ਮਾਮਲਾ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਦਾ, ਟੀਕਾ ਲਾਉਣ ਵਾਲਾ ਕਾਬੂ

09/04/2019 2:26:14 PM

ਮੋਗਾ (ਆਜ਼ਾਦ)—ਥਾਣਾ ਅਜੀਤਵਾਲ ਦੇ ਅਧੀਨ ਪੈਂਦੇ ਪਿੰਡ ਕੋਕਰੀ ਕਲਾਂ ਵਾਸੀ ਨੌਜਵਾਨ ਮੁਹੰਮਦ ਅਸਲਮ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਪੁਲਸ ਨੇ ਮ੍ਰਿਤਕ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਾਉਣ ਵਾਲੇ ਲੜਕੇ ਘੋਲੀਆ ਕਲਾਂ ਵਾਸੀ ਰਣਜੀਤ ਸਿੰਘ ਉਰਫ ਗੋਲੂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਅਜੀਤਵਾਲ ਪੁਲਸ ਵੱਲੋਂ 29 ਅਗਸਤ ਨੂੰ ਮ੍ਰਿਤਕ ਦੇ ਭਰਾ ਜਲਾਲਦੀਨ ਮੁਹੰਮਦ ਵਾਸੀ ਪਿੰਡ ਕੋਕਰੀ ਕਲਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਉਸ ਨੇ ਦੱਸਿਆ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਿਆ ਹੋਇਆ ਸੀ, ਜਦੋਂ ਉਹ ਵਾਪਸ ਪਿੰਡ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਲਾਸ਼ ਪਿੰਡ ਦੇ ਕਿਸਾਨ ਮਹਿੰਦਰ ਸਿੰਘ ਦੀ ਮੋਟਰ 'ਤੇ ਪਈ ਹੈ। ਲਾਸ਼ ਕੋਲ ਇਕ ਸਰਿੰਜ ਵੀ ਪਈ ਹੋਈ ਹੈ। ਉਸ ਨੇ ਸ਼ੱਕ ਦੇ ਆਧਾਰ 'ਤੇ ਕਿਹਾ ਕਿ ਮੇਰੇ ਭਰਾ ਦੀ ਮੌਤ ਅਣਪਛਾਤੇ ਨੌਜਵਾਨ ਵੱਲੋਂ ਜ਼ਿਆਦਾ ਮਾਤਰਾ 'ਚ ਚਿੱਟੇ ਦੀ ਡੋਜ਼ ਦਾ ਟੀਕਾ ਲਾਉਣ ਕਾਰਣ ਹੋਈ ਹੈ।

ਇਸ ਸਬੰਧੀ ਥਾਣਾ ਅਜੀਤਵਾਲ ਦੇ ਮੁੱਖ ਅਫਸਰ ਇੰਸ. ਪਲਵਿੰਦਰ ਸਿੰਘ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਡੀ.ਐੱਸ. ਪੀ. ਮਨਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਅਣਪਛਾਤੇ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ, ਇਸੇ ਦੌਰਾਨ ਸਾਨੂੰ ਮ੍ਰਿਤਕ ਨੌਜਵਾਨ ਦੇ ਭਰਾ ਜਲਾਲਦੀਨ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਮੇਰੇ ਭਰਾ ਨੂੰ ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਾਉਣ ਵਾਲਾ ਰਣਜੀਤ ਸਿੰਘ ਉਰਫ ਗੋਲੂ ਵਾਸੀ ਪਿੰਡ ਘੋਲੀਆ ਕਲਾਂ ਹੈ। ਅੱਜ ਉਹ ਅਜੀਤਵਾਲ ਇਲਾਕੇ ਵਿਚ ਮੋਟਰਸਾਈਕਲ 'ਤੇ ਘੁੰਮ ਰਿਹਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਥਾਣੇਦਾਰ ਸੋਹਣ ਸਿੰਘ ਨੇ ਪੁਲਸ ਪਾਰਟੀ ਸਣੇ ਉਕਤ ਨੌਜਵਾਨ ਨੂੰ ਇਲਾਕੇ 'ਚੋਂ ਦਬੋਚ ਲਿਆ। ਕਥਿਤ ਦੋਸ਼ੀ ਤੋਂ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਮੈਂ ਕਿਸੇ ਆਪਣੇ ਕੰਮ ਸਬੰਧੀ ਨਾਨਕਸਰ ਗਿਆ ਸੀ, ਜਿੱਥੇ ਮੇਰੀ ਮੁਲਾਕਾਤ ਮੁਹੰਮਦ ਅਸਲਮ ਨਾਲ ਹੋਈ ਸੀ ਅਤੇ ਅਸੀਂ ਦੋਨੋਂ ਪਿੰਡ ਕੋਕਰੀ ਕਲਾਂ ਆ ਕੇ ਕਿਸਾਨ ਮਹਿੰਦਰ ਸਿੰਘ ਦੀ ਮੋਟਰ 'ਤੇ ਆ ਗਏ, ਜਿੱਥੇ ਮੈਂ ਆਪਣੇ ਅਤੇ ਮੁਹੰਮਦ ਅਸਲਮ ਨੂੰ ਚਿੱਟੇ ਦਾ ਟੀਕਾ ਲਾਇਆ ਸੀ ਪਰ ਉਸ ਦੀ ਹਾਲਤ ਵਿਗੜ ਗਈ, ਜਿਸ 'ਤੇ ਮੈਂ ਘਬਰਾ ਗਿਆ ਅਤੇ ਡਰ ਕੇ ਉਸ ਨੂੰ ਮੋਟਰ 'ਤੇ ਛੱਡ ਕੇ ਉਥੋਂ ਭੱਜ ਨਿਕਲਿਆ। ਕਾਬੂ ਕੀਤੇ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Shyna

Content Editor

Related News