ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ 5 ਅਧਿਆਪਕ ਅਤੇ 20 ਬਾਲ ਕਵੀ ਸਨਮਾਨਿਤ

Saturday, Nov 24, 2018 - 02:34 PM (IST)

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ 5 ਅਧਿਆਪਕ ਅਤੇ 20 ਬਾਲ ਕਵੀ ਸਨਮਾਨਿਤ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਰਕਾਰੀ ਹਾਈ ਸਕੂਲ ਡੱਡੂਮਾਜਰਾ ਯੂ.ਟੀ. ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਬਾਲ ਕਵੀ ਸੰਮੇਲਨ ਅਤੇ ਅਧਿਆਪਕ ਸਨਮਾਨ ਸਮਾਗਮ ਸਰਕਾਰੀ ਹਾਈ ਸਕੂਲ ਡੱਡੂਮਾਜਰਾ ਦੇ ਵਿਹੜੇ ਵਿਚ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸ. ਅਵਤਾਰ ਸਿੰਘ ਮਹਿਤਪੁਰੀ, ਸ. ਤੇਜ਼ਾ ਸਿੰਘ ਥੂਹਾ, ਸ. ਦਰਸ਼ਨ ਸਿੰਘ ਸਾਬਕਾ ਚੀਫ ਫਾਇਰ ਅਫਸਰ ਯੂ.ਟੀ. ਚੰਡੀਗੜ੍ਹ, ਸ. ਜਗਤਾਰ ਸਿੰਘ ਜੋਗ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਵਿਜੈ ਕੁਮਾਰੀ ਸ਼ਾਮਲ ਸਨ। 

ਪ੍ਰੋਗਰਾਮ ਦੀ ਸ਼ੁਰੂਆਤ ਸ. ਜਗਤਾਰ ਸਿੰਘ ਜੋਗ ਵਲੋਂ ਪ੍ਰਿੰਸੀਪਲ ਗੋਸਲ ਦੇ ਲਿਖੇ ਗੀਤ 'ਪੰਜਾਬ ਆਪ ਹੀ ਮਾਣ ਪਾਊਗਾ ਪੂਰੇ ਵਿਚ ਸੰਸਾਰ' ਦੇ ਨਾਲ ਕੀਤੀ ਗਈ। ਉਸ ਤੋਂ ਬਾਅਦ ਸਟੇਜ਼ ਸਕੱਤਰ ਸ੍ਰੀ ਵਿਕਾਸ ਦੀਵਾਨ ਵਲੋਂ ਸਭ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਵੱਖ-ਵੱਖ ਵਿਸ਼ਿਆਂ ਤੇ ਕਵਿਤਾਵਾਂ ਪੜ੍ਹੀਆਂ ਗਈਆਂ। ਇਹ ਵਿਸ਼ੇ ਭਰੂਣ ਹੱਤਿਆ, ਨਸ਼ਿਆਂ ਦਾ ਰੁਝਾਨ, ਸਮਾਜਿਕ ਕੁਰੀਤੀਆਂ, ਵਾਤਾਵਰਣ ਦੀ ਸੰਭਾਲ, ਸਿੱਖਿਆ ਦਾ ਪ੍ਰਸਾਰ ਅਤੇ ਪੰਜਾਬੀ ਦੇ ਪ੍ਰਚਾਰ ਨਾਲ ਸਬੰਧਤ ਸਨ। ਜਿਨ੍ਹਾਂ ਬੱਚਿਆਂ ਨੇ ਇਹ ਵਿਲਖਣ ਕਵਿਤਾਵਾਂ ਬੋਲੀਆਂ ਉਨ੍ਹਾਂ ਵਿਚ ਮੁਸਕਾਨ, ਸਾਨੀਆ, ਕੋਮਲ, ਕਿਰਨ, ਪੂਨਮ, ਆਕਿਲ, ਆਰਤੀ, ਸੁਮਨ, ਸੁਮਿਤ, ਮਹਿਕ, ਅਵਿਰਾਜ, ਸੁਨੀਤਾ, ਰਾਫੀਆ, ਹਰਦੀਪ ਕੌਰ ਸ਼ਾਮਲ ਸਨ। ਇਨ੍ਹਾਂ ਦੇ ਨਾਲ ਹੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਹਿਤਪੁਰੀ, ਸ. ਜਗਤਾਰ ਸਿੰਘ ਜੋਗ, ਸ. ਤੇਜ਼ਾ ਸਿੰਘ ਥੂਹਾ ਅਤੇ ਵਿਜੈ ਕੁਮਾਰੀ ਵੀ ਸ਼ਾਮਲ ਸਨ।

