1947 ਹਿਜਰਤਨਾਮਾ 75: ਕਿਰਪਾਲ ਸਿੰਘ ਉੱਗੀ

Thursday, Sep 28, 2023 - 06:01 PM (IST)

1947 ਹਿਜਰਤਨਾਮਾ 75: ਕਿਰਪਾਲ ਸਿੰਘ ਉੱਗੀ

ਆਜ਼ਾਦੀ ਦੇ ਓਹਲੇ
-ਸੁਫ਼ਨਿਆਂ ਤੂੰ ਸੁਲਤਾਨ ਹੈਂ-

''ਅਰੂੜ ਸਿੰਹੁ ਲੰਬੜਦਾਰ ਮੇਰਾ ਬਾਬਾ ਸੀ। 1872 ਵਿੱਚ ਗੋਰਾ ਸਰਕਾਰ ਵਲੋਂ ਮੁਰੱਬਾ ਅਲਾਟ ਹੋਇਆ ,ਉਹਨੂੰ। ਜ਼ਿਲ੍ਹਾ ਅਤੇ ਤਸੀਲ ਲੈਲਪੁਰ  ਦੇ ਚੱਕ ਨੰਬਰ 253 ਰੱਖ ਬਰਾਂਚ 'ਚ। ਬਾਬੇ ਘਰ ਚਾਰ ਬੇਟੇ ਆਤਮਾ ਸਿੰਘ, ਹਾਕਮ ਸਿੰਘ, ਜਵੰਦ ਸਿੰਘ ਅਤੇ ਕੇਸਰ ਸਿੰਹੁ ਪੈਦਾ ਹੋਏ। ਜਵੰਦ ਸਿੰਘ ਸਾਡਾ ਬਾਪ ਸੀ। ਅਸੀਂ ਦੋ ਭਾਈ ਰਵਿੰਦਰ ਸਿੰਘ ਅਤੇ ਮੈਂ ਕਿਰਪਾਲ ਸਿੰਘ ਸਾਂਦਲ ਬਾਰ 'ਚ ਹੀ ਜੰਮੇ ਪਲ਼ੇ ਅਤੇ ਵੱਡੇ ਹੋਏ। ਸਾਡਾ ਜੱਦੀ ਪਿੰਡ ਜਹਾਂਗੀਰ-ਜੰਡਿਆਲਾ ਗੁਰੂ ਹੈ। ਸਾਡੇ ਵਡੇਰਿਆਂ ਜੋ ਬਾਰ 'ਚ ਚੱਕ ਆਬਾਦ ਕੀਤਾ, ਇੱਕ ਸੌ ਮੁਰੱਬਾ ਪਿੰਡ ਦੀ ਮਾਲਕੀ ਵਾਲਾ ਸੀ,ਉਹ। ਉਹਦਾ ਨਾਮ, ਜਹਾਂਗੀਰ ਹੀ ਹੋਇਆ। ਬਾਬਾ ਜੀ ਨੂੰ ਮੂਲ ਮੁਰੱਬੇ ਤੋਂ ਇਲਾਵਾ ਅੱਧਾ ਲੰਬੜਦਾਰੀ ਦਾ ਅਤੇ ਅੱਧਾ ਘੋੜੀਪਾਲ਼ ਮੁਰੱਬਾ ਵੱਖਰਾ ਅਲਾਟ ਸੀ।

ਪਿੰਡ ਰੱਖ ਬ੍ਰਾਂਚ ਤੇ ਪੈਂਦਾ । ਉਸੇ ਦਾ ਹੀ ਖੇਤਾਂ ਨੂੰ ਪਾਣੀ ਲਾਉਂਦੇ, ਉਹੀ ਟੋਭਿਆਂ ਚ ਜਮ੍ਹਾਂ ਰੱਖਦੇ। ਘੜਿਆਂ ਵਿੱਚ ਭਰ ਲਿਆਉਂਦੇ। ਫਟਕੜੀ ਨਾਲ ਸਾਫ਼ ਕਰਕੇ ਪੀਂਦੇ। ਫ਼ਸਲਾਂ ਵਿਚ ਬਹੁਤਾ ਨਰਮਾ,ਕਣਕ,ਕਮਾਦ, ਸਰੋਂ,ਮੱਕੀ, ਛੋਲੇ, ਪਸ਼ੂਆਂ ਲਈ ਚਰੀ ਬਾਜਰਾ,ਬਰਸੀਣ ਅਤੇ ਘਰ ਲਈ ਸਬਜ਼ੀ ਵਗੈਰਾ ਬੀਜਦੇ। ਜਿਣਸ ਨੂੰ ਲੈਲਪੁਰ ਮੰਡੀ ਵਿੱਚ ਵੇਚਦੇ। ਪਿੰਡ ਵਿੱਚ ਸਕੂਲ ਚੌਥੀ ਤੱਕ ਸੀ। ਸ਼ਾਮ ਸਿੰਘ, ਦੀਦਾਰ ਸਿੰਘ ਅਤੇ ਹਰਬੰਸ ਸਿੰਘ ਉੱਥੇ ਉਸਤਾਦ ਹੁੰਦੇ। ਰੌਲਿਆਂ ਵੇਲੇ ਮੈਂ ਚੌਥੀ ਅਤੇ ਮੇਰਾ ਵੱਡਾ ਭਰਾ ਰਵਿੰਦਰ ਸਿੰਘ,ਨੌਵੀਂ ਪਾਸ ਕਰ ਚੁੱਕੇ ਸਾਂ। (ਰਵਿੰਦਰ ਸਿੰਘ ਅੱਗੇ ਚੱਲ ਕੇ ਨਕੋਦਰ ਦੇ ਮਸ਼ਹੂਰ ਐਡਵੋਕੇਟ ਰਹੇ)। ਤਦੋਂ ਬਾਲ ਉਮਰੇ ਮੇਰੇ ਹਮਉਮਰਾਂ ਚ,ਕੁਲਬੀਰਾ, ਬੀਰਾ, ਜੀਤ, ਮੰਨਾ ਅਤੇ ਅਵਤਾਰ ਹੁੰਦੇ।

ਇਧਰ ਆ ਕੇ ਅਵਤਾਰ ਹੋਰੀਂ ਪਟਿਆਲਾ ਬੈਠੇ। ਸ਼ਹੀਦਾਂ ਨਾਮੇ ਬੀਬੀ ਸਾਡਾ ਨਰਮਾ ਚੁਗਦੀ। ਉਹਦੀਆਂ ਕੁੜੀਆਂ ਰੂੜੀ ਅਤੇ ਪ੍ਰੀਤੋ ਵੀ ਨਾਲ ਹੁੰਦੀਆਂ।  ਸਾਡਾ ਬਾਬਾ ਅਰੂੜ ਸਿੰਘ, ਸੰਤਾ ਸਿੰਘ, ਅਮਰ ਸਿੰਘ ਅਤੇ ਇੰਦਰ ਸਿੰਘ ਪਿੰਡ ਦੇ ਚੌਧਰੀ ਅਤੇ ਲੰਬੜਦਾਰ ਹੁੰਦੇ। ਪਿੰਡ ਦਾ ਕੋਈ ਝਗੜਾ ਹੁੰਦਾ ਤਾਂ ਉਹੀ ਮੋਹਰੀ ਫੈਸਲਾ ਕਰਦੇ।  ਪਿੰਡ ਵਿੱਚ 'ਰੋੜਾ ਬਰਾਦਰੀ ਦੇ ਵਜ਼ੀਰਾ, ਜਿਊਣਾ ਅਤੇ ਗੰਗਾ ਰਾਮ ਵਗੈਰਾ ਹੱਟੀਆਂ ਕਰਦੇ। ਮੁਸਲਿਮ ਮਸ਼ਕਾਂ ਨਾਲ ਲੋਕਾਂ ਦੇ ਘਰਾਂ ਚ ਪਾਣੀ ਢੋਂਦੇ।  ਉਨ੍ਹਾਂ ਨਾਲ ਹਜ਼ਾਰਾ ਸਿੰਘ ਝੀਰ ਵੀ ਹੁੰਦਾ। ਹਜ਼ਾਰੇ ਘਰੋਂ ਕਰਤਾਰੀ ਭੱਠੀ ਤੇ ਦਾਣੇ ਭੁੰਨਦੀ। ਲਾਲ ਸਿੰਘ ਅਤੇ ਚੂੜ੍ਹ ਸਿੰਘ ਤਖਾਣਾ, ਜਦੋਂ ਕਿ ਲਾਲ ਦੀਨ, ਖੈ਼ਰਦੀਨ ਅਤੇ ਉਹਦਾ ਬੇਟਾ ਰਹਿਮਤ ਉਲ੍ਹਾ ਲੁਹਾਰਾ ਕੰਮ ਕਰਦੇ। ਲਾਲਦੀਨ ਦਾ ਬੇਟਾ ਜਾਫ਼ਰ ਮੇਰਾ ਹਮਜਮਾਤੀ ਹੁੰਦਾ। ਸਾਬੂ ਅਤੇ ਉਹਦਾ ਬੇਟਾ ਮੁਹੰਮਦ ਮੋਚੀਪੁਣਾ ਕਰਦੇ।

