰੇਨ ਬਿਹਾਰ ਦੇ ਇਲਾਕੇ 'ਚੋਂ ਆ ਰਹੀ ਹੈ। ਖੈਰ! ਮੈਂ ਜਗ੍ਹਾ ਜਿਹੀ ਦੇਖ ਕੇ ਸੀਟ ਜਿਹੀ ਬਣਾ ਕੇ ਉਨ੍ਹਾਂ ਪਰਵਾਸੀ ਮਜ਼ਦੂਰਾਂ ਵਿਚ ਬੈਠ ਗਿਆ। ਬੈਠਦਿਆਂ ਸਾਰ ਮੈਂ ਆਪਣੇ ਧਿਆਨ ਨੂੰ ਦੂਜੇ ਪਾਸੇ ਲਾਉਣ ਲਈ ਆਪਣੇ ਬੈਗ 'ਚੋਂ ਪ੍ਰੋ. ਪ੍ਰੀਤਮ ਸਿੰਘ ਜੀ ਦੀ ਜੀਵਨੀ 'ਕੱਚੀਆ ਪੱਕੀਆਂ ਦੇ ਭਾਅ' ਪੜ੍ਹਨੀ ਸ਼ੁਰੂ ਕਰ ਦਿੱਤੀ। ਸਾਹਮਣੇ ਬੈਠੇ ਦੋ 20-22 ਸਾਲ ਦੇ ਪਰਵਾਸੀ ਮਜ਼ਦੂਰਾਂ ਨੇ ਚੈਨੀ-ਖੈਨੀ ਮਲ ਕੇ ਤੇ ਭਰ ਕੇ ਜਿਹੇ ਆਪਣੀ ਮੂੰਹ ਵਿਚ ਸੁੱਟੀ। ਉਨ੍ਹਾਂ 'ਚੋਂ ਇਕ ਵਾਰ-ਵਾਰ ਜ਼ਰਦੇ ਲਈ ਬਾਹਰ ਖਿੜਕੀ 'ਚੋ ਥੁੱਕ ਰਿਹਾ ਸੀ। ਮੈਨੂੰ ਬੜ੍ਹਾ ਅਜ਼ੀਬ ਜਿਹਾ ਲੱਗ ਰਿਹਾ ਸੀ। ਪਹਿਲੀ ਵਾਰ ਭਲੇਮਾਣਸ ਨੂੰ ਕੁੱਛ ਨਹੀਂ ਕਿਹਾ ਦੂਜੀ ਵਾਰ ਕੁੱਛ ਨਹੀਂ ਕਿਹਾ ਤੇ ਤੀਜੀ ਵਾਰ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਮੈਂ ਉਹਦੇ ਵੱਲ ਗੁੱਸੇ ਨਾਲ ਭਰਕੇ ਦੇਖਿਆ ਤੇ ਉਹਨੂੰ ਹੱਥ ਦਾ ਇਸ਼ਾਰਾ ਕਰਕੇ ਬਾਹਰ ਦਰਵਾਜ਼ੇ 'ਚ ਥੁੱਕ ਕੇ ਆ, ਤੇ ਉਹ ਮੈਨੂੰ ਫਿਰ ਦੁਬਾਰਾ ਦਿੱਸਿਆ ਨਹੀਂ। ਕਿਤਾਬ ਪੜ੍ਹਦਿਆਂ ਮੈਂ 25 ਕੁ ਪੰਨੇ ਪੜ੍ਹੇ ਸਨ ਤੇ ਉੱਥੇ ਇਕ ਅਜੀਬ ਜਿਹੀ ਘਟਨਾ ਵਾਪਰੀ ਜਿਸ ਨੇ ਮੈਨੂੰ ਇਹ ਬੇਚੈਨ ਕਰਕੇ ਲਿਖਣ ਲਈ ਮਜ਼ਬੂਰ ਕਰ ਦਿੱਤਾ।

