1947 ਹਿਜਰਤਨਾਮਾ- 74: ਜੋਗਿੰਦਰ ਸਿੰਘ ਉੱਗੀ

Thursday, Sep 21, 2023 - 11:01 AM (IST)

1947 ਹਿਜਰਤਨਾਮਾ- 74: ਜੋਗਿੰਦਰ ਸਿੰਘ ਉੱਗੀ

ਆਜ਼ਾਦੀ ਦੇ ਓਹਲੇ

'ਅਸੀਂ ਸਰਗੋਧੇ ਦੇ ਜਾਏ ਹਾਂ' 

"ਨੱਥਾ ਸਿੰਘ, ਸਾਡਾ ਬਾਬਾ ਹੋਇਐ। ਪਹਿਲਾ ਸੰਸਾਰ ਯੁੱਧ ਲੜਿਐ, ਉਨ੍ਹਾਂ। ਸੇਵਾ ਬਦਲੇ ਉਨ੍ਹਾਂ ਨੂੰ ਸਰਗੋਧਾ ਦੇ 19 ਚੱਕ ਵਿੱਚ ਮੁਰੱਬਾ ਅਲਾਟ ਸੀ। ਵੈਸੇ, ਸਾਡਾ ਜੱਦੀ ਪਿੰਡ ਫੁੱਲ-ਲੋਹੀਆਂ ਹੈ। 'ਕਾਲੀ ਲਹਿਰ ਸਿਖ਼ਰ 'ਤੇ ਸੀ, ਜਦ ਬਾਬਾ ਨੱਥਾ ਸਿੰਘ, ਦਾਦੀ ਰਾਧੀ ਸੰਗ 19 ਚੱਕ ਜੋ 25 ਮੁਰੱਬਿਆਂ ਦੀ ਮਾਲਕੀ ਦਾ ਪਿੰਡ ਵੱਜਦਾ, ਪ੍ਰਵਾਸ ਕਰ ਗਏ। ਉਨ੍ਹਾਂ ਦੇ ਘਰ 'ਚ ਹੀ ਸਾਡੇ ਬਾਪ ਤਾਰਾ ਸਿੰਘ ਦਾ ਜਨਮ ਹੋਇਐ। ਪਿਤਾ ਦਾ ਵਿਆਹ ਬੀਬੀ ਤੇਜ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਸੱਤ ਪੁੱਤਰਾਂ ਦਰਜ਼ਾ-ਬ-ਦਰਜ਼ਾ ਸਰਬਜੀਤ ਸਿੰਘ, ਮਹਿੰਦਰ ਸਿੰਘ, ਮੈਂ ਜੋਗਿੰਦਰ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ, ਕੇਹਰ ਸਿੰਘ, ਭਜਨ ਸਿੰਘ  ਨੇ ਜਨਮ ਲਿਆ। ਸੱਭੋ ਲਾਠੀਆਂ ਵਰਗੇ, ਸਰਗੋਧੇ ਦੇ ਜਾਏ। ਭੈਣ ਸਾਡੇ ਕੋਈ ਨਾ। 
ਸਾਡੇ ਗੁਆਂਢੀ ਪਿੰਡ ਚੱਕ 13,16 ਅਤੇ ਉੱਘੀ ਗਾਇਕਾ ਨਰਿੰਦਰ ਬੀਬਾ ਦਾ 15 ਚੱਕ ਵੱਜਦਾ। 'ਟੇਸ਼ਣ ਸਾਨੂੰ ਸਿੱਲ੍ਹਾਂਵਾਲੀ ਲੱਗਦਾ।

ਪਿੰਡ ਦਾ ਚੌਧਰੀ ਲੰਬੜਦਾਰ ਕਰਮ ਸਿੰਘ ਜੱਟ ਸਿੱਖ, ਸੁਣੀਂਦਾ। ਉਸ ਦਾ ਪਿਛਲਾ ਪਿੰਡ ਚੋਮੋ-ਆਦਮਪੁਰ ਸੀ। ਸਾਡਾ ਬਾਬਾ ਨੱਥਾ ਸਿੰਘ ਵੀ ਚੌਧਰੀਆਂ ਵਿੱਚ ਸ਼ੁਮਾਰ ਹੁੰਦਾ। ਪਿੰਡ ਦੇ ਝਗੜੇ ਪਿੰਡ ਦੀ ਸੱਥ ਵਿੱਚ ਹੀ ਸੁਲਝਾ ਲੈਂਦੇ। ਮਾਧੋ, ਝੰਡਾ ਅਤੇ ਚੇਤ ਸਿੰਘ ਪਿੰਡ ਦੇ ਕਾਮੇ ਹੁੰਦੇ।