ਇਕ ਮੁਸਲਿਮ ਲਲਾਰੀ ਸੀ। ਉਹਦੇ ਬੇਟੇ ਅਨਵਰ, ਸਰਦਾਰ ਮੁਹੰਮਦ ਅਤੇ ਨਜ਼ਰ ਮੁਹੰਮਦ ਸਨ।  ਗੁਆਂਢੀ ਪਿੰਡਾਂ ਵਿੱਚ ਧਾਲੀਵਾਲ, ਬਡਾਲਾ, ਦਸੂਹਾ, ਕੈਂਤਾ, ਨਵਾਂ ਪਿੰਡ, ਪੁਰਾਣੇ ਵਾਸੂ ਜਾਂਗਲੀ ਲੋਕਾਂ ਦਾ ਪਿੰਡੋਂ ਬਾਹਰ ਬੰਨ੍ਹਿਆ ਪਿੰਡ,ਛੋਟਾ ਜਹਾਂਗੀਰ (ਜਿਸ ਦੀ ਛੇੜ ਲੋਕਾਂ ਲੁੱਚਗੜ੍ਹ ਪਾਈ ਹੋਈ ਸੀ)। ਕੁੱਕੜ ਅਤੇ ਕੰਗਾਂ ਵੀ ਗੁਆਂਢੀ ਪਿੰਡ ਸੁਣੀਂਦੇ।' ਟੇਸ਼ਣ ਸਾਨੂੰ ਅਬਾਸਪੁਰ ਲਗਦਾ।  ਰੌਲ਼ੇ-ਰੱਪੇ ਪਏ ਤਾਂ ਸਭਨਾਂ ਤਾਈਂ ਫ਼ਿਕਰ ਹੋਇਆ। ਪਿੰਡ ਵਿੱਚ ਦੋ ਰੇਡੀਓ ਹੁੰਦੇ। ਸ਼ਾਮ ਪੈਂਦਿਆਂ ਲੋਕਾਂ ਥੜ੍ਹਿਆਂ 'ਤੇ ਰੇਡੀਓ ਸੁਣਨ ਲਈ 'ਕੱਠੇ ਹੋ ਜਾਣਾ। ਉਥੋਂ ਹੀ ਪਾਕਿਸਤਾਨ ਬਣੇਗਾ, ਦਾ ਐਲਾਨ ਸੁਣਿਆ। ਲੋਕ ਇਹੋ ਸਮਝਦੇ ਰਹੇ ਕਿ ਕੁੱਝ ਦਿਨ ਦਾ ਰੌਲ਼ਾ ਰੱਪਾ ਹੈ, ਥੰਮ ਜਾਵੇਗਾ। ਮਾਰ ਮਰੱਈਆ ਵੱਧਦਾ ਗਿਆ। ਪੋਠੋਹਾਰ ਵਲੋਂ ਸਿੱਖ ਪਿੰਡਾਂ ਤੇ ਹਮਲੇ ਸ਼ੁਰੂ ਹੋਏ। ਹੌਲ਼ੀ ਹੌਲ਼ੀ ਦੰਗਿਆਂ ਦੀ ਅੱਗ ਦਾ ਸੇਕ ਸਾਰੇ ਪੰਜਾਬ ਵਿੱਚ ਫੈਲ ਗਿਆ। ਗੁਰਦੁਆਰਾ ਸਿੰਘ ਸਭਾ ਵਿਚ ਮੋਹਤਬਰਾਂ  ਦਾ 'ਕੱਠ ਹੋਇਆ। ਪਹਿਰਾ ਲੱਗਾ। ਉਠਣ ਦੀ ਤਿਆਰੀ ਸ਼ੁਰੂ ਹੋਈ। ਗਿਆਨੀ ਕਰਤਾਰ ਸਿੰਘ ਤਦੋਂ ਸਿੱਖਾਂ ਦੇ ਵਾਹਦ ਲੀਡਰ ਵੀ ਪਿੰਡ, ਦੋ ਗੇੜੇ ਕੱਢ ਗਏ। ਕਹਿੰਦੇ,"ਸੁਚੇਤ ਰਹੋ। ਪਹਿਰਾ ਲਾਓ । ਮੈਂ ਟਰੱਕਾਂ ਦਾ ਪ੍ਰਬੰਧ ਕਰਕੇ ਭੇਜਦਾ ਹਾਂ। ਨਹਿਰ ਵਿਚ ਪਾਣੀ ਵੀ ਛਡਵਾਉਂਦਾ ਹਾਂ।"

