ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ

08/24/2019 10:24:44 AM

ਘਨੌਰ (ਅਲੀ)—ਹਰ ਰੋਜ਼ ਪੰਜਾਬ ਵਿਚ ਕਿਤੇ ਨਾ ਕਿਤੇ ਮਾਸੂਮ ਬੱਚਿਆਂ 'ਤੇ ਕੁੱਤਿਆਂ ਵੱਲੋਂ ਕੀਤੇ ਹਮਲੇ ਦੀ ਘਟਨਾ ਸੁਣਨ ਨੂੰ ਮਿਲਦੀ ਹੈ। ਦਿਨ-ਪ੍ਰਤੀ-ਦਿਨ ਵਧ ਰਹੀ ਖੂੰਖਾਰ ਕੁੱਤਿਆਂ ਦੀ ਗਿਣਤੀ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਨੌਰ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਇਹ ਪਸ਼ੂਆਂ ਸਮੇਤ ਆਮ ਲੋਕਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਪ੍ਰਸ਼ਾਸਨ ਸੁੱਤਾ ਨਜ਼ਰ ਆ ਰਿਹਾ।

ਜਾਣਕਾਰੀ ਅਨੁਸਾਰ ਭਾਵੇਂ ਕੁਝ ਸਮਾਂ ਪਹਿਲਾਂ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ 'ਚ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਇਹ ਅੱਜਕਲ ਠੰਡੇ ਬਸਤੇ 'ਚ ਪਈ ਨਜ਼ਰ ਆ ਰਹੀ ਹੈ। ਹੁਣ ਫਿਰ ਇਲਾਕੇ ਦੇ ਲੋਕਾਂ ਨੂੰ ਕੁੱਤਿਆ ਦੇ ਖੌਫ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ। ਪੇਂਡੂ ਖੇਤਰਾਂ 'ਚ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਪਸ਼ੂਆਂ ਆਦਿ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਘਨੌਰ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਇਆ ਜਾ ਸਕੇ। ਲੋਕਾਂ ਨੇ ਮੰਗ ਕੀਤੀ ਕਿ ਕੁੱਤੇ ਦੇ ਵੱਢਣ ਨਾਲ ਹੋਣ ਵਾਲੀ ਮੌਤ 'ਤੇ ਸਰਕਾਰ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਲਈ ਯੋਜਨਾ ਬਣਾਉਣ ਦੀ ਲੋੜ ਹੈ।


Shyna

Content Editor

Related News