ਟਰਾਲੇ, ਟਰੱਕ ਤੇ ਕਾਰ ਦੀ ਟੱਕਰ ''ਚ ਇਕ ਨੌਜਵਾਨ ਦੀ ਮੌਤ, 2 ਫੱਟੜ

11/24/2020 3:41:01 PM

ਅਬੋਹਰ (ਸੁਨੀਲ) : ਅੱਜ ਸਵੇਰੇ ਅਬੋਹਰ-ਸ਼੍ਰੀਗੰਗਾਨਗਰ ਕੌਮਾਂਤਰੀ ਰੋਡ ਨੰ. 15 ਤੇ ਸਥਿਤ ਪਿੰਡ ਗਿਦੜਾਂਵਾਲੀ ਨੇੜੇ ਇਕ ਟਰੱਕ,ਟਰਾਲੇ ਤੇ ਕਾਰ ਦੀ ਆਪਸੀ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਦੋ ਵਿਅਕਤੀ ਫੱਟੜ ਹੋ ਗਏ। ਥਾਣਾ ਖੂਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਕੋਸੀ ਵਾਸੀ ਕਰੀਬ 32 ਸਾਲਾ ਕਰਣ ਜਾਖੜ ਪੁੱਤਰ ਰਜਿੰਦਰ ਜਾਖੜ ਅੱਜ ਆਪਣੇ ਦੋਸਤ ਰਜਤ ਦੇ ਨਾਲ ਕਿਸੇ ਵਿਆਹ ਸਮਾਗਮ ਤੋਂ ਵਾਪਸ ਕਾਰ ਤੇ ਪਿੰਡ ਆ ਰਿਹਾ ਸੀ ਕਿ ਸਵੇਰੇ ਕਰੀਬ ਸਾਢੇ 5 ਵਜੇ ਜਦ ਉਹ ਗਿਦੜਾਂਵਾਲੀ ਨੇੜੇ ਪਹੁੰਚੇ ਤਾਂ ਇਕ ਟਰੱਕ ਤੇ ਟਰਾਲੇ ਵਿਚਾਲੇ ਹੋਈ ਟੱਕਰ ਦੌਰਾਨ ਉਨ੍ਹਾਂ ਦੀ ਕਾਰ ਵੀ ਇਨ੍ਹਾਂ ਦੀ ਲਪੇਟ 'ਚ ਆ ਗਈ, ਜਿਸ ਕਾਰਣ ਕਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਸਾਥੀ ਰਜਤ ਫੱਟੜ ਹੋ ਗਿਆ। ਉਥੇ ਹੀ ਇਸ ਹਾਦਸੇ 'ਚ ਟਰਾਲਾ ਚਾਲਕ ਕੰਧਵਾਲਾ ਅਮਰਕੋਟ ਵਾਸੀ ਜਸਪਾਲ ਪੁੱਤਰ ਕਾਬਲ ਸਿੰਘ ਵੀ ਫੱਟੜ ਹੋ ਗਿਆ। ਨੇੜੇ-ਤੇੜੇ ਦੇ ਲੋਕਾਂ ਨੇ ਫੱਟੜਾਂ ਨੂੰ ਸਰਕਾਰੀ ਹਸਪਤਾਲ 'ਚ ਪਹੁੰਚਾਇਆ ਜਿੱਥੇ ਰਜਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸਨੂੰ ਰੈਫਰ ਕਰ ਦਿੱਤਾ। 

ਦੱਸਿਆ ਜਾਂਦਾ ਹੈ ਕਿ ਟਰਾਲਾ ਚਾਲਕ ਜਸਪਾਲ ਆਪਣੇ ਟਰਾਲੇ 'ਚ ਲੁੱਕ ਦੇ ਡਰੱਮ ਲੱਧ ਕੇ ਗੁਜਰਾਤ ਤੋਂ ਬਠਿੰਡਾ ਜਾ ਰਿਹਾ ਸੀ। ਥਾਣਾ ਖੂਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News