ਸ਼ੈਦ ਉਹ ਕਿਧਰੇ ਹੋਰ ਪਾਸੇ ਉਲਝ ਗਏ,ਮੁੱੜ ਪਿੰਡ ਨਾ ਆਏ ਤੇ ਨਾ ਹੀ ਨਹਿਰੀ ਪਾਣੀ। ਹਫ਼ਤਾ ਕੁ ਇੰਤਜ਼ਾਰ ਤੋਂ ਬਾਅਦ ਚੜ੍ਹਦੇ ਅੱਸੂ, ਜ਼ਰੂਰੀ ਸਮਾਨ ਅਤੇ ਰਸਤੇ ਲਈ ਰਸਦ ਦੇ ਗੱਡੇ ਲੱਦ ਕੇ ਸਾਰੇ ਹਿੰਦੂ-ਸਿੱਖ ਪਰਿਵਾਰ ਲੈਲਪੁਰ ਵੱਲ ਵਧੇ। ਜਿੱਥੋਂ ਕਾਫ਼ਲੇ ਨੇ ਲੈਲਪੁਰ ਰਫਿਊਜੀ ਕੈਂਪ ਲਈ ਜਾਣਾ ਸੀ। ਸਾਡੇ ਪਰਿਵਾਰ ਦੇ ਗੱਡੇ ਸੱਭ ਤੋਂ ਪਿੱਛੇ ਸਨ। ਰੌਸ਼ਨ ਵਾਲਾ ਪਿੰਡ ਦੇ ਬਰਾਬਰ ਕਾਫ਼ਲੇ ਉਪਰ ਪਿੱਛਿਉਂ ਹਮਲਾ ਹੋਇਆ। ਕੁੱਝ ਧਾੜਵੀ ਘੋੜ ਸਵਾਰ ਚੋਬਰ ਲੁੱਟ ਖੋਹ ਦੀ ਨੀਅਤ ਨਾਲ ਕਾਫ਼ਲੇ ਦੇ ਨਾਲ ਆ ਰਲ਼ੇ। ਕਹਿਣ, ਤੁਹਾਡੀ ਰੱਖਿਆ ਲਈ ਆਏ ਹਾਂ। ਪਰ ਉਨ੍ਹਾਂ ਦੇ ਦਿਲ ਵਿਚ ਖੋਟ ਸੀ। ਜਿਉਂ ਹੀ ਮਸਜਿਦ ਪਾਸ ਪਹੁੰਚੇ ਤਾਂ ਮਸਜਿਦ ਚੋਂ ਗੋਲ਼ੀ ਚੱਲੀ। ਧਾੜਵੀਆਂ ਵੀ ਪਿਛਲਿਆਂ ਗੱਡਿਆਂ ਤੇ ਹਮਲਾ ਬੋਲਤਾ। 8-9 ਬੰਦੇ ਉੱਥੇ ਮਾਰੇ ਗਏ। ਦੋ ਜਨਾਨੀਆਂ ਨੂੰ ਵੀ ਚੁੱਕ ਕੇ ਲੈ ਗਏ।

