ਹਥਿਆਰਾਂ ਨਾਲ ਲੈਂਸ ਲੁਟੇਰਿਆਂ ਨੇ ਰਾਤ ਸਮੇਂ ਇਕ ਘਰ ਨੂੰ ਬਣਾਇਆ ਨਿਸ਼ਾਨਾ

10/16/2020 1:23:42 PM

ਮਮਦੋਟ (ਸ਼ਰਮਾ): ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਪੋਜੋ ਕੇ ਉਤਾੜ ਵਿਖੇ ਬੀਤੀ ਅੱਧੀ ਰਾਤ ਨੂੰ ਹਥਿਆਰਾਂ ਨਾਲ ਲੈਂਸ ਹੋ ਕੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਨ ਤੋਂ ਬਾਅਦ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਹਮਲਾਵਰਾਂ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ.ਕੈਮਰੇ 'ਚ ਕੈਂਦ ਹੋ ਗਈਆਂ ਹਨ।ਇਸ ਸਬੰਧੀ ਪਿੰਡ ਪੋਜੋ ਕੇ ਉਤਾੜ ਦੇ ਜੋਗਿੰਦਰ ਸਿੰਘ ਪੁੱਤਰ ਤੁਲਸਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਦੋਵਾਂ ਪੁੱਤਰਾਂ ਸਮੇਤ ਮੰਡੀ 'ਚ ਗਿਆ ਹੋਇਆ ਸੀ।ਫ਼ਸਲ ਤੁਲਦੀ ਹੋਣ ਕਾਰਣ ਉਹ ਮੰਡੀ 'ਚ ਰਹਿ ਗਿਆ ਅਤੇ ਦੋਵੇਂ ਲੜਕਿਆਂ ਹਰਭਜਨ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਘਰ ਭੇਜ ਦਿੱਤਾ। ਰਾਤ ਕਰੀਬ 1:30 ਵਜੇ ਮੇਰਾ ਮੁੰਡਾ ਪ੍ਰੀਤਮ ਸਿੰਘ ਖਾਣਾ ਖਾ ਕੇ ਸੌ ਗਿਆ ਸੀ ਅਤੇ ਹਰਭਜਨ ਸਿੰਘ ਖਾਣਾ ਖਾ ਹੀ ਰਿਹਾ ਸੀ ਕਿ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਸਾਡੇ ਘਰ 'ਚ ਦਾਖ਼ਲ ਹੋ ਗਏ ਅਤੇ ਮੇਰੇ ਮੁੰਡੇ ਹਰਭਜਨ ਸਿੰਘ ਦੀ ਕੰਨਪਟੀ 'ਤੇ ਪਿਸਤੌਲ ਤਾਣ ਕੇ ਸਭ ਕੁੱਝ ਕੱਢ ਕੇ ਦੇਣ ਲਈ ਕਿਹਾ ਅਤੇ ਜਾਂਦੇ ਸਮੇਂ ਮੇਰੀ ਪਤਨੀ ਅਤੇ ਮੇਰੀ ਕੁੜੀ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ। ਸਾਡੇ ਰੌਲਾ ਪਾਉਣ 'ਤੇ ਆਢ-ਗੁਆਂਢ ਦੇ ਲੋਕ ਇੱਕਠੇ ਹੋ ਗਏ । ਇਸ ਹੋਈ ਘਟਨਾ ਸਬੰਧੀ ਉਨ੍ਹਾਂ ਨੇ ਥਾਣਾ ਮਮਦੋਟ ਵਿਖੇ ਲਿਖਤੀ ਤੌਰ 'ਤੇ ਸੂਚਨਾ ਦੇ ਦਿੱਤੀ ਹੈ। ਮੂੰਹ ਢੱਕ ਕੇ ਆਏ ਅਣਪਛਾਤੇ ਵਿਅਕਤੀ 4 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ।

ਇਸੇ ਰਾਤ ਹੋਈ ਦੂਸਰੀ ਘਟਨਾ 'ਚ ਸੋਨਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਛਾਗਾ ਖੁਰਦ ਅਤੇ ਗੁਰਚਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲੂ ਅਰਾਈ ਹਿਠਾੜ ਨੇ ਦੱਸਿਆ ਕਿ ਉਹ ਆਨਾਜ਼ ਮੰਡੀ ਕੜ੍ਹਮਾਂ ਤੋਂ ਵਾਪਿਸ ਆ ਰਹੇ ਸਨ ਕਿ ਜਦੋਂ ਉਹ ਪਿੰਡ ਮੁਕਰ ਵਾਲਾ ਨਜ਼ਦੀਕ ਭੱਠੇ ਕੋਲ ਪਹੁੰਚੇ ਤਾਂ 4 ਮੋਟਰਸਾਈਕਲਾਂ 'ਤੇ ਸਵਾਰ 10-12 ਵਿਅਕਤੀ ਜਿਨਾਂ ਦੇ ਮੂੰਹ ਬੰਨ੍ਹੇ ਹੋਏ ਸਨ ਉਨ੍ਹਾਂ ਨੇ ਸਾਡੇ ਉਪਰ ਜਾਨਲੇਵਾ ਹਮਲਾ ਕਰ ਦਿੱਤਾ। ਸਾਡੇ ਮੋਬਾਇਲ ਫੋਨ ਖੋਹ ਕੇ ਅਤੇ ਸੱਟਾਂ ਮਾਰੀਆਂ ਅਤੇ ਜਾਂਦੇ ਹੋਏ ਸਾਡਾ ਡੀਲਕਸ ਮੋਟਰਸਾਈਕਲ ਨੰਬਰ ਪੀ. ਬੀ. 05 ਆਰ. 3968 ਵੀ ਖੋਹ ਕੇ ਲੈ ਗਏ। ਇਸ ਸਬੰਧੀ ਉਨ੍ਹਾਂ ਨੇ ਥਾਣਾ ਮਮਦੋਟ ਵਿਖੇ ਲਿਖਤੀ ਤੌਰ 'ਤੇ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਐੱਸ. ਐੱਚ. ਓ ਮਮਦੋਟ ਇੰਸਪੈਕਟਰ ਅਭਿਨਵ ਚੌਹਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਤਫਤੀਸ਼ ਏ. ਐੱਸ. ਆਈ. ਰੋਸ਼ਨ ਲਾਲ ਕਰ ਰਿਹਾ ਹੈ ਅਤੇ ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


Shyna

Content Editor

Related News