ਅਧਿਆਪਕ-ਵਿਦਿਆਰਥੀ ਦੇ ਭਾਵਨਾਤਮਕ ਰਿਸ਼ਤੇ ਦੀ ਉਲਝੀ ਤਾਣੀ; ਵਰਚੁਅਲ ਸੰਸਾਰ 'ਚ ਨਵੀਆਂ ਚੁਣੌਤੀਆਂ

09/05/2020 9:20:28 PM

ਪ੍ਰੋ.ਜਸਬੀਰ ਕੌਰ

ਜਦੋਂ ਵੀ ਅਸੀਂ ਆਪਣੇ ਬਚਪਨ ਜਾਂ ਜੀਵਨ ਵਿੱਚ ਪਿਛਲਝਾਤ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੇ ਨਕਸ਼ ਤੁਹਾਡੇ ਅੰਗ ਸੰਗ ਵਿਚਰਦੇ ਹਨ ਉਹ ਹਨ ਤੁਹਾਡੇ ਮਾਪੇ ਤੇ ਤੁਹਾਡੇ ਅਧਿਆਪਕ, ਜਿਨ੍ਹਾਂ ਦੇ ਪਰਛਾਵੇਂ ਤੁਹਾਡੇ ਜ਼ਹਿਨ 'ਚ ਡੂੰਘੀ ਤਰ੍ਹਾਂ ਪਏ ਹੁੰਦੇ ਹਨ। ਅਸਲ ’ਚ ਅਧਿਆਪਕ ਉਹ ਨਹੀਂ ਹੁੰਦੇ ਜਿਨ੍ਹਾਂ ਨੇ ਤੁਹਾਨੂੰ ਮਹਿਜ ਕਲਾਸਰੂਮ ਦਾ ਸਿਲੇਬਸ ਹੀ ਕਰਵਾਇਆ ਹੁੰਦਾ ਹੈ ,ਚੰਗਾ ਅਧਿਆਪਕ ਉਹ ਹੈ ਜੋ ਕਲਾਸਰੂਮ ਦੇ ਸਿਲੇਬਸ ਤੋਂ ਇਲਾਵਾ ਤੁਹਾਡੇ ਨਾਲ ਇਕ ਭਾਵਨਾਤਮਕ ਰਿਸ਼ਤੇ ਚ ਬੱਝਾ ਹੋਵੇ, ਜਿਨ੍ਹਾਂ ਨੇ ਜੀਵਨ ਦੇ ਸਿਲੇਬਸ ਦੀ ਸੋਝੀ ਵੀ ਤੁਹਾਨੂੰ ਦਿੱਤੀ ਹੋਵੇ, ਜੀਵਨ ਵਿਚ ਉਹ ਤੁਹਾਡੇ ਲਈ ਪ੍ਰੇਰਨਾ ਸ੍ਰੋਤ ਰਹੇ ਹੋਣ,ਜਿਨ੍ਹਾਂ ਦੀਆਂ ਆਦਤਾਂ ਅਪਣਾਉਣ ਲਈ ਤੁਸੀਂ ਉਤਸੁਕ ਹੋਵੋ, ਜਿਹੜੇ ਤੁਹਾਡੇ ਲਈ ਮਾਡਲ ਹੋਣ, ਜਿਨ੍ਹਾਂ ਦੀਆਂ ਕਹੀਆਂ ਗੱਲਾਂ ਤੁਹਾਡੇ ਜੀਵਨ ਦੇ ਅੰਗ ਸੰਗ ਹੋਣ।

ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਅਧਿਆਪਕ-ਸਿਖਿਆਰਥੀ ਦਾ ਰਿਸ਼ਤਾ ਆਸ਼ਰਮ ਪ੍ਰਬੰਧ ਅਧੀਨ ਵਿਚਰਦਾ ਸੀ,ਜਿੱਥੇ ਦੋਨੋਂ ਡੂੰਘੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੇ-ਪਛਾਣਦੇ ਸਨ। ਅਰਜਨ-ਦ੍ਰੋਣਾਚਾਰੀਆ ਇਸ ਰਿਸ਼ਤੇ ਦੀ ਉੱਤਮ ਮਿਸਾਲ ਹੈ।ਵਿਦਿਆਰਥੀ ਆਪਣੇ ਅਧਿਆਪਕ ਦਾ ਮਾਣ ਹੈ ਪਰ ਕਈ ਵਾਰ ਵਿਦਿਆਰਥੀ ਅਧਿਆਪਕ ਤੋਂ ਅੱਗੇ ਦੀ  ਗੱਲ ਕਰ ਜਾਂਦਾ ਹੈ, ਜਿਵੇਂ ਏਕਲਵਯ ਵਰਗਾ ਵਿਦਿਆਰਥੀ ਗੁਰੂ ਕੋਲੋਂ ਸਿੱਧੇ ਸੰਪਰਕ 'ਚ ਨਹੀਂ ਸਗੋਂ ਗੁਰੂ ਦਾ ਬੁੱਤ ਬਣਾ ਕੇ ਹੀ ਲੁਕਵੇਂ ਰੂਪ ਚ ਸਿੱਖਿਆ ਸੁਣ ਕੇ ਗੁਰੂ ਦਾ ਪੱਖ ਪੂਰਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਇਕ ਉੱਤਮ ਵਿਦਿਆਰਥੀ ਹੋ ਨਿੱਬੜਿਆ। ਬੇਸ਼ੱਕ ਇਸਦੀ ਕੀਮਤ ਉਸਨੂੰ ਆਪਣੇ ਅੰਗੂਠੇ ਦਾ ਬਲੀਦਾਨ ਦੇ ਕੇ ਚਕਾਉਣੀ ਪਈ। ਗੁਰੂ ਨੂੰ ਸਿਜਦਾ ਕਰਨ ਹਿੱਤ ਉਹ ਇਸ ਬਲੀਦਾਨ ਤੋਂ ਵੀ ਪਿੱਛੇ ਨਹੀਂ ਹਟਿਆ।ਪ੍ਰਸਿੱਧ ਅਥਲੀਟ ਮਿਲਖਾ ਸਿੰਘ ਵੀ ਆਪਣੇ ਗੁਰੂਆਂ ਕਰਕੇ ਹੀ ‘The Flying Sikh’  ਬਣਿਆ। ਮਿਲਖਾ ਸਿੰਘ ਨੇ ਆਪਣੇ ਸੰਘਰਸ਼ ਦੌਰਾਨ ਆਪਣੇ ਗੁਰੂ ਨੂੰ ਕਿਹਾ ਸੀ ਕਿ ਗੁਰੂ ਜੀ ਇਸ ਸਫ਼ਰ ਵਿੱਚ ਕਈ ਰਿਸ਼ਤੇ ਛੁੱਟਦੇ ਜਾ ਰਹੇ ਹਨ। ਅੱਗੋਂ ਗੁਰੂ ਦਾ ਜਵਾਬ ਸੀ- ਜਿਨ੍ਹਾਂ ਨੇ ਉੱਚਾ ਉੱਡਣਾ ਹੋਵੇ ਉਹ ਛੋਟੇ ਦਰੱਖਤਾਂ ਨਾਲ ਦੋਸਤੀ ਨਹੀਂ ਪਾਉਂਦੇ। ਗੁਰੂ ਦੇ ਇਨ੍ਹਾਂ ਸ਼ਬਦਾਂ ਨੇ ਉਸ ਨੂੰ ਉੱਡਣਾ ਸਿੱਖ ਬਣਾ ਦਿੱਤਾ।ਉਸਨੇ ਆਮ ਵਿਅਕਤੀ ਤੋਂ ਤੇਜ਼ ਦੌੜਾਕ ਦਾ ਸਫ਼ਰ ਤੈਅ ਕੀਤਾ। ਜਦੋਂ ਤੁਸੀਂ ਸ਼ਿੱਦਤ ਨਾਲ ਗੁਰੂ ਦੇ ਸਨਮੁੱਖ ਹੁੰਦੇ ਹੋ,ਗੁਰੂ ਨੂੰ ਸਿਜਦਾ ਕਰਦੇ ਹੋ ਤਾਂ ਉਹ ਸਿਜਦਾ ਤੁਹਾਡੀ ਕਾਮਯਾਬੀ ਦੇ ਰੂਪ ਵਿੱਚ ਤੁਹਾਨੂੰ ਵਾਪਸ ਜ਼ਰੂਰ ਮਿਲਦਾ ਹੈ। ਇਹ ਰਿਸ਼ਤਾ ਸਿੱਖਣ ਸਿਖਾਉਣ ਦਾ ਰਿਸ਼ਤਾ ਹੈ।ਜਿਸ ਕੋਲੋਂ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਵਿਸ਼ੇਸ਼ ਅਨੁਭਵ ਗ੍ਰਹਿਣ ਕੀਤਾ, ਉਹ ਹੀ ਤੁਹਾਡਾ ਗੁਰੂ ਹੈ।ਗੁਰੂ ਦੇ ਕਹੇ ਲਫ਼ਜ਼ ਰੱਬੀ ਲਫ਼ਜ਼ ਵਾਂਗ ਜਾਦੂ ਕਰਦੇ ਹਨ। ਤੁਹਾਡੀ ਸ਼ਖ਼ਸੀਅਤ ਲਈ ਚੁੰਬਕੀ ਆਕਰਸ਼ਣ ਹੁੰਦੇ ਹਨ। ਗੁਰੂ ਦਾ ਸਤਿਕਾਰ ਗੁਰੂ ਨੂੰ ਤਾਂ ਸਤਿਕਾਰਤ ਬਣਾਉਂਦਾ ਹੀ ਹੈ ਪਰ ਤੁਹਾਨੂੰ ਵੀ ਸਤਿਕਾਰਤ ਹਸਤੀ ਬਣਾ ਦਿੰਦਾ ਹੈ।