ਕਾਫ਼ਲਾ ਖਲੋ ਗਿਆ। ਸਾਡੇ ਸ਼ਰੀਕੇ ਚੋਂ ਤੇਜਾ ਸਿੰਘ ਦਾ ਭਰਾ ਘਨੱਈਆ ਸਿੰਘ ਰਿਟਾਇਰਡ ਠਾਣੇਦਾਰ ਸੀ ਨੇ ਉੱਦਮ ਕਰਕੇ ਪਹਿਰੇ ਲਈ ,ਲੈਲਪੁਰੋਂ ਪੁਲਸ ਸੱਦ ਲਿਆਂਦੀ। ਮਰ ਗਿਆਂ ਦਾ ਸੰਸਕਾਰ ਕਰਨ ਲੱਗੇ ਤਾਂ ਮੀਂਹ ਪਿਆ ਹੋਣ ਕਰਕੇ ਕਿਧਰੋਂ ਸੁੱਕਾ ਬਾਲਣ ਵੀ ਨਾ ਮਿਲਿਆ। ਕਰਦਿਆਂ ਕਰਾਉਂਦਿਆਂ ਕਾਫ਼ਲਾ ਤੁਰ ਪਿਆ। ਲਾਸ਼ਾਂ ਨੂੰ ਉਵੇਂ ਨਹਿਰ ਵਿਚ ਸੁੱਟ ਆਏ। ਸਾਡੇ ਬਾਬੇ ਦਾ ਭਤੀਜਾ ਨਰੈਣ ਸਿੰਘ ਪੁੱਤਰ ਮੂਲਾ ਸਿੰਘ ਜੋ ਪਿੱਛੇ ਪਹਿਰੇ ਤੇ ਸੀ, ਇਕ ਬਾਲਮੀਕ ਪਰਿਵਾਰ 'ਚੋਂ ਸਾਡਾ ਕਾਮਾ ਮਰਨ ਵਾਲਿਆਂ ਵਿੱਚ ਸ਼ਾਮਲ ਸਨ। ਸਾਡੇ ਪਰਿਵਾਰ ਚੋਂ ਹੀ ਉਪਰੋਕਤ ਤੇਜਾ ਸਿੰਘ ਦੀ ਭੈਣ ਅਤੇ ਨੂੰਹ ਦੇ ਵੀ ਗੋਲੀ ਲੱਗੀ ਪਰ ਉਹ ਜਾਨੋਂ ਬਚ ਰਹੇ।

ਨਰੈਣ ਸਿੰਘ ਦੇ ਬੇਟੇ ਹਰਬੰਸ ਸਿੰਘ ਨੇ ਭੱਜ ਕੇ ਜਾਨ ਬਚਾਈ।  ਲੈਲਪੁਰ ਦੇ ਖ਼ਾਲਸਾ ਕਾਲਜ ਕੈਂਪ ਵਿੱਚ ਨੌਂ ਦਿਨ ਬੈਠੇ ਰਹੇ। ਰਸਦ ਤਾਂ ਸਾਡੇ ਪਾਸ ਹੈ ਸੀ ਕੁੱਝ ਸਰਕਾਰੀ ਵੀ ਮਿਲਦੀ ਰਹੀ। ਪਿੱਛਿਓਂ ਸਰਗੋਧਾ ਵਲੋਂ ਇੱਕ ਹੋਰ ਗੱਡਿਆਂ ਦਾ ਵੱਡਾ ਕਾਫ਼ਲਾ ਆਇਆ। ਦੂਜੇ ਦਿਨ ਜ਼ਿਲ੍ਹੇ ਦੇ ਵੱਡੇ ਅਫ਼ਸਰ ਜੋ ਮੁਸਲਿਮ ਸੀ ਨੇ ਬਲੋਚ ਮਿਲਟਰੀ ਦੇ ਪਹਿਰੇ ਹੇਠ ਕਾਫ਼ਲੇ ਨੂੰ ਜੜ੍ਹਾਂਵਾਲਾ ਲਈ ਤੋਰਿਆ। ਇਥੋਂ ਮੇਰਾ ਬਾਬਾ ਅਰੂੜ ਸਿੰਘ ਅਤੇ ਭੂਆ ਹੁਕਮ ਕੌਰ, ਅੰਬਰਸਰ ਜਾਣ ਲਈ, ਲੈਲਪੁਰ ਟੇਸ਼ਣ ਨੂੰ ਚਲੇ ਗਏ। ਜੜ੍ਹਾਂਵਾਲਾ ਤੋਂ ਅੱਗੇ ਤੁਰੇ ਤਾਂ ਗੋਗੇਰਾ ਬ੍ਰਾਂਚ ਤੇ ਪੈਂਦੇ ਪਿੰਡ ਬੁੱਚੋ ਕੀ ਕਾਫ਼ਲੇ ਨੇ ਰਾਤ ਦਾ ਠਹਿਰਾਅ ਕੀਤਾ। ਉਥੇ ਪਸ਼ੂਆਂ ਲਈ ਚਾਰਾ ਲੈਣ ਗਏ ਦੋ ਸਿੱਖਾਂ ਨੂੰ ਮੁਸਲਿਮ ਧਾੜਵੀਆਂ ਮਾਰਤਾ। ਤਾਇਆ ਹਾਕਮ ਸਿੰਘ ਦਾ ਮੁੰਡਾ ਦੀਦਾਰ ਸਿੰਘ ਘੋੜੀ ਨੂੰ ਪਾਣੀ ਪਿਲਾਉਣ ਗਿਆ ਤਾਂ ਘੋੜੀ ਖੋਹਣ ਦੀ ਨੀਅਤ ਨਾਲ, ਧਾੜਵੀਆਂ ਉਸ ਤੇ ਗੋਲੀ ਚਲਾਈ ਪਰ, ਉਹ ਬਚ ਕੇ ਕਾਫ਼ਲੇ 'ਚ ਭੱਜ ਆਇਆ।

