ਸਾਈਕਲ ਟ੍ਰੈਕ ਤੋਂ ਇੰਪਾਊਂਡ ਕੀਤੇ ਵਾਹਨ ਬਣੇ ਡਰਾਈਵਿੰਗ ਟੈਸਟ  ਦੇ  ਰਸਤੇ ’ਚ ਰੋੜਾ

Wednesday, Oct 17, 2018 - 05:16 AM (IST)

ਸਾਈਕਲ ਟ੍ਰੈਕ ਤੋਂ ਇੰਪਾਊਂਡ ਕੀਤੇ ਵਾਹਨ ਬਣੇ ਡਰਾਈਵਿੰਗ ਟੈਸਟ  ਦੇ  ਰਸਤੇ ’ਚ ਰੋੜਾ

ਚੰਡੀਗਡ਼੍ਹ, (ਸਾਜਨ)- ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਸਾਈਕਲ ਟਰੈਕਾਂ ’ਤੇ  ਚੱਲਣ ਵਾਲੇ ਵਾਹਨ ਤਾਂ ਇੰਪਾਊਂਡ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਇਨ੍ਹਾਂ ਨੂੰ ਖਡ਼੍ਹਾ ਕਰਨ ਦਾ ਕਿਤੇ ਇਤਜ਼ਾਮ ਨਹੀਂ ਕੀਤਾ। 20 ਤੋਂ 25 ਦਿਨਾਂ ਦੌਰਾਨ ਫਡ਼ੇ ਗਏ ਹਜ਼ਾਰਾਂ ਵਾਹਨਾਂ ਨੂੰ ਸੈਕਟਰ-23 ਦੇ ਉਸ ਟ੍ਰੈਕ ਦੇ ਰਸਤੇ ’ਚ ਖਡ਼੍ਹਾ ਕਰ ਦਿੱਤਾ ਜਿਥੇ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦੇ ਡਰਾਈਵਿੰਗ ਟੈਸਟ ਲਏ ਜਾਂਦੇ ਹਨ।  ਇਸ ਕਾਰਨ ਬੀਤੇ ਕੁਝ ਦਿਨਾਂ ਤੋਂ ਆਰ. ਐੱਲ. ਏ. ਬ੍ਰਾਂਚ ਨੂੰ ਡਰਾਈਵਿੰਗ ਟੈਸਟ ਕਰਵਾਉਣ ’ਚ ਦਿੱਕਤਾਂ ਪੇਸ਼ ਆਉਣ ਲੱਗੀਆਂ। 
 ਮਾਮਲਾ ਟਰਾਂਸਪੋਰਟ ਸੈਕਟਰੀ ਅਜੈ ਕੁਮਾਰ ਸਿੰਗਲਾ ਤਕ ਪਹੁੰਚਿਆ। ਉਨ੍ਹਾਂ ਨੇ ਆਪਣੇ ਅਧੀਨ ਅਫਸਰਾਂ ਨੂੰ ਹਦਾਇਤ ਦਿੱਤੀ ਕਿ ਟ੍ਰੈਫਿਕ ਪੁਲਸ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਡਰਾਈਵਿੰਗ ਟੈਸਟ ਲਈ ਬਣੇ ਟ੍ਰੈਕ ਤੋਂ ਵਾਹਨ ਹਟਾਉਣ ਲਈ ਕਿਹਾ ਜਾਵੇ। ਅਫਸਰਾਂ ਨੇ ਹੇਠਲੇ ਪੱਧਰ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਟਰਾਂਸਪੋਰਟ ਸੈਕਟਰੀ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਡਰਾਈਵਿੰਗ ਟੈਸਟ ਹੀ ਨਾ ਹੋ ਸਕਿਆ ਤਾਂ ਇਹ ਮੁਸ਼ਕਲ ਵਾਲੀ ਗੱਲ ਹੈ। ਛੇਤੀ ਹੀ ਮਾਮਲਾ ਐਡਵਾਈਜ਼ਰ ਪਰਿਮਲ ਰਾਏ ਤੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਕੋਲ ਪਹੁੰਚ ਜਾਵੇਗਾ, ਜਿਸ ਨਾਲ ਵਿਭਾਗ ਲਈ ਹਾਲਾਤ ਮੁਸ਼ਕਲ ਹੋ ਜਾਣਗੇ।  ਹਾਲਾਂਕਿ ਮਾਮਲਾ ਲੋਕਾਂ ਨਾਲ ਜੁਡ਼ਿਆ ਹੈ ਤੇ  ਪਰ ਡਰਾਈਵਿੰਗ ਟ੍ਰੈਕ ਤੋਂ ਇੰਪਾਊਂਡ ਕੀਤੀਅਾਂ ਗੱਡੀਆਂ ਤਾਂ ਹਰ ਹਾਲ ’ਚ ਹਟਵਾਉਣੀਆਂ ਹੀ ਪੈਣਗੀਆਂ। 