ਪਰ ਅੱਜ ਅਧਿਆਪਕ-ਵਿਦਿਆਰਥੀ ਜਾਂ ਗੁਰੂ-ਚੇਲੇ ਦੇ ਰਿਸ਼ਤੇ ਵਿੱਚ ਬਦਲਾਅ ਆ ਚੁੱਕੇ ਹਨ। ਵਿਵਹਾਰਿਕ ਦੌਰ ਨੇ ਦੋਨਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ ਹੈ। ਭਾਵਨਾਤਮਕ ਅਮਲ ਗੁਆਚਦੇ ਜਾ ਰਹੇ ਹਨ। ਪਦਾਰਥਕ ਦੌਰ ਤੇ ਸਿਸਟਮ ਦੀਆਂ ਚੁਣੌਤੀਆਂ ਨੇ ਇਸ ਰਿਸ਼ਤੇ ਕੋਲੋਂ ਆਦਰਸ਼ਕਤਾ ਖੋਹ ਲਈ ਹੈ। ਪੁਰਾਣੀਆਂ ਕਦਰਾਂ-ਕੀਮਤਾਂ ਆਪਣੇ ਅਰਥ ਗੁਆ ਰਹੀਆਂ ਹਨ। ਬੇਰੁਜ਼ਗਾਰੀ,ਭ੍ਰਿਸ਼ਟਾਚਾਰ,ਦਿਖਾਵਾ ਤੇ ਇਕ ਦੂਜੇ ਤੋਂ ਅੱਗੇ ਜਾਣ ਦੀ ਕਾਹਲੀ ਨੇ ਦੋਨਾਂ ਧਿਰਾਂ ਦੇ ਰਿਸ਼ਤੇ ਨੂੰ ਸਹਿਜ ਨਹੀਂ ਰਹਿਣ ਦਿੱਤਾ।ਕਿਸੇ ਵੇਲੇ ਗੁਰੂ ਦੀ ਪਹਿਚਾਣ  ਇਹ ਸੀ-

ਉਹ ਮੇਰਾ ਗੁਰੂ ਸੀ
ਨਾ ਕੁਝ ਮੰਗਣ ਦੀ ਤਲਬ
ਨਾ ਤਾਰੀਫ਼ ਦੀ ਭੁੱਖ
ਨਾ ਵਡਿਆਈ ਦਾ ਲਾਲਚ
ਨਾ ਦਿਖਾਵੇ ਦੀ ਇੱਛਾ
ਬਸ ਜ਼ਿੰਦਗੀ ਦੇ ਸਿਲੇਬਸ ਦੀਆਂ ਹਕੀਕੀ ਪਰਤਾਂ
ਨੂੰ ਉਘਾੜਨਾ, ਫਰੋਲਣਾ ਤੇ ਸੋਝੀ ਦੇਣਾ

