ਵਿਧਾਨ ਸਭਾ ਵਿਚ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਵਿਚਾਲੇ ਹੋ ਗਈ ਤਿੱਖੀ ਬਹਿਸ, ਸਪੀਕਰ ਨੇ ਦਿੱਤੀ ਚੇਤਾਵਨੀ
Tuesday, Jul 15, 2025 - 11:39 AM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਅਖ਼ੀਰਲੇ ਦਿਨ ਬੇਅਦਬੀਆਂ ਖ਼ਿਲਾਫ਼ ਪੇਸ਼ ਕੀਤੇ ਗਏ ਬਿੱਲ 'ਤੇ ਚਰਚਾ ਹੋ ਰਹੀ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਮਲਾ ਸ਼ਾਂਤ ਕਰਵਾਇਆ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਹਰਪਾਲ ਚੀਮਾ ਨੂੰ ਖੁੱਲ੍ਹੀ ਬਹਿਸ ਦਾ ਚੈਲੰਜ ਵੀ ਦਿੱਤਾ।
ਇਹ ਖ਼ਬਰ ਵੀ ਪੜ੍ਹੋ - Air India ਦਾ ਕਰੂ ਮੈਂਬਰ ਹੀ ਨਿਕਲਿਆ ਦੋਸ਼ੀ! DRI ਨੇ ਮਾਸਟਰਮਾਈਂਡ ਸਣੇ ਕੀਤਾ ਗ੍ਰਿਫ਼ਤਾਰ
ਦਰਅਸਲ, ਬਿੱਲ ਬਾਰੇ ਚਰਚਾ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1986 ਵਿਚ ਨਕੋਦਰ 'ਚ ਹੋਈ ਬੇਅਦਬੀ ਦੀ ਘਟਨਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਖ਼ਿਲਾਫ਼ ਸ਼ਾਂਤੀਪੂਰਨ ਧਰਨਾ ਦੇ ਰਹੇ 4 ਨੌਜਵਾਨਾਂ ਨੂੰ ਉਸ ਵੇਲੇਦੀ ਸਰਕਾਰ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ। ਸੁਰਜੀਤ ਸਿੰਘ ਬਰਨਾਲਾ ਉਸ ਸਮੇਂ ਮੁੱਖ ਮੰਤਰੀ ਸਨ। ਕੈਪਟਨ ਕੰਵਲਜੀਤ ਗ੍ਰਹਿ ਮੰਤਰੀ ਸਨ ਤੇ ਮੌਜੂਦਾ ਵਿਧਾਇਕ ਸੁਖਬਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਸਿੱਖਿਆ ਮੰਤਰੀ ਸਨ ਪਰ ਕੋਈ ਕਾਰਵਾਈ ਜਾਂ ਐੱਫ਼. ਆਈ. ਆਰ. ਨਹੀਂ ਕੀਤੀ ਗਈ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਰਾਮਗੜ੍ਹ ਪਿੰਡ ਵਿਚ ਬਲਧੀਰ ਸਿੰਘ ਦੇ ਨਾਂ 'ਤੇ ਗੇਟ ਬਣਾਉਣ ਦੀ ਗੱਲ ਆਈ ਤਾਂ ਸੁਖਜਿੰਦਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਸੀ।
ਇਸ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੀ ਸੀਟ ਤੋਂ ਉੱਠੇ ਤੇ ਉਨ੍ਹਾਂ ਕਿਹਾ ਕਿ ਇਹ ਸਾਰੇ ਤੱਥ ਗੁੰਮਰਾਹਕੁੰਨ ਹਨ। ਉਨ੍ਹਾਂ ਕਿਹਾ ਕਿ ਬਿੱਲ 'ਤੇ ਚਰਚਾ ਕਰਨ ਦੀ ਬਜਾਏ ਹੁਣ ਜਿਹੜੇ ਲੋਕ ਇਸ ਦੁਨੀਆ ਵਿਚ ਨਹੀਂ ਉਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਜਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਭੇਜਣ ਦੇ ਵਿਰੋਧ ਵਿਚ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ 'ਚੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਦੇ ਜਵਾਬ ਵਿਚ ਹਰਪਾਲ ਸਿੰਘ ਚੀਮਾ ਨੇ ਵੀ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਸੁਖਪਾਲ ਸਿੰਘ ਖਹਿਰਾ 2015 ਵਿਚ ਅਕਾਲੀ ਦਲ ਦੀ ਜੀ-ਹਜ਼ੂਰੀ ਕਰਦਾ ਰਿਹਾ ਹੈ। ਉਸ ਵੇਲੇ ਆਪਣੇ ਸਾਥੀ ਗੁਰਦੇਵ ਸਿੰਘ ਦੇਬੀ 'ਤੇ ਪਰਚਾ ਦਰਜ ਹੋਣ 'ਤੇ ਸੁਖਪਾਲ ਖਹਿਰਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਦੀ ਜੀ ਹਜ਼ੂਰੀ ਕਰਦਾ ਰਿਹਾ। ਚੀਮਾ ਨੇ ਕਿਹਾ ਕਿ ਖਹਿਰਾ ਦੀ ਨਸ਼ਾ ਤਸਕਰਾਂ ਨਾਲ ਢਾਈ-ਢਾਈਂ ਘੰਟੇ ਗੱਲ ਹੁੰਦੀ ਰਹੀ, ਉਸ ਵੇਲੇ ਇਸ 'ਤੇ ਵੀ ਪਰਚਾ ਹੋਣਾ ਸੀ, ਪਰ ਇਹ ਸਭ ਕਰ ਕੇ ਕਾਰਵਾਈ ਤੋਂ ਬੱਚਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਨੂੰ ਜਲਦ ਲਿਆਂਦਾ ਜਾਵੇਗਾ ਪੰਜਾਬ!
ਇਸ ਸਭ ਕਾਰਨ ਹਰਪਾਲ ਚੀਮਾ ਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ 'ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅਪੀਲ ਕੀਤੀ ਕਿ ਇਸ ਵੇਲੇ ਬੇਅਦਬੀ ਬਿੱਲ ਬਾਰੇ ਚਰਚਾ ਹੋ ਰਹੀ ਹੈ, ਇਸ ਲਈ ਇਕ-ਦੂਜੇ 'ਤੇ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ। ਉਨ੍ਹਾਂ ਨੇ ਦੋਹਾਂ ਆਗੂਆਂ ਨੂੰ ਕਿਹਾ ਕਿ ਉਹ ਸੈਸ਼ਨ ਤੋਂ ਬਾਅਦ ਇਕ ਦੂਜੇ ਬਾਰੇ ਬਿਆਨਬਾਜ਼ੀ ਕਰਦੇ ਰਹਿਣ। ਮਾਹੌਲ ਖ਼ਰਾਬ ਹੁੰਦਾ ਵੇਖ ਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਤੇ ਫ਼ਿਰ ਵੀ ਨਾ ਹਟਣ 'ਤੇ ਨੇਮ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8