ਅਕਸਰ ਮੈਂ ਸਫਰ ਕਰਦਿਆਂ ਮੈਂ ਕਿਸੇ ਮੰਗਤੇ ਨੂੰ ਪੈਸੇ ਦੇਣ ਤੋਂ ਸੰਕੋਚ ਕਰਦਾ ਹਾਂ ਤੇ ਮੈਂ ਆਪਣਾ ਅਸੂਲ ਬਣਾਇਆ ਹੋਇਆ ਇਸ ਬਾਰੇ ਜਲੰਧਰ ਰਹਿੰਦਿਆ ਇਕ ਲੇਖ ਲਿਖਿਆ ਸੀ ਕਿ ਪਿੰਗਲਵਾੜੇ ਦੇ ਨਾਂ ਤੇ ਬੱਸਾਂ ਵਿਚ ਕੁੱਝ ਲੋਕ ਮੰਗਦੇ ਨੇ ਉਨਾਂ ਬਾਰੇ ਲਿਖ     ਚੁੱਕਾ ਹਾਂ ਕਿ ਕਿਵੇਂ ਸਾਡੇ ਲੋਕ ਮੰਗਣ ਦੇ ਨਾਮ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਪਰ ਅੱਜ ਕੁੱਝ ਹੋਰ ਮਸਲਾ ਬਣ ਗਿਆ। ਕਿਤਾਬ ਪੜ੍ਹਦਿਆਂ-ਪੜ੍ਹਦਿਆਂ ਇਕ ਅਜੀਬ ਜਿਹੀ ਅਵਾਜ਼ 'ਚ ਮੰਗਣ ਵਾਲਾ ਆਇਆ। ਸਾਰਿਆਂ ਕੋਲੋਂ ਮੰਗ ਰਿਹਾ ਸੀ ਕਿਸੇ ਨੇ ਕੁੱਛ ਨਾ ਦਿੱਤਾ ਇੱਥੋਂ ਤਕ ਕਿ ਮੈਂ ਵੀ ਕੁੱਝ ਨਹੀਂ ਦਿੱਤਾ ਤੇ ਚੁੱਪ-ਚਾਪ ਆਪਣੀ ਕਿਤਾਬ ਵਿਚ ਪੜ੍ਹਨ ਵਿਚ ਮਸਤ ਰਿਹਾ। ਫਿਰ ਅਚਾਨਕ ਆਵਾਜ਼ ਆਈ ਸਭ ਨਰਕ ਮੇਂ ਜਾਏਗਾ ਸੁਭਾ ਸੇ ਰੋਟੀ ਨਹੀਂ ਖਾਇਆ ਹੈ ਤੇ ਜ਼ੋਰ-ਜ਼ੋਰ ਦੀ ਆਪਣੇ ਪੇਟ ਤੇ ਹੱਥ ਮਾਰ ਰਿਹਾ ਸੀ। ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਲੱਗ ਰਹੀ ਸੀ। ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਉਸ ਨੂੰ ਕੋਲ ਬੁਲਾਇਆ ਤੇ ਆਪਣੀ ਜ਼ੇਬ 'ਚੋਂ ਕੱਢ ਕੇ 20 ਰੁਪਏ ਦਿੱਤੇ ਤੇ ਉਹ ਸਾਰਿਆਂ ਨੂੰ ਕਹਿਣ ਲੱਗ ਪਿਆ 'ਯੇਹ ਸਰਦਾਰ ਜੀ ਹੈ ਇਨਸਾਨ' ਸ਼ਾਇਦ ਮੈਂ ਉਸ ਡੱਬੇ ਵਿਚ ਇਕੱਲਾ ਹੀ ਪੱਗ ਵਾਲਾ ਸਰਦਾਰ ਸੀ। ਮੇਰੇ ਵੱਲ ਦੇਖ ਕੇ ਇਕ ਹੋਰ ਨੇ 20 ਰੁਪਏ ਦੇ ਦਿੱਤੇ। ਉਹ ਅੱਗੇ ਚਲਾ ਗਿਆ। ਅੱਗੇ ਜਾ ਕੇ ਉਸ ਨੂੰ ਪਤਾ ਨਹੀਂ ਕਿਸੇ ਨੇ ਕੀ ਕਿਹਾ ਤੇ ਕਿਸੇ ਨੇ ਕੀ, ਕਿਸੇ ਨੇ ਕਿਹਾ ਕਿ ਤੂੰ ਇੰਨ੍ਹਾਂ ਪੈਸਿਆਂ ਦੇ ਸ਼ਰਾਬ ਪੀਏਗਾ। ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਣ ਕਰਕੇ ਸ਼ਾਇਦ ਉਸ ਨੇ ਉਨ੍ਹਾਂ ਦੀਆਂ ਗੱਲਾਂ ਦਾ ਬੁਰਾ ਮਨਾਇਆ। ਸ਼ਾਇਦ ਉਹ ਕਿਸੇ ਦੁੱਖਾਂ ਦਾ ਮਾਰਿਆ ਸੀ। ਉਹ ਉੱਚੀ-ਉੱਚੀ ਰੋਣ ਲੱਗ ਪਿਆ ਤੇ ਜਾ ਕੇ ਦਰਵਾਜ਼ੇ ਕੋਲ ਖੜਾ ਹੋ ਗਿਆ। ਮੇਰੀ ਨਿਗਾਹ ਉਸੇ ਵੱਲ ਹੀ ਸੀ ਕਿ ਕੀ ਕਰ ਰਿਹਾ ਹੈ। ਮੇਰੇ ਮਨ ਵਿਚ ਉਸ ਵੱਲ ਦੇਖ ਕੇ ਇਹ ਗੱਲ ਖੁਟਕ ਹੀ ਰਹੀ ਸੀ ਕਿ ਕਿਤੇ ਇਹ ਛਾਲ ਨਾ ਮਾਰ ਦੇਵੇ। ਬਾਕੀ ਇਕ ਪਾਸੇ ਹੋ ਗਏ ਦਰਵਾਜ਼ੇ 'ਚੋਂ ਤੇ ਉਹ ਸਚਮੁੱਚ ਛਾਲ ਮਾਰਨ ਹੀ ਲੱਗਾ ਸੀ ਕਿ ਮੇਰੇ ਅੰਦਰ ਪਤਾ ਨਹੀਂ ਕਿੱਥੋਂ ਹਿੰਮਤ ਆਈ ਤੇ ਕਾਹਲ 'ਚ 4-5 ਕਦਮ ਭੱਜ ਕੇ ਉਸ ਦੀ ਬਾਂਹ ਫੜ ਲਈ, ਜੇ ਕੁੱਛ ਸਕਿੰਟਾਂ ਦੀ ਦੇਰ ਹੋ ਜਾਂਦੀ ਤਾਂ ਸ਼ਾਇਦ ਉਸ ਦੇ ਜੀਵਨ ਦੀ ਲੀਲਾ ਸਮਾਪਤ ਹੋ ਜਾਂਦੀ। ਮੈਨੂੰ ਰਹਿੰਦੀ ਜ਼ਿੰਦਗੀ ਅਫਸੋਸ ਰਹਿੰਦਾ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਦੁਰਘਟਨਾ ਹੋ ਗਈ। ਮੈਂ ਕੋਲ ਖੜਿਆ ਨੂੰ ਗੁੱਸੇ 'ਚ ਬੋਲਿਆ ਵੀ ਕਿ ਤੁਸੀਂ ਅੰਨੇ ਤੁਹਾਡੇ ਸਾਹਮਣੇ ਬੰਦਾ ਛਾਲ ਮਾਰ ਰਿਹਾ ਹੈ।

