ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਦੂਜੀ ਮੰਜ਼ਿਲ ਤੋਂ ਡਿਗਿਆ ਨੌਜਵਾਨ, ਮੌਤ

Sunday, Sep 23, 2018 - 04:35 AM (IST)

ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਦੂਜੀ ਮੰਜ਼ਿਲ ਤੋਂ ਡਿਗਿਆ ਨੌਜਵਾਨ, ਮੌਤ

 ਮੋਹਾਲੀ, (ਕੁਲਦੀਪ)- ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਵਿਚ ਦੂਜੀ ਮੰਜ਼ਿਲ ਤੋਂ ਡਿਗਣ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦਾ ਨਾਂ ਵਿਜੇ ਕੁਮਾਰ ਦੱਸਿਆ ਜਾ ਰਿਹਾ ਹੈ, ਜੋ ਕਿ ਮੂਲ ਰੂਪ ਵਿਚ ਉੱਤਰਾਖੰਡ ਦਾ ਰਹਿਣ ਵਾਲਾ ਹੈ ਤੇ ਇਥੇ ਅਪਾਰਟਮੈਂਟਸ ਵਿਚ ਕਿਸੇ ਘਰ ਵਿਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ।  ਅਪਾਰਟਮੈਂਟਸ ਵਿਚ ਰਹਿਣ ਵਾਲੇ ਕੁਝ ਲੋਕ ਦੱਬੀ ਜ਼ੁਬਾਨ ’ਚ ਇਸ ਨੂੰ ਆਤਮਹੱਤਿਆ ਦਾ ਮਾਮਲਾ ਮੰਨ ਰਹੇ ਹਨ ਪਰ ਕੁਝ ਲੋਕ ਇਸ ਨੂੰ ਹੱਤਿਅਾ ਦਾ ਮਾਮਲਾ ਵੀ ਮੰਨਦੇ ਹਨ। 
 ਜਾਣਕਾਰੀ ਮੁਤਾਬਕ ਵਿਜੈ ਕੁਮਾਰ ਨਾਂ ਦਾ ਨੌਜਵਾਨ ਅਪਾਰਟਮੈਂਟਸ ਦੇ ਸੀ-4 ਬਲਾਕ ਵਿਚ ਕਿਸੇ ਦੇ ਘਰ ਵਿਚ ਖਾਣਾ  ਬਣਾਉਣ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਦੀ ਦੇਰ ਰਾਤ ਅਚਾਨਕ ਉਹ ਦੂਜੀ ਮੰਜ਼ਿਲ ਤੋਂ ਹੇਠਾਂ ਡਿਗ ਪਿਆ । ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ’ਤੇ ਉਸ ਦੀ ਮੌਤ ਹੋ ਗਈ।  ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਦੌਰਾਨ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ।  
 ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਮੋਹਨ ਰਾਮ ਨਿਵਾਸੀ ਦੋਂਤਾ ਦੁਗੇਰੀ ਜ਼ਿਲਾ ਪਿਥੌਰਾਗਡ਼੍ਹ (ਉੱਤਰਾਖੰਡ) ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਜਿਹੜੇ ਮਕਾਨ ਵਿਚ ਉਸ ਦਾ ਪੁੱਤਰ ਖਾਣਾ ਬਣਾਉਣ ਦਾ ਕੰਮ ਕਰਦਾ ਸੀ, ਉਸ ਮਕਾਨ ਦੇ ਨੌਜਵਾਨ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਨੌਜਵਾਨਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਬੇਟੇ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਸਟੇਸ਼ਨ ਸੋਹਾਣਾ ਵਿਚ ਅਣਪਛਾਤੇ ਵਿਅਕਤੀਅਾਂ  ਖਿਲਾਫ ਕੇਸ ਦਰਜ ਕਰ ਲਿਆ ਹੈ।
 


Related News