90 ਦਿਨਾਂ ਤੋਂ ਕਾਰਵਾਈ ਲਈ ਪੀੜਤ ਥਾਣੇ ਦੇ ਲਾ ਰਿਹਾ ਚੱਕਰ, ਨਹੀਂ ਹੋ ਰਹੀ ਸੁਣਵਾਈ

01/10/2020 5:45:36 PM

ਲੁਧਿਆਣਾ (ਰਿਸ਼ੀ) : ਟਿੱਬਾ ਰੋਡ 'ਤੇ ਦੁਕਾਨ ਦੇ ਕੋਲ ਚਿੱਟਾ ਪੀਣ ਤੋਂ ਰੋਕਿਆ ਤਾਂ ਨਸ਼ੇੜੀ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਅਤੇ ਸ਼ਕਤੀ ਨਗਰ ਸਥਿਤ ਇਕ ਲੜਕੇ ਦੇ ਘਰ ਲਿਜਾ ਕੇ ਡੰਡਿਆਂ ਨਾਲ ਕੁੱਟ-ਮਾਰ ਕੀਤੀ ਅਤੇ ਮੋਬਾਇਲ 'ਚ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਕਿਸੇ ਤਰ੍ਹਾਂ ਜ਼ਖਮੀ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਥਾਣਾ ਟਿੱਬਾ ਦੀ ਪੁਲਸ ਨੂੰ ਕਾਰਵਾਈ ਦੀ ਮੰਗ ਨੂੰ ਲੈ ਲਿਖਤੀ ਸ਼ਿਕਾਇਤ ਦਿੱਤੀ ਪਰ 90 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਗੁਜ਼ਰ ਜਾਣ 'ਤੇ ਵੀ ਪੁਲਸ ਇਨਸਾਫ ਦੇ ਨਾਂ 'ਤੇ ਉਸ ਦੇ ਨਾਲ ਮਜ਼ਾਕ ਕਰ ਰਹੀ ਹੈ।
'ਜਗ ਬਾਣੀ' ਦਫਤਰ 'ਚ ਵੀਰਵਾਰ ਨੂੰ ਆਪਣੀ ਦਾਸਤਾਨ ਸੁਣਾਉਂਦੇ ਹੋਏ ਨਗਰ ਦੇ ਰਹਿਣ ਵਾਲੇ ਮੁਹੰਮਦ ਫੈਜ਼ਾਨ (23) ਨੇ ਦੱਸਿਆ ਕਿ ਉਸ ਦੀ ਟਿੱਬਾ ਰੋਡ 'ਤੇ ਬਿਲਡਿੰਗ ਦੀ ਦੁਕਾਨ ਹੈ। ਬੀਤੀ 10 ਨਵੰਬਰ ਦੀ ਸ਼ਾਮ 8 ਵਜੇ ਇਲਾਕੇ ਦੇ ਕੁਝ ਲੜਕੇ ਉਸ ਦੀ ਦੁਕਾਨ 'ਤੇ ਆਏ ਅਤੇ ਉਥੇ ਨਾਲ ਹੀ ਚਿੱਟੇ ਦਾ ਨਸ਼ਾ ਕਰਨ ਲੱਗ ਪਏ, ਉਸ ਵੱਲੋਂ ਰੋਕਿਆ ਗਿਆ ਤਾਂ ਚਲੇ ਗਏ ਪਰ 2 ਦਿਨ ਬਾਅਦ ਫਿਰ ਤੋਂ ਸ਼ਾਮ 5 ਵਜੇ ਆ ਕੇ ਨਸ਼ਾ ਕਰਨ ਲੱਗ ਪਏ। ਜਦੋਂ ਉਸ ਨੇ ਰੋਕਿਆ ਤਾਂ ਉਹ ਕੁੱਟ-ਮਾਰ ਕਰਨ ਲੱਗ ਪਏ। ਤਦ 5-6 ਨਸ਼ੇੜੀ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਸ਼ਕਤੀ ਨਗਰ ਸਥਿਤ ਇਕ ਨਸ਼ੇੜੀ ਦੇ ਘਰ ਲੈ ਗਏ, ਜਿੱਥੇ ਉਨ੍ਹਾਂ ਨੇ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਕੁੱਟ-ਮਾਰ ਕੀਤੀ, ਫਿਰ ਬਾਅਦ 'ਚ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਸ ਨੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਨਹੀਂ ਹੋ ਰਹੀ ਕੋਈ ਸੁਣਵਾਈ
ਪੀੜਤ ਦਾ ਦੋਸ਼ ਹੈ ਕਿ ਨਵੰਬਰ ਮਹੀਨੇ ਤੋਂ ਉਹ ਇਨਸਾਫ ਲਈ ਥਾਣੇ ਦੇ ਚੱਕਰ ਕੱਟ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਧਰ ਦੂਜੇ ਪਾਸੇ ਨਸ਼ੇੜੀ ਉਸ ਨੂੰ ਉੱਚੀ ਪਹੁੰਚ ਹੋਣ ਕਾਰਣ ਧਮਕਾ ਰਹੇ ਹਨ, ਜਿਸ ਕਾਰਨ ਜਬੂਰਨ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਣਾ ਪਿਆ।

PunjabKesari

ਸੀ. ਪੀ. ਦੇ ਦਾਅਵੇ ਦਾ ਸਾਹਮਣੇ ਆਇਆ ਸੱਚ
ਸੀ. ਪੀ. ਰਾਕੇਸ਼ ਅਗਰਵਾਲ ਵੱਲੋਂ ਚਾਹੇ ਆਪਣੇ ਦਫਤਰ 'ਚ ਬੈਠ ਕੇ ਲੋਕਾਂ ਨੂੰ ਨਿਆਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਥਾਣਾ ਟਿੱਬਾ ਦੀ ਪੁਲਸ ਵਲੋਂ ਕਾਰਵਾਈ ਦੀ ਬਜਾਏ ਅਪਣਾਏ ਗਏ ਰਵੱਈਏ ਨੇ ਪੁਲਸ ਦਾ ਸੱਚ ਸਾਹਮਣਾ ਲਿਆਂਦਾ ਹੈ ਕਿ ਸੀ. ਪੀ. ਦੇ ਹੁਕਮਾਂ ਦੀ ਕਿੰਨੀ ਪਾਲਣਾ ਕੀਤੀ ਜਾ ਰਹੀ ਹੈ। ਪੁਲਸ ਨੂੰ ਵੀਡੀਓ ਵਿਖਾਏ ਜਾਣ ਤੋਂ ਬਾਅਦ ਵੀ ਕਾਰਵਾਈ ਨਾ ਹੋਣਾ ਕਾਫੀ ਸ਼ਰਮ ਦੀ ਗੱਲ ਹੈ

ਪੁਲਸ 'ਤੇ ਦੋਸ਼ ਲਾਉਣ ਵਾਲੇ ਨੌਜਵਾਨ ਨੇ ਖੁਦ ਕੀਤਾ ਸੀ ਲਿਖਤੀ ਸਮਝੌਤਾ : ਏ. ਡੀ. ਸੀ. ਪੀ.
ਏ. ਡੀ. ਸੀ. ਪੀ.-4 ਅਜਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ ਬੇਬੁਨਿਆਦ ਹਨ। ਕੇਸ ਉਨ੍ਹਾਂ ਦੇ ਧਿਆਨ 'ਚ ਹੈ। ਦੋ ਧਿਰਾਂ ਨੇ ਇਕ ਦੂਜੇ ਨਾਲ ਕੁੱਟ-ਮਾਰ ਕੀਤੀ ਸੀ। ਪੁਲਸ 'ਤੇ ਦੋਸ਼ ਲਾਉਣ ਵਾਲਾ ਨੌਜਵਾਨ ਖੁਦ ਪੁਲਸ ਸਟੇਸ਼ਨ ਟਿੱਬਾ 'ਚ ਲਿਖਤੀ ਸਮਝੌਤਾ ਕਰ ਗਿਆ ਸੀ ਪਰ ਉਸ ਨੂੰ ਫਿਰ ਪੁਲਸ ਸਟੇਸ਼ਨ ਬੁਲਾਇਆ ਗਿਆ ਹੈ। ਨਸ਼ੇ ਕਾਰਣ ਹੋਏ ਝਗੜੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

 


Anuradha

Content Editor

Related News