ਕਵਿਤਾ ਖਿੜਕੀ: 2020 ਦੀ ਆਖਰੀ ਸ਼ਾਮ
Thursday, Dec 31, 2020 - 12:44 PM (IST)
ਬੀਤੇ ਸਾਲ ਦੀ ਆਖਰੀ ਸ਼ਾਮ
ਤੈਨੂੰ ਮੇਰਾ ਸਲਾਮ!
ਨਵੇਂ ਵਰ੍ਹੇ ਦੀ ਦਹਿਲੀਜ਼ ਤੱਕ ਪਹੁੰਚਾਉਣ ਦਾ
ਤੇਰਾ ਬੜਾ ਅਹਿਸਾਨ!
ਆਖਰੀ ਸ਼ਾਮ! ਤੈਥੋਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ
ਪਰ ਹਾਂ ਇਨ੍ਹਾਂ ਜ਼ਰੂਰ ਹੈ ਕਹਿਣਾ!
ਪੂਰੇ ਸਾਲ ਕੋਰੋਨਾ ਦੇ ਚੱਲਦਿਆਂ
ਗ਼ਰੀਬਾਂ ਦੇ ਚੁੱਲ੍ਹੇ ਠੰਡੇ ਰਹੇ ਨੇ
ਰੁਜ਼ਗਾਰ ਦੇ ਚੱਲਦਿਆਂ ਘਰਾਂ ਤੋਂ ਦੂਰ
ਬੇਹੱਦ ਮਜ਼ਬੂਤ, ਬਹੁਤ ਮਜ਼ਦੂਰ
ਲਾਕਡਾਊਨ ’ਚ ਆਪਣੇ ਘਰੀਂ ਪਰਤਦਿਆਂ ਨੇ
ਅਨੇਕਾਂ ਹੀ ਦੁੱਖ-ਦਰਦ ਸਹੇ ਨੇ...!
ਤੇ ਸਮੇਂ ਦੇ ਸਾਸ਼ਕ ਮਹਾਮਾਰੀ ਦੌਰਾਨ ਵੀ
‘ਆਪਦਾ’ ਵਿੱਚ ‘ਅਵਸਰ’ ਤਲਾਸ਼ਦੇ ਰਹੇ ਨੇ
ਹਾਂ ਮੈਂ ਇਹ ਵੀ ਹੈ ਕਹਿਣਾ
ਦੇਸ਼ ਦੀਆਂ ਧੀਆਂ ’ਤੇ ਇਸ ਵਰ੍ਹੇ ਵੀ
ਜ਼ੁਲਮਾਂ ਦੇ ਪਹਾੜ ਢਹੇ ਨੇ
ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ
ਕੇਵਲ ‘ਨਾਅਰੇ’ ਹੀ ਰਹੇ ਨੇ
ਹਾਂ ਮੈਂ ਇਹ ਵੀ ਹੈ ਕਹਿਣਾ
ਕਿ ਸਿਆਸਤ ਦਾਨ ਆਪਣੀਆਂ ਗਰਜਾਂ ਦੀ ਖਾਤਿਰ
ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਂਦੇ ਰਹੇ ਨੇ
ਜਦ ਕਿ ਫ਼ਿਰਕੂ ਦੰਗਿਆਂ ਦੀ ਜ਼ਦ ’ਚ ਆ ਕੇ
ਇਸ ਵਰ੍ਹੇ ਵੀ ਕਿੰਨੇ ਯੁਵਾ ਨਾ-ਹੱਕ ਮਰੇ ਨੇ।
ਹਾਂ ਮੈਂ ਇਹ ਵੀ ਹੈ ਕਹਿਣਾ ਕਿ
ਬੇਇਨਸਾਫ਼ੀ ਦੇ ਸਤਾਏ ਲੋਕ
ਇਸ ਵਰ੍ਹੇ ਵੀ ਅਦਾਲਤਾਂ ਵਲ
ਟਿਕਟਿਕੀ ਬੰਨ੍ਹ ਖੜ੍ਹੇ ਰਹੇ ਨੇ..!
ਹਾਂ ਮੈਂ ਇਹ ਵੀ ਹੈ ਕਹਿਣਾ ਕਿ
ਇਸ ਵਰ੍ਹੇ ਦੌਰਾਨ ਦੇਸ਼ ਦੇ ਅੰਨਦਾਤਾ
ਸੜਕਾਂ ਉਪਰ ਰੁਲੇ ਨੇ
ਤੇ ਆਪਣੀਆਂ ਹੱਕੀ ਮੰਗਾਂ ਦੀ ਖਾਤਿਰ
ਪੋਹ ਦੀਆਂ ਰਾਤਾਂ ਆਸਮਾਂ ਥੱਲੇ
ਕੱਟਣ ਲਈ ਮਜਬੂਰ ਹੋਏ ਪਏ ਨੇ।
ਲੇਕਿਨ ਇਸ ਦੇ ਬਾਵਜੂਦ
ਦੇਸ਼ ਦੇ ਗੂੰਗੇ, ਬਹਿਰੇ ਹਾਕਮ
ਸਭ ਕੁਝ ਸੁਣਦਿਆਂ ਵੇਖਦਿਆਂ ਹੋਇਆਂ ਵੀ
ਕੇਵਲ ਤਮਾਸ਼ਬੀਨ ਬਣੇ ਖੜ੍ਹੇ ਨੇ।
ਹਾਲੇ ਤਾਂ ਮੈਂ ਬਹੁਤ ਕੁਝ ਹੈ ਕਹਿਣਾ !
ਪਰ ਤੇਰੇ ਕੋਲ ਇਨ੍ਹਾਂ ਕਿੱਥੇ ਸਮਾਂ ਰਿਹਾ ਹੈ
ਇਸ ਲਈ ਜਾਂਦੀ-ਜਾਂਦੀ ਨੂੰ ਇਹੋ ਹੈ ਕਹਿਣਾ
ਕਿ ਨਵੀਂ ਸਵੇਰ ਨੂੰ ਸਲਾਮ ਕਹਿਣਾ
ਤੇ ਨਾਲ ਹੀ ਇਹ ਪੈਗ਼ਾਮ ਕਹਿਣਾ
ਕਿ ਦੇਸ਼ ’ਚ ਪਹਿਲਾਂ ਵਾਲੀਆਂ
ਓਹੀਓ ਸਵੇਰਾਂ ਸ਼ਾਮਾਂ ਵਾਪਸ ਲਿਆਦੇ
ਸੁੱਖ ਸ਼ਾਂਤੀ ਦੀਆਂ ਓਹੀਓ ਹਵਾਵਾਂ
ਫ਼ੇਰ ਤੋਂ ਚਲਾਦੇ...ਫ਼ੇਰ ਤੋਂ ਚੱਲਾਦੇ...
ਦੇਸ਼ ਨੂੰ ਮਜ਼ਬੂਤ-ਓ-ਮੁਸਤਹਕਮ ਬਣਾਦੇ...
ਦੇਸ਼ ਨੂੰ ਮਜ਼ਬੂਤ-ਓ-ਮੁਸਤਹਕਮ ਬਣਾਦੇ...
ਕਵੀ: ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ :9855259650
abbasdhaliwal72@gmail.com