ਉਸ ਨੇ ਇਤਲਾਹ ਕੀਤੀ। ਸਬੰਧਤ ਪਰਿਵਾਰਾਂ ਵਲੋਂ ਉਨ੍ਹਾਂ ਦੀਆਂ ਦੇਹਾਂ ਨੂੰ ਲਿਆ ਕੇ ਦਫ਼ਨ ਕਰਤਾ। ਮੀਂਹ ਅਤੇ ਹੈਜੇ ਦਾ ਵੀ ਜੋਰ ਸੀ। ਕਈ ਬਜ਼ੁਰਗ ਅਤੇ ਬਿਮਾਰ ਚੜ੍ਹਾਈ ਕਰ ਗਏ। ਉਨ੍ਹਾਂ ਨੂੰ ਮੁਸਲਿਮ ਕਬਰਸਤਾਨ ਵਿਚ ਦੱਬਿਆ। ਇਲਾਕੇ ਦੇ ਮੁਸਲਿਮਾਂ ਇਤਰਾਜ਼ ਉਠਾਇਆ ਕਿ ਉਨ੍ਹਾਂ ਦੀਆਂ ਕਬਰਾਂ ਭ੍ਰਿਸ਼ਟ ਕਰਤੀਆਂ। ਉਥੋਂ ਲਾਸ਼ਾਂ ਕੱਢ ਕੇ ਬਰਸਾਤੀ ਨਾਲ਼ੇ ਵਿਚ ਰੋੜ ਦਿੱਤੀਆਂ। ਉਥੇ ਬੁੱਚੋਕੀ ਅਸੀਂ ਕਈ ਦਿਨ ਬੈਠੇ ਰਹੇ। ਇਥੇ ਡੋਗਰਾ ਮਿਲਟਰੀ ਆਈ। ਬਲੋਚ ਮਿਲਟਰੀ ਵਾਪਸ ਮੁੜ ਗਈ। ਬੱਲੋਕੀ ਹੈੱਡ ਪਹੁੰਚੇ। ਉਥੇ ਇਕ ਬਰਸਾਤੀ ਚੋਅ ਦਾ ਪੁੱਲ਼ ਟੁੱਟਾ ਹੋਇਆ ਸੀ,ਉਹ ਮਿਲਟਰੀ ਨੇ ਬਣਾਇਆ ਤਾਂ ਕਾਫ਼ਲਾ ਪਾਰ ਹੋਇਆ। 