ਢਪੱਈ-ਕਪੂਰਥਲਾ ਤੋਂ ਮੁਣਸ਼ੀ ਵਗੈਰਾ ਝੀਰ ਸਨ, ਜੋ ਪਾਣੀ ਢੋਣ, ਵਿਆਹ ਸ਼ਾਦੀਆਂ ਭੁਗਤਾਉਣ, ਭੱਠੀ ਤੇ ਦਾਣੇ ਭੁੰਨਣ ਦੇ ਨਾਲ-ਨਾਲ ਵਿਹਲ ਮੁਤਾਬਿਕ ਦਿਹਾੜੀ ਲੱਪਾ ਵੀ ਕਰ ਲੈਂਦੇ। ਰੌਲਿਆਂ ਉਪਰੰਤ ਮੁੜ ਇਧਰ ਆ ਕੇ ਖੂਹੀਆਂ ਪੁੱਟਣ ਦਾ ਕੰਮ ਵੀ ਕਰਦੇ ਰਹੇ,ਉਹ। ਕੱਪੜੇ ਧੋਣ ਲਈ ਮੁਸਲਮਾਨ ਧੋਬੀ ਸ਼ਮੀਲ ਹੁੰਦਾ। ਇਹ ਕਾਮੇ ਕਿਸਾਨਾਂ ਪਾਸੋਂ ਹਾੜ੍ਹੀ ਸਾਉਣੀ ਲੈਣ ਦੇ ਨਾਲ-ਨਾਲ ਖੇਤਾਂ ਚੋਂ ਪੱਠਾ ਦੱਥਾ, ਸਬਜ਼ੀ ਭਾਜੀ ਲੈ ਜਾਂਦੇ। ਖੁਸ਼ੀ ਗ਼ਮੀ ਵਿੱਚ ਸਰਦੇ ਘਰ ਉਂਜ ਉਨ੍ਹਾਂ ਦੀ ਮਾਇਕ ਮਦਦ ਕਰਦੇ।

ਪਿੰਡ ਵਿੱਚ ਕੰਬੋਜ ਸਿੱਖਾਂ ਦਾ ਘਰ ਕੇਵਲ ਸਾਡਾ ਹੀ ਸੀ। ਜ਼ਿਆਦਾ ਗਿਣਤੀ ਸੈਣੀ ਅਤੇ ਮਹਿਤੋ ਸਿੱਖਾਂ ਦੀ ਸੀ। ਕੋਈ 3-4 ਘਰ ਕਾਮੇ ਲੋਕਾਂ ਦੇ ਸਨ। ਇਨ੍ਹਾਂ ਕਾਮਿਆਂ ਵਿੱਚੋਂ ਕੁੱਝ ਮੁਸਲਿਮ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦੀਆਂ ਬੀਬੀਆਂ ਸਾਡੇ ਘਰ ਕੰਮ ਵਿੱਚ ਹੱਥ ਵਟਾ ਦਿੰਦੀਆਂ। ਉਨ੍ਹਾਂ ਦੇ ਮੇਰੇ ਹਮ ਉਮਰ ਬੱਚੇ ਅਕਸਰ ਮੇਰੇ ਨਾਲ ਖੇਡਦੇ ਰਹਿੰਦੇ ਪਰ ਇਸ ਵਕਤ ਮੈਨੂੰ ਹੁਣ ਉਨ੍ਹਾਂ ਦੇ ਨਾਮ ਯਾਦ ਨਹੀਂ।