ਬਿਨ ਕਿਹਾ ਸਮਝਣਾ
ਬਿਨ ਮੰਗੇ ਮਦਦ ਕਰਨਾ
ਗ਼ਲਤ ਵੇਖ ਕੇ ਘੂਰਣਾ
ਮੈਂ ਕੀ ਲੈਣਾ? ਮੈਨੂੰ ਕੀ? ਤੋਂ ਕੋਹਾਂ ਦੂਰ
ਝਿੜਕਣਾ ਤੇ ਸਹਿਣ ਕਰਨ ਦੀ ਤੌਫ਼ੀਕ ਦੇਣਾ
ਤਪਦੀ ਕੁਠਾਲੀ ਵਿਚੋਂ ਲੰਘਾਉਣਾ
ਪਿੱਤਲ ਤੋਂ ਸੋਨਾ ਬਣਾਉਣਾ
ਹੱਥਾਂ ਤੇ ਸਰੋਂ ਜਮਾਉਣਾ
ਬਦਲੇ ਵਿੱਚ ਕੁਝ ਵੀ ਨਾ ਚਾਹੁੰਣਾ
ਭਲਾ ਕਰਨ ਲਈ ਹਰ ਵੇਲੇ ਤਿਆਰ ਰਹਿਣਾ

ਪਰ ਅੱਜ ਉਹ ਅਧਿਆਪਕਾਂ ਦਾ ਘੂਰਣਾ ਤੇ ਵਿਦਿਆਰਥੀਆਂ ਦਾ ਸਹਿਣਾ ਦੋਨੋਂ ਪੱਖਾਂ ਤੋਂ ਤਬਦੀਲੀ ਵਾਪਰ ਚੁੱਕੀ ਹੈ।ਪਦਾਰਥਵਾਦ ਦੇ ਦੌਰ ਵਿੱਚ ਅਧਿਆਪਕ ਵਰਗ ਦਾ ਨੌਕਰੀ ਪੱਖੋਂ ਅਸੁਰੱਖਿਅਤਾ ਦੀ ਭਾਵਨਾ ਉਹਨਾਂ ਵਿੱਚ ਅਸੰਤੁਸ਼ਟਤਾ ਪੈਦਾ ਕਰਦੀ ਹੈ ਤੇ ਵਿਦਿਆਰਥੀਆਂ ਵਿੱਚ ਵੀ ਭਵਿੱਖ ਪ੍ਰਤੀ ਪੈਦਾ ਹੋਈ ਅਨਿਸਚਿਤਤਾ ਚਿੰਤਾ ਦਾ ਕਾਰਣ ਹੈ। ਜਿਸ ਕਰਕੇ ਦੋਨਾਂ ਪੱਖਾਂ ਤੋਂ ਇਹ ਰਿਸ਼ਤਾ ਪ੍ਰਭਾਵਿਤ ਹੁੰਦਾ ਹੈ।

