ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਰਜ਼ੀਆ ਸੁਲਤਾਨਾ ਦੀ ਕੋਠੀ ਘੇਰਨ ਦਾ ਐਲਾਨ

Sunday, Oct 07, 2018 - 12:14 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਮੱਖਣ ਸਿੰਘ ਵਹਿਦਪੁਰੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈੱਡ ਆਫਿਸ ਪਟਿਆਲਾ ਵਿਖੇ ਹੋਈ। ਇਸ ਦੌਰਾਨ ਕਮੇਟੀ ਦੇ ਸੂਬਾ ਕਨਵੀਨਰਾਂ ਸਤਪਾਲ ਭੈਣੀ, ਮੱਖਣ ਸਿੰਘ ਵਹਿਦਪੁਰੀ, ਵਰਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ਦੀਆਂ ਪੰਚਾਇਤਾਂ ਨੂੰ ਵੱਧ ਅਹਿਮਤ ਦੇਣ ਦੇ ਬਹਾਨੇ ਸਕੀਮਾਂ ਦਾ ਪੰਚਾਇਤੀਕਰਨ ਅਤੇ ਨਿੱਜੀਕਰਨ ਦੀ ਨੀਤੀ ਸਬੰਧੀ ਵਿਭਾਗ ਦੀ ਸਕੱਤਰ ਵੱਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਗੁੰਮਰਾਹ ਕਰ ਕੇ ਉਕਤ ਨੀਤੀ ਨੂੰ ਜਾਰੀ ਰੱਖਣ ਦਾ ਮੰਦਭਾਗਾ ਫੈਸਲਾ ਕੀਤਾ ਹੈ।

ਮੁਲਾਜ਼ਮਾਂ ਦੇ ਵਿਰੋਧ ਦੇ ਬਾਵਜੂਦ ਅਤੇ ਆਗੂਆਂ ਵੱਲੋਂ ਪੰਚਾਇਤਾਂ ਅਧੀਨ ਦਿੱਤੀਆਂ ਸਕੀਮਾਂ ਬੰਦ ਹੋਣ 'ਤੇ ਲੋਕਾਂ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਖਤਮ ਕਰਨ ਲਈ ਦਿੱਤੇ ਤੱਥਾਂ ਨੂੰ ਅਣਦੇਖਿਆ ਕਰਦਿਆਂ ਕਿਹਾ ਕਿ ਇਹ ਸੰਸਾਰ ਬੈਂਕ ਦੀ ਨੀਤੀ ਹੈ। ਵਿਭਾਗ 'ਚ ਇਨਲਿਸਟਮੈਂਟ, ਕੰਪਨੀਆਂ, ਸੋਸਾਇਟੀਆਂ ਅਤੇ ਵੱਖ-ਵੱਖ ਠੇਕੇਦਾਰਾਂ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਫੀਲਡ ਤੇ ਦਫਤਰੀ ਮੁਲਾਜ਼ਮਾਂ ਨੂੰ ਵਿਭਾਗ 'ਚ ਸ਼ਾਮਲ ਕਰਨ ਦਾ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਅਤੇ ਰੈਗੂਲਰ ਮੁਲਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਜੇ. ਈ. ਟੈਸਟ ਪਾਸ ਪ੍ਰਮੋਸ਼ਨ ਕਰਨਾ, ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਪ੍ਰਮੋਸ਼ਨਾਂ ਦੇਣਾ ਆਦਿ ਮੰਗਾਂ ਹੱਲ ਸਬੰਧੀ ਨਾ-ਪੱਖੀ ਰਵੱਈਆ ਮਿਲ ਰਿਹਾ ਹੈ। ਇਸੇ ਰੋਸ ਵਜੋਂ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਕਤ ਮੰਗਾਂ ਸਬੰਧੀ ਹੱਲ ਨਾ ਹੋਣ 'ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ, ਜੋ 17 ਅਕਤੂਬਰ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਹੈੱਡ ਆਫਿਸ ਪਟਿਆਲਾ ਵਿਖੇ ਦਿੱਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ 15-11-2018 ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਹਲਕੇ 'ਚ ਰੈਲੀ ਕਰ ਕੇ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੋ-ਕਨਵੀਨਰ ਹਰਜੀਤ ਸਿੰਘ ਬਾਲੀਆ, ਦਰਸ਼ਨ ਸਿੰਘ ਬੇਲੂ ਮਾਜਰਾ, ਸੁਰਿੰਦਰ ਸਿੰਘ, ਮਹਿਮਾ ਸਿੰਘ, ਗੁਰਚਰਨ ਸਿੰਘ, ਬਲਰਾਜ ਮੋੜ, ਜਗਦੇਵ ਘਰਕਣੀ ਆਦਿ ਮੌਜੂਦ ਸਨ।


Related News