ਬਾਰ ਦੇ ਚੱਕ 19 'ਚ ਖ਼ੂਹ ਇੱਕ ਹੀ ਹੁੰਦਾ ਸੀ, ਜਿਸ ਦਾ ਪਾਣੀ ਖ਼ਾਰਾ ਸੀ, ਜੋ ਨਹਾਉਣ ਧੋਣ ਲਈ ਵਰਤਦੇ ਸਨ। ਸੋ ਪੀਣ ਲਈ ਨਹਿਰ ਦਾ ਪਾਣੀ ਹੀ ਚੁਬੱਚਿਆਂ 'ਚ ਭਰਕੇ ਸਾਫ਼ ਕਰ ਪੀ ਲੈਂਦੇ। ਗੋਰੇ ਨੇ ਇਕ ਇਹ ਕੰਮ ਖ਼ਾਸ ਕੀਤਾ ਕਿ ਉਨ੍ਹਾਂ ਪਿੰਡ ਦੇ ਕਾਮੇ ਲੋਕਾਂ, ਗ੍ਰੰਥੀ ਸਿੰਘ ਤੱਕ ਵੀ 5-5 ਏਕੜ ਕੱਚੀ ਜ਼ਮੀਨ ਅਲਾਟ ਕੀਤੀ ਹੋਈ ਸੀ। ਇਸ ਬਦਲੇ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਕੁੱਝ ਰਕਮ ਅਦਾ ਕਰਨੀ ਪੈਂਦੀ। ਉਸ ਉਪਰੰਤ ਹੀ ਇੰਤਕਾਲ ਉਨ੍ਹਾਂ ਦੇ ਨਾਮ ਪੁਰ ਹੁੰਦਾ। ਇਸ ਤਰ੍ਹਾਂ ਜਿਨ੍ਹਾਂ ਜ਼ਮੀਨਾਂ ਦੀ ਕੀਮਤ ਤਾਰਤੀ ਉਨ੍ਹਾਂ ਨੂੰ ਬਦਲੇ ਵਿੱਚ ਇਧਰ ਆਉਣ 'ਤੇ ਜ਼ਮੀਨ ਅਲਾਟ ਹੋ ਗਈ। ਸਕੂਲ ਚੱਕ ਚੌਥੀ ਤੱਕ ਸੀ। ਮੇਰੇ ਵੱਡੇ ਭਰਾ ਸਕੂਲ ਜਾਂਦੇ ਰਹੇ ਪਰ ਮੈਨੂੰ ਕਿਸੇ ਨਾ ਖੜਿਆ। ਭਲੇ ਮੈਂ ਹੱਲਿਆਂ ਵੇਲੇ ਕੋਈ ਦਸਵੇਂ ਵਰ੍ਹੇ 'ਚ ਹੋਵਾਂਗਾ।

ਝਨਾਂ ਬਰਾਂਚ ਨਹਿਰ ਪਿੰਡ ਵਿੱਚ ਖਹਿ ਕੇ ਲੰਘਦੀ, ਖੇਤਾਂ ਨੂੰ ਸੈਰਾਬ ਕਰਦੀ। ਫ਼ਸਲਾਂ ਦੀ ਸਾਵੀ ਭਾਅ ਦਿਲ ਨੂੰ ਭਾਉਂਦੀ। ਸਰੂ ਵਰਗੇ ਉੱਚੇ ਲੰਮੇ ਕਮਾਦ ਅਤੇ ਨਰਮੇ ਹਵਾ ਚੱਲਦੀ ਤਾਂ ਦਨ ਦਨਾਉਂਦੇ, ਕਲੋਲਾਂ ਕਰਦੇ ਕਿਸੇ ਲਗਰ ਵਰਗੀ ਨਖ਼ਰੇ ਪੱਟੀ ਮੁਟਿਆਰ ਵਾਂਗ ਸੋਂਹਦੇ। ਕਣਕ, ਕਮਾਦ, ਨਰਮਾ ਜਿਣਸ ਵਾਹਵਾ ਹੁੰਦੀ। ਪਿਤਾ ਜੀ ਗੱਡੇ ਲੱਦ ਕੇ ਸਰਗੋਧਾ ਮੰਡੀ ਵਿੱਚ ਵੇਚ ਆਉਂਦੇ। ਇਹ ਕਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਭਾਰਤ ਦੀ ਵੰਡ ਹੋਵੇਗੀ, ਉਜਾੜੇ ਹੱਲੇ ਪੈਣਗੇ। ਉਥੋਂ ਉੱਠਣਾ ਪਵੇਗਾ।