ਅੱਜ ਕੋਰੋਨਾ ਲਾਗ ਦੀ ਬਿਮਾਰੀ ਦੇ ਸਮੇਂ ਨੇ ਇਸ ਰਿਸ਼ਤੇ ਨੂੰ ਵਰਚੁਅਲ ਸੰਸਾਰ ਦਾ ਵਾਸੀ ਬਣਾ ਕੇ ਅਸਹਿਜ ਕਰ ਦਿੱਤਾ ਹੈ।ਅੱਜ ਵਿਦਿਆਰਥੀ-ਅਧਿਆਪਕ ਦਾ ਰਿਸ਼ਤਾ ਸਿਲੇਬਸ  ਦੀਆਂ ਹੱਦਬੰਦੀਆਂ ਤੱਕ ਸਿਮਟ ਕੇ ਰਹਿ ਗਿਆ ਹੈ। ਕਲਾਸਰੂਮ ਜਾਂ ਨੇੜਤਾ ਵਾਲਾ ਸਿਰਜਕ ਵਾਤਾਵਰਣ ਅਲੋਪ ਹੋ ਗਿਆ ਹੈ।ਸਿਲੇਬਸ ਹੋਣ ਤੇ ਵੀ ਵਿਦਿਆਰਥੀ ਸੰਤੁਸ਼ਟ ਨਹੀਂ।ਸਿਲੇਬਸ ਕਰਾ ਕੇ ਵੀ ਅਧਿਆਪਕ ਸੰਤੁਸ਼ਟ ਨਹੀਂ  ਕਿਉਂਕਿ ਸਿੱਖਣ-ਸਿਖਾਉਣ ਦਾ ਅਮਲ, ਜਾਣਨ-ਪਛਾਣਨ ਦੀ ਪ੍ਰਕਿਰਿਆ, ਜੋ ਕਿ ਇੱਕ ਵਿਸ਼ੇਸ਼ ਮਾਹੌਲ ਦੀ ਮੰਗ ਕਰਦੀ ਹੈ, ਉਹ ਗਾਇਬ ਹੈ।ਬੇਸ਼ੱਕ ਇਹ ਸਭ ਸਮੇਂ ਦੀਆਂ ਮਜ਼ਬੂਰੀਆਂ ਹਨ, ਸਮਿਆਂ ਦੀ ਲੋੜ ਹੈ, ਸਮਿਆਂ ਦੀਆਂ ਚੁਣੌਤੀਆਂ ਹਨ ਪਰ ਸਮੇਂ ਦੀ ਨਬਜ਼ ਪਛਾਣ ਕੇ ਇਸ ਰਾਹੀਂ ਹੀ ਇਕ ਰਿਸ਼ਤਾ ਘੜਨਾ ਪੈਣਾ ਹੈ।

ਜੋ ਵੀ ਹੋਵੇ ਪਰ ਗੁਰੂ-ਚੇਲੇ ਜਾਂ ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਦਾ ਅਹਿਸਾਸ ਬੜਾ ਖ਼ੂਬਸੂਰਤ ਤੇ ਪ੍ਰੇਰਣਾਮਈ ਹੈ। ਸਮਾਂ ਜਿਹੜਾ ਮਰਜ਼ੀ ਹੋਵੇ ਇਹ ਅਹਿਸਾਸ ਕਦੇ ਵੀ ਖ਼ਤਮ ਨਹੀਂ ਹੋ ਸਕਦਾ।ਅੱਜ ਵੀ ਇਸ ਰਿਸ਼ਤੇ ਵਿੱਚ ਬੱਝੀਆਂ ਉਦਾਹਰਣਾਂ ਮਿਲ ਹੀ ਜਾਂਦੀਆਂ ਹਨ।ਅਧਿਆਪਕ ਨੇ ਆਪਣੇ ਕੱਦ ਦਾ ਕੋਈ ਚੇਲਾ ਲੱਭ ਹੀ ਲੈਣਾ ਹੈ ਤੇ ਵਿਦਿਆਰਥੀ/ਚੇਲੇ ਨੇ ਵੀ ਆਪਣੀਆਂ ਸੰਭਾਵਨਾਵਾਂ ਨੂੰ ਮੰਜ਼ਿਲ 'ਤੇ ਪਹੁੰਚਾਉਣ ਵਾਲਾ ਸਿਰਜਕ ਜਾਂ ਪ੍ਰੇਰਕ ਖੋਜ ਹੀ ਲੈਣਾ ਹੈ।

ਰਾਹਾਂ ਨੇ ਤਾਂ ਚਲਦੇ ਰਹਿਣਾ
ਵਗਦੇ ਰਹਿਣਾ
ਤੁੰ ਨਹੀਂ ਹੋਣਾ, ਮੈਂ ਨਹੀਂ ਹੋਣਾ
ਫਿਰ ਵੀ ਜੱਗ ਨੂੰ ਮੋਂਹਦਾ ਰਹਿ ਜੂ
ਇਕ ਅਹਿਸਾਸ ਸਿਰਜਿਆ ਸੋਹਣਾ।


Harnek Seechewal

Content Editor

Related News