ਚਿੱਟੇ ਨਾਲ ਨੌਜਵਾਨ ਦੀ ਮੌਤ ’ਤੇ ਪੁਲਸ ਵਲੋਂ 5 ਨਾਮਜ਼ਦ, ਪਿੰਡ ਵਾਸੀਆਂ ’ਚ ਭਾਰੀ ਰੋਹ

Sunday, May 31, 2026 - 11:25 PM (IST)

ਚਿੱਟੇ ਨਾਲ ਨੌਜਵਾਨ ਦੀ ਮੌਤ ’ਤੇ ਪੁਲਸ ਵਲੋਂ 5 ਨਾਮਜ਼ਦ, ਪਿੰਡ ਵਾਸੀਆਂ ’ਚ ਭਾਰੀ ਰੋਹ

ਨਿਹਾਲ ਸਿੰਘ ਵਾਲਾ (ਬਾਵਾ) - ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਦੇ ਇਕ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਅਨਵਰ ਅਲੀ ਅਤੇ ਥਾਣਾ ਥਾਣਾ ਮੁੱਖ ਅਫ਼ਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਢਿੱਲੇ ਪੱਤੀ ਖੋਟੇ ਰੋਡ ਪੱਤੋ ਹੀਰਾ ਸਿੰਘ ਨੇ ਪੁਲਸ ਨੂੰ ਲਿਖਾਏ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਲੜਕਾ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ (23 ਸਾਲ) ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਮਾੜੀ ਸੰਗਤ ’ਚ ਪੈਣ ਕਾਰਨ ਨਸ਼ੇ ਕਰਨ ਲੱਗ ਪਿਆ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਨਸ਼ਾ ਛਡਾਉ ਕੇਂਦਰ ’ਚ ਦਾਖਲ ਕਰਵਾ ਦਿੱਤਾ ਸੀ। ਜੋ ਹੁਣ ਵਾਪਸ ਘਰ ਆ ਗਿਆ ਸੀ ਤੇ ਨਸ਼ੇ ਛੱਡ ਚੁੱਕਾ ਸੀ ਤੇ ਮੇਰੇ ਨਾਲ ਮਿਹਨਤ ਮਜ਼ਦੂਰੀ ਕਰਦਾ ਸੀ।

ਉਸ ਨੇ ਆਪਣੇ ਬਿਆਨ ’ਚ ਦੱਸਿਆ ਕਿ 24 ਮਈ ਨੂੰ ਦੁਪਹਿਰ ਦੇ ਸਮੇਂ ਸਾਡੇ ਆਂਢ-ਗੁਆਂਢ ਦਾ ਲੜਕਾ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਇਕਬਾਲ ਸਿੰਘ ਉਰਫ ਕਆਲਾ ਮੇਰੇ ਲੜਕੇ ਨੂੰ ਗੁਰਦੁਆਰਾ ਸਾਹਿਬ ਤੋਂ ਬੁਲਾ ਕੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਸਵ. ਕੁਲਦੀਪ ਸਿੰਘ ਦੇ ਘਰ ਲੈ ਗਿਆ। ਜਿੱਥੇ ਉਨ੍ਹਾਂ ਵਲੋਂ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਮੇਰੇ ਲੜਕੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ ਕੋਈ ਨਸ਼ੀਲੀ (ਜ਼ਹਿਰੀਲੀ) ਚੀਜ਼ ਦੇ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਜਦੋਂ ਇਸ ਸਬੰਧੀ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੇਰੇ ਲੜਕੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਨੂੰ ਮੈਡੀਸਿਟੀ ਹਸਪਤਾਲ ਮੋਗਾ ਦਾਖਲ ਕਰਵਾਇਆ, ਜਿੱਥੇ ਡਾਕਟਰ ਸਾਹਿਬ ਵੱਲੋ ਕੁੱਝ ਦਿਨ ਇਲਾਜ ਕਰਨ ਤੋਂ ਬਾਅਦ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਉਸ ਦੀ ਬੀਤੇ ਦਿਨੀਂ ਮੌਤ ਹੋ ਗਈ। ਮੌਤ ਤੋਂ ਬਾਅਦ ਰੋਹ ਵਿਚ ਆਏ ਪਿੰਡ ਵਾਸੀ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਲੋਕਾਂ ਨੇ ਦੋਸ਼ ਲਾਇਆ ਕਿ ਨੌਜਵਾਨ ਦੀ ਮੌਤ ਚਿੱਟੇ ਦਾ ਟੀਕਾ ਲਾਉਣ ਨਾਲ ਹੋਈ ਹੈ, ਜਿਸ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵਲੋਂ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਇਕਬਾਲ ਸਿੰਘ ਉਰਫ ਕਆਲਾ, ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਸਵ. ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ ਉਰਫ਼ ਭੂੰਡੀ ਪੁੱਤਰ ਗੁਰਬਚਨ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਸਿਮਰਜੀਤ ਸਿੰਘ, ਗੁਰਮਨ ਸਿੰਘ ਪੁੱਤਰ ਕਮਲ ਸਿੰਘ ਉਰਫ਼ ਟਾਟੂ ਵਾਸੀਆਨ ਪੱਤੋ ਹੀਰਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਪਿੰਡ ਪੱਤੋਂ ਹੀਰਾ ਸਿੰਘ ਵਿਖੇ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਨੌਜਵਾਨੀ ਦਾ ਘਾਣ ਹੋ ਰਿਹਾ ਹੈ।


author

Inder Prajapati

Content Editor

Related News