ਹੌਲ਼ੀ ਹੌਲ਼ੀ ਹੱਲਿਆਂ ਦੀਆਂ ਖ਼ਬਰਾਂ ਉੱਚੀਆਂ ਉੱਠਣ ਲੱਗੀਆਂ। ਮਾਰ-ਧਾੜ, ਅੱਗਜ਼ਨੀ ਮਾਨੋ ਸੂਲੀ ਟੰਗੇ ਪਹਿਰ ਹੁੰਦੇ। ਪਿੰਡ ਵਿੱਚ ਵੀ ਹਲ ਚਲ ਸ਼ੁਰੂ ਹੋਈ। ਲੋਕ ਢਾਣੀਆਂ 'ਚ ਬੈਠੇ ਗੱਲਾਂ ਕਰਦੇ ਕਿ ਪਾਕਿਸਤਾਨ ਬਣੇਗਾ, ਇਥੋਂ ਹੁਣ ਉਠਣਾ ਪਵੇਗਾ। ਅਖ਼ੀਰ ਉਹ ਦਿਨ ਵੀ ਆਣ ਢੁੱਕਾ। ਪਿੰਡ ਦੇ ਚੁਰੱਸਤੇ ਵਿੱਚ ਸਾਰੇ ਲੋਕ ਇਕੱਠੇ ਹੋ ਗਏ। ਬਜ਼ੁਰਗਾਂ ਨਾਲ ਸਹਿਚਾਰਾ ਰੱਖਦੇ, ਗੁਆਂਢੀ ਪਿੰਡ ਦੇ ਭੱਟੀ ਮੁਸਲਿਮ ਚੌਧਰੀਆਂ ਸਾਨੂੰ ਝਨਾਂ ਦਰਿਆ ਪਾਰ ਕਰਾਇਆ। ਸਰਗੋਧਾ ਦੇ ਰਫਿਊਜੀ ਕੈਂਪ ਜੋ ਦਾਣਾ ਮੰਡੀ ਵਿੱਚ ਬਣਿਆ ਹੋਇਆ ਸੀ, ਪਹੁੰਚੇ। ਇਥੇ ਰਾਤਾਂ ਨੂੰ ਬੁਰੇ ਖ਼ਿਆਲ ਆਉਣ ਕਿ ਪਹਿਲਾਂ ਬਜ਼ੁਰਗ ਜਿਣਸ ਵੇਚਣ ਆਉਂਦੇ ਸਨ ਤੇ ਹੁਣ ਖ਼ੁਦ ਨੂੰ ਵੇਚਣ ਆਏ ਹਾਂ। ਪਰ ਅਫ਼ਸੋਸ ਕਿ 'ਜਿਹੇ ਹਾਲਾਤਾਂ ਵਿੱਚ ਕੋਈ ਖ਼ਰੀਦਦਾਰ ਨਹੀਂ ਹੈ।

ਕਰੀਬ ਇਕ ਹਫ਼ਤੇ ਬਾਅਦ ਮੌਤ ਨੂੰ ਘਚਾਨੀਆਂ ਦਿੰਦੇ ਅਸੀਂ ਸਾਰਾ ਟੱਬਰ ਰੇਲ ਗੱਡੀ ਰਾਹੀਂ ਲਾਹੌਰ-ਅੰਮ੍ਰਿਤਸਰ-ਜਲੰਧਰ ਹੁੰਦੇ ਹੋਏ, ਫੁੱਲ ਪਿੰਡ ਦੀ ਬਜਾਏ ਚੋਮੋ ਪਿੰਡ-ਆਦਮਪੁਰ ਪਹੁੰਚੇ। ਜਿਸ ਗੱਡੀ ਵਿੱਚ ਆਏ ਉਸ ਦੀਆਂ ਲਹੂ ਨਾਲ ਲਿਬੜੀਆਂ ਸੀਟਾਂ ਕਿਸੀ ਬੀਤ ਚੁੱਕੀ ਭਿਆਨਕ ਘਟਨਾ ਦੀ ਗਵਾਹੀ ਭਰਦੀਆਂ ਸਨ।ਚੋਮੋ ਪਿੰਡ ਜਾਣ ਦੀ ਵਜ੍ਹਾ ਇਹ ਸੀ ਕਿ ਚੌਧਰੀ ਕਰਮ ਸਿੰਘ ਲੰਬੜਦਾਰ ਨੇ ਹੀ ਬਜ਼ੁਰਗਾਂ ਤੇ ਦਬਾਅ ਪਾਇਆ ਕਿ ਸਾਡਾ ਪਰਿਵਾਰ ਉਨ੍ਹਾਂ ਦੇ ਨਾਲ਼ ਹੀ ਚੱਲ ਪਏ। ਬਾਬਾ ਜੀ, ਦਾਦੀ ਜੀ ਗੱਡਿਆਂ ਦੇ ਕਾਫ਼ਲੇ ਨਾਲ ਕੋਈ ਮਹੀਨਾ ਖੰਡ ਪੱਛੜ ਕੇ ਆਏ।ਉਥੇ ਮੁਸਲਮਾਨਾਂ ਵਲੋਂ ਛੱਡਿਆ ਇਕ ਖੂਹ ਅਤੇ ਇੱਕ ਘਰ ਅਸਾਂ ਆਰਜੀ ਕਬਜ਼ੇ ਵਿੱਚ ਕਰ ਲਿਆ।

