2 ਸਾਲ ਤੋਂ ਦੁਬਈ ਜੇਲ੍ਹ 'ਚ ਬੰਦ ਹੈ ਮਾਛੀਵਾੜਾ ਦਾ ਨੌਜਵਾਨ, ਵਿਧਵਾ ਮਾਂ ਪੁੱਤਰ ਨੂੰ ਛੁਡਵਾਉਣ ਲਈ ਲਗਾ ਰਹੀ ਗੁਹਾਰ
Tuesday, Jan 23, 2024 - 07:22 PM (IST)
ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਦੀ ਇੰਦਰਾ ਕਾਲੋਨੀ ਦਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ (25) ਰੁਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਉਸ ਦੀ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਹੈ।
ਵਿਧਵਾ ਮਾਂ ਪਰਮਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸਦਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਰੁਜ਼ਗਾਰ ਤੇ ਆਪਣੇ ਚੰਗੇ ਭਵਿੱਖ ਲਈ 2019 ਵਿਚ ਦੁਬਈ ਗਿਆ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉੱਥੇ ਇੱਕ ਕੰਪਨੀ ਵਿਚ ਕੰਮ ਰਿਹਾ ਸੀ ਜਿੱਥੇ ਕਿ ਉਸ ਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕੇ ਹੋਰ ਮੁੰਡਿਆਂ ਨਾਲ ਵੱਖ ਕਮਰੇ 'ਚ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਵਿਚ ਆਇਆ ਸੀ ਕਿ ਉੱਥੇ ਪੁਲਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪੁਲਸ ਵਲੋਂ ਕਾਬੂ ਕੀਤੇ ਗਏ ਮਨਪ੍ਰੀਤ ਸਿੰਘ ਦੇ ਸਾਥੀ ਨਸ਼ਾ ਕਰਨ ਦੇ ਆਦੀ ਸਨ ਅਤੇ ਪੁਲਸ ਨੇ ਉਸਦੇ ਪੁੱਤਰ ਨੂੰ ਵੀ ਨਾਜਾਇਜ਼ ਡਰੱਗਜ਼ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ। ਮਾਂ ਨੇ ਦੱਸਿਆ ਕਿ ਜਦੋਂ ਉਸ ਦੇ ਪੁੱਤਰ ਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਤਾਂ ਉਸ ਦੇ ਦੋਸਤਾਂ ਤੋਂ ਜਾਣਕਾਰੀ ਲਈ ਗਈ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਇਸ ਸਮੇਂ ਦੁਬਈ ਜੇਲ੍ਹ ਵਿਚ ਬੰਦ ਹੈ।
ਵਿਧਵਾ ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਉਸਦਾ ਪੁੱਤਰ ਬੇਕਸੂਰ ਹੈ ਅਤੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰੱਖੜੀ ਵਾਲੇ ਦਿਨ ਦੁਬਈ ਦੀ ਜੇਲ੍ਹ ’ਚੋਂ ਫੋਨ ਆਇਆ ਸੀ ਜਿਸ ਵਿਚ ਕੇਵਲ 2 ਮਿੰਟ ਹੀ ਗੱਲਬਾਤ ਹੋਈ ਅਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੀ ਰਿਹਾਈ ਲਈ ਅਰਦਾਸਾਂ ਕਰ ਰਹੀ ਹੈ। ਵਿਧਵਾ ਮਾਂ ਪਰਮਜੀਤ ਕੌਰ ਅਤੇ ਉਸ ਦੇ ਭਰਾ ਅਸ਼ਵਨੀ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਕਿ ਉਸਦੇ ਬੇਕਸੂਰ ਪੁੱਤਰ ਨੂੰ ਦੁਬਈ ਜੇਲ੍ਹ ’ਚੋਂ ਰਿਹਾਅ ਕਰਵਾਇਆ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8