ਨਸ਼ਾ ਤਸਕਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਨੌਜਵਾਨ ਨੂੰ 15 ਅਗਸਤ ਨੂੰ ਕੀਤਾ ਜਾਵੇਗਾ ਸਨਮਾਨਤ

08/12/2019 5:26:49 PM

ਬਠਿੰਡਾ(ਅਮਿਤ ਸ਼ਰਮਾ, ਬਲਵਿੰਦਰ) : ਬੀਤੇ ਦਿਨ ਪਿੰਡ ਅਬਲੂ ਕੋਟਲੀ ਵਿਖੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਨੂੰ ਨਸ਼ਾ ਸਮੱਗਲਰਾਂ ਵਲੋਂ ਗੋਲੀ ਮਾਰੇ ਜਾਣ ਦੇ ਮਾਮਲੇ ਨੂੰ ਪੁਲਸ ਖਾਸੀ ਗੰਭੀਰਤਾ ਨਾਲ ਲੈ ਰਹੀ ਹੈ। ਜਿਸ ਦੇ ਸਬੰਧ 'ਚ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਆਈ. ਜੀ. ਬਠਿੰਡਾ ਰੇਂਜ ਬਲਕਾਰ ਸਿੰਘ ਨੇ ਕਿਹਾ ਕਿ ਉਪਰੋਕਤ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਜਾਇਦਾਦ ਵੀ ਕੇਸਾਂ ਨਾਲ ਜੋੜੀ ਜਾਵੇਗੀ।

ਆਈ. ਜੀ. ਨੇ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਪਰੋਕਤ ਘਟਨਾ ਦੇ ਮੁਲਜ਼ਮਾਂ ਨਾਲ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ। ਬਲਕਿ ਹੋਰ ਪਿੰਡਾਂ-ਸ਼ਹਿਰਾਂ 'ਚ ਵੀ ਨਸ਼ਾ ਰੋਕੂ ਕਮੇਟੀਆਂ ਦੇ ਮੈਂਬਰਾਂ ਨੂੰ ਮਿਲ ਕੇ ਯਕੀਨ ਦਿਵਾਇਆ ਜਾਵੇ ਕਿ ਪੁਲਸ ਹਮੇਸ਼ਾ ਉਕਤ ਦੇ ਨਾਲ ਹੈ।

ਉਨ੍ਹਾਂ ਦੱਸਿਆ ਕਿ ਉਪਰੋਕਤ ਮਾਮਲੇ ਦਾ ਪੀੜਤ ਅਤੇ ਸਾਥੀ ਨਾ ਸਿਰਫ ਪੁਲਸ ਦੀ ਮਦਦ ਕਰ ਰਹੇ ਹਨ, ਬਲਕਿ ਸਮਾਜ ਅਤੇ ਆਪਣੇ ਪਿੰਡ ਦਾ ਭਲਾ ਵੀ ਕਰ ਰਹੇ ਹਨ। ਜੋ ਕਿ ਹਰੇਕ ਨੌਜਵਾਨ ਦਾ ਫਰਜ਼ ਹੈ। ਇਸ ਮੁਹਿੰਮ ਨੂੰ ਉਤਸ਼ਾਹਿਤ ਕਰ ਰਹੇ ਇਸ ਨੌਜਵਾਨ ਨੂੰ 15 ਅਗਸਤ ਮੌਕੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ।

ਆਈ. ਜੀ. ਨੇ ਕਿਹਾ ਕਿ ਵੱਖ-ਵੱਖ ਜ਼ਿਲਿਆਂ 'ਚ ਨਸ਼ਾ ਸਮੱਗਲਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਦੇ ਮਾਮਲਿਆਂ 'ਚ ਇਹ ਵੀ ਸੂਚੀ ਤਿਆਰ ਕੀਤੀ ਗਈ ਹੈ ਕਿ ਨਸ਼ਾ ਸਮੱਗਲਰਾਂ ਨੇ ਇਸ ਧੰਦੇ ਨਾਲ ਕਿਹੜੀ-ਕਿਹੜੀ ਜਾਇਦਾਦ ਬਣਾਈ ਹੈ। ਇਹ ਸਾਰੀ ਜਾਇਦਾਦ ਇਨ੍ਹਾਂ ਦੇ ਕੇਸਾਂ ਨਾਲ ਜੋੜ ਕੇ ਅਦਾਲਤ 'ਚ ਪੇਸ਼ ਕੀਤੀ ਜਾਵੇਗੀ ਤਾਂ ਕਿ ਬਣਦੀ ਕਾਰਵਾਈ ਹੋ ਸਕੇ।

ਇਸ ਮੌਕੇ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ, ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ, ਏ. ਆਈ. ਜੀ. (ਐੱਸ. ਟੀ. ਐੱਫ.) ਤੇਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


cherry

Content Editor

Related News