1947 ਹਿਜਰਤਨਾਮਾ 53 : ਜਸਵੰਤ ਸਿੰਘ ਕੰਵਲ

06/28/2022 2:40:11 PM

'ਐਨਿਆਂ ਚੋਂ ਉਠੇ ਕੋਈ ਸੂਰਮਾ'

ਕੰਵਲ ਸਾਹਿਬ ਹੋਰਾਂ ਨਾਲ ਇਕ ਪੁਰਾਣੀ ਮੁਲਾਕਾਤ, ਜੋ ਸਤਵੀਰ ਸਿੰਘ ਚਾਨੀਆਂ ਵੱਲੋਂ ਹਿਜਰਤਨਾਮਾ ਤਹਿਤ ਕੀਤੀ ਗਈ ਸੀ, ਉਨ੍ਹਾਂ ਦੀ ਯਾਦ ਨੂੰ ਸਮਰਪਤ ਹੂ-ਬ-ਹੂ, ਇਥੇ ਪਾਠਕਾਂ ਦੀ ਨਜ਼ਰ ਕੀਤੀ ਜਾਂਦੀ ਆ:-

"ਬਾਰ 'ਚ ਸਾਡੀ ਆਪਣੀ ਕੋਈ ਜ਼ਮੀਨ ਨਹੀਂ ਸੀ। ਨਾ ਹੀ ਕੋਈ ਮੁਰੱਬਾ ਅਲਾਟ ਹੋਇਆ। ਨਾ ਹੀ ਅਸੀਂ ਖੇਤੀ ਕਰਨ ਦੇ ਮਕਸਦ ਨਾਲ ਗਏ। ਮੇਰੀ ਤਾਂ ਸਾਰੀ ਉਮਰ ਘਰੇਲੂ ਕੰਮਾਂ ਧੰਦਿਆਂ, ਕਿਰਸਾਨੀ ਕਰਦਿਆਂ, ਪਿੰਡ ਦੇ ਕੰਮ ਸਵਾਰਦਿਆਂ ਅਤੇ ਸਾਹਿਤ ਸਿਰਜਦਿਆਂ, ਇਧਰ ਲੰਘੀ। ਚੜ੍ਹਦੀ ਜਵਾਨੀ ਮਲਾਇਆ ਰੁਜ਼ਗਾਰ ਦੀ ਭਾਲ ਵਿਚ ਗਿਆ। ਉਥੇ ਗੁਰਦੁਆਰਾ ਸਾਹਿਬ ਵਿੱਚ, ਗੁਰਪੁਰਬ ਸਮੇਂ ਬੈਂਤ ਛੰਦ ਵਿਚ ਲਿਖੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਕਵਿਤਾ ਪੜ੍ਹੀ। ਸੰਗਤ ਵਲੋਂ ਭਰਪੂਰ ਦਾਦ ਦਿੱਤੀ, ਜਿਸ ਕਰਕੇ ਮੈਨੂੰ ਹੋਰ ਉਤਸ਼ਾਹ ਮਿਲਿਆ। ਉਥੇ ਹੀ ਮੇਰੇ ਦੋਸਤਾਂ ਨੇ ਮੈਨੂੰ 'ਕੰਵਲ' ਤਖ਼ੱਲਸ ਦਿੱਤਾ। ਉਥੇ ਗੁਆਂਢ ’ਚ ਚੀਨੀ ਪਰਿਵਾਰ ਰਹਿੰਦਾ ਸੀ ਮੇਰੇ। ਉਸ ਘਰ ਮੇਰੀ ਹਮ ਉਮਰ ਲੜਕੀ ਸੀ। ਅਸੀਂ ਇਕ ਦੂਜੇ ਵੱਲ ਖਿੱਚੇ ਗਏ। ਤਦੋਂ ਉਹਦੇ ਘਰ ਕਾਫੀ ਆਉਣ ਜਾਣ ਹੋ ਗਿਆ। ਅਫ਼ਸੋਸ ਕਿ ਉਹ ਮੇਰੀ ਅਤੇ ਮੈਂ, ਉਨ੍ਹਾਂ ਦੀ ਭਾਸ਼ਾ ਨਹੀਂ ਸਮਝਦਾ ਸਾਂ। ਉਸ ਮੇਰੇ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਘਰੇਲੂ ਮਜਬੂਰੀ ਕਰਕੇ ਮੈਨੂੰ ਵਾਪਸ ਪਿੰਡ ਆਉਣਾ ਪਿਆ। ਕੁਝ ਸਾਲਾਂ ਬਾਅਦ ਜਦ ਮੇਰਾ ਮੁੜ ਗੇੜਾ ਲੱਗਾ ਤਾਂ ਉਹ ਪਰਿਵਾਰ ਕਿਧਰੇ ਹੋਰ ਸ਼ਿਫਟ ਹੋ ਚੁੱਕਾ ਸੀ। ਇਸ ਤਰਾਂ ਮੇਰੀ ਪਹਿਲੀ ਮੁਹੱਬਤ ਇਕ ਅਧੂਰੀ ਸਤਰ ਦੀ ਤਰਾਂ ਰਹੀ।

