ਗੈਸ ਕਟਰ ਨਾਲ ਏ. ਟੀ. ਐੱਮ. ਕੱਟਣ ਦੀ ਕੋਸ਼ਿਸ਼ ਨਾਕਾਮ, 1 ਗ੍ਰਿਫ਼ਤਾਰ, 2 ਫਰਾਰ

03/02/2022 10:00:31 AM

ਬਠਿੰਡਾ (ਪਰਮਿੰਦਰ) : ਬੀਤੀ ਰਾਤ ਚੋਰਾਂ ਨੇ ਮੇਲਾ ਰਾਮ ਰੋਡ ’ਤੇ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਪੈਸੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਏ. ਟੀ. ਐੱਮ. ’ਤੇ ਮੌਜੂਦ ਸਰਵੀਲੈਂਸ ਸਿਸਟਮ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਕਾਰਨ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ। ਉਸ ਦੇ ਦੋ ਸਾਥੀ ਭੱਜਣ ’ਚ ਸਫਲ ਹੋ ਗਏ। ਗੈਸ ਕਟਰ ਨਾਲ ਏ. ਟੀ. ਐੱਮ. ਕੱਟਣ ਸਮੇਂ ਅੱਗ ਵੀ ਲੱਗ ਗਈ, ਜਿਸ ਕਾਰਨ ਏ. ਟੀ. ਐੱਮ. ਨੂੰ ਨੁਕਸਾਨ ਪਹੁੰਚਿਆ ਪਰ ਹੋਰ ਨੁਕਸਾਨ ਹੋਣ ਤੋਂ ਬਚ ਗਿਆ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਬੰਕਰਾਂ ’ਚ ਲੁਕ ਕੇ ਸਮਾਂ ਬਿਤਾ ਰਹੇ 3000 ਭਾਰਤੀ ਵਿਦਿਆਰਥੀ, ਆਰਾਮ ਕਰਨਾ ਦੂਰ, ਬੈਠਣਾ ਵੀ ਸੰਭਵ ਨਹੀਂ

ਬੈਂਕ ਦੇ ਮੈਨੇਜਰ ਅੰਕੁਸ਼ ਸ਼ੁਕਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ. ਕੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ. ਟੀ. ਐੱਮ. ਦੇ ਇਕ ਹਿੱਸੇ ਵਿਚ ਅੱਗ ਵੀ ਲੱਗ ਗਈ। ਉਨ੍ਹਾਂ ਦੱਸਿਆ ਕਿ ਏ. ਟੀ. ਐੱਮ.’ਚ ਇਕ ਨਵਾਂ ਸਰਵੀਲੈਂਸ ਸਿਸਟਮ ਲਗਾਇਆ ਗਿਆ ਹੈ, ਜਿਸ ਕਾਰਨ ਜੇਕਰ ਇਸ ਨਾਲ ਛੇੜਛਾੜ ਹੁੰਦੀ ਹੈ ਤਾਂ ਉਸ ਦਾ ਤੁਰੰਤ ਪਤਾ ਲੱਗ ਜਾਂਦਾ ਹੈ। ਸੂਚਨਾ ਮਿਲਣ ’ਤੇ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਏ. ਟੀ. ਐੱਮ. ਖਰਾਬ ਹੋ ਗਿਆ ਹੈ ਪਰ ਕੈਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੁਲਸ ਇਸ ਮਾਮਲੇ ’ਚ ਗ੍ਰਿਫ਼ਤਾਰ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਚੋਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Anuradha

Content Editor

Related News