ਬੱਲੋਕੀ ਹੈੱਡ ਟੱਪ ਕੇ ਵੱਡੀ ਨਹਿਰ ਤੇ ਸਿੱਖਾਂ ਦੇ ਪਿੰਡ ਫੇਰੂਕੇ, ਜਿੱਥੇ ਪੰਚਮ ਪਾਤਸ਼ਾਹ ਦਾ ਗੁਰਦੁਆਰਾ ਹੈ, ਦੋ ਰਾਤਾਂ ਰਹੇ। ਉਥੇ ਪਸ਼ੂਆਂ ਲਈ ਤੂੜੀ ਲੈਣ ਗਏ ਪਿਓ ਈਸ਼ਰ ਸਿੰਘ ਅਤੇ ਪੁੱਤਰ ਸੇਵਾ ਸਿੰਘ ਤੇ ਧਾੜਵੀਆਂ ਗੋਲ਼ੀ ਚਲਾ ਦਿੱਤੀ। ਈਸ਼ਰ ਸਿੰਘ ਮਾਰਿਆ ਗਿਆ ਜਦ ਕਿ ਸੇਵਾ ਸਿੰਘ ਭੱਜ ਆਉਣ ਚ ਸਫਲ ਰਿਹਾ। ਇਹ ਈਸ਼ਰ ਸਿੰਘ 257 ਚੱਕ ਤੋਂ, ਉਪਰ ਦਰਜ ਘਨੱਈਆ ਸਿੰਘ ਦਾ ਸਕਾ ਭਰਾ ਅਤੇ ਮੇਰੇ ਬਾਪ ਦੀ ਮਾਸੀ ਦਾ ਪੁੱਤ ਭਰਾ ਸੀ। ਉਥੋਂ ਤੁਰ ਕੇ ਰਾਏ ਵਿੰਡ-ਕਸੂਰ-ਖੇਮਕਰਨ-ਝਬਾਲ-ਤਰਨਤਾਰਨ ਹੁੰਦੇ ਫਾਕੇ, ਦੁਸ਼ਵਾਰੀਆਂ ਝਾਗਦੇ ਹੋਏ ਆਪਣੇ ਜੱਦੀ ਪਿੰਡ ਜਹਾਂਗੀਰ (ਜੰਡਿਆਲਾ ਗੁਰੂ)ਪਹੁੰਚੇ। ਉਥੇ ਆਪਣੀ ਜੱਦੀ ਜ਼ਮੀਨ ਵਾਹੀ। ਤਿੰਨ ਕੁ ਸਾਲ ਬਾਅਦ ਸਾਡੀ ਪਰਚੀ ਉੱਗੀ-ਜਲੰਧਰ ਦੀ ਪਈ ਸੋ ਇਥੇ ਆਣ ਵਾਸ ਕੀਤਾ। ਹੁਣ ਤੱਕ ਉਹੀ ਵਾਹੁੰਦੇ-ਖਾਂਦੇ ਹਾਂ।

ਮੇਰਾ ਵਿਆਹ ਸਲੈਚਾਂ ਦੇ ਸ.ਉਜਾਗਰ ਸਿੰਘ ਦੀ ਬੇਟੀ ਬਲਵੀਰ ਕੌਰ ਨਾਲ ਹੋਇਆ। ਮੇਰੇ ਘਰ ਦੋ ਪੁੱਤਰ ਪ੍ਰਦੀਪ ਸਿੰਘ, ਨਵਦੀਪ ਸਿੰਘ ਅਤੇ ਬੇਟੀ ਪਰਮਿੰਦਰ ਕੌਰ ਪੈਦਾ ਹੋਏ। ਹੁਣ ਉਨ੍ਹਾਂ ਦੇ ਆਸਰੇ ਹੀ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ। ਬਾਕੀ ਬਾਰ ਦਾ ਚੱਕ ਡਾਹਢਾ ਯਾਦ ਆਉਂਦੈ। ਪਰ ਉਥੇ ਜਾਣ ਤੋਂ ਅਸਮਰਥ ਹਾਂ। ਸੁਪਨੇ ਵਿੱਚ ਹਫ਼ਤਾ ਦੋ ਹਫ਼ਤੇ ਬਾਅਦ ਜ਼ਰੂਰ ਪਿੰਡ ਗੇੜਾ ਲਾ ਆਉਂਦਾ ਹਾਂ। ਬਚਪਨ ਦੇ ਬੇਲੀਆਂ ਨੂੰ ਮਿਲ ਕੇ ਸਕੂਨ ਮਿਲਦਾ ਏ।

'' ਸੁਪਨਿਆਂ ਤੂੰ ਸੁਲਤਾਨ ਹੈਂ-ਉਤਮ ਤੇਰੀ ਜ਼ਾਤ।
ਸੌ ਬਰਸ ਦੇ ਵਿੱਛੜੇ- ਆਣ ਮਿਲਾਵੇ ਰਾਤ।"

ਮੁਲਾਕਾਤੀ:ਸਤਵੀਰ ਸਿੰਘ ਚਾਨੀਆਂ


author

Harnek Seechewal

Content Editor

Related News