ਕਿਤਾਬਾਂ ਨਾਲ ਇਸ਼ਕ, ਇਸ ਕਦਰ ਸੀ ਮੈਨੂੰ ਕਿ ਜਦ ਦਿਲ ਕੀਤਾ ਤਾਂ ਆਪਣੇ ਪਿੰਡ ਢੁੱਡੀਕੇ ਤੋਂ 6 ਆਨੇ ’ਚ ਟਾਂਗਾ ਫੜ ਕੇ ਮੋਗਾ ਤੇ ਮੋਗਿਓਂ 14 ਆਨੇ ਵਿੱਚ ਮਾਲਵਾ ਬੱਸ ਫੜ ਕੇ ਲਾਹੌਰ ਚਲੇ ਜਾਣਾ। ਲਾਹੌਰ 3 ਘੰਟੇ ਸਟੇਅ ਹੁੰਦਾ ਸੀ ਤਦੋਂ। ਬਾਜ਼ਾਰ ਘੁੰਮਣਾ ਤੇ ਕਿਤਾਬਾਂ ਖਰੀਦ ਕੇ ਉਸੇ ਬੱਸੇ ਸ਼ਾਮ ਢਲੇ, ਘਰ ਆ ਪਹੁੰਚਣਾ। ਵਾਰਿਸ ਸ਼ਾਹ ਦੀ ਹੀਰ ਨੇ ਬਹੁਤਾ ਤੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੇ ਪ੍ਰਭਾਵਿਤ ਕੀਤਾ ਮੈਨੂੰ।

ਘੋਨਾ ਸਿੰਘ ਨਾਮੇ ਮੇਰੇ ਮਾਮਾ ਜੀ ਪਹਿਲੀ ਸੰਸਾਰ ਜੰਗ ਵੇਲੇ ਅੰਗ੍ਰੇਜੀ ਫ਼ੌਜ ਵਲੋਂ ਅਰਬ ਦੀ ਲਾਮ ’ਤੇ ਗਏ ਅਤੇ ਜ਼ਖ਼ਮੀ ਹੋਣ ਉਪਰੰਤ ਘਰ ਆਏ। ਗੋਰਾ ਸਰਕਾਰ ਨੇ ਉਨ੍ਹਾਂ ਨੂੰ ਦੋ ਮੁਰੱਬੇ ਮਿੰਟਗੁਮਰੀ ਜ਼ਿਲ੍ਹੇ ਦੇ ਚੱਕ ਨੰ:77 ਵਿਚ ਅਲਾਟ ਕਰਤੇ। ਮੈਂ ਵੀ ਉਨ੍ਹਾਂ ਪਾਸ ਉਥੇ ਕਈ ਵਾਰ ਮਹੀਨਾ ਮਹੀਨਾ ਜਾ ਕੇ ਰਹਿ ਆਉਂਦਾ। ਮਾਮਿਆਂ ਨਾਲ ਖੇਤੀ ਵਿੱਚ ਹੱਥ ਵਟਾਉਂਦਾ, ਮੁੰਡਿਆਂ ਨਾਲ ਵਾਲੀਬਾਲ ਖੇਡਦਾ। ਖੇਡ-ਖੇਡ ਵਿਚ ਹੀ ਇਕ ਹਮ ਉਮਰ ਮੁੰਡਾ ਮੇਰਾ ਗੂੜ੍ਹਾ ਬੇਲੀ ਬਣ ਗਿਆ। ਮੌਕੇ ਦੀ ਹਕੂਮਤ ਨੇ ਉਸ ਨੂੰ ਇਕ ਝੂਠੇ ਕਤਲ ਕੇਸ ਵਿਚ ਫਾਂਸੀ ਚਾੜ੍ਹ ਦਿੱਤਾ। ਘਟਨਾ ਇੰਝ ਘਟੀ ਕਿ ਘੁਮਿਆਰਾਂ ਦੀ ਕੁੜੀ ਨਾਲ ਵੈਲੀ ਮੁੰਡੇ ਨੇ ਜ਼ਿਆਦਤੀ ਕੀਤੀ। ਉਸ ਲੜਕੇ ਦਾ ਬਾਪ ਬੜੀ ਇੱਜ਼ਤ ਵਾਲਾ ਅਤੇ ਕਿਸੇ ਜੱਜ ਦਾ ਸਹਾਇਕ ਲੱਗਾ ਹੋਇਆ ਸੀ। ਮੇਰੇ ਖਿਡਾਰੀ ਮਿੱਤਰ ਨੇ ਉਸ ਲੜਕੇ ਨੂੰ ਉਸ ਦੇ ਬਾਪ ਦਾ ਹਵਾਲਾ ਦੇ ਕੇ ਸਮਝਾਇਆ। ਉਸ ਨਾਲ ਕੁੱਝ ਬੋਲ ਬੁਲਾਰਾ ਵੀ ਹੋਇਆ। ਕੁੜੀ ਦੇ ਭਰਾਵਾਂ ਨੇ ਕੁੱਝ ਹੋਰਾਂ ਦੀ ਸਲਾਹ ਨਾਲ ਮੁੰਡੇ ਨੂੰ ਮਾਰਨ ਤੋਂ ਪਹਿਲੇ ਉਸ ਦੇ ਬਾਪ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਕਿਓਂ ਜੋ ਉਹ ਪਹੁੰਚ ਵਾਲਾ ਸੀ।

