ਸਸਤੇ ਭਾਅ ''ਤੇ ਸਬਜ਼ੀਆਂ ਵੇਚਣ ਨੂੰ ਮਜ਼ਬੂਰ ਸਬਜ਼ੀ ਉਤਪਾਦਕਾਂ ਨੇ ਮੰਗੀ MSP

06/09/2023 5:43:51 PM

ਚੰਡੀਗੜ੍ਹ - ਪੰਜਾਬ ਦੇ ਕਈ ਇਲਾਕੇ ਅਜਿਹੇ ਹਨ, ਜਿਥੇ ਕਿਸਾਨਾਂ ਵਲੋਂ ਟਮਾਟਰ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਅਜਿਹੀਆਂ ਹਨ, ਜਿਥੇ ਆਮ ਲੋਕਾਂ ਨੂੰ ਟਮਾਟਰ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਦੂਜੇ ਪਾਸੇ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਤੋਂ 20 ਰੁਪਏ ਪ੍ਰਤੀ ਕਿਲੋ ਵਾਲੇ ਟਮਾਟਰ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ ਹਨ। 20 ਰੁਪਏ ਵਾਲੇ ਟਮਾਟਰ 5 ਰੁਪਏ ਵਿੱਚ ਖਰੀਦਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਈ ਕਿਸਾਨ ਉਮੀਦ ਲੱਗਾ ਰਹੇ ਹਨ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਸਬਜ਼ੀਆਂ 'ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਦੇਵੇ।

ਅੰਮ੍ਰਿਤਸਰ ਦੀ ਇਕ ਸਬਜ਼ੀ ਮੰਡੀ ਵਿੱਚ ਕਿਸਾਨਾਂ ਵੱਲੋਂ ਟਮਾਟਰ ਦਾ 20 ਕਿਲੋ ਦਾ ਕਰੇਟ 100 ਤੋਂ 110 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸ ਵਧੀ ਹੋਈ ਕੀਮਤ ਲਈ ਵਿਕਰੇਤਾ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ, ਕਿਉਂਕਿ ਉਸ ਨੇ ਇਸ ਨੂੰ ਆੜ੍ਹਤੀਆ ਤੋਂ ਘੱਟੋ-ਘੱਟ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਸੀ। ਕਿਸਾਨ ਨੂੰ ਬੀਜ, ਮਜ਼ਦੂਰੀ, ਕੀਟਨਾਸ਼ਕਾਂ, ਵਾਢੀ ਅਤੇ ਢੋਆ-ਢੁਆਈ ਦੇ ਖ਼ਰਚਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ, ਉਸ ਦੀ ਉਪਜ ਦੀ ਵਿਕਰੀ ਤੋਂ ਉਸ ਦਾ ਅਸਲ ਮੁਨਾਫਾ ਲਗਭਗ ਨਾ-ਮਾਤਰ ਹੀ ਨਿਕਲਦਾ ਹੈ। ਆੜ੍ਹਤੀਆਂ ਕੋਲ ਪਹੁੰਚਦੇ ਹੀ ਟਮਾਟਰ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ। ਪੈਦਾਵਾਰ 'ਚ ਮੁਨਾਫ਼ਾ ਨਾ ਹੋਣ ਕਾਰਨ ਉਤਪਾਦਕ ਐੱਮ.ਐੱਸ.ਪੀ ਦੀ ਮੰਗ ਕਰ ਰਹੇ ਹਨ।

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਝੋਨੇ ਅਤੇ ਕਣਕ ਦੇ ਮੁਕਾਬਲੇ ਸਬਜ਼ੀਆਂ ਦੀ ਕਾਸ਼ਤ ਇੱਕ ਮਜ਼ਦੂਰੀ ਵਾਲਾ ਕੰਮ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਛੋਟੇ ਕਿਸਾਨਾਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਕੋਲ ਉਪਜ ਨੂੰ ਸਟੋਰ ਕਰਨ ਜਾਂ ਦੂਰ-ਦੁਰਾਡੇ ਮੰਡੀਆਂ ਵਿੱਚ ਲਿਜਾਣ ਲਈ ਸਾਧਨ ਨਹੀਂ ਹੁੰਦੇ ਹਨ। ਇਸ ਦੌਰਾਨ ਜੇਕਰ ਭਿੰਡੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਇਸ ਨੂੰ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਖਪਤਕਾਰ ਇਸ ਨੂੰ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਦੇ ਹਨ। 25 ਰੁਪਏ ਕਿਲੋ ਮਿਲਣ ਵਾਲੀ ਗੋਭੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਪਤਕਾਰਾਂ ਨੂੰ ਵੇਚੀ ਜਾ ਰਹੀ ਹੈ। ਕਿਸਾਨ ਆਪਣੀ ਉਪਜ ਨੂੰ ਘੱਟ ਕੀਮਤ 'ਤੇ ਵੇਚਦੇ ਹਨ ਅਤੇ ਲੋਕ ਇਸ ਨੂੰ ਦੁੱਗਣੀ ਕੀਮਤ 'ਤੇ ਖਰੀਦਦੇ ਹਨ। ਕੀਮਤਾਂ ਵਿਚ ਵੱਡਾ ਅੰਤਰ, ਵੱਧ ਤੋਂ ਵੱਧ ਆਮਦਨ ਕਮਾਉਣ ਵਾਲੇ ਵਿਚੋਲਿਆਂ 'ਤੇ ਰੌਸ਼ਨੀ ਪਾਉਂਦਾ ਹੈ।  


rajwinder kaur

Content Editor

Related News