ਸਾਲ ਕੁ ਬਾਅਦ ਕੱਚੀ ਪਰਚੀ ਪਿੰਡ ਉੱਗੀ (ਜਲੰਧਰ) ਰਸੂਲਪੁਰ ਵੰਨੀ ਪਈ। ਫਿਰ ਦੋ ਕੁ ਸਾਲ ਬਾਅਦ ਉੱਗੀ ਪਿੰਡ ਹੀ ਰਹੀਮਪੁਰ ਵੰਨੀ ਪੱਕੀ ਪਰਚੀ ਪਈ।ਸਾਡੇ ਓਧਰ ਡੇਢ ਮੁਰੱਬੇ ਚੋਂ ਕੱਟ ਕਟਾ ਕੇ 28 ਏਕੜ ਜ਼ਮੀਨ ਅਲਾਟ ਹੋਈ,ਸਾਨੂੰ।ਮਾਰੂ ਵਾਲੀ 50  ਪੈਸੇ, ਖੂਹ ਵਾਲ਼ੀ ਦੀ  ਇੱਕ ਰੁਪਏ ਕੀਮਤ ਪਈ। ਜਦ ਕਿ ਓਧਰ ਬਾਰ ਚ ਛੱਡੀ ਜ਼ਮੀਨ ਦੀ ਕੀਮਤ ਸਵਾ ਰੁਪਏ ਆਂਕੀ ਗਈ।ਓਧਰ ਏਕੜ 40*40 ਕਰਮਾਂ ਦਾ ਸੀ, ਬਦਲੇ ਚ ਇਧਰ 40-36 ਕਰਮਾਂ ਦਾ ਏਕੜ ਮਿਲਿਆ। 
ਮੇਰੀ ਸ਼ਾਦੀ ਪਟਿਆਲਾ ਦੀ ਸਰਦਾਰਨੀ ਗੁਰਨਾਮ ਕੌਰ ਨਾਲ ਹੋਈ।ਉਹ ਵੀ ਸਾਡੇ ਵਾਂਗ ਰਫਿਊਜੀ ਪਰਿਵਾਰ ਸੀ । ਮੇਰਾ ਬੇਟਾ ਕੁਲਵੀਰ ਸਿੰਘ ਜਿੱਥੇ ਨਜ਼ਦੀਕ ਪਿੰਡ ਆਧੀ ਦੇ ਸਰਕਾਰੀ ਹਾਈ ਸਕੂਲ ਵਿਚ  ਸਾਇੰਸ ਮਾਸਟਰ ਹੈ।ਉਥੇ ਬੇਟੀ ਪਰਮਿੰਦਰ ਕੌਰ ਫ਼ੁੱਲ-ਲੋਹੀਆਂ ਆਪਣੇ ਘਰ ਰਾਜ਼ੀ ਬਾਜ਼ੀ ਹੈ। ਹੁਣ ਮੈਂ ਅਤੇ ਸਰਦਾਰਨੀ ਆਪਣੇ ਪੁੱਤ ਪੋਤਿਆਂ ਦੀ ਬਾਲ ਫੁਲਵਾੜੀ ਵਿੱਚ ਜ਼ਿੰਦਗੀ ਦਾ ਪਿਛਲਾ ਪੰਧ ਹੰਢਾਅ ਰਹੇ ਆਂ।ਆਹ ਕੰਮ ਤਾਂ ਪੁੱਤਰਾਂ ਤੂੰ ਚੰਗਾ ਕਰ ਚੱਲਿਐਂ ਕਿ ਕਾਲ਼ੇ ਇਤਿਹਾਸ ਦੀ ਤਾਰੀਖ਼ ਲਿਖ ਕੇ ਮੈਨੂੰ ਭਾਰ ਮੁੱਕਤ ਕਰ ਦਿੱਤੈ।"

ਸਤਵੀਰ ਸਿੰਘ ਚਾਨੀਆਂ


author

rajwinder kaur

Content Editor

Related News