ਖੈਰ। ਸਾਰੇ ਡੱਬੇ 'ਚ ਲੋਕ ਇੱਕਠੇ ਹੋ ਗਏ ਮੈਂ ਉਹਦੀ ਬਾਂਹ ਛੱਡੀ ਨਹੀਂ ਤੇ ਉਹਨੂੰ ਖਿੱਚ ਕੇ ਸੀਟ ਤੇ ਬਿਠਾਇਆ। ਉਹ ਉੱਚੀ-ਉੱਚੀ ਰੋ ਰਿਹਾ ਸੀ। ਥੋੜ੍ਹਾ ਜਿਹਾ ਸ਼ਾਂਤ ਹੋਇਆ ਤੇ ਕਿਸੇ ਕੋਲੋਂ ਪਾਣੀ ਦੀ ਬੋਤਲ ਲੈ ਕੇ ਉਸ ਨੂੰ ਪਾਣੀ ਪਿਲਾਇਆ। ਮੈਨੂੰ ਮਗਰੋਂ ਸਰਦਾਰ ਜੀ-ਸਰਦਾਰ ਜੀ ਤੇ ਘੁਸਰ-ਘੁਸਰ ਸੁਣ ਰਹੀ ਸੀ। ਪਾਣੀ ਪੀਣ ਮਗਰੋਂ ਉਹਨੂੰ ਕਿਸੇ ਕੋਲੋਂ ਲੈ ਕੇ ਬਿਸਕੁੱਟਾਂ ਦਾ ਪੈਕਟ ਖੋਲ੍ਹ ਕੇ ਦਿੱਤਾ ਪਰ ਉਸ ਨੇ ਨਾ ਖਾਧਾ। ਹੁਣ ਸਭ ਨੂੰ ਉਸ ਦੀ ਹਾਲਤ ਦਾ ਅਹਿਸਾਸ ਹੋ ਰਿਹਾ ਸੀ। ਮੈਂ ਹੌਲੀ-ਹੌਲੀ ਉਸਨੂੰ ਹੌਂਸਲਾ ਜਿਹਾ ਦੇ ਕੇ ਉਸ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਮਾਨਸਿਕ ਪ੍ਰੇਸ਼ਾਨ ਹੋਣ ਕਰਕੇ ਕਦੇ ਕੋਈ ਗੱਲ ਕਰ ਰਿਹਾ ਸੀ ਤੇ ਕਦੇ ਕੋਈ । ਉਹ ਰੋ ਰਿਹਾ ਸੀ ਸਰਦਾਰ ਜੀ ਹਮ ਭਿਖਾਰੀ ਨਹੀਂ ਹੈ। ਹਮ ਪੜ੍ਹੇ ਲਿਖੇ ਹੈ। ਹਮ ਕੋ ਸੰਸਕ੍ਰਿਤ ਭੀ ਆਤਾ ਅੰਗਰੇਜ਼ੀ ਭੀ ਆਤਾ ਹੈ। ਫਿਰ ਸਾਡੇ ਦੋਵਾਂ 'ਚ ਗੱਲਾਂ ਸ਼ੁਰੂ ਹੋ ਗਈਆਂ। ਮੈਂ ਉਹਨੂੰ ਕਿਹਾ ਕਿ ਸੰਸਕ੍ਰਿਤ ਬੋਲ ਕੇ ਦੱਸ ਉਸ ਨੇ ਕੁੱਝ ਸੰਸਕ੍ਰਿਤ ਦੇ ਕੁਝ ਸ਼ਬਦ ਬੋਲ ਕੇ ਦੱਸੇ। ਭਾਵੇਂ ਮੈਨੂੰ ਉਹ ਸ਼ਬਦ ਸਮਝ ਨਹੀਂ ਆਏ ਪਰ ਪੀ.ਐੱਚ.ਡੀ. ਦਾ ਵਿਦਿਆਰਥੀ ਹੋਣ ਕਰਕੇ ਐਨੀ ਕੁ ਸਮਝ ਪੈ ਰਹੀ ਸੀ ਕਿ ਇਹ ਸੰਸਕ੍ਰਿਤ ਹੀ ਬੋਲ ਰਿਹਾ ਹੈ। ਫਿਰ ਉਸ ਦੀ ਅੰਗਰੇਜ਼ੀ ਦੇਖਣ ਲਈ ਉਹੀ ਕਿਤਾਬ ਜੋ ਮੈਂ ਪੜ੍ਹ ਰਿਹਾ ਸੀ। ਉਸ ਦੇ ਇੱਕ ਖਾਲੀ ਪੇਜ਼ ਤੇ ਉਸਨੂੰ ਲਿਖਣ ਲਈ ਕਿਹਾ ਉਸ ਨੇ ਹਿੱਲਦੇ ਹੱਥਾਂ ਨਾਲ ਅੰਗਰੇਜ਼ੀ 'ਚ ਆਪਣਾ ਨਾਂ ਲਿਖਿਆ ਅਨਿਲ ਕੁਮਾਰ ਮੈਂ ਬਹਾਨੇ ਜਿਹੇ ਨਾਲ ਉਸ ਨੂੰ ਆਪਣਾ ਐਡਰੈੱਸ ਲਿਖਣ ਲਈ ਕਿਹਾ ਤਾਂ ਕਿ ਇਸ ਦਾ ਕੋਈ ਥਾਂ ਟਿਕਾਣਾ ਪਤਾ ਲੱਗ ਸਕੇ। ਉਹ ਨਾਲ-ਨਾਲ ਬੋਲ ਰਿਹਾ ਸੀ ਤੇ ਨਾਲ ਕੰਬਦੇ ਹਿੱਲਦੇ ਨਾਲ ਲਿਖ ਰਿਹਾ ਸੀ। ਭਾਵੇਂ ਕਿ ਲਿਖਾਈ ਸਪੱਸ਼ਟ ਨਹੀਂ ਸੀ ਪਰ ਫਿਰ ਵੀ ਜੋ ਬੋਲ ਰਿਹਾ ਸੀ । ਉਸ ਨਾਲ ਮਿਲਦੇ-ਜੁਲਦੇ ਅੱਖਰ ਪਾ ਰਿਹਾ ਸੀ। ਫਿਰ ਉਸਨੂੰ ਤਰੀਕੇ ਜਿਹੇ ਨਾਲ ਕਿਹਾ ਕਿ ਤੈਨੂੰ ਕੋਈ ਫੋਨ ਨੰਬਰ ਯਾਦ ਹੈ। ਹੁਣ ਉਹ ਥੌੜਾ ਜਿਹਾ ਸਹਿਜ ਹੋ ਗਿਆ ਸੀ ਤੇ ਉਸ ਨੇ ਫੋਨ ਨੰਬਰ ਵੀ ਲਿਖਿਆ। ਫਿਰ ਉਸਨੂੰ ਕਿਹਾ ਕਿ ਇਸ ਨੰਬਰ ਤੇ ਫੋਨ ਕਰਕੇ ਦੇਖ ਲਵਾਂ ਤਾਂ ਕਿ

ਇਸ ਦੇ ਬਾਰੇ ਹੋਰ ਪਤਾ ਲੱਗ ਸਕੇ। ਮੇਰਾ ਫੋਨ ਖਰਾਬ ਹੋਣ ਕਰਕੇ ਮੈਂ ਇਕ ਪਰਵਾਸੀ ਮਜ਼ਦੂਰ ਨੂੰ ਫੋਨ ਕਰਨ ਲਈ ਕਿਹਾ ਤੇ ਇਕ ਬੰਦੇ ਨੂੰ ਫੋਟੋ ਖਿੱਚ ਕੇ ਮੈਨੂੰ ਵਟਸਐਪ ਤੇ ਭੇਜਣ ਲਈ ਕਿਹਾ। ਉਸਨੇ ਫੋਨ ਲਗਾਇਆ ਤੇ ਉਸ ਨਾਲ ਗੱਲ ਕਰਨ ਲੱਗਾ ਜੋ ਕਿ ਪ੍ਰੇਸ਼ਾਨ ਆਦਮੀ ਦਾ ਭਰਾ ਸੀ। ਉਸ ਨੂੰ ਦੱਸਿਆ ਕਿ ਇਸ ਵਕਤ ਇਸ ਜਗ੍ਹਾ ਹੈ ਤੇ ਇਹ ਕਾਰਾ ਕਰਨ ਲੱਗਾ ਸੀ। ਮੈਂ ਉਸ ਨਾਲ ਇਸ ਵਿਅਕਤੀ ਦੀ ਗੱਲ ਕਰਾਈ ਤੇ ਪਤਾ ਚੱਲ ਕੇ ਉਹ ਕਿਸੇ ਮਰਗ ਤੇ ਹੈ। ਫੋਨ ਕੱਟਣ ਤੋਂ ਬਾਅਦ ਦੱਸਣ ਲੱਗ ਪਿਆ ਮੈਂ ਭਿਖਾਰੀ ਨਹੀਂ ਹੂੰ ਮੇਰੇ ਹਾਥ ਦੇਖੋ। ਇਨ ਹਾਥੋਂ ਸੇ ਮੈਨੇ ਕਾਮ ਕੀਆ ਹੈ। ਉਸ ਦੇ ਹੱਥਾਂ ਵੱਲ ਦੇਖ ਕੇ ਲੱਗ ਵੀ ਰਿਹਾ ਸੀ ਕਿ ਇਹ ਸੱਚ ਬੋਲ ਰਿਹਾ ਹੈ। ਮੈਂ ਉਸ ਨੂੰ ਕਿਹਾ ਯੇਹ ਜੋ ਪੈਸੇ ਦੀਏ ਹੈ ਇਸ ਕੀ ਸ਼ਰਾਬ ਮੱਤ ਪੀਨਾ ਉਹ ਅੱਗੋਂ ਬੋਲਿਆ ਸਰਦਾਰ ਜੀ ਕਸਮ ਖਾਤਾ ਹੂੰ ਕਭੀ ਸ਼ਰਾਬ ਨਹੀਂ ਪੀਊਗਾ। ਉਹਨੇ ਦੱਸਿਆ ਕਿ ਜਬ ਸੇ ਮੇਰੀ ਬੀਵੀ ਕੀ ਮੌਤ ਹੂਈ ਹੈ ਮੈਂ ਪਾਗਲ ਹੋ ਗਇਆ ਹੂੰ । ਸ਼ਾਇਦ ਜ਼ਿੰਦਗੀ ਦੇ ਦੁੱਖਾਂ ਦਾ ਮਾਰਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਹੁਣ ਕਿੱਥੇ ਜਾਣਾ ਹੈ। ਉਸ ਨੇ ਕਿਹਾ ਅੰਬਾਲਾ ਆਪਣੇ ਭਤੀਜੇ ਕੋਲ ਜਦ ਕਿ ਅੰਬਾਲਾ ਤਾਂ ਕਦੋਂ ਦਾ ਨਿਕਲ ਚੁੱਕਾ ਸੀ। ਹੁਣ ਤਾਂ ਲੁਧਿਆਣਾ ਆਉਣ ਵਾਲਾ ਸੀ। ਉਸ ਨਾਲ ਗੱਲ ਕਰਕੇ ਲੁਧਿਆਣਾ ਤੋਂ ਅੰਬਾਲਾ ਚੜ੍ਹਾ ਦਿੱਤਾ। ਮੈਨੂੰ ਜਿੰਨ੍ਹਾਂ ਕੁਛ ਸੁੱਝਿਆ ਮੈਂ ਕੀਤਾ। ਰੱਬ ਕਰੇ ਠੀਕ ਠਾਕ ਪਹੁੰਚ ਗਿਆ ਹੋਵੇ। ਫਿਰ ਵੀ ਰੇਲਵੇ ਅਧਿਕਾਰੀਆਂ ਨੂੰ, ਪੁਲਿਸ ਅਧਿਕਾਰੀਆਂ ਤੇ ਹੋਰ ਸਮਾਜ ਭਲਾਈ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਬਾਰੇ ਹੋਰ ਪਤਾ ਕਰਕੇ ਲੱਭ ਕੇ ਇਸ ਦੇ ਵਾਰਿਸਾਂ ਤਕ ਪਹੁੰਚਾਇਆ ਜਾਏ। ਇਹ 97197-47120 ਇਸ ਦੇ ਇੱਕ ਰਿਸ਼ਤੇਦਾਰ ਦਾ ਨੰਬਰ ਹੈ।
ਖੋਜਾਰਥੀ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਅਵਤਾਰ ਸਿੰਘ ਪੰਜਤੂਰ
9914433964


Related News