ਇਕ ਦਿਨ ਸ਼ਾਮ ਨੂੰ ਮਿੰਟਗੁਮਰੀ ਤੋਂ ਨਹਿਰੀ ਸੜਕੇ ਸਾਈਕਲ ’ਤੇ ਪਿੰਡ ਵੱਲ ਆਉਂਦੇ 8 ਕਿ,ਮੀ. ਪਿੱਛੇ ਉਸ ਦੇ ਬਾਪ ਦੀ ਧੌਣ ਵੱਢ ਕੇ, ਕੁੜੀ ਦੇ ਭਰਾਵਾਂ ਨੇ ਧੜ ਨਹਿਰ ਵਿੱਚ ਸੁੱਟ ਦਿੱਤਾ। ਕੁੱਝ ਦਿਨ ਪਹਿਲਾਂ ਉਸ ਮੁੰਡੇ ਦੀ ਮੇਰੇ ਮਿੱਤਰ ਨਾਲ ਹੋਈ ਤਲਖ਼ ਕਲਾਮੀ ਕਰਕੇ ਸ਼ੱਕ ਦੀ ਨਜ਼ਰੇ ਉਸ ਦਾ ਨਾਮ ਵੀ ਕਾਤਲਾਂ ’ਚ ਲਿਖਾ ਦਿੱਤਾ, ਜਿਸ ’ਤੇ ਉਸ ਨੂੰ ਫਾਂਸੀ ਹੋ ਗਈ। ਮੈਂ ਇਸ ਦਰਦ ਨੂੰ 'ਸੱਚ ਨੂੰ ਫਾਂਸੀ' ਦੇ ਕੱਚੇ ਖਰੜੇ ਦੇ ਰੂਪ ਵਿਚ ਤਿਆਰ ਕਰਕੇ ਅੰਬਰਸਰ ਪ੍ਰਕਾਸ਼ਕ ਪਾਸ ਜਾ ਹਾਜ਼ਰ ਹੋਇਆ। ਇਸ ਤਰਾਂ ਇਹ ਮੇਰਾ ਪਹਿਲਾ ਨਾਵਲ ਛਪ ਗਿਆ। ਮਾਨੋ ਇਸ ਘਟਨਾ ਨੇ ਮੈਨੂੰ ਨਾਵਲਕਾਰ ਬਣਾ ਦਿੱਤਾ।

