ਡਰਾਈਵਿੰਗ ਟੈਸਟ ਪਾਸ ਕਰਨ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
Friday, Dec 13, 2024 - 03:38 AM (IST)
ਪਟਿਆਲਾ (ਬਲਜਿੰਦਰ)- ਵਿਜੀਲੈਂਸ ਬਿਊਰੋ ਨੇ ਪਟਿਆਲਾ ਵਿਖੇ ਤਾਇਨਾਤ ਮੋਟਰ ਵ੍ਹੀਕਲ ਇੰਸਪੈਕਟਰ (ਐੱਮ.ਵੀ.ਆਈ.) ਗੁਰਮੀਤ ਸਿੰਘ ਅਤੇ ਪਟਿਆਲਾ ਦੇ ਸਾਥੀ ਏਜੰਟ ਅਨਿਲ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਪਟਿਆਲਾ ਸ਼ਹਿਰ ਦੇ ਵਸਨੀਕ ਦਿਨੇਸ਼ ਕੁਮਾਰ, ਜੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਸੀਕਾ ਨਵੀਸ ਵਜੋਂ ਕੰਮ ਕਰਦਾ ਹੈ, ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰ ਕੇ ਦੋਸ਼ ਲਾਇਆ ਕਿ ਉਕਤ ਮੋਟਰ ਵ੍ਹੀਕਲ ਇੰਸਪੈਕਟਰ ਆਪਣੇ ਨਿੱਜੀ ਏਜੰਟ ਅਨਿਲ ਰਾਹੀਂ ਵਾਹਨ ਦੀ ਫਿਟਨੈੱਸ ਲਈ ਮਨਜ਼ੂਰੀ ਸਰਟੀਫਿਕੇਟ ਦੇਣ ਅਤੇ ਉਸ ਦਾ ਡਰਾਈਵਿੰਗ ਲਾਇਸੈਂਸ ਟੈਸਟ ਪਾਸ ਕਰਨ ਬਦਲੇ ਉਸ ਤੋਂ ਰਿਸ਼ਵਤ ਮੰਗ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ।
ਇਹ ਵੀ ਪੜ੍ਹੋ- ਮਾਸੂਮ ਨੂੰ ਖੇਡਦਿਆਂ ਛੱਡ ਅੰਦਰ ਚਲੀ ਗਈ ਮਾਂ, ਕੁਝ ਪਲਾਂ ਬਾਅਦ ਆਈ ਬਾਹਰ ਤਾਂ ਨਿਕਲ ਗਈਆਂ ਚੀਕਾਂ
ਇਸ ਦੌਰਾਨ ਦੋਵੇਂ ਮੁਲਜ਼ਮ ਗੁਰਮੀਤ ਸਿੰਘ (ਐੱਮ.ਵੀ.ਆਈ.) ਅਤੇ ਉਸ ਦੇ ਨਿੱਜੀ ਏਜੰਟ ਅਨਿਲ ਨੂੰ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ।
ਇਸ ਸਬੰਧੀ ਦੋਵਾਂ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ ’ਚ ਚੁੱਕਿਆ ਸੜਕ ਹਾਦਸਿਆਂ ਦਾ ਮੁੱਦਾ, ਕੇਂਦਰ ਨੂੰ ਕੀਤੀ ਜ਼ਰੂਰੀ ਕਦਮ ਚੁੱਕਣ ਦੀ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e