ਸਮਾਗਮ ਦੇ ਦੂਜੇ ਦੌਰ ਵਿਚ ਸੰਸਥਾ ਵਲੋਂ 5 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸਿੱਖਿਆ, ਸਮਾਜ ਸੇਵਾ, ਪੰਜਾਬੀ ਪ੍ਰਤੀ ਪ੍ਰਸਾਰ ਸਦਕਾ ਅਤੇ ਵਧੀਆ ਨਤੀਜਿਆਂ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਵਿਚ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਵਿਜੈ ਕੁਮਾਰੀ, ਸ੍ਰੀ ਵਿਸ਼ਾਲ ਦੀਵਾਨ, ਸ੍ਰੀ ਜਗਤਾਰ ਸਿੰਘ, ਸ੍ਰੀ ਧਰਮਵੀਰ ਕੌਸ਼ਿਕ ਅਤੇ ਸ੍ਰੀਮਤੀ ਅਰਵਿੰਦਰ ਕੌਰ ਸ਼ਾਮਲ ਸਨ। ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਦੂਜੇ ਅਹੁਦੇਦਾਰਾਂ ਨੇ ਸਮੂਹਿਕ ਰੂਪ ਵਿਚ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਕੀਤਾ ਅਤੇ ਹਰ ਇਕ ਅਧਿਆਪਕ ਨੂੰ ਇਕ ਮੋਮੈਂਟੋ, ਪ੍ਰਸੰਸਾ ਪੱਤਰ, ਪੁਸਤਕਾਂ ਦਾ ਸੈੱਟ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਬਹਾਦੁਰ ਸਿੰਘ ਗੋਸਲ ਨੇ ਬੱਚਿਆਂ ਨੂੰ ਤਨਦੇਹੀ ਨਾਲ ਮਿਹਨਤ ਕਰਕੇ ਖੂਬ ਵਿੱਦਿਆ ਪ੍ਰਾਪਤ ਕਰਨ ਲਈ ਅਤੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਖੂਬ ਰੱਜ ਕੇ ਪਿਆਰ ਕਰਨ ਲਈ ਅਤੇ ਹਰ ਖੇਤਰ ਵਿਚ ਪੰਜਾਬੀ ਦਾ ਪ੍ਰਸਾਰ ਕਰਨ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਨਾਅਰਾ ਹੈ 'ਪੜ੍ਹੋ ਪੰਜਾਬੀ, ਪੜ੍ਹਾਓ ਪੰਜਾਬੀ ਅਤੇ ਅਪਣਾਓ ਪੰਜਾਬੀ' । ਸਭ ਬਾਲ ਕਵੀਆਂ ਨੂੰ ਗੋਸਲ ਰਚਿਤ ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਤੋਂ ਇਲਾਵਾ ਸ. ਜਗਤਾਰ ਸਿੰਘ ਜੋਗ, ਸ. ਤੇਜ਼ਾ ਸਿੰਘ ਥੂਹਾ ਅਤੇ ਸ. ਅਵਤਾਰ ਸਿੰਘ ਮਹਿਤਪੁਰੀ ਨੇ ਵੀ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਅਸ਼ੀਰਵਾਦ ਦਿੱਤਾ।

ਪ੍ਰਿੰਸੀਪਲ ਸ੍ਰੀਮਤੀ ਵਿਜੈ ਕੁਮਾਰੀ ਵਲੋਂ ਸੰਸਥਾ ਦੇ ਸਮੂਹ ਅਹੁਦੇਦਾਰਾਂ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੱਜ ਦੇ ਸਮਾਗਮ ਤੋਂ ਬੱਚਿਆਂ ਨੇ ਬੜਾ ਕੁਝ ਸਿੱਖਿਆ ਹੈ ਅਤੇ ਉਹ ਜ਼ਰੂਰ ਵੱਖ-ਵੱਖ ਬੁਲਾਰਿਆਂ ਵਲੋਂ ਦੱਸੀਆਂ ਗਈਆਂ ਗੱਲਾਂ ਤੇ ਅਮਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਸਕੂਲਾਂ ਵਿਚ ਅਜਿਹੇ ਸਮਾਗਮ ਕਰਨ ਨਾਲ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਖਾਸ ਕਰਕੇ ਪੜ੍ਹਨ ਵਾਲੀਆਂ ਲੜਕੀਆਂ ਨੂੰ ਸਟੇਜ਼ 'ਤੇ ਆ ਕੇ ਆਪਣੇ ਵਿਚਾਰ ਦੱਸਣ ਦਾ ਸੁਨਿਹਰੀ ਮੌਕਾ ਪ੍ਰਦਾਨ ਹੁੰਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸਲਾਹਕਾਰ ਸ. ਹਰਬੰਸ ਸਿੰਘ, ਅਧਿਆਪਕ ਅਤੇ ਬਹੁਤ ਸਾਰੇ ਬੱਚੇ ਵੀ ਹਾਜ਼ਰ ਸਨ।
ਅਵਤਾਰ ਸਿੰਘ ਮਹਿਤਪੁਰੀ
ਤੇਜਾ ਸਿੰਘ ਥੂਹਾ
ਬਹਾਦਰ ਸਿੰਘ ਗੋਸਲ
ਜਨਰਲ ਸਕੱਤਰ
ਉਪ ਪ੍ਰਧਾਨ  


author

Neha Meniya

Content Editor

Related News