ਜਦ ਮੈਂ ਅੰਬਰਸਰ 'ਸੱਚ ਨੂੰ ਫਾਂਸੀ' ਦਾ ਖਰੜਾ ਪ੍ਰਕਾਸ਼ਕ ਨੂੰ ਪੜ੍ਹਨ ਲਈ ਦਿੱਤਾ ਤਾਂ ਉਹ ਮੁਤਾਸਰ ਹੋਣੋ ਰਹਿ ਨਾ ਸਕਿਆ। ਉਹਨੇ ਉਹੀ ਖਰੜਾ ਤਦੋਂ ਸ਼੍ਰੋ. ਗੁ.ਪ੍ਰ. ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਪੜ੍ਹਨ ਲਈ ਦਿੱਤਾ। ਉਸ ਦਾ ਨਾਮ ਤਾਂ ਮੈਨੂੰ ਯਾਦ ਨਹੀਂ। ਉਸ ਦੀ ਬੇਟੀ ਜਸਵੰਤ ਕੌਰ ਅੱਗੇ ਜਾ ਕੇ ਐੱਮ.ਐੱਲ.ਏ ਬਣੀ, ਵੀ ਅੱਸ਼ ਅੱਸ਼ ਕਰ ਉੱਠਿਆ। ਉਸ ਨੇ ਮੈਨੂੰ ਚਿੱਠੀ ਲਿਖ ਕੇ ਉਚੇਚੀ ਪ੍ਰਸੰਸਾ ਕੀਤੀ ਅਤੇ ਛੇਤੀ ਮਿਲਣ ਲਈ ਕਿਹਾ। ਮੈਂ ਉਸੇ ਪ੍ਰਕਾਸ਼ਕ ਰਾਹੀਂ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਮੈਨੂੰ ਸ਼੍ਰ. ਕਮੇਟੀ ਵਿਚ 90 ਰੁ: ਪ੍ਰਤੀ ਮਾਹ ਤੇ ਕਲਰਕ ਗਰੇਡ ਮੁਲਾਜ਼ਮ ਭਰਤੀ ਕਰ ਲਿਆ। ਇਹੀ ਨਹੀਂ ਨਾਵਲਕਾਰ ਨਾਨਕ ਸਿੰਘ ਵੀ 'ਸੱਚ ਨੂੰ ਫਾਂਸੀ' ਨਾਵਲ ਤੇ ਆਪਣੀ ਪ੍ਰਸੰਨਤਾ ਸਾਂਝੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਮੈਨੂੰ, ਉਚੇਚ ਮਿਲਣ ਆਏ।

ਸ਼੍ਰੋ. ਕਮੇਟੀ ਵਿਚ ਮੁਲਾਜ਼ਮਤ ਮੈਂ ਥੋੜਾ ਸਮਾਂ ਹੀ ਕੀਤੀ। ਦਰਅਸਲ ਮੈਂ ਥੋੜਾ ਆਜ਼ਾਦ ਖਿਆਲ ਦਾ ਬੰਦਾ ਆਕਾਸ਼ ਵਿਚ ਉਡਾਰੀਆਂ ਭਰਨੀਆਂ ਲੋਚਦਾ ਸਾਂ। ਕਮੇਟੀ ਵਿਚ ਘੁਟਨ ਮਹਿਸੂਸ ਹੁੰਦੀ ਸੀ। ਰੌਲਿਆਂ ਵੇਲੇ ਜਦ ਪੋਠੋਹਾਰ 'ਚ ਫਿਰਕੂ ਦੰਗੇ ਸ਼ੁਰੂ ਹੋਏ ਤਾਂ ਮੈਂ ਕਮੇਟੀ ਦੀ ਤਰਫੋਂ ਪੀੜਤਾਂ ਲਈ ਮਾਇਕ ਮਦਦ ਲੈ ਕੇ ਗਿਆ। ਮੀਰਪੁਰ ਦੀ ਛਾਉਣੀ ’ਚੋਂ ਕਮੇਟੀ ਵਾਲਿਆਂ ਹਥਿਆਰ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਣੀ-ਆਪਣੀ ਹਿਫਾਜ਼ਤ ਲਈ ਤਕਸੀਮ ਕਰਵਾਏ। ਮੈਂ ਕੁੱਝ ਇਹ ਤੇ ਕੁਝ ਹੋਰ ਕਾਰਨਾਂ ਕਰਕੇ ਉਹ ਮੁਲਾਜ਼ਮਤ ਛੱਡ ਦਿੱਤੀ। ਨਾਵਲ ਰਾਤ ਬਾਕੀ ਹੈ, ਨੇ ਮੈਨੂੰ ਬੁਲੰਦੀ ਦੀ ਸਿਖ਼ਰ ਤੇ ਪੁਹੰਚਾ ਦਿੱਤਾ। ਇਹ ਪੜ੍ਹ ਕੇ ਜਸਵੰਤ, ਮੇਰੀ ਲਿਖਣ ਸ਼ੈਲੀ ਅਤੇ ਸ਼ਖ਼ਸੀਅਤ ਤੇ ਬਹੁਤ ਮੁਤਾਸਰ ਹੋਈ। ਕੁਝ ਮੁਲਾਕਾਤਾਂ ਤੋਂ ਬਾਅਦ ਮੈਂ ਵੀ ਉਸ ਵੱਲ ਖਿੱਚਿਆ ਗਿਆ। ਆਖੀਰ ਅਸਾਂ ਦੋਹਾਂ 'ਕੱਠਿਆਂ ਰਹਿਣ ਦਾ ਫ਼ੈਸਲਾ ਕਰ ਲਿਆ। ਅਫ਼ਸੋਸ ਅਕਤੂਬਰ 1997 ’ਚ ਕੁੱਝ ਸਮਾਂ ਬੀਮਾਰ ਰਹਿ ਕੇ ਉਹ ਚੱਲ ਵਸੀ।