ਅਧਿਕਾਰੀਆਂ ਨੇ ਜਦੋਂ ਮਾਮਲੇ ’ਚ ਆਪਣੀ ਮਜਬੂਰੀ ਦੱਸੀ ਤਾਂ ਟਰਾਂਸਪੋਰਟ ਸੈਕਟਰੀ ਅਜੈ ਕੁਮਾਰ ਸਿੰਗਲਾ ਨੇ ਸਿੱਧੇ ਟ੍ਰੈਫਿਕ ਐੱਸ. ਐੱਸ. ਪੀ. ਸ਼ਸ਼ਾਂਕ ਆਨੰਦ ਨਾਲ ਮਸਲੇ ’ਤੇ  ਗੱਲਬਾਤ ਕੀਤੀ। ਸੂਤਰਾਂ  ਅਨੁਸਾਰ ਉਨ੍ਹਾਂ ਨੂੰ ਇੰਪਾਊਂਡ ਕੀਤੀਆਂ ਗਈਆਂ ਗੱਡੀਆਂ ਨੂੰ ਖਡ਼੍ਹਾ ਕਰਨ ਲਈ  ਬਦਲਵੀਂ ਥਾਂ ਲੱਭਣ ਲਈ ਕਿਹਾ ਗਿਆ, ਤਾਂ ਕਿ ਡਰਾਈਵਿੰਗ ਟ੍ਰੈਕ ’ਤੇ ਆਏ ਲੋਕਾਂ ਨੂੰ ਟੈਸਟ ਦੇਣ ’ਚ ਕੋਈ ਮੁਸ਼ਕਲ  ਨਾ ਆਏ। ਦੱਸਿਆ ਜਾਂਦਾ ਹੈ ਕਿ ਐੱਸ. ਐੱਸ. ਪੀ. ਸ਼ਸ਼ਾਂਕ ਆਨੰਦ ਨੇ ਟਰਾਂਸਪੋਰਟ ਸੈਕਟਰੀ ਨੂੰ ਟ੍ਰੈਕ ’ਤੇ  ਪਏ ਵਾਹਨ ਛੇਤੀ ਹਟਾਉਣ ਦਾ ਭਰੋਸਾ ਦਿੱਤਾ। ਜਿਹੜੇ ਵਾਹਨ ਬਿਲਕੁਲ ਟ੍ਰੈਕ ’ਤੇ ਸਨ ਉਹ ਮੰਗਲਵਾਰ ਨੂੰ ਹਟਾਏ ਵੀ ਗਏ ਪਰ ਅਜੇ ਹਾਲਾਂਕਿ ਟ੍ਰੈਫਿਕ ਪੁਲਸ ਕੋਲ ਸਾਈਕਲ ਟਰੈਕਾਂ ’ਤੇ ਚੱਲ ਰਹੇ ਹਜ਼ਾਰਾਂ ਵਾਹਨ ਇੰਪਾਊਂਡ ਕੀਤੇ ਪਹੁੰਚ ਚੁੱਕੇ ਹਨ ਪਰ  ਫਿਰ  ਵੀ ਪੁਲਸ ਨੂੰ  ਇਹ ਖੜ੍ਹੇ ਕਰਨ ’ਚ ਮੁਸ਼ਕਲ ਪੇਸ਼ ਆ ਰਹੀ ਹੈ।
 ਜਾਣਕਾਰੀ  ਅਨੁਸਾਰ ਜਦੋਂ ਤੋਂ ਸਾਈਕਲ ਟਰੈਕਾਂ ’ਤੇ ਟ੍ਰੈਫਿਕ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਕੇ ਚਲਾਨ ਕਰਨੇ ਸ਼ੁਰੂ ਕੀਤੇ ਹਨ, ਉਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਪਾਰ ਪਹੁੰਚ ਚੁੱਕੀ ਹੈ। ਮਤਲਬ ਇੰਨੀ ਹੀ ਤਾਦਾਦ ’ਚ ਵਾਹਨ ਇੰਪਾਊਂਡ ਕੀਤੇ ਗਏ ਹਨ।  ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਸ ਇਹ ਵਾਹਨ ਵੀ 15-20 ਦਿਨਾਂ ਤੋਂ ਬਾਅਦ ਹੀ ਛੱਡ ਰਹੀ ਹੈ, ਜਿਸ ਨਾਲ ਟ੍ਰੈਫਿਕ ਪੁਲਸ ਕੋਲ ਸੈਕਟਰ-23 ’ਚ ਵਾਹਨਾਂ ਦੀਆਂ ਲਾਈਨਾਂ ਲਗ ਗਈਆਂ ਹਨ, ਜਿਨ੍ਹਾਂ ਨੂੰ ਸੰਭਾਲਣ ’ਚ ਹੁਣ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਧਰ ਇਹ ਵੀ ਪਤਾ ਲਗ ਰਿਹਾ ਹੈ ਕਿ ਟ੍ਰੈਫਿਕ ਪੁਲਸ ਹੁਣ ਇਨ੍ਹਾਂ ਵਾਹਨਾਂ ਨੂੰ ਖਡ਼੍ਹੇ ਕਰਨ ਲਈ ਕਿਤੇ ਹੋਰ ਵੀ ਵੱਡੀ ਥਾਂ ਭਾਲ ਰਹੀ ਹੈ ਕਿਉਂਕਿ ਇਹ ਡਰਾਈਵ ਅੱਗੇ ਵੀ ਚੱਲਦੀ ਰਹੇਗੀ।


Related News