ਮਹਿਲਾ ਸਰਪੰਚ ਨੇ ਦਿਓਰ ਨਾਲ ਮਿਲ ਕੇ ਕੁੱਟਿਆ ਸਕੂਲ ਦਾ ਅਧਿਆਪਕ, CCTV ਰਾਹੀਂ ਖੁੱਲਿਆ ਭੇਦ
Friday, Sep 16, 2022 - 06:07 PM (IST)

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਦੇ ਪਿੰਡ ਹੁਸੈਨ ਸ਼ਾਹ ਵਾਲਾ ਦੀ ਮਹਿਲਾ ਸਰਪੰਚ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ 'ਤੇ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਜਦਕਿ ਅਧਿਆਪਕ ਨੇ ਦੋਸ਼ ਨੂੰ ਨਕਾਰਦਿਆਂ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਿਖਾਉਂਦਿਆਂ ਕਿਹਾ ਕਿ ਉਕਤ ਮਹਿਲਾ ਸਰਪੰਚ ਅਤੇ ਉਸਦੇ ਦਿਓਰ ਨੇ ਸਕੂਲ 'ਚ ਆ ਕੇ ਹੰਗਾਮਾ ਕੀਤਾ ਅਤੇ ਉਸ ਦਾ ਕੁੱਟਮਾਰ ਵੀ ਕੀਤੀ । ਇਸ 'ਤੇ ਮਹਿਲਾ ਸਰਪੰਚ ਹਰਭਜਨ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪਿੰਡ ਹੁਸੈਨ ਸ਼ਾਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਸਵਕ ਕਮੇਟੀ ਦੀ ਚੇਅਰਮੈਨ ਹੈ। ਉਸ ਨੇ ਸਕੂਲ ਦੇ ਕਾਰਜ ਵਿਕਾਸ ਸੰਬੰਧੀ ਦੇਣ ਦਾਰੀਆਂ ਨੂੰ ਲੈ ਕੇ ਸਕੂਲ 'ਚ ਇਕ ਮੀਟਿੰਗ ਰੱਖੀ ਸੀ। ਇਸ ਮੀਟਿੰਗ ਦੌਰਾਨ ਅਧਿਆਪਕ ਕੁਲਦੀਪ ਸਿੰਘ ਨੇ ਉਸ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਅਤੇ ਉਸ ਨੂੰ ਮਾੜਾ-ਚੰਗੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਸ ਦੀ ਕੁੱਟਮਾਰ ਵੀ ਕੀਤੀ। ਮਹਿਲਾ ਸਰਪੰਚ ਦੇ ਦਿਓਰ ਨੇ ਕਿਹਾ ਕਿ ਪੁਲਸ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅਧਿਆਪਕ ਵਿਭਾਗ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਭੱਠੇ ਬੰਦ ਹੋਣ ਕਾਰਨ ਠੱਪ ਹੋਏ ਸੂਬੇ ਭਰ ਦੇ ਨਿਰਮਾਣ ਕਾਰਜ, ਰੇਤਾ-ਬੱਜਰੀ ਦੇ ਵਧ ਰਹੇ ਭਾਅ ਨੇ ਵੀ ਵਧਾਈ ਚਿੰਤਾ
ਦੂਜੇ ਪਾਸੇ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਕਤ ਮਹਿਲਾ ਸਰਪੰਚ ਅਤੇ ਉਸ ਦਾ ਦਿਓਰ ਜਸਵੰਤ ਸਿੰਘ ਨੇ ਸਕੂਲ ਆ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਇਹ ਸਾਰੀ ਘਟਨਾ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋਈ ਹੈ। ਉਸ ਨੇ ਮਹਿਲਾ ਸਰਪੰਤ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਧੱਕੇ ਨਾਲ ਪਸਵਕ ਕਮੇਟੀ ਦੀ ਚੇਅਰਮੈਨ ਬਣੀ ਹੈ ਅਤੇ ਉਸ ਦਾ ਦਿਓਰ ਸਕੂਲ ਦੀਆਂ ਗ੍ਰਾਂਟਾਂ ਨੂੰ ਖੁਰਦ-ਬੁਰਦ ਕਰਦਾ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀਂ ਗ੍ਰਾਂਟ ਦਾ ਲੇਖੇ-ਜੋਖੇ ਸੰਬੰਧੀ ਸਕੂਲ 'ਚ ਮੀਟਿੰਗ ਰੱਖੀ ਗਈ ਸੀ। ਉਸ ਮੀਟਿੰਗ ਦੌਰਾਨ ਮਹਿਲਾ ਸਰਪੰਚ ਅਤੇ ਉਸ ਦੇ ਦਿਓਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਅਧਿਆਪਕ ਦੇ ਪੱਖ 'ਚ ਨਿੱਤਰੇ ਇੱਕ ਵਿਦਿਆਰਥੀ ਦੇ ਪਿਤਾ ਅਤੇ ਸਕੂਲ ਦੀ ਮਿੱਡ-ਡੇ ਮੀਲ ਕੁੱਕ ਕੁਲਦੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹੀ ਅਧਿਆਪਕ ਦੀ ਕੁੱਟਮਾਰ ਕੀਤੀ ਗਈ ਹੈ। ਇਸ 'ਤੇ ਬੋਲਦਿਆਂ ਬੀ.ਐੱਡ. ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਉਕਤ ਮਹਿਲਾ ਸਰਪੰਚ ਅਤੇ ਉਸ ਦੇ ਦਿਓਰ ਨੇ ਸਕੂਲ ਆ ਕੇ ਸ਼ਰੇਆਮ ਧਮਕੀਆਂ ਦਿੱਤੀਆਂ ਹਨ ਅਤੇ ਕਾਨੂੰਨੀ ਤੌਰ 'ਤੇ ਸਰਪੰਚ ਹੋਣ ਨਾਤੇ ਉਹ ਪਸਵਕ ਕਮੇਟੀ ਦੀ ਚੇਅਰਮੈਨ ਨਹੀਂ ਬਣ ਸਕਦੀ। ਇਸ ਲਈ ਅਧਿਆਪਕ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।