ਵੰਡ ਸਮੇਂ, ਮੇਰੇ ਪਿੰਡ ਮੁਸਲਮਾਨਾਂ ਦੀ ਗਿਣਤੀ ਮੁਕਾਬਲਤਨ ਘੱਟ ਸੀ ਪਰ ਫਿਰ ਵੀ ਜਿਸ ਦਾ ਹੱਥ ਕਿਧਰੇ ਪੈਂਦਾ ਤਾਂ ਉਹ ਵਾਰ ਕਰ ਜਾਂਦਾ। ਆਲੇ-ਦੁਆਲੇ ਕਤਲੇਆਮ ਹੋਇਆ। ਗੁਆਂਢੀ ਪਿੰਡ ਮੱਦੋਕੇ ਕਾਫੀ ਮੁਸਲਿਮ ਮਾਰੇ ਗਏ ਪਰ ਉਹ ਜੋ ਵੀ ਸੀ ਉਹ ਪਾਕਿ: ਦੇ ਇਲਾਕੇ ’ਚੋਂ ਹਿੰਦੂ ਸਿੱਖਾਂ ਦੇ ਹੋ ਰਹੇ ਕਤਲੇਆਮ ਦੇ ਵਿਰੋਧ ਵਿਚ ਹੀ ਸੀ। ਆਪਣੇ ਪਿੰਡ ਅਸੀਂ ਆਪਣਾ ਫਰਜ਼ ਨਿਭਾਇਆ। ਕਿਸੇ ਮੁਸਲਿਮ ਨੂੰ ਵੀ ਤੱਤੀ ਵਾਅ ਨਾ ਲੱਗਣ ਦਿੱਤੀ। 14-15 ਗੱਭਰੂਆਂ ਦਾ ਦਸਤਾ ਉਨ੍ਹਾਂ ’ਤੇ ਪਹਿਰਾ ਰੱਖਦਾ ਅਤੇ ਕਿਸੇ ਮੁਸਲਿਮ ਭਰਾ ਨੂੰ ਆਂਚ ਤੱਕ ਨਹੀਂ ਆਈ। ਸਗੋਂ ਆਪਣੇ ਗੱਡਿਆਂ ’ਤੇ ਉਨ੍ਹਾਂ ਨੂੰ ਸਿਧਵਾਂ ਬੇਟ ਕੈਂਪ ਵਿਚ ਛੱਡ ਕੇ ਆਏ। ਇਹੀ ਨਹੀਂ ਜਿੰਨਾਂ ਸਮਾਂ ਵੀ ਉਹ ਉਥੇ ਰਹੇ ਰਸਦ ਪਾਣੀ ਅਤੇ ਪੱਠਾ ਦੱਥਾ ਵੀ ਬਰਾਬਰ ਪਹੁੰਚਾਂਦੇ ਰਹੇ।

ਢੁੱਡੀਕੇ, ਕੋਈ 14-15 ਘਰ ਮੁਸਲਮਾਨਾਂ ਦੇ ਸਨ। ਕੋਈ ਮੁਸਲਮਾਨ ਚੌਧਰੀ ਜਾਂ ਜਿੰਮੀਦਾਰ ਨਹੀਂ ਸੀ। ਸਗੋਂ ਕਿੱਤਿਆਂ ਅਧਾਰਤ ਕਾਮੇ ਹੀ। ਖ਼ੈਰਦੀਨ ਮੁਸਲਿਮ ਸਾਡਾ ਸੀਰੀ ਸੀ। ਹੈਦਰਾਬਾਦ ਤੋਂ 10 ਕੀ ਮੀਲ ਉਰਾਰ ਬੈਠਾ ਹੈ ਉਹ। ਕਾਜ਼ੀ ਦਾ ਬੇਟਾ ਉਮਰਦੀਨ ਸਾਡੇ ਅੰਦਰਲੇ ਘਰ ਦੇ ਨਾਲ ਦੁਕਾਨ ਕਰਦਾ ਸੀ। ਮੇਰੇ ਨਾਲ ਉਸ ਦੀ ਕਾਫੀ ਮੁਹੱਬਤ ਸੀ। ਸੁਰਾਜਦੀਨ ਅਤੇ ਬੁੱਧੂ ਵੀ ਸਿੰਧ ਵਿਚ ਹੀ ਬੈਠੇ ਨੇ। ਮੈਂ ਦੋ ਦਫ਼ਾ ਉਨ੍ਹਾਂ ਨੂੰ ਓਧਰ ਮਿਲ ਆਇਐਂ। ਉਹ ਵੀ ਦੋ ਦਫ਼ਾ ਇਧਰ ਆ ਚੁੱਕੇ ਨੇ। 'ਕੱਠਿਆਂ ਕੌਡੀਆਂ ਖੇਡਣੀਆਂ, ਪਸ਼ੂ ਚਰਾਉਣਾ, ਟੋਭਿਆਂ ਤੇ ਨਹਾਉਣਾ। ਵਿਆਹ-ਸ਼ਾਦੀਆਂ ’ਤੇ ਵੀ ਇਕ ਦੂਜੇ ਦੇ ਆਉਂਦੇ ਜਾਂਦੇ ਸਾਂ। ਕਰੀਬ ਸਾਰੇ ਮੁਸਲਿਮ ਆਰਥਿਕ ਤੌਰ ’ਤੇ ਕਮਜ਼ੋਰ ਹੀ ਸਨ। ਸੋ ਦਿਨ ਤਿਓਹਾਰ ਤੇ ਵਿੱਤ ਮੁਤਾਬਕ ਉਨ੍ਹਾਂ ਦੀ ਮਦਦ ਸਾਰੇ ਲੋਕ ਹੀ ਕਰਦੇ । ਭਲੇ ਦਿਨ ਸਨ ਉਹ ਵੀ।

'ਐਨਿਆਂ ਚੋਂ ਉਠੇ ਕੋਈ ਸੂਰਮਾ' ਮੇਰੇ ਨਾਵਲ ਮੁਤਾਬਕ ਮੇਰੀ ਆਪਣੀ ਵਿਚਾਰਧਾਰਾ ਬਦਲਣ ਵਾਲੀ ਤਾਂ ਏਡੀ ਕੋਈ ਗੱਲ ਨਹੀਂ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਹਮੇਸ਼ਾਂ ਮੁਦੱਈ ਰਿਹੈਂ। ਤਬਾਹ ਹੁੰਦਾ ਪੰਜਾਬ ਮੈਂ ਵੇਖ ਨਹੀਂ ਸਕਦਾ। ਮੈਂ ਸਿੱਖ ਹਾਂ ਅਤੇ ਸਿੱਖ ਕਿਰਦਾਰ ਦਾ ਪ੍ਰਸੰਸਕ ਹਾਂ। ਸੈਂਟਰ ਪੰਜਾਬ ਦਾ ਸਕਾ ਨਹੀਂ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਵੋਟ ਰਾਜ ਨੀਤੀ ਕਰਕੇ ਪੰਜਾਬ ਨੂੰ ਹਾਲੋਂ ਬੇਹਾਲ ਕੀਤਾ ਹੋਇਐ। ਨਾਵਲ ਦਾ ਥੀਮ ਇਹੋ ਸੀ ਬਈ ਕੋਈ ਮਰਦ ਮੁਜਾਹਦ ਉਠੇ ਅਤੇ ਮੰਝਧਾਰ ਵਿਚ ਡੁੱਬਦੀ ਪੰਜਾਬ ਦੀ ਬੇੜੀ ਨੂੰ ਕੰਢੇ ਲਾਵੇ। ਭਰਿਸ਼ਟਾਚਾਰ ਅਤੇ ਨਸ਼ਿਆਂ ਦੀ ਦਲਦਲ ’ਚੋਂ ਪੰਜਾਬ ਦੀ ਬੇੜੀ ਕੱਢਣ ਲਈ 'ਐਨਿਆਂ ਚੋਂ ਉਠੇ ਕੋਈ ਸੂਰਮਾ, ਐਨਿਆਂ 'ਚੋਂ - - -।"


ਮੁਲਾਕਾਤੀ:ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News