ਹਥਿਆਰਾਂ ਨਾਲ ਲੈਸ ਗੁੰਡਿਆਂ ਨੇ ਘਰ ''ਚ ਦਾਖਲ ਹੋ ਕੇ ਕੀਤਾ ਜਾਨਲੇਵਾ ਹਮਲਾ
Wednesday, Aug 26, 2020 - 11:14 AM (IST)
ਜਲਾਲਾਬਾਦ (ਨਿਖੰਜ, ਜਤਿੰਦਰ): ਪਿੰਡ ਟਿਵਾਣਾ ਕਲਾਂ ਦੇ ਵਾਸੀਆਂ ਵਲੋਂ ਚਿੱਟੇ ਨਸ਼ੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਾਈ ਜਾ ਚੁੱਕੀ ਹੈ। ਇਸ ਦੇ ਬਾਵਜੂਦ ਵੀ ਥਾਣਾ ਸਿਟੀ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ 'ਚ ਨਸ਼ੇ ਦੀ ਸਮੱਗਲਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਸ਼ਨੀਵਾਰ ਦੀ ਰਾਤ ਨੂੰ ਨਸ਼ਾ ਸਮੱਗਲਰਾਂ ਸਣੇ 15 ਤੋਂ 20 ਦੇ ਕਰੀਬ ਗੁਡਿੰਆਂ ਨੇ ਨਸ਼ੇ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਪਿੰਡ ਦੇ ਵਸਨੀਕ ਕਰਨੈਲ ਸਿੰਘ (ਬਿੱਟੂ) ਦੇ ਨਾਲ ਪੁਰਾਣੀ ਰੰਜਿਸ਼ ਕੱਢਣ ਲਈ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੇ ਹੋ ਘਰ 'ਚ ਹਮਲਾ ਕਰ ਦਿੱਤਾ ਅਤੇ ਉਸਦੇ ਭਰਾ ਨੂੰ ਗੰਭੀਰ ਸੱਟਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਗੁੰਡੇ ਅਤੇ ਸਮੱਗਲਰ ਆਪਣੇ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ 'ਚ ਜ਼ਖ਼ਮੀ ਹੋਏ ਵਿਅਕਤੀ ਨੂੰ ਪਰਿਵਾਰਕ ਮੈਂਬਰਾਂ ਵਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਪੀੜਤ ਪਰਿਵਾਰ ਵਲੋਂ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਅਮਰਿੰਦਰ ਸਿੰਘ ਭੰਡਾਰੀ ਪੁਲਸ ਪਾਰਟੀ ਸਮੇਤ ਉਕਤ ਵਿਅਕਤੀ ਦੇ ਘਰ ਪੁੱਜੇ ਅਤੇ ਗੁੰਡਿਆਂ ਦੇ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।