ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਅੱਜ ਹੈ ਵੈਲੇਨਟਾਈਨ ਡੇ

02/14/2021 12:55:10 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਆਪਕੇ ਆਨੇ ਸੇ ਜ਼ਿੰਦਗੀ ਕਿਤਨੀ ਖ਼ੂਬਸੂਰਤ ਹੈ, ਦਿਲ ਮੇਂ ਬਸੀ ਹੈ, ਜੋ ਆਪਕੀ ਸੂਰਤ ਹੈ, ਦੂਰ ਜਾਨਾ ਨਹੀਂ ਹਮਸੇ ਕਭੀ ਭੂਲਕਰ ਭੀ, ਹਮੇਂ ਹਰ ਕਦਮ ਪਰ ਆਪਕੀ ਹੈ ਜ਼ਰੂਰਤ..! ਕਿੰਨੇ ਦਿਨਾਂ ਤੋਂ ਆਪਣੀ ਪਿਆਰ ਨੂੰ ਦਿਲ ਦੀ ਗੱਲ ਕਹਿਣ ਵਾਲਿਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਗਈਆਂ। ਵੈਲੇਨਟਾਈਨ-ਡੇ ਪਿਆਰ ਨੂੰ ਪ੍ਰਵਾਨ ਚੜ੍ਹਾਉਣ ਦਾ ਦਿਨ ਹੈ। ਨੌਜਵਾਨ ਵਰਗ ਬਹੁਤ ਉਤਸ਼ਾਹ ਨਾਲ ਵੈਲੇਨਟਾਈਨ-ਡੇ ਨੂੰ ਮਨਾਉਂਦਾ ਹੈ। ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਦੇਸ਼ ’ਚ ਵੈਲੇਨਟਾਈਨ-ਡੇ ਉਤਸਵ ਮਨਾਇਆ ਜਾਂਦਾ ਸੀ। ਇਹ ਉਤਸਵ ਬਸੰਤ ਰੁੱਤ ’ਚ ਮਨਾਇਆ ਜਾਂਦਾ ਸੀ, ਜਿਸ ’ਚ ਕੰਨਿਆ ਆਪਣੇ ਮਨ ਚਾਹੇ ਵਰ ਦੀ ਚੋਣ ਕਰਦੀ ਸੀ। ਇਸ ਮਗਰੋਂ ਉਹ ਦੋਵੇਂ ਵਿਆਹ ਦੇ ਪਵਿੱਤਰ ਬੰਧਨ ’ਚ ਬੰਨ੍ਹੇ ਜਾਂਦੇ ਸਨ। ਅੱਜ ਅਸੀਂ ਜਿਸ ਵੈਲੇਨਟਾਈਨ-ਡੇ ਨੂੰ ਜਾਣਦੇ ਹਾਂ। ਉਹ ਪੱਛਮੀ ਸੱਭਿਅਤਾ ਦੀ ਦੇਣ ਹੈ। ਇਹ ਦਿਨ ਸੰਤ ਵੈਲੇਨਟਾਈਨ ਦੀ ਯਾਦ ’ਚ ਮਨਾਇਆ ਜਾਂਦਾ ਹੈ।

ਵਿਕਟੋਰੀਆ ਯੁੱਗ ’ਚ ਪਿਆਰ ਦਾ ਪ੍ਰਗਟਾਵਾ ਕੀਤੇ ਜਾਣ ਨੂੰ ਫਲੋਰੀਗ੍ਰਾਫੀ ਕਿਹਾ ਜਾਂਦਾ ਸੀ। ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨੂੰ ਗੁਲਾਬ ਦੇ ਫੁੱਲ ਅਤੇ ਹੋਰ ਸੌਗਤਾਂ ਭੇਟ ਕਰ ਕੇ ਦੋਸਤੀ ਦਾ ਹੱਥ ਵਧਾਉਂਦੇ ਹਨ। ਵੈਲੇਨਟਾਈਨ-ਡੇ ਨੂੰ ਲੈ ਕੇ ਮੁੱਖ ਰੂਪ ਨਾਲ ਨੌਜਵਾਨ ਵਰਗ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਦਿਨ ਨੂੰ ਨੌਜਵਾਨ ਪੀੜ੍ਹੀ ਵੱਲੋਂ ਸਿਰਫ ਗੁਲਾਬ ਦੇ ਫੁੱਲ ਜਾਂ ਸੌਗਾਤ ਭੇਟ ਕਰਕੇ ਹੀ ਨਹੀਂ ਮਨਾਇਆ ਜਾਂਦਾ ਸਗੋਂ ਜ਼ਿਆਦਤਰ ਨੌਜਵਾਨ ਹੋਟਲਾਂ ਅਤੇ ਰੈਸਟੋਰੈਂਟ ਆਦਿ ’ਚ ਇਕੱਠ ਹੋ ਕੇ ਤੋਹਫਿਆਂ ਦਾ ਲੈਣ-ਦੇਣ ਅਤੇ ਪਾਰਟੀਆਂ ਦਾ ਆਯੋਜਨ ਕਰਕੇ ਇਸ ਦਿਨ ਨੂੰ ਮਸਤੀ ਅਤੇ ਪਿਆਰ ਦੇ ਰੰਗ ’ਚ ਮਨਾਉਂਦੇ ਹਨ। ਨੌਜਵਾਨ ਵਰਗ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇ ਇਕ ਅਜਿਹਾ ਦਿਨ ਹੈ, ਜਿਸ ਦਿਨ ਅਸੀਂ ਸਭ ਕੁਝ ਭੁਲਾ ਕੇ ਪ੍ਰੇਮ ’ਚ ਡੁੱਬ ਜਾਂਦੇ ਹਾਂ ਅਤੇ ਲੱਗਦਾ ਹੈ ਕਿ ਪ੍ਰੇਮ ਦੇ ਬਿਨਾਂ ਹੋਰ ਦੁਨੀਆ ’ਚ ਕੁਝ ਨਹੀਂ ਹੈ। ਫੁੱਲ ਵਿਕ੍ਰੇਤਾ ਨੇ ਦੱਸਿਆ ਕਿ ਵਿਆਹ ਦਾ ਸੀਜ਼ਨ ਹੋਣ ਕਾਰਣ ਫੁੱਲ ਖ਼ਰੀਦਣ ਵਾਲਿਆਂ ਦੀ ਕਮੀ ਨਹੀਂ ਪਰ ਵੈਲੇਨਟਾਈਨ-ਡੇ ਕਾਰਣ ਗੁਲਾਬ ਦੇ ਫੁੱਲਾਂ ਦੀ ਮੰਗ ’ਚ ਵਾਧਾ ਹੋ ਜਾਣ ਕਾਰਣ ਇਸ ਦੀਆਂ ਕੀਮਤਾਂ ’ਚ ਦੁੱਗਣੇ ਤੋਂ ਤਿੱਗਣੇ ਤੱਕ ਦਾ ਵਾਧਾ ਹੋ ਜਾਂਦਾ ਹੈ।

ਗਿਫਟ ਗੈਲਰੀਆਂ ’ਚ ਰਹੀ ਰੌਣਕ
ਵੈਲੇਨਟਾਈਨ-ਡੇ ਨੂੰ ਲੈ ਕੇ ਗਿਫਟ ਗੈਲਰੀਆਂ ’ਚ ਕਾਫੀ ਰੌਣਕ ਰਹੀ ਅਤੇ ਇਸ ’ਚ ਨੌਜਵਾਨਾਂ ਦੀ ਭਾਰੀ ਭੀੜ ਨਜ਼ਰ ਆਈ। ਗਿਫਟ ਗੈਲਰੀ ਦੇ ਮਾਲਕ ਅਤੇ ਬੇਕਰੀ ਸ਼ੌਪ ਦੇ ਮਾਲਕ ਨੇ ਦੱਸਿਆ ਕਿ ਇਸ ਦਿਨ ਨੌਜਵਾਨ ਵਰਗ ਦੀ ਵਿਸ਼ੇਸ਼ ਪਸੰਦ ਦਿਲ ਦੀ ਸ਼ੇਪ ਵਾਲੇ ਗਿਫਟ ਅਤੇ ਕੇਕ ਹੁੰਦੇ ਹਨ। ਇਸ ਕਾਰਣ ਅਸੀਂ ਦਿਲ ਦੀ ਸ਼ੇਪ ਵਾਲੇ ਕੇਕ, ਪੇਸਟਰੀ ਆਦਿ ਬਣਾਉਂਦੇ ਹਾਂ। ਬਜ਼ੁਰਗ ਲੋਕਾਂ ਦਾ ਕਹਿਣਾ ਹੈ ਕਿ ਪ੍ਰੇਮ ਦਿਵਸ ਮਨਾਉਣਾ ਕੋਈ ਬੁਰੀ ਗੱਲ ਨਹੀਂ ਹੈ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਇਸ ਦਿਨ ਆਪਣੇ ਮਾਤਾ-ਪਿਤਾ, ਭਾਈ-ਭੈਣਾਂ ਅਤੇ ਹੋਰ ਸਕੇ ਸਬੰਧੀਆਂ ਨਾਲ ਪਿਆਰ ਦਾ ਇਜ਼ਹਾਰ ਕਰਨ।

ਕੀ ਕਹਿੰਦੇ ਹਨ ਸ਼ਹਿਰ ਵਾਸੀ
ਨੌਜਵਾਨ ਡਿੰਪਲ ਉਪਲੀ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਪੱਛਮੀ ਸੱਭਿਅਤਾ ਦੀ ਦੇਣ ਹੈ। ਸਾਨੂੰ ਭਾਰਤੀਆਂ ਨੂੰ ਤਾਂ ਆਪਣੀ ਸੱਭਿਅਤਾ ਹੋਰ ਦੇਸ਼ਾਂ ’ਚ ਫੈਲਾਉਣੀ ਚਾਹੀਦੀ ਹੈ। ਪਿਆਰ ਦਾ ਇਜ਼ਹਾਰ ਕਰਨਾ ਜਾਂ ਦੱਸਣਾ ਕਿ ਸਾਨੂੰ ਤੁਹਾਡੇ ਨਾਲ ਪਿਆਰ ਹੈ, ਚੰਗਾ ਲੱਗਦਾ ਹੈ ਪਰ ਉਹ ਕਦੇ ਵੀ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਇਸ ਦਿਨ ਫਜੂਲ ਖ਼ਰਚਾ ਕਰਨਾ ਚਾਕਲੇਟ, ਗਿਫਟ ਤੇ ਫੁੱਲ ਆਦਿ ’ਤੇ ਨਹੀਂ ਕਰਨਾ ਚਾਹੀਦਾ।

ਵੈਲੇਨਟਾਈਨ-ਡੇ ਮਨਾਉਣਾ ਬੁਰਾ ਨਹੀਂ - ਸੁਮਿਤ ਜੋਧਪੁਰੀਆ
ਸੁਮਿਤ ਜੋਧਪੁਰੀਆ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਮਨਾਉਣਾ ਬੁਰਾ ਨਹੀਂ ਪਰ ਬਹੁਤ ਵਾਰ ਲੋਕ ਇਸ ਦਿਨ ਦਾ ਗਲਤ ਅਰਥ ਵੀ ਸਮਝ ਲੈਂਦੇ ਹਨ। ਪਿਆਰ ਤਾਂ ਕਿਸੇ ਨਾਲ ਵੀ ਕੀਤਾ ਜਾ ਸਕਦਾ ਹੈ। ਹੁਣ ਭਾਵੇਂ ਉਹ ਮਾਪੇ ਜਾਂ ਦੋਸਤ ਕੋਈ ਵੀ ਹੋਵੇ। ਇਹ ਦਿਨ ਉਨ੍ਹਾਂ ਨੂੰ ਦੱਸਣ ਲਈ ਹੁੰਦਾ ਹੈ ਕਿ ਸਾਨੂੰ ਉਨ੍ਹਾਂ ਨਾਲ ਕਿੰਨਾ ਪਿਆਰ ਹੈ ਅਤੇ ਉਹਦੀ ਦੀ ਕਿੰਨੀ ਪ੍ਰਵਾਹ ਕਰਦੇ ਹਨ ਪਰ ਬਹੁਤ ਵਾਰ ਪੁਲਸ ਅਤੇ ਲੋਕਾਂ ਵੱਲੋਂ ਲੜਕਿਆਂ ਨੂੰ ਵੈਲੇਨਟਾਈਨ ਡੇ ’ਤੇ ਮਾਰ ਖਾਂਦੇ ਦੇਖਿਆ ਗਿਆ ਹੈ। ਵੈਲੇਨਟਾਈਨ-ਡੇ ਇਸ ਢੰਗ ਨਾਲ ਮਨਾਉਣਾ ਚਾਹੀਦਾ ਹੈ ਕਿ ਸਾਡੀ ਸੰਸਕ੍ਰਿਤੀ ਨੂੰ ਸੱਟ ਨਾ ਲੱਗੇ।

ਸੁਨੀਲ ਗਰਗ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਨੂੰ ਅਸੀਂ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਕੁਝ ਸ਼ਰਾਰਤੀ ਅਨਸਰਾਂ ਕਾਰਣ ਇਹ ਬਦਨਾਮ ਹੈ। ਪੁਲਸ ਨੂੰ ਕਾਲਜ ਅਤੇ ਪਾਰਕ ਆਦਿ ਸਥਾਨਾਂ ’ਤੇ ਤਾਇਨਾਤ ਰਹਿਣਾ ਚਾਹੀਦਾ ਹੈ। ਕੁਝ ਲੋਕ ਕੁੜੀਆਂ ਦਾ ਰਸਤਾ ਰੋਕਦੇ ਹਨ ਅਤੇ ਛੇੜਛਾੜ ਕਰਦੇ ਹਨ, ਜੋ ਗਲਤ ਹੈ।

ਸਤੀਸ਼ ਚੀਮਾ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਹੋਰ ਤਿਉਹਾਰਾਂ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ। ਇਹ ਦਿਨ ਪਿਆਰ ਦੇ ਇਜ਼ਹਾਰ ਦਾ ਦਿਨ ਹੈ। ਇਹ ਪਿਆਰ ਮਾਤਾ-ਪਿਤਾ ਨਾਲ, ਭੈਣ ਨਾਲ, ਭਰਾ ਨਾਲ, ਗੁਰੂ ਨਾਲ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਕੁਝ ਲੋਕ ਇਸਦਾ ਗਲਤ ਮਤਲਬ ਸਮਝ ਲੈਂਦੇ ਹਨ। 

ਦੀਪਕ ਸੋਨੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਵੈਲੇਨਟਾਈਨ-ਡੇ ਦਾ ਦਿਨ ਸਿਰਫ਼ ਗਰਲਫ੍ਰੈਂਡ ਨੂੰ ਫੁੱਲ ਦੇ ਕੇ ਪਿਆਰ ਦਾ ਪ੍ਰਗਟਾਵਾ ਕਰਨ ਦਾ ਦਿਨ ਹੁੰਦਾ ਹੈ ਪਰ ਸੱਚਾਈ ਇਸ ਤੋਂ ਦੂਰ ਹੈ। ਇਸ ਦਿਨ ਆਪਣੇ ਮਾਤਾ-ਪਿਤਾ, ਭਰਾ-ਭੈਣਾਂ ਅਤੇ ਹੋਰ ਸਕੇ ਸਬੰਧੀਆਂ ਦੇ ਨਾਲ ਵੀ ਘੁੰਮ ਫਿਰ ਕੇ ਇਸ ਦਿਨ ਨੂੰ ਮਨਾਇਆ ਜਾ ਸਕਦਾ ਹੈ।

ਕਪਿਲ ਮਿੱਤਲ ਦਾ ਕਹਿਣਾ ਹੈ ਕਿ ਪਿਆਰ ਨਾਲ ਕਿਸੇ ਇਕ ਦਿਨ ਦਾ ਮੋਹਤਾਜ ਨਹੀਂ ਹੁੰਦਾ। ਪਿਆਰ ਕਰਨ ਵਾਲਿਆਂ ਲਈ ਹਰ ਦਿਨ ਵੈਲੇਨਟਾਈਨ-ਡੇ ਹੁੰਦਾ ਹੈ।

ਗੌਤਮ ਗੋਇਲ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਪੱਛਮੀ ਸੱਭਿਅਤਾ ਦੀ ਦੇਣ ਹੈ ਅਤੇ ਸਾਨੂੰ ਇਹ ਦਿਨ ਨਹੀਂ ਮਨਾਉਣਾ ਚਾਹੀਦਾ। ਬਲਕਿ ਸਾਨੂੰ ਆਪਣੀ ਭਾਰਤੀ ਸੱਭਿਅਤਾ ਦੇ ਅਨੁਸਾਰ ਆਪਣੇ ਤਿਉਹਾਰ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ।

ਮਨੂ ਜਿੰਦਲ ਦਾ ਕਹਿਣਾ ਹੈ ਕਿ ਵੈਲੇਨਟਾਈਨ-ਡੇ ਨੂੰ ਉਤਸਾਹ ਨਾਲ ਮਨਾਉਣਾ ਚਾਹੀਦਾ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਕਾਰਣ ਇਹ ਦਿਨ ਬਦਨਾਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਕੁਝ ਸ਼ਰਾਰਤੀ ਗਲਤ ਕੰਮ ਕਰਦੇ ਹਨ, ਜਿਨ੍ਹਾਂ ’ਤੇ ਪੁਲਸ ਨੂੰ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ।

ਜੇਕਰ ਕੋਈ ਛੇੜਖਾਨੀ ਕਰਦਾ ਹੈ ਤਾਂ ਤੁਰੰਤ 112 ਨੰਬਰ ’ਤੇ ਫੋਨ ਕਰੋ- ਜ਼ਿਲ੍ਹਾ ਪੁਲਸ ਮੁਖੀ
ਜ਼ਿਲ੍ਹਾ ਪੁਲਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਜਨਤਕ ਸਥਾਨ ’ਤੇ ਅਸ਼ਲੀਲਤਾ ਫੈਲਾਉਣ ਦਿੱਤੀ ਜਾਵੇਗੀ। ਜੇਕਰ ਕੋਈ ਛੇੜਖਾਨੀ ਕਰਦਾ ਹੈ ਤਾਂ ਤੁਰੰਤ 112 ਨੰਬਰ ’ਤੇ ਫੋਨ ਕਰੋ, ਤੁਰੰਤ ਸਖਤ ਕਾਰਵਾਈ ਹੋਵੇਗੀ। 

ਕੀ ਕਹਿੰਦੇ ਹਨ ਹਿੰਦੂ ਸੰਗਠਨ
ਇਸ ਸਬੰਧੀ ਵਿਹਿਪ ਦੇ ਆਗੂ ਸੁਖਵਿੰਦਰ ਭੰਡਾਰੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਕਿਸੇ ਵੀ ਤਰ੍ਹਾਂ ਨਾਲ ਸਾਡੀ ਸੰਸਕ੍ਰਿਤੀ ਦੇ ਅਨੁਕੂਲ ਨਹੀਂ ਹੈ ਅਤੇ ਵੈਲੇਨਟਾਈਨ-ਡੇ ਦੀ ਆੜ ’ਚ ਕਿਸੇ ਨੂੰ ਅਸ਼ਲੀਲਤਾ ਨਹੀਂ ਫੈਲਾਉਣ ਦਿੱਤੀ ਜਾਵੇਗੀ।


rajwinder